“ਜ਼ਿੰਦਗੀ ਦੇ ਬੇਹੱਦ ਔਖੇ ਦੌਰ ਵਿੱਚ ਗਿਆਨ ਸੰਜੀਵਨੀ ਵਾਂਗ ਸਾਡੇ ਦੁਆਲੇ ਪਸਰੇ ਹਨੇਰੇ ਨੂੰ ਰੌਸ਼ਨੀ ਵਿੱਚ ...”
(16 ਫਰਵਰੀ 2023)
ਇਸ ਸਮੇਂ ਪਾਠਕ: 92.
ਜਦੋਂ ਹਰਫ਼ ਮਨੁੱਖ ਲਈ ਓਪਰੇ ਸਨ ਤਾਂ ਆਪਣੀ ਗੱਲ ਦੂਜੇ ਨੂੰ ਸਮਝਾਉਣ ਲਈ ਇਸ਼ਾਰਿਆਂ ਦਾ ਸਹਾਰਾ ਲੈਂਦਾ ਸੀ। ਫਿਰ ਉਸ ਨੇ ਚਿੱਤਰਕਾਰੀ ਦੀ ਖੋਜ ਕੀਤੀ ਅਤੇ ਚਿਤਰ ਬਣਾ ਕੇ ਆਪਣੇ ਭਾਵ ਪ੍ਰਗਟ ਕਰਨ ਲੱਗਾ। ਚਿੱਤਰਕਾਰੀ ਤੋਂ ਅੱਗੇ ਦਾ ਸਫ਼ਰ ਹਰਫ਼ਾਂ ਰਾਹੀਂ ਸ਼ੁਰੂ ਹੋ ਕੇ ਵਾਕਾਂ ਤਕ ਪਹੁੰਚਿਆ ਅਤੇ ਮਹਾਨ ਗ੍ਰੰਥ ਹੋਂਦ ਵਿੱਚ ਆਏ। ਦੁਨੀਆਂ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਵਿਗਿਆਨ ਨਾਲ ਸੰਬੰਧਿਤ ਕਈ ਗ੍ਰੰਥ ਲਿਖੇ ਗਏ। ਇਨ੍ਹਾਂ ਤੋਂ ਮਨੁੱਖ ਨੇ ਇਤਿਹਾਸ ਨੂੰ ਜਾਣ ਕੇ ਵਰਤਮਾਨ ਨੂੰ ਸਮਝਿਆ ਅਤੇ ਭਵਿੱਖ ਨੂੰ ਸਵਾਰਿਆ। ਅਜੋਕੇ ਮਨੁੱਖ ਨੇ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਬ੍ਰਹਿਮੰਡ ਤਕ ਪਹੁੰਚ ਕਰ ਲਈ ਹੈ। ਇਹ ਸਾਰਾ ਚਮਤਕਾਰ ਗਿਆਨ ਦੀ ਰੌਸ਼ਨੀ ਨਾਲ ਹੋਇਆ, ਜਿਸ ਦੁਆਰਾ ਕੀਤੇ ਅਧਿਐਨ, ਖੋਜਾਂ ਅਤੇ ਉਸ ਤੋਂ ਪੈਦਾ ਹੋਈ ਸਮਝ ਸ਼ਕਤੀ ਤੋਂ ਹੀ ਸੰਭਵ ਹੋਇਆ ਹੈ।
ਗਿਆਨ ਸਾਨੂੰ ਇਤਿਹਾਸ, ਰਾਜਨੀਤੀ ਤੇ ਵਿਗਿਆਨ ਤੋਂ ਇਲਾਵਾ ਜ਼ਿੰਦਗੀ ਨੂੰ ਨੇੜਿਓ ਸਮਝਣ ਲਈ ਵੀ ਮਦਦ ਕਰਦਾ ਹੈ। ਜ਼ਿੰਦਗੀ ਦੇ ਬੇਹੱਦ ਔਖੇ ਦੌਰ ਵਿੱਚ ਗਿਆਨ ਸੰਜੀਵਨੀ ਵਾਂਗ ਸਾਡੇ ਦੁਆਲੇ ਪਸਰੇ ਹਨੇਰੇ ਨੂੰ ਰੌਸ਼ਨੀ ਵਿੱਚ ਬਦਲ ਦਿੰਦਾ ਹੈ; ਜੀਵਨ ਦੇ ਬਿੱਖੜੇ ਪੈਂਡੇ ਸਰ ਕਰਨੇ ਆਸਾਨ ਹੋ ਜਾਂਦੇ ਹਨ। ਇਹ ਸਾਨੂੰ ਇੱਕ ਚੰਗਾ ਨੇਤਾ, ਸਾਹਿਤਕਾਰ, ਵਿਗਿਆਨੀ, ਇੰਜਨੀਅਰ, ਦਾਰਸ਼ਨਿਕ ਬਣਾਉਂਦੇ ਹਨ। ਗਿਆਨ ਦੀ ਜੋਤ ਨੇ ਲਿੰਕਨ ਨੂੰ ਕਬਾੜ ਦੀ ਦੁਕਾਨ ਤੋਂ ਚੁੱਕ ਕੇ ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ਤਕ ਪਹੁੰਚਾ ਦਿੱਤਾ। ਡਾਕਟਰ ਅੰਬੇਦਕਰ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋ ਕੇ ਭਾਰਤ ਦਾ ਸੰਵਿਧਾਨ ਨਿਰਮਾਤਾ ਬਣਿਆ। ਸ਼ਹੀਦ ਭਗਤ ਸਿੰਘ ਨੇ ਇਨਕਲਾਬ ਦੀ ਨਵੀਂ ਦਿਸ਼ਾ ਤੈਅ ਕੀਤੀ ਅਤੇ ਮਾਰਕਸ ਸਰਮਾਏਦਾਰੀ ਦੁਆਰਾ ਕਿਰਤੀ ਦੀ ਹੋ ਰਹੀ ਲੁੱਟ ਨੂੰ ਸਹੀ ਅਰਥਾਂ ਵਿੱਚ ਸਮਝਾ ਸਕਿਆ।
ਵਿਰਸੇ ਵਿੱਚ ਮਿਲੀ ਜਾਇਦਾਦ ਨੂੰ ਸਾਂਭਣ ਅਤੇ ਇਸ ਨੂੰ ਵਧਾਉਣ ਲਈ ਵੀ ਗਿਆਨ ਸਾਡੀ ਮਦਦ ਕਰਦਾ ਹੈ। ਜਾਰਜ ਸੈਮੂਅਲ ਕਲੈਸਨ ਦੁਆਰਾ ਲਿਖੀ ਅਤੇ ਪਰਗਟ ਸਿੰਘ ਦੁਆਰਾ ਅਨੁਵਾਦਿਤ ‘ਬੇਬੀਲੋਨ ਦਾ ਸਭ ਤੋਂ ਅਮੀਰ ਆਦਮੀ’ ਕਿਤਾਬ ਵਿੱਚ ਬੇਬੀਲੋਨ ਸਭਿਅਤਾ ਦਾ ਸਭ ਤੋਂ ਅਮੀਰ ਆਦਮੀ ਅਰਕਦ ਆਪਣੇ ਪੁੱਤਰ ਨੋਮਾਸੀਰ ਨੂੰ ਆਪਣੀ ਜਾਇਦਾਦ ਦਾ ਵਾਰਿਸ ਬਣਾਉਣ ਤੋਂ ਪਹਿਲਾਂ ਉਸ ਦਾ ਇਮਤਿਹਾਨ ਲੈਂਦਾ ਹੈ ਕਿ ਕੀ ਉਹ ਜਾਇਦਾਦ ਸਾਂਭਣ ਦੇ ਯੋਗ ਹੈ ਵੀ ਜਾਂ ਨਹੀਂ। ਉਹ ਨੋਮਾਸੀਰ ਨੂੰ ਸੋਨੇ ਦੇ ਸਿੱਕਿਆਂ ਦੀ ਇੱਕ ਥੈਲੀ ਦੇ ਨਾਲ ਹੀ ਇਸ ਦੌਲਤ ਨੂੰ ਸਾਂਭਣ ਅਤੇ ਇਸ ਵਿੱਚ ਹੋਰ ਵਾਧਾ ਕਰਨ ਲਈ ਪੰਜ ਨਿਯਮਾਂ ਵਿੱਚ ਲਿਖੇ ਹਰਫ਼ਾਂ ਦੀ ਇੱਕ ਤਖ਼ਤੀ ਵੀ ਦਿੰਦਾ ਹੈ, ਜਿਸ ਨੂੰ ਸਮਝ ਕੇ ਉਹ ਇੱਕ ਕਾਮਯਾਬ ਅਤੇ ਅਮੀਰ ਆਦਮੀ ਬਣ ਸਕਦਾ ਸੀ। ਸ਼ੁਰੂ ਵਿੱਚ ਨੋਮਾਸੀਰ ਤਖ਼ਤੀ ’ਤੇ ਉੱਕਰੇ ਹਰਫ਼ਾਂ ਨੂੰ ਬੇਧਿਆਨ ਕਰਕੇ ਪਿਤਾ ਤੋਂ ਪ੍ਰਾਪਤ ਸੋਨੇ ਦੀ ਥੈਲੀ ਤੋਂ ਹੀ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਹੈ। ਉਹ ਗਲਤ ਲੋਕਾਂ ਦੇ ਜੰਜਾਲ ਵਿੱਚ ਫਸ ਕੇ ਦੌਲਤ ਨੂੰ ਬਿਨਾਂ ਕਿਸੇ ਤਜਰਬੇ ਦੇ ਵਰਤੋਂ ਕੀਤਿਆਂ ਅਜਾਈਂ ਹੀ ਗਵਾ ਦਿੰਦਾ ਹੈ, ਜਿਸ ਕਾਰਨ ਉਸ ਕੋਲ ਇੱਕ ਵੀ ਸੋਨੇ ਦਾ ਸਿੱਕਾ ਨਹੀਂ ਰਹਿ ਜਾਂਦਾ। ਫਿਰ ਉਹ ਪਿਤਾ ਦੁਆਰਾ ਦਿੱਤੀ ਤਖ਼ਤੀ ’ਤੇ ਉੱਕਰੇ ਹਰਫ਼ਾ ਨੂੰ ਸਮਝਦਾ ਹੈ। ਇਹ ਪੰਜ ਨਿਯਮ: “ਦੌਲਤ ਦਾ ਦਸਵਾਂ ਹਿੱਸਾ ਬਚਾ ਕੇ ਰੱਖਣਾ, ਬਚਾਇਆ ਗਿਆ ਹਿੱਸਾ ਫਾਇਦੇਮੰਦ ਜਗ੍ਹਾ ’ਤੇ ਵਰਤਣਾ, ਵਰਤਣ ਤੋਂ ਪਹਿਲਾ ਅਨੁਭਵੀ ਬੰਦੇ ਦੀ ਸਲਾਹ ਲੈਣਾ, ਬਿਨਾਂ ਜਾਣਕਾਰੀ ਦੇ ਇਸਦੀ ਗਲਤ ਜਗ੍ਹਾ ’ਤੇ ਵਰਤੋਂ ਨਾ ਕਰਨਾ ਅਤੇ ਧੋਖੇਬਾਜ਼ ਅਤੇ ਫ਼ਰੇਬੀਆਂ ਤੋਂ ਬਚਣਾ” ਪੜ੍ਹ ਕੇ ਪਛਤਾਉਂਦਾ ਹੈ ਕਿ ਜੇ ਉਹ ਇਨ੍ਹਾਂ ਹਰਫ਼ਾ ਤੋਂ ਪਹਿਲਾਂ ਗਿਆਨ ਪ੍ਰਾਪਤ ਕਰ ਲੈਂਦਾ ਤਾਂ ਉਹ ਮਾੜੀ ਹਾਲਤ ਵਿੱਚ ਨਾ ਪਹੁੰਚਦਾ। ਫਿਰ ਵੀ ਉਹ ਨਿਰਾਸ਼ ਨਹੀਂ ਹੁੰਦਾ ਅਤੇ ਨਵੇਂ ਸਿਰਿਓਂ ਤਖ਼ਤੀ ’ਤੇ ਉੱਕਰੇ ਹਰਫ਼ਾਂ ਤੋਂ ਗਿਆਨ ਪ੍ਰਾਪਤ ਕਰਕੇ ਕੁਝ ਸਾਲਾਂ ਵਿੱਚ ਹੀ ਉਹ ਆਪਣੀ ਪਹਿਲਾਂ ਵਾਲੀ ਹਾਲਤ ਵਿੱਚ ਆ ਜਾਂਦਾ ਹੈ। ਉਹ ਆਪਣੀ ਦੌਲਤ ਨੂੰ ਵਧਾਉਂਦਾ ਰਹਿੰਦਾ ਹੈ ਅਤੇ ਅੰਤ ਵਿੱਚ ਆਪਣੇ ਪਿਤਾ ਦੁਆਰਾ ਲਏ ਇਮਤਿਹਾਨ ਵਿੱਚ ਪਾਸ ਹੁੰਦਾ ਹੈ। ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੈਸਾ ਕਮਾਉਣ ਲਈ ਗਿਆਨ ਹੋਣਾ ਜ਼ਰੂਰੀ ਹੈ। ਸਹੀ ਗਿਆਨ ਤੋਂ ਬਆਦ ਹੀ ਅਸੀਂ ਇੱਕ ਕਾਮਯਾਬ ਵਿਅਕਤੀ ਬਣ ਸਕਦੇ ਹਾਂ।
ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਬਾਣੀ ਦੇ ਸ਼ਬਦ ਅੱਗੇ ਵਧਦੇ ਹੋਏ ਇੱਕ ਮਹਾਨ ਗ੍ਰੰਥ ਦਾ ਰੂਪ ਧਾਰਨ ਕਰ ਗਏ। ਇਸ ਗ੍ਰੰਥ ਵਿੱਚ ਜ਼ਿੰਦਗੀ ਨੂੰ ਸਾਦੇ ਢੰਗ ਨਾਲ ਜਿਊਣ, ਕੁਦਰਤ ਨਾਲ ਪਿਆਰ ਕਰਨ, ਭਾਈਚਾਰਕ ਸਾਂਝ ਅਪਣਾਉਣ ਅਤੇ ਜੀਵਨ ਪ੍ਰਤੀ ਵਿਗਿਆਨਕ ਨਜ਼ਰੀਏ ਦਾ ਸੰਦੇਸ਼ ਮਿਲਦਾ ਹੈ। ਅਜੋਕੇ ਕਾਰਪੋਰੇਟ ਜਗਤ ਵਿੱਚ ਦੁਸ਼ਵਾਰੀਆਂ ਹੰਢਾ ਰਹੀ ਮਨੁੱਖਤਾ ਲਈ ਗੁਰੂ ਗ੍ਰੰਥ ਸਾਹਿਬ ਚਾਨਣ ਮੁਨਾਰਾ ਹੈ। ਇਸ ਤਰ੍ਹਾਂ ਗਿਆਨ ਦੀ ਜੋਤ ਸਾਨੂੰ ਜਿਊਣ ਦੀ ਜਾਚ ਅਤੇ ਸੰਘਰਸ਼ ਕਰਨਾ ਸਿਖਾਉਂਦੀ ਹੈ। ਆਓ ਸਭ ਗਿਆਨ ਦੀ ਜੋਤ ਜਗਾ ਕੇ ਜ਼ਿੰਦਗੀ ਰੌਸ਼ਨ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3800)
(ਸਰੋਕਾਰ ਨਾਲ ਸੰਪਰਕ ਲਈ: