“ਸਵੇਰੇ ਜਲਦੀ ਉੱਠ ਕੇ ਮੈਂ ਪਹਿਲੀ ਬੱਸ ਫੜੀ ਤੇ ਦਸ ਵੱਜਦੇ ਨੂੰ ਆਪਣੇ ਪਿੰਡ ...”
(20 ਫਰਵਰੀ 2022)
ਇਸ ਸਮੇਂ ਮਹਿਮਾਨ: 589.
ਮੈਂ ਅੱਸੀ ਦੇ ਦਹਾਕੇ ਦੇ ਸ਼ੁਰੂ ਵਿੱਚ ਚੰਡੀਗੜ੍ਹ ਸਰਕਾਰੀ ਕਾਲਜ ਵਿੱਚ ਪੜ੍ਹਦਾ ਸੀ। ਹੋਸਟਲ ਵਿੱਚ ਕਮਰਾ ਲਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਅਕਸਰ ਨੌਜਵਾਨ ਮੁੰਡੇ ਗੁਰਗਾਬੀ ਪਾਉਂਦੇ ਸਨ। ਸੈਕਟਰ ਪੰਦਰਾਂ ਵਿੱਚ ਚੀਨ ਦੇ ਕਾਰੀਗਰ ਹੱਥ ਨਾਲ ਚਮੜੇ ਦੀਆਂ ਗੁਰਗਾਬੀਆਂ ਤੇ ਫੀਤਿਆਂ ਵਾਲੇ ਬੂਟ ਬਣਾਉਂਦੇ ਸਨ। ਮੈਂ ਵੀ ਇੱਕ ਗੁਰਗਾਬੀ ਔਖੇ ਸੌਖੇ ਉਨ੍ਹਾਂ ਤੋਂ ਵੀਹ ਰੁਪਏ ਵਿੱਚ ਖਰੀਦ ਲਈ। ਹੈ ਤਾਂ ਮਹਿੰਗੀ ਸੀ ਪਰ ਹੋਰ ਖਰਚੇ ਘਟਾ ਕੇ ਲੈ ਲਈ। ਗੁਰਗਾਬੀ ਪਾਉਣ ਤੋਂ ਬਾਅਦ ਉਸ ਨੇ ਕਾਰੀਗਰ ਨੇ ਟੁੱਟੀ ਫੁੱਟੀ ਹਿੰਦੀ ਵਿੱਚ ਕਿਹਾ, “ਸਰਦਾਰ ਜੀ! ਇਸ ਕੇ ਏੜੀ ਮੇਂ ਸਟੱਡ (ਖੁਰੀਆਂ) ਲਗਾ ਦੇਂ, ਚਲਤੇ ਸਮੇਂ ਬੜ੍ਹੀਆ ਆਵਾਜ਼ ਆਏਗੀ, ਲੋਕ ਰੁਕ ਰੁਕ ਕਰ ਦੇਖਾ ਕਰੇਂਗੇ। ਸਿਰਫ ਦੋ ਰੁਪਏ ਔਰ ਲਗੇਂਗੇ।” ਮੈਂ ਕਿਹਾ, “ਲਾ ਦੇ। ਜਿੱਥੇ ਵੀਹ ਰੁਪਏ, ਉੱਥੇ ਬਾਈ ਸਹੀ।”
ਦੋਨਾਂ ਅੱਡੀਆਂ ਹੇਠ ਖੁਰੀਆਂ ਲਵਾ ਕੇ ਮੈਂ ਹੋਸਟਲ ਆ ਗਿਆ। ਜਿਸ ਜਿਸ ਨੇ ਵੀ ਗੁਰਗਾਬੀ ਦੇਖੀ, ਈਰਖਾ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਇੱਕਾ ਦੁੱਕਾ ਨੇ ਸਿਫ਼ਤ ਵੀ ਕੀਤੀ।
ਸ਼ਾਮ ਨੂੰ ਮੈੱਸ ਵਿੱਚ ਖਾਣਾ ਖਾਣ ਲਈ ਮੈਂ ਕੌਰੀਡੋਰ ਵਿੱਚ ਠੱਕ ਠੱਕ ਕਰਦਾ ਤੁਰਿਆ ਜਾ ਰਿਹਾ ਸੀ। ਮੈੱਸ ਅੰਦਰ ਬੈਠੇ ਮੇਰੇ ਸਾਥੀ ਕੰਨ ਲਾ ਕੇ ਖੁਰੀਆਂ ਦੀ ਆਵਾਜ਼ ਸੁਣ ਰਹੇ ਸੀ ਕਿ ਮੈੱਸ ਦੇ ਗੇਟ ਅੰਦਰ ਵੜਦਿਆਂ ਹੀ ਮੇਰਾ ਪੈਰ ਅਜਿਹਾ ਤਿਲਕਿਆਂ ਕਿ ਮੈਂ ਸਵਾਤ ਦੇ ਤਖ਼ਤੇ ਵਾਂਗ ਧੜੰਮ ਦੇਣ ਫਰਸ਼ ’ਤੇ ਮੂਧੇ ਮੂੰਹ ਜਾ ਡਿੱਗਿਆ। ਦੋਵੇਂ ਹੱਥ ਪੂਰੇ ਜ਼ੋਰ ਨਾਲ ਫ਼ਰਸ਼ ’ਤੇ ਜਾ ਵੱਜੇ। ਖੱਬਾ ਹੱਥ ਗੁੱਟ ਕੋਲੋਂ ਟੁੱਟ ਗਿਆ ਤੇ ਗੁੱਟ ਤੇ ਪੰਜੇ ਵਿੱਚ ਇੱਕ ਇੰਚ ਦਾ ਫ਼ਰਕ ਪੈ ਗਿਆ। ਸਾਰੇ ਜਣੇ ਦੰਦੀਆਂ ਕੱਢਣ ਲੱਗ ਪਏ। ਫਿਰ ਉਨ੍ਹਾਂ ਨੇ ਮੈਂਨੂੰ ਉਠਾਇਆ। ਐਨਾ ਸ਼ੁਕਰ ਕਿ ਹੋਰ ਕਿਤੇ ਸੱਟ ਨਹੀਂ ਸੀ ਲੱਗੀ।
ਮੈੱਸ ਦੀ ਕਿਚਨ ਵਿੱਚੋਂ ਇੱਕ ਕਰਿੰਦਾ ਭੱਜਾ ਭੱਜਾ ਆਇਆ। ਉਹ ਮੇਰਾ ਕਾਫ਼ੀ ਹਿਤ ਕਰਦਾ ਸੀ ਕਿਉਂਕਿ ਮੈਂ ਕਦੇ ਕਦੇ ਉਸ ਨੂੰ ਦੇਸੀ ਘਿਓ ਦਾ ਚਮਚਾ ਦਾਲ਼ ਵਿੱਚ ਪਾਉਣ ਨੂੰ ਦੇ ਦਿੰਦਾ ਸੀ। ਉਸਨੇ ਮੇਰਾ ਗੁੱਟ ਦੇਖਿਆ ਤੇ ਦੇਖ ਕੇ ਮੋਟੀ ਸਾਰੀ ਬੇਸਨ ਦੀ ਰੋਟੀ ਬਣਾ ਕੇ ਸਰ੍ਹੋਂ ਦੇ ਤੇਲ ਨਾਲ ਚੋਪੜ ਕੇ ਬੰਨ੍ਹ ਦਿੱਤੀ ਤੇ ਦੁੱਧ ਗਰਮ ਕਰਕੇ ਹਲਦੀ ਦਾ ਚਮਚਾ ਘੋਲ਼ ਕੇ ਮੈਂਨੂੰ ਪਿਆ ਦਿੱਤਾ। ਉਸ ਨਾਲ ਥੋੜ੍ਹਾ ਆਰਾਮ ਆਇਆ। ਔਖੇ ਸੌਖੇ ਰੋਟੀ ਖਾ ਲਈ।
ਉਦੋਂ ਹਸਪਤਾਲ ਭੱਜਣ ਦਾ ਰਿਵਾਜ਼ ਨਹੀਂ ਸੀ। ਰਾਤ ਨੂੰ ਦਰਦ ਨਾ ਹਟੇ। ਹੱਥ ਸੁੱਜ ਕੇ ਪਾਥੀ ਵਰਗਾ ਹੋ ਗਿਆ। ਮੈਂ ਸੋਚਿਆ, ਮਨਾ ਇੱਥੇ ਠੀਕ ਨਹੀਂ ਹੋਣਾ, ਆਪਾਂ ਘਰ ਚੱਲੀਏ, ਆਪੇ ਮਾਂ ਬਾਪ ਸੰਭਾਲਣਗੇ। ਸਵੇਰੇ ਜਲਦੀ ਉੱਠ ਕੇ ਮੈਂ ਪਹਿਲੀ ਬੱਸ ਫੜੀ ਤੇ ਦਸ ਵੱਜਦੇ ਨੂੰ ਆਪਣੇ ਪਿੰਡ ਦਿੜ੍ਹਬੇ ਜਾ ਪੁੱਜਿਆ। ਘਰ ਮਾਂ ਇਕੱਲੀ ਸੀ। ਬਾਪੂ ਆਪਣੇ ਕੰਮ ’ਤੇ ਗਿਆ ਹੋਇਆ ਸੀ। ਅਚਾਨਕ ਮੈਂਨੂੰ ਦੇਖ ਕੇ ਮਾਂ ਭਮੰਤਰ ਗਈ। ਪਰ ਮੈਂ ਇਹ ਆਖ ਕੇ ਸੰਭਾਲ ਲਈ ਕਿ ਕੁਝ ਨਹੀਂ ਹੋਇਆ ਮਾੜਾ ਜਿਹਾ ਹੱਥ ਉੱਤਰਿਆ ਹੈ। ਮਾਂ ਮੈਂਨੂੰ ਕਹਿੰਦੀ, ਚਾਹ ਪਾਣੀ ਪੀ ਤੇ ਦੇਰ ਨਾ ਕਰ, ਖਨਾਲ ਬਾਬੇ ਕੁਵਾਡੇ ਦੇ ਜਾ। ਮੈਂ ਕਿਸੇ ਦਾ ਸਾਈਕਲ ਮੰਗ ਕੇ ਲਿਆਉਂਦੀ ਹਾਂ।”
ਬਾਬਾ ਕਵਾਡਾ ਡੇਰੇ ਵਾਲ਼ਾ ਪੰਡਿਤ ਬਾਬੂ ਰਾਮ ਲੱਤਾਂ ਬਾਹਾਂ ਚੜ੍ਹਾਉਣ ਦਾ ਕੰਮ ਕਰਦਾ ਸੀ। ਮੈਂ ਸੱਜੇ ਹੱਥ ਨਾਲ ਸਾਈਕਲ ਚਲਾ ਕੇ ਬੜੀ ਮੁਸ਼ਕਲ ਨਾਲ ਖਨਾਲ ਪਹੁੰਚਿਆ। ਦਰਦ ਦੇ ਮਾਰੇ ਲੇਰਾਂ ਨਿਕਲ ਰਹੀਆਂ ਸਨ।
ਪੰਦਰਾਂ ਕੁ ਮਿੰਟਾਂ ਬਾਅਦ ਮੇਰੀ ਵਾਰੀ ਆਈ। ਬਾਬੂ ਰਾਮ ਨੇ ਪੁੱਛਿਆ, “ਹਾਂ ਬਈ ਕਾਕਾ! ਕਿੱਥੋਂ ਆਇਐਂ?”
ਮੈਂ ਕਿਹਾ “ਜੀ, ਦਿੜ੍ਹਬੇ ਤੋਂ।”
“ਕੀਹਦਾ ਮੁੰਡਾ ਐਂ?”
ਮੈਂ ਕਿਹਾ “ਜੀ, ਬਚਨਾ ਰਾਮ ਪੰਡਿਤ ਦਾ।”
“ਹੱਛਾ ਹੱਛਾ! ਜਿਹੜਾ ਪੁਲਿਸ ਵਿੱਚ ਹੌਲਦਾਰ ਐ?” ਫਿਰ ਮੇਰਾ ਹੱਥ ਫੜ ਕੇ ਪੰਡਤ ਬਾਬੂ ਰਾਮ ਕਹਿੰਦਾ, “ਕੀ ਗੱਲ ਹੋਗੀ ਕਾਕਾ, ਕਿਵੇਂ ਸੱਟ ਲੱਗੀ?”
ਮੈਂ ਸਾਰੀ ਕਹਾਣੀ ਸੁਣਾ ਦਿੱਤੀ। ਉਸਨੇ ਮੇਰੇ ਹੱਥ ਦਾ ਪਟਾ ਵਗਾਹ ਕੇ ਮਾਰਿਆ ਤੇ ਆਪਣੇ ਬਣਾਏ ਤੇਲ ਨਾਲ ਮਾਲਿਸ਼ ਕਰਨ ਲੱਗ ਪਿਆ। ਚੀਕਾਂ ਤਾਂ ਬਥੇਰੀਆਂ ਨਿਕਲਣ ਪਰ ਮੈਂ ਦੰਦ ਭਚੀੜ ਕੇ ਰੱਖੇ।
ਮਾਲਿਸ਼ ਕਰਦਿਆਂ ਬਾਬੂ ਰਾਮ ਨੇ ਪੁੱਛਿਆ, “ਕਾਕਾ, ਉੱਥੇ ਕੋਰਸ ਕਾਹਦਾ ਕਰਦੈਂ?”
“ਜੀ ਬੀਕਾਮ ਕਰਦਾਂ।”
“ਹੱਛਾ ਹੱਛਾ! ਜਿਹੜੀ ਹਿਸਾਬ ਕਿਤਾਬ ਦੀ ਪੜ੍ਹਾਈ ਹੁੰਦੀ ਐ।”
ਬਾਬੂ ਰਾਮ ਨੇ ਗੱਲਬਾਤ ਜਾਰੀ ਰੱਖੀ। ਗੱਲਾਂ ਕਰਦੇ ਕਰਦੇ ਨੇ ਕੜੱਕ ਦੇਣੇ ਹੱਥ ਦੀ ਹੱਡੀ ਚੜ੍ਹਾ ਦਿੱਤੀ। ਮੈਂ ਦਰਦ ਨਾਲ ਧਰਤੀ ਤੋਂ ਗਿੱਠ ਉੱਚਾ ਉੱਠਿਆ ਪਰ ਉਸ ਨੇ ਪਲੋਸ ਕੇ ਹੱਥ ਥਾਉਂ ਸਿਰ ਕਰ ਦਿੱਤਾ। ਉੱਪਰ ਬਾਂਸ ਦੀਆਂ ਦੋ ਫੱਟੀਆਂ, ਇੱਕ ਉੱਪਰ ਇੱਕ ਹੇਠਾਂ, ਦੋਵੇਂ ਪਾਸੇ ਬੰਨ੍ਹ ਦਿੱਤੀਆਂ ਤੇ ਮੈਂਨੂੰ ਕਹਿੰਦਾ, “ਜਾ ਪੁੱਤਰਾ, ਦੋ ਦਿਨਾਂ ਬਾਅਦ ਫੱਟੀਆਂ ਖੋਲ੍ਹ ਦੇਈਂ। ਹੱਥ ਠੀਕ ਜੁੜ ਗਿਆ।”
ਮੈਂ ਕਿਹਾ, “ਬਾਬਾ ਜੀ, ਕੋਈ ਸੇਵਾ?”
ਪੰਡਤ ਬਾਬੂ ਰਾਮ ਬੋਲਿਆ, “ਬਾਬਾ ਕਵਾਡਾ ਦੀ ਸਮਾਧ ’ਤੇ ਮੱਥਾ ਟੇਕ ਜਾ, ਨਾਲ਼ੇ ਜਾਂਦਾ ਜਾਂਦਾ ਲੰਗਰ ਛਕ ਜਾਈਂ।”
ਜੇਕਰ ਅੱਜ ਦਾ ਸਮਾਂ ਹੁੰਦਾ ਤਾਂ ਹੱਥ ਦੀ ਸਰਜਰੀ ਤੇ ਮਹੀਨੇ ਲਈ ਪਲੱਸਤਰ ਤੇ ਖ਼ਰਚਾ ਨੋਟਾਂ ਦਾ ਥੱਬਾ ਆ ਜਾਣਾ ਸੀ। ਉਦੋਂ ਬਾਬੇ ਕੁਵਾਡੇ ਨੂੰ ਮੱਥਾ ਟੇਕ ਕੇ ਹੀ ਸਰ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3377)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)