“ਗੱਲਾਂ ਕਰਦਿਆਂ ਉਸ ਨੇ ਮੇਰੇ ਵੱਲ ਵੇਖ ਕੇ ਕਿਹਾ, ਆਹ ਮੁੰਡਾ ਠੀਕ ਹੈ। ਚਾਚਾ ਜੀ ਕਹਿੰਦੇ ...”
(22 ਜੂਨ 2024)
ਇਸ ਸਮੇਂ ਪਾਠਕ: 180.
ਦੇਸ਼ ਆਜ਼ਾਦ ਹੋਏ ਨੂੰ ਅਜੇ ਬਹੁਤੇ ਸਾਲ ਨਹੀਂ ਹੋਏ ਸਨ। ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਪਰਵਾਨਿਆਂ ਦੀਆਂ ਕਥਾ, ਕਹਾਣੀਆਂ ਤੇ ਕਵੀਸ਼ਰੀਆਂ ਵਿੱਚ ਆਮ ਚਰਚਾ ਹੁੰਦੀ ਰਹਿੰਦੀ ਸੀ। ਕਮਿਊਨਿਸਟ ਲਹਿਰ ਪੂਰੀ ਤਰ੍ਹਾਂ ਜ਼ੋਰ ਫੜ ਚੁੱਕੀ ਸੀ। ਪਿੰਡਾਂ, ਕਸਬਿਆਂ ਤੇ ਛੋਟੇ ਸ਼ਹਿਰਾਂ ਵਿੱਚ ਆਪਣੀ ਸਾਖ ਪੈਦਾ ਕਰਨ ਲਈ ਕਾਮਰੇਡ ਡਰਾਮਿਆਂ ਦਾ ਪ੍ਰਦਰਸ਼ਨ ਆਮ ਹੀ ਕਰਦੇ ਰਹਿੰਦੇ ਸਨ। ਉਨ੍ਹਾਂ ਡਰਾਮਿਆਂ ਵਿੱਚ ਸਮਾਜਿਕ ਬੁਰਾਈਆਂ ਬਾਰੇ, ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਯੋਧਿਆਂ ਬਾਰੇ ਤੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਡਰਾਮੇ ਕਰਦੇ ਹੁੰਦੇ ਸਨ। ਨਾਟਕਾਂ ਦੇ ਵਿੱਚੋ-ਵਿੱਚ ਹਾਸਾ ਠੱਠਾ ਵੀ ਬਹੁਤ ਹੁੰਦਾ ਸੀ। ਲੋਕ ਗ਼ੁਲਾਮੀ ਤੋਂ ਬਾਹਰ ਆਏ ਸਨ ਤੇ ਕੋਈ ਵੀ ਅਜਿਹਾ ਪ੍ਰੋਗਰਾਮ ਹੁੰਦਾ ਜੁੜ ਕੇ ਬੈਠਦੇ ਤੇ ਧਿਆਨ ਨਾਲ ਪ੍ਰੋਗਰਾਮ ਸੁਣਦੇ। ਪਿੰਡਾਂ ਵਿੱਚ ਅਨਪੜ੍ਹਤਾ ਬਹੁਤ ਸੀ, ਇਸ ਲਈ ਨਵੀਂ ਤੋਂ ਨਵੀਂ ਜਾਣਕਾਰੀ ਹਾਸਲ ਕਰਨ ਲਈ ਪਿੰਡਾਂ ਦੇ ਲੋਕ ਉਤਸ਼ਾਹਿਤ ਰਹਿੰਦੇ ਸਨ
ਇਹ ਤਕਰੀਬਨ 1964 ਦੀ ਗੱਲ ਹੈ, ਮੈਂ ਉਦੋਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਪੇਂਡੂ ਰਹਿਣ ਸਹਿਣ ਕਰਕੇ ਕਾਫ਼ੀ ਹੁੰਦੜਹੇਲ ਸੀ। ਇੱਕ ਦਿਨ ਮੇਰੇ ਚਾਚਾ ਜੀ, ਜਿਹੜੇ ਨਾਭੇ ਜੇਬੀਟੀ ਦਾ ਕੋਰਸ ਕਰਦੇ ਸਨ, ਨੇ ਆਕੇ ਦੱਸਿਆ ਕਿ ਕੱਲ੍ਹ ਨੂੰ ਇੱਕ ਕਾਮਰੇਡਾਂ ਦੀ ਟੋਲੀ ਪਿੰਡ ਵਿੱਚ ਡਰਾਮਾ ਖੇਲ੍ਹਣ ਆ ਰਹੀ ਹੈ। ਕਿਉਂਕਿ ਮੇਰੇ ਚਾਚਾ ਜੀ ਤੇ ਪਿੰਡ ਦੇ ਉਨ੍ਹਾਂ ਦੇ ਹਮਜਮਾਤੀ ਵੀ ਪਿੰਡ ਪੱਧਰ ’ਤੇ ਨਾਟਕ ਵਗੈਰਾ ਖੇਡਦੇ ਰਹਿੰਦੇ ਸਨ ਤੇ ਸਾਹਿਤ ਨਾਲ ਵੀ ਜੁੜੇ ਹੋਏ ਸਨ, ਇਸ ਲਈ ਕਾਮਰੇਡ ਟੋਲੀ ਨੇ ਡਰਾਮਾ ਖੇਡਣ ਲਈ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਦੀ ਲਗਾਈ। ਇਸ ਜ਼ਿੰਮੇਵਾਰੀ ਵਿੱਚ ਤਖਤਪੋਸ਼, ਗੈਸ ਲਾਲਟੈਣ ਦਾ ਪ੍ਰਬੰਧ, ਪੜਦਿਆਂ ਵਾਸਤੇ ਚਾਦਰਾਂ-ਫੁਲਕਾਰੀਆਂ ਤੇ ਦਰੀਆਂ ਵਗੈਰਾ ਅਤੇ ਬਾਹਰੋਂ ਆਇਆਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਸੀ। ਐਤਵਾਰ ਦਾ ਦਿਨ ਸੀ, ਇਨ੍ਹਾਂ ਸਾਰਿਆਂ ਰਲ਼ ਕੇ ਦਿਨ ਵਿੱਚ ਸਾਮਾਨ ਇਕੱਠਾ ਕੀਤਾ। ਬੁੱਘੇ ਦੇ ਦਰਵਾਜ਼ੇ ਸਾਹਮਣੇ ਬਹੁਤ ਖੁੱਲ੍ਹਾ ਚੌਗਾਨ ਸੀ। ਸਾਹਮਣੇ ਇੱਕ ਪਾਸੇ ਨਾਥ ਹਲਵਾਈ ਦੀ ਹੱਟੀ ਸੀ ਤੇ ਦੂਸਰੇ ਪਾਸੇ ਵਸਣ ਕੀ ਹਥਾਈ ਸੀ। ਉੱਥੇ ਸਟੇਜ ਬਣਾ ਦਿੱਤੀ।
ਚਾਰ ਕੁ ਵੱਜਦੇ ਨੂੰ ਕਾਮਰੇਡਾਂ ਦੀ ਟੋਲੀ ਆ ਗਈ। ਉਨ੍ਹਾਂ ਦਮ ਮਾਰਿਆ ਤੇ ਚਾਹ ਪਾਣੀ ਪੀ ਕੇ ਆਪਣੀ ਤਿਆਰੀ ਕਰਨ ਲੱਗੇ। ਪਿੰਡ ਵਿੱਚ ਚੌਕੀਦਾਰ ਤੋਂ ਹੋਕਾ ਦਿਵਾ ਦਿੱਤਾ ਕਿ ਵਸਣ ਕੀ ਹਥਾਈ ਸਾਹਮਣੇ ਬੁੱਘੇ ਦੇ ਦਰਵਾਜ਼ੇ ਮੋਹਰੇ ਅੱਜ ਰਾਤ ਨੂੰ ਸ਼ਹੀਦ ਭਗਤ ਸਿੰਘ ਦਾ ਡਰਾਮਾ ਖੇਡਿਆ ਜਾਣਾ, ਸਾਰੇ ਹੁੰਮ ਹੁੰਮਾ ਕੇ ਪੁੱਜਣ। ਪਿੰਡਾਂ ਵਾਲਿਆਂ ਵਾਸਤੇ ਰਾਮ ਲੀਲਾ, ਕਾਮਰੇਡਾਂ ਦੇ ਡਰਾਮੇ, ਮਦਾਰੀ ਦਾ ਤਮਾਸ਼ਾ, ਬਾਜ਼ੀਗਰਾਂ ਵੱਲੋਂ ਪਾਈ ਜਾਣ ਵਾਲੀ ਬਾਜ਼ੀ, ਨਕਲੀਆਂ ਦੀ ਹਾਸੇ ਠੱਠੇ ਦੀ ਮਹਿਫ਼ਿਲ ਤੇ ਕਵੀਸ਼ਰੀਏ, ਇਹ ਸਾਰੇ ਮਨੋਰੰਜਨ ਦੇ ਸਾਧਨ ਸਨ।
ਮਾਘ ਦਾ ਮਹੀਨਾ ਖ਼ਤਮ ਹੋਣ ਜਾ ਰਿਹਾ ਸੀ। ਕਣਕ ਗੋਡੇ ਗੋਡੇ ਹੋ ਗਈ ਸੀ ਤੇ ਆਡਾਂ ਵਿੱਚ ਬੀਜੀ ਸਰ੍ਹੋਂ ਨੂੰ ਪੀਲ਼ੇ ਫੁੱਲ ਪੈਣੇ ਸ਼ੁਰੂ ਹੋ ਚੁੱਕੇ ਸਨ। ਸਵੇਰ ਵੇਲੇ ਜਦੋਂ ਖੇਤਾਂ ਵੱਲ ਜੰਗਲ ਪਾਣੀ ਜਾਂਦੇ ਤਾਂ ਕਣਕ ਉੱਪਰ ਪਈਆਂ ਤ੍ਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕਦੀਆਂ। ਠੰਢ ਦਾ ਮੌਸਮ ਸੀ ਪਰ ਦਿਨੇਂ ਮੌਸਮ ਮਿੱਠਾ ਮਿੱਠਾ ਸੀ। ਸ਼ਾਮ ਨੂੰ ਗੈਸ ਲਾਲਟੈਣਾਂ ਦਾ ਪ੍ਰਬੰਧ ਹੋ ਗਿਆ, ਤਖਤਪੋਸ਼ਾਂ ਦੇ ਦੋਨੇਂ ਪਾਸੇ ਬਾਂਸ ਗੱਡ ਕੇ, ਸਾਈਡਾਂ ’ਤੇ ਰੱਸੀਆਂ ਨਾਲ ਬਾਂਸ ਬੰਨ੍ਹ ਕੇ ਅੱਗੇ ਫੁਲਕਾਰੀਆਂ ਜੋੜ ਕੇ ਮੁੱਖ ਪੜਦਾ ਟੰਗ ਦਿੱਤਾ ਤੇ ਪਿਛਲੇ ਪਾਸੇ ਚਾਦਰਾ ਜੋੜ ਕੇ ਪੜਦਾ ਲਾ ਦਿੱਤਾ ਤਾਂ ਕਿ ਡਰਾਮੇ ਦੇ ਕਿਰਦਾਰ ਆਪਣੀ ਤਿਆਰੀ ਕਰ ਸਕਣ। ਇਸ ਤਰ੍ਹਾਂ ਸਟੇਜ ਬਣ ਗਈ, ਲੋਕ ਆਉਣੇ ਸ਼ੁਰੂ ਹੋ ਗਏ। ਅਸੀਂ ਵੀ ਆਪਣੀ ਖੇਸੀ ਦੀ ਬੁੱਕਲ ਮਾਰ ਕੇ ਸਟੇਜ ਦੇ ਮੋਹਰੇ ਬੈਠ ਗਏ। ਟੋਲੀ ਦਾ ਇੰਨਚਾਰਜ ਮੇਰੇ ਚਾਚਾ ਜੀ ਨਾਲ ਘੁਸਰ ਮੁਸਰ ਕਰਦਾ ਦਿਸਿਆ। ਮੈਂ ਵੀ ਨੇੜੇ ਜਿਹੇ ਹੋ ਕੇ ਉਤਸੁਕਤਾ ਨਾਲ ਉਨ੍ਹਾਂ ਦੀ ਗੱਲ ਸੁਣਨ ਲੱਗਿਆ। ਉਹ ਚਾਚਾ ਜੀ ਨੂੰ ਕਹਿ ਰਿਹਾ ਸੀ ਕਿ ਭਗਤ ਸਿੰਘ ਦੀ ਭੈਣ ਦਾ ਰੋਲ ਕਰਨ ਵਾਲਾ ਮੁੰਡਾ ਬਿਮਾਰ ਹੋਣ ਕਰਕੇ ਨਹੀਂ ਆਇਆ, ਜੇਕਰ ਤੁਹਾਡੇ ਕੋਈ ਅਣਦਾੜ੍ਹੀਆ ਮੁੰਡਾ ਹੈ ਤਾਂ ਉਸ ਦੇ ਜਨਾਨਾ ਸੂਟ ਪਹਿਨਾਕੇ ਤਿਆਰ ਕਰ ਲਓ ਉਸ ਨੇ ਡਾਇਲਾਗ ਕੋਈ ਨਹੀਂ ਬੋਲਣੇ, ਬੱਸ ਜੇਲ੍ਹ ਵਿੱਚ ਭਗਤ ਸਿੰਘ ਦੀ ਰੋਟੀ ਲੈ ਕੇ ਜਾਣਾ ਹੈ। ਗੱਲਾਂ ਕਰਦਿਆਂ ਉਸ ਨੇ ਮੇਰੇ ਵੱਲ ਵੇਖ ਕੇ ਕਿਹਾ, ਆਹ ਮੁੰਡਾ ਠੀਕ ਹੈ। ਚਾਚਾ ਜੀ ਕਹਿੰਦੇ ਆਪਣਾ ਹੀ ਮੁੰਡਾ ਹੈ, ਕੋਈ ਗੱਲ ਨਹੀਂ ਇਹਨੂੰ ਤਿਆਰ ਕਰ ਦਿੰਦੇ ਹਾਂ। ਲਓ ਜੀ, ਘਰੋਂ ਲੇਡੀਮਿੰਟਨ (ਇੱਕ ਸਿਲਕਨੁਮਾ ਕੱਪੜਾ) ਦਾ ਸੂਟ ਲਿਆ ਕੇ ਮੇਰੇ ਪਵਾ ਦਿੱਤਾ ਤੇ ਸਟੇਜ ਦੇ ਪਿੱਛੇ ਪੜਦੇ ਪਿੱਛੇ ਬਿਠਾ ਦਿੱਤਾ। ਮੇਰੀ ਵਾਰੀ ਤਾਂ ਭਗਤ ਸਿੰਘ ਨੂੰ ਜੇਲ੍ਹ ਹੋਣ ਤੋਂ ਬਾਅਦ ਆਉਣੀ ਸੀ। ਡਰਾਮਾ ਚਲਦਾ ਰਿਹਾ, ਸਟੇਜ ’ਤੇ ਨਾਅਰੇ ਲੱਗਦੇ ਰਹੇ। ਭਗਤ ਸਿੰਘ ਦਾ ਰੋਲ ਇੱਕ ਮੁੱਛ ਫੁੱਟ ਗੱਭਰੂ ਕਰ ਰਿਹਾ ਸੀ। ਬੜਾ ਜੋਸ਼ੀਲਾ ਤੇ ਦਮਦਾਰ ਕਿਰਦਾਰ ਨਿਭਾਅ ਰਿਹਾ ਸੀ। ਉਸ ਨੇ ਬੁਲੰਦ ਆਵਾਜ਼ ਵਿੱਚ ਨਾਅਰਾ ਲਾਇਆ,
“ਨਹੀਂ ਪ੍ਰਵਾਹ ਮੈਂਨੂੰ ਫਾਂਸੀ ਦੀ,
ਵਤਨ ਲਈ ਮਰਨਾ ਧਰਮ ਮੇਰਾ।
ਭਾਰਤ ਮਾਂ ਆਜ਼ਾਦ ਕਰਾਉਣੀ ਹੈ,
ਇਸ ਬਿਨਾਂ ਨਹੀਂ ਕੋਈ ਕਰਮ ਮੇਰਾ।
ਨਾਅਰਾ ਸੁਣ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ। ਡਰਾਮਾ ਦੇਖਦੇ ਹੋਏ ਲੋਕਾਂ ਵਿੱਚ ਜੋਸ਼ ਭਰਦਾ ਜਾ ਰਿਹਾ ਸੀ। ਪਰ ਮੈਂ ਠੰਢ ਵਿੱਚ ਸੁੰਗੜਿਆ ਬੈਠਾ ਰਿਹਾ। ਰਾਤ ਨੂੰ ਠੰਢ ਵੀ ਕਾਫ਼ੀ ਸੀ ਤੇ ਉੱਤੋਂ ਸਿਲਕੀ ਸੂਟ, ਮੇਰਾ ਤਾਂ ਬੁਰਾ ਹਾਲ ਹੋ ਗਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਸਿਰ ’ਤੇ ਭੱਤਾ ਰੱਖ ਕੇ ਕੰਬਦਾ ਹੋਇਆ ਭਗਤ ਸਿੰਘ ਲਈ ਬਣਾਈ ਨਕਲੀ ਜੇਲ੍ਹ ਤਕ ਮਸਾਂ ਪਹੁੰਚਿਆ। ਐਕਟ ਤਾਂ ਮੇਰਾ ਸਹੀ ਹੋ ਗਿਆ ਪਰ ਕਾਂਬੇ ਦਾ ਬੁਖਾਰ ਹੁੰਮ ਹੁੰਮਾ ਕੇ ਚੜ੍ਹ ਗਿਆ। ਚਾਚਾ ਮੇਰਾ ਮੈਨੂੰ ਘਰ ਲੈ ਗਿਆ, ਦੁੱਧ ਗਰਮ ਕਰਕੇ ਪਿਲਾਇਆ ਤੇ ਦੋਹਰੀ ਰਜਾਈ ਦੇ ਕੇ ਮੰਜੇ ’ਤੇ ਪਾਕੇ ਆਇਆ। ਉਦੋਂ ਕਿਹੜਾ ਕੋਈ ਘਰ ਵਿੱਚ ਦਵਾਈ ਹੁੰਦੀ ਸੀ। ਡਰਾਮਾ ਤਾਂ ਪਤਾ ਨਹੀਂ ਕਦੋਂ ਖਤਮ ਹੋਇਆ ਪਰ ਮੇਰਾ ਬੁਖਾਰ ਤਿੰਨ ਦਿਨ ਨਹੀਂ ਉੱਤਰਿਆ।
“ਦਾਦੇ ਮੰਗਾਉਣਿਆਂ ਨੇ ਮੇਰਾ ਫੁੱਲ ਵਰਗਾ ਸੋਹਲ ਪੋਤਾ ਬਿਮਾਰ ਕਰਕੇ ਰੱਖ’ਤਾ, ਲਗਦੇ ਡਰਾਮਿਆਂ ਦੇ!” ਮੇਰੀ ਦਾਦੀ ਚਾਚੇ ਹੁਰਾਂ ਨੂੰ ਗਾਲ਼ਾਂ ਕੱਢਦੀ ਸੀ ਥੱਕਦੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5075)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)