“ਅੱਜ ਜਦੋਂ ਅਸੀਂ ਜਲੰਧਰ ਵਿੱਚ ਲਤੀਫ਼ਪੁਰਾ ਦੇ ਲੋਕਾਂ ਦੇ ਢਾਹੇ ਘਰਾਂ ਨੂੰ ਵੇਖਦੇ ਹਾਂ ਤਾਂ ਇੱਕ ਵਾਰ ਫਿਰ ...”
(21 ਫਰਵਰੀ 2023)
ਇਸ ਸਮੇਂ ਪਾਠਕ: 235.
ਅਣਵੰਡੇ ਪੰਜਾਬ ਵਿੱਚ ਲੋਕਾਂ ਦੀਆਂ ਆਪਸੀ ਸਾਂਝਾ ਪੀਡੀਆਂ ਸਨ। ਕੀ ਹਿੰਦੂ, ਕੀ ਸਿੱਖ ਅਤੇ ਕੀ ਮੁਸਲਮਾਨ, ਸਭ ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਲੈਂਦੇ ਸਨ। ਇੱਕ ਧਰਮ ਦਾ ਤਿਉਹਾਰ ਦੂਜੇ ਲਈ ਵੀ ਖੁਸ਼ੀਆਂ ਦਾ ਸਬੱਬ ਹੁੰਦਾ। ਸਭ ਇੱਕ ਦੂਜੇ ਦੇ ਦੁੱਖ-ਸੁਖ ਦੇ ਭਾਈਵਾਲ ਬਣਦੇ। ਮੁਹੱਬਤ ਦੀਆਂ ਇਹ ਸਾਂਝਾਂ ਜ਼ਿਆਦਾ ਦੇਰ ਨਾ ਰਹਿ ਸਕੀਆਂ। ਦੇਸ਼ ਵੰਡ ਸਮੇਂ ਅਜਿਹੀ ਫ਼ਿਰਕੂ ਹਨੇਰੀ ਝੁੱਲੀ ਕਿ ਦਿਲਾਂ ਦੀਆਂ ਸਾਂਝਾਂ ਪਲਾਂ ਵਿੱਚ ਹੀ ਤਿੜਕ ਗਈਆਂ। ਨਫ਼ਰਤ ਦੀ ਇਸ ਹਨੇਰੀ ਵਿੱਚ ਲਹੂ ਦਾ ਸੈਲਾਬ ਕੁਝ ਦਿਨਾਂ ਵਿੱਚ ਹੀ ਵਹਿ ਤੁਰਿਆ। ਸਾਲਾਂਬੱਧੀ ਖੂਨ ਪਸੀਨੇ ਨਾਲ ਬਣਾਏ ਲੋਕਾਂ ਦੇ ਘਰ ਅਤੇ ਜ਼ਮੀਨਾਂ ਉਨ੍ਹਾਂ ਲਈ ਬਿਗਾਨੀਆਂ ਹੋ ਗਈਆਂ। ਫ਼ਿਰਕਾਪ੍ਰਸਤੀ ਦੇ ਇਸ ਜ਼ਹਿਰੀਲੇ ਨਾਗ ਨੇ ਪਤਾ ਨਹੀਂ ਕਿੰਨੇ ਲੋਕਾਂ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਡੱਸ ਲਿਆ। ਉਸ ਸਮੇਂ ਪੰਜਾਬ ਦੀ ਹਰਿਆਵਲ ਫਿਜ਼ਾ ਦਰਦ ਭਰੀਆਂ ਆਹਾਂ ਵਿੱਚ ਬਦਲ ਗਈ। ਨਦੀਆਂ ਨੇ ਲਾਲ ਰੂਪ ਧਾਰਨ ਕਰ ਲਿਆ। ਇਸ ਦਰਦ ਭਰੇ ਮੰਜ਼ਰ ਨੂੰ ਵੇਖ ਕਵੀਆਂ ਦੀਆਂ ਕਲਮਾਂ ਨੇ ਅੱਥਰੂ ਵਹਾਏ। ਅਮ੍ਰਿਤਾ ਪ੍ਰੀਤਮ ਵਰਗੇ ਲੇਖਕ ਵਾਰਿਸ ਸਾਹ ਨੂੰ ਆਵਾਜ਼ਾਂ ਮਾਰਨ ਲੱਗੇ ਅਤੇ ਨਾਨਕ ਸਿੰਘ ਵਰਗਿਆਂ ਨੇ ਮੰਝਧਾਰ ਵਿੱਚ ਲਟਕੀਆਂ ਜਿੰਦੜੀਆਂ ਦਾ ਦਰਦ ਬਿਆਨ ਕੀਤਾ।
ਜਿਹੜੇ ਲੋਕ ਮੁਸ਼ਕਿਲ ਰਾਹਾਂ ’ਤੇ ਚਲਦੇ ਆਪਣੇ ਆਪ ਨੂੰ ਬਚਾ ਕੇ ਪੂਰਬੀ ਪੰਜਾਬ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਵਸਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ। ਸਰਕਾਰਾਂ ਨੇ ਉਜਾੜੇ ਦੇ ਸ਼ਿਕਾਰ ਲੋਕਾਂ ਲਈ ਘਰ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਰੀਫ਼ਿਊਜੀਆਂ ਲਈ ਆਰਜ਼ੀ ਕੈਂਪ ਬਣਾਏ ਗਏ। ਫਿਰ ਉਨ੍ਹਾਂ ਨੂੰ ਮੁਸਲਮਾਨਾਂ ਦੁਆਰਾ ਛੱਡੇ ਗਏ ਘਰਾਂ ਵਿੱਚ ਵਸਾਇਆ ਗਿਆ। ਇਸ ਵਿੱਚ ਵੀ ਕੁਝ ਭ੍ਰਿਸ਼ਟ ਅਤੇ ਅਸਰ ਰਸੂਖ ਵਾਲੇ ਲੋਕਾਂ, ਜੋ ਪਹਿਲਾਂ ਹੀ ਇੱਧਰ ਰਹਿ ਰਹੇ ਸਨ, ਨੇ ਧੋਖੇ ਨਾਲ ਹੀ ਵੱਡੇ ਲੋਕਾਂ ਤਕ ਪਹੁੰਚ ਕਰਕੇ ਉੱਜੜੇ ਘਰਾਂ ਤੇ ਜ਼ਮੀਨਾਂ ਉੱਤੇ ਕਬਜ਼ੇ ਜਮਾ ਲਏ। ਘਰਾਂ ਤੇ ਜ਼ਮੀਨਾਂ ਉੱਤੇ ਧੋਖੇ ਨਾਲ ਕਬਜ਼ਿਆਂ ਦੀ ਵਬਾਅ ਦੋਨੋਂ ਦੇਸ਼ਾਂ ਵਿੱਚ ਫੈਲੀ ਸੀ, ਜਦੋਂ ਕਿ ਅਸਲ ਹੱਕਦਾਰ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹੇ। ਇੱਕ ਤਾਂ ਪਹਿਲਾਂ ਹੀ ਉਹ ਘਰ ਬਾਰ ਛੱਡ ਵਤਨੋਂ ਬੇਵਤਨ ਕਰ ਦਿੱਤੇ ਗਏ ਅਤੇ ਦੂਸਰਾ ਉਨ੍ਹਾਂ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ - ਇਹ ਅਣਮਨੁੱਖੀ ਕਾਰੇ ਦੀ ਇੱਕ ਹੋਰ ਘਿਨਾਉਣੀ ਤਸਵੀਰ ਸੀ। ਖੈਰ! ਉਸ ਸਮੇਂ ਜਿਸ ਨੂੰ ਵੀ ਕਿਤੇ ਜਗ੍ਹਾ ਮਿਲੀ ਉੱਥੇ ਵਸ ਗਿਆ। ਸਹਿਜੇ-ਸਹਿਜੇ ਉਨ੍ਹਾਂ ਦੀ ਲੀਹੋਂ ਲੱਥੀ ਜ਼ਿੰਦਗੀ ਦੁਬਾਰਾ ਰਫ਼ਤਾਰ ਫੜਨ ਲੱਗੀ।
ਅੱਜ ਜਦੋਂ ਅਸੀਂ ਜਲੰਧਰ ਵਿੱਚ ਲਤੀਫ਼ਪੁਰਾ ਦੇ ਲੋਕਾਂ ਦੇ ਢਾਹੇ ਘਰਾਂ ਨੂੰ ਵੇਖਦੇ ਹਾਂ ਤਾਂ ਇੱਕ ਵਾਰ ਫਿਰ ਵੰਡ ਸਮੇਂ ਦੀ ਦਰਦਨਾਕ ਤਸਵੀਰ ਸਾਡੇ ਸਾਹਮਣੇ ਆ ਗਈ। ਅੱਤ ਦੀ ਸਰਦੀ ਵਿੱਚ ਲੋਕਾਂ ਨੂੰ ਖੁੱਲ੍ਹੇ ਆਸਮਾਨ ਹੇਠ ਰਾਤਾਂ ਗੁਜ਼ਾਰਨੀਆਂ ਪਈਆਂ। ਕੁਦਰਤੀ ਕਹਿਰ ਤੇ ਹੁਕਮਰਾਨਾਂ ਦੀ ਬੇ-ਇਨਸਾਫ਼ੀ ਕਾਰਨ ਉਨ੍ਹਾਂ ਨੂੰ ਦੂਹਰੀ ਮਾਰ ਪੈ ਰਹੀ ਹੈ। ਲਤੀਫ਼ਪੁਰੇ ਵਾਲੀ ਜ਼ਮੀਨ ’ਤੇ ਕਾਬਜ਼ ਲੋਕਾਂ ਨੂੰ ਨਾਜਾਇਜ਼ ਕਾਬਜ਼ ਧਿਰ ਗਰਦਾਨਿਆ ਜਾ ਰਿਹਾ ਹੈ। ਲੋਕ ਰਿਹਾਇਸ਼ੀ ਸਬੂਤ ਲੈ ਕੇ ਇਨਸਾਫ਼ ਮੰਗ ਰਹੇ ਹਨ ਪਰ ਸੁਣਵਾਈ ਨਹੀਂ ਹੋ ਰਹੀ। ਇਹ ਉਹੀ ਲੋਕ ਹਨ, ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆ ਵਸੇ ਸਨ। ਲਗਭਗ 75 ਸਾਲਾਂ ਤੋਂ ਰਹਿ ਰਹੇ ਲੋਕਾਂ, ਜਿਨ੍ਹਾਂ ਖੂਨ ਪਸੀਨਾ ਵਹਾ ਕੇ ਇੱਕ ਵਾਰ ਫਿਰ ਘਰ ਅਤੇ ਜਾਇਦਾਦਾਂ ਬਣਾਈਆਂ, ਉਨ੍ਹਾਂ ਨੂੰ ਦੁਬਾਰਾ ਬੇ-ਘਰ ਕਰ ਦਿੱਤਾ ਗਿਆ ਹੈ। ਸੜਕ ਲਈ 60 ਫੁੱਟ ਥਾਂ ਖਾਲੀ ਕਰਵਾਉਣ ਦੇ ਨਾਂ ਹੇਠ ਆਮ ਲੋਕਾਂ ਵਾਲੇ ਪਾਸਿਓਂ 300 ਫੁੱਟ ਤਕ ਘਰ, ਮਲਬੇ ਵਿੱਚ ਬਦਲ ਦੇਣਾ ਕਿੱਥੋਂ ਦਾ ਇਨਸਾਫ਼ ਹੈ? ਲੋਕ ਦਾਅਵਾ ਕਰ ਰਹੇ ਹਨ ਕਿ ਨਿਸ਼ਾਨਦੇਹੀ ਕਰਵਾ ਕੇ ਜਿੱਥੇ ਵੀ ਸੜਕ ਦੀ ਥਾਂ ਆਉਂਦੀ ਹੈ, ਉੱਥੇ ਸੜਕ ਕੱਢ ਲਈ ਜਾਵੇ। ਪਰ ਲਗਦਾ ਹੈ ਕਿ ਕਿਸੇ ਅਸਰ ਰਸੂਖ਼ ਵਾਲੇ ਦੇ ਕਾਰਨ ਲੋਕਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਹੋ ਸਕਦਾ ਹੈ ਨਿਸ਼ਾਨਦੇਹੀ ਕਰਨ ਨਾਲ ਕਿਸੇ ਜੋਰਾਵਰ ਦੀ ਜਗ੍ਹਾ ਸੜਕ ਵਿੱਚ ਆਉਂਦੀ ਹੋਵੇ!
ਉੱਜੜਨ ਤੋਂ ਬਾਅਦ ਵਸੇ ਅਤੇ ਦੁਬਾਰਾ ਉੱਜੜੇ ਲੋਕ ਵਾਰ-ਵਾਰ ਇਹ ਸਵਾਲ ਕਰ ਰਹੇ ਹਨ ਕਿ ਆਖਿਰ ਸਾਡੇ ਹਿੱਸੇ ਦਾ ਘਰ ਕਿੱਥੇ ਹੈ? ਦੇਸ਼ ਵੰਡ ਸਮੇਂ ਪਹਿਲੀਆਂ ਜਾਇਦਾਦਾਂ ਅਤੇ ਘਰ ਜਨੂੰਨੀ ਮਾਨਸਿਕਤਾ ਦੇ ਡੰਗੇ ਲੋਕਾਂ ਨੇ ਖੋਹ ਲਏ; ਜੇਕਰ ਦੁਬਾਰਾ ਵਸੇ ਤਾਂ ਫਿਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਘਰ ਤੁਹਾਡੇ ਨਹੀਂ, ਤੁਸੀਂ ਨਜਾਇਜ਼ ਕਬਜ਼ਾ ਕਰਕੇ ਬੈਠੇ ਹੋ ਅਤੇ ਉਨ੍ਹਾਂ ਦੇ ਘਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕੁਝ ਪਲਾਂ ਵਿੱਚ ਹੀ ਢੇਰ ਬਣਾ ਦਿੱਤੇ ਗਏ। ਆਖਿਰ ਇਹ ਲੋਕ ਕਿੱਧਰ ਜਾਣ? ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਉੱਤਰੇ ਚਿਹਰੇ ਇਸ ਤਰਾਸਦੀ ਦੇ ਜ਼ਿੰਮੇਵਾਰ ਲੋਕਾਂ ਨੂੰ ਕਈ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦਾ ਭਵਿੱਖ ਕੀ ਹੈ?
ਹੱਕ ’ਤੇ ਸੱਚ ਲਈ ਲੜਨ ਵਾਲੀਆਂ ਧਿਰਾਂ ਹੁਣ ਇਨ੍ਹਾਂ ਲੋਕਾਂ ਦੀ ਪਿੱਠ ਪਿੱਛੇ ਆ ਖਲੋਤੀਆਂ ਹਨ। ਇਹ ਲਾਮਬੰਦੀ ਹੋਰ ਵਧਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਬਿਨਾਂ ਸੋਚਿਆ ਘਰ ਢਾਹੁਣ ਵਾਲਿਆਂ ਨੂੰ ਸੁਚੇਤ ਕੀਤਾ ਜਾ ਸਕੇ। ਮਨੁੱਖੀ ਵਿਰਾਸਤ ਨੂੰ ਕਾਇਮ ਰੱਖਣ ਲਈ ਸਾਡਾ ਜਾਗਰੂਕ ਹੋਣਾ ਜ਼ਰੂਰੀ ਹੈ। ਇਕੱਲਾ ਲਤੀਫ਼ਪੁਰਾ ਨਹੀਂ, ਪੂਰੇ ਦੇਸ਼ ਵਿੱਚ ਬਹੁਤ ਸਾਰੇ ਘਰਾਂ ’ਤੇ ਬਲਡੋਜ਼ਰ ਚੱਲ ਚੁੱਕੇ ਹਨ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਉਜਾੜੇ ਦਾ ਸ਼ਿਕਾਰ ਹੋਣਾ ਪਿਆ ਹੈ। ਜੁਝਾਰੂ ਲੋਕਾਂ ਲਈ ਇਹ ਜੰਗ ਜਿੱਤਣਾ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਸ਼ੈਤਾਨੀ ਕਾਰਵਾਈਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਸ਼ੈਤਾਨੀ ਭਰੇ ਕਾਰੇ ਲਈ ਵੰਗਾਰ ਤਾਂ ਸਾਡੀ ਵਿਰਾਸਤ ਹੈ। ਜ਼ਿੰਦਗੀ ਦੇ ਹਾਸਲ ਲਈ ਸਾਡਾ ਫਰਜ਼ ਬਣਦਾ ਹੈ ਕਿ ਹੱਕ ਸੱਚ ਲਈ ਮੈਦਾਨ ਵਿੱਚ ਉੱਤਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3808)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)