“ਸੁਰਜਨ ਤੇ ਅਰਜਨ ਜਦੋਂ ਖੇਤ ਹੁੰਦੇ, ਘੋੜੀ ਵਾਲ਼ਾ ਘੋੜੀ ’ਤੇ ਭੁੱਕੀ ਵੇਚਣ ਲਈ ਖੇਤਾਂ ਵਿੱਚੋਂ ਦੀ ਲੰਘਦਾ ਤਾਂ ...”
(18 ਜੁਲਾਈ 2022)
ਮਹਿਮਾਨ: 777.
“ਇਨ੍ਹਾਂ ਕੰਜਰਾਂ ਵਾਸਤੇ ਬਹੁਤ ਮਿਹਨਤ ਕੀਤੀ, ਨਾ ਹਾੜ੍ਹ ਦੇਖਿਆ ਨਾ ਸਿਆਲ਼, ਮੌਲੇ ਢੱਗੇ ਵਾਂਗ ਕਮਾਈ ਕੀਤੀ, ਇਨ੍ਹਾਂ ਨੂੰ ਖੇਤੀਬਾੜੀ ਵਿੱਚ ਨਾ ਪਾਇਆ ਜਾਵੇ ਇਸ ਲਈ ਬਥੇਰਾ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਵੱਡਾ ਚਾਰ ਅੱਖਰ ਪੜ੍ਹ ਗਿਆ, ਦੋਂਹ ਪੈਸਿਆਂ ਦੀ ਨੌਕਰੀ ਮਿਲ਼ ਗਈ, ਜਾ ਕੇ ਸ਼ਹਿਰ ਰਹਿਣ ਲੱਗ ਪਿਆ। ਪਰ ਦੋਨੋਂ ਛੋਟੇ ਨਾ ਪੜ੍ਹੇ ਨਾ ਸਾਲਿਆਂ ਨੇ ਖੇਤੀਬਾੜੀ ਸੰਭਾਲੀਂ।” ਇੰਨਾ ਕਹਿੰਦਾ ਹੋਇਆ ਸੁੰਦਰ ਨੰਬਰਦਾਰ ਜ਼ਮੀਨ ’ਤੇ ਸੋਟੀ ਪਟਕ ਕੇ ਧਸ ਦੇਣੇ ਮੰਜੇ ’ਤੇ ਬਹਿ ਗਿਆ ਤੇ ਦੋਹਾਂ ਹੱਥਾਂ ਨਾਲ ਸਿਰ ਫੜ ਕੇ ਸੋਚਣ ਲੱਗ ਪਿਆ।
ਕੁਝ ਤਾਂ ਉਹ ਸਰੀਰ ਪੱਖੋਂ ਹਾਰ ਗਿਆ ਸੀ, ਬਾਕੀ ਰਹਿੰਦਾ ਖੂੰਹਦਾ ਆਹ ਨਿਕੰਮੀ ਔਲਾਦ ਨੇ ਹਰਾ ਦਿੱਤਾ ਸੀ। ਸੁੰਦਰ ਨੰਬਰਦਾਰ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ। ਤਿੰਨ ਕੁ ਕਿਲੇ ਜ਼ਮੀਨ ਸੀ ਉਹ ਵੀ ਟਿੱਬਿਆਂ ਵਾਲੀ ਰੇਤਲੀ। ਉਨ੍ਹਾਂ ਸਮਿਆਂ ਵਿੱਚ ਖੇਤੀ ਪੱਤੀ ਬਹੁਤੀ ਲਾਹੇਵੰਦ ਨਹੀਂ ਸੀ। ਬਰਸਾਤ ਵਧੀਆ ਪੈ ਜਾਂਦੀ ਤਾਂ ਦਾਣਾ ਫੱਕਾ ਵਧੀਆ ਹੋ ਜਾਂਦਾ, ਨਹੀਂ ਤਾਂ ਸਮਾਂ ਔੜ ਵਿੱਚ ਹੀ ਲੰਘ ਜਾਂਦਾ। ਸੁੰਦਰ ਸਿੰਘ ਨੂੰ ਨੰਬਰਦਾਰੀ ਪੀੜ੍ਹੀ ਦਰ ਪੀੜ੍ਹੀ ਮਿਲ਼ ਗਈ ਸੀ। ਉੱਧਰੋਂ ਵੀ ਸਰਕਾਰ ਦੇ ਖਜ਼ਾਨੇ ਵਿੱਚੋਂ ਚੰਦ ਰੁਪਏ ਨੰਬਰਦਾਰੀ ਵਜੋਂ ਮਿਲ਼ ਜਾਂਦੇ ਸਨ। ਰਲ਼ਾ ਮਿਲਾ ਕੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ। ਉਨ੍ਹਾਂ ਸਮਿਆਂ ਵਿੱਚ ਵਿਅਕਤੀ ਦੀਆਂ ਲੋੜਾਂ ਵੀ ਸੀਮਤ ਸਨ।
ਜ਼ਮੀਨ ਕੁਝ ਘੱਟ ਹੋਣ ਕਰਕੇ ਤੇ ਕੁਝ ਮਾਰੂ ਦੀ ਵਜਾਹ ਨਾਲ ਚੜ੍ਹਦੀ ਜਵਾਨੀ ਉਮਰੇ ਸੁੰਦਰ ਸਿੰਘ ਦਾ ਰਿਸ਼ਤਾ ਨਾ ਹੋਇਆ। ਬਾਅਦ ਵਿੱਚ ਰਿਸ਼ਤੇਦਾਰਾਂ ਨੇ ਇੱਧਰੋਂ ਉੱਧਰੋਂ ਕਰਕੇ ਪਿਛਲੀ ਉਮਰ ਵਿਆਹ ਕਰਵਾ ਦਿੱਤਾ। ਘਰਵਾਲੀ ਚਿਤੰਨ ਕੌਰ ਬੜੀ ਸੁੱਘੜ ਸਿਆਣੀ ਤੇ ਕੰਮ ਦੀ ਕਰੇਂਦੀ ਸੀ। ਆਉਂਦੀ ਨੇ ਘਰ ਸੰਭਾਲ ਲਿਆ। ਪਹਿਲਾ ਮੁੰਡਾ ਹੋਇਆ ਤਾਂ ਖੁਸ਼ੀਆਂ ਮਨਾਈਆਂ ਗਈਆਂ। ਪਹਿਲੀ ਲੋਹੜੀ ਧੂਮਧਾਮ ਨਾਲ ਮਨਾਈ। ਖੇਤੀ ਵਿੱਚ ਵੀ ਸੁਧਾਰ ਹੋਇਆ। ਜ਼ਮੀਨ ਕਰਾਹ ਲਵਾ ਕੇ ਕਾਫੀ ਪੱਧਰ ਕਰ ਲਈ। ਕਰਜ਼ਾ ਲੈ ਕੇ ਮੋਟਰ ਲਵਾ ਲਈ। ਫ਼ਸਲ ਵਧੀਆ ਹੋਣ ਲੱਗੀ। ਨੰਬਰਦਾਰ ਦੇ ਘਰ ਰੌਣਕਾਂ ਲੱਗ ਗਈਆਂ। ਪਲੋਠੀ ਦਾ ਮੁੰਡਾ ਵਿਸਾਖ ਦੇ ਮਹੀਨੇ ਹੋਇਆ ਸੀ, ਜਿਸ ਕਰਕੇ ਉਸਦਾ ਨਾਮ ਉਨ੍ਹਾਂ ਵਿਸਾਖਾ ਸਿੰਘ ਰੱਖਿਆ। ਵਿਸਾਖਾ ਅਜੇ ਤਿੰਨ ਕੁ ਸਾਲ ਦਾ ਹੋਇਆ ਸੀ, ਚਿਤੰਨ ਕੌਰ ਦੇ ਫਿਰ ਮੁੰਡਾ ਹੋ ਗਿਆ। ਵਿਹੜੇ ਵਿੱਚ ਫਿਰ ਰੌਣਕਾਂ ਹੋ ਗਈਆਂ। ਸਮਾਂ ਲੰਘਦਾ ਗਿਆ। ਦੋ ਸਾਲਾਂ ਬਾਅਦ ਫਿਰ ਤੀਜਾ ਮੁੰਡਾ ਉਨ੍ਹਾਂ ਦੇ ਘਰ ਪੈਦਾ ਹੋਇਆ। ਤਿੰਨਾਂ ਮੁੰਡਿਆਂ ਨਾਲ ਵਿਹੜਾ ਭਰਿਆ ਭਰਿਆ ਲੱਗਣ ਲੱਗਾ। ਸੁੰਦਰ ਨੰਬਰਦਾਰ ਤੇ ਚਿਤੰਨ ਕੌਰ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਣ ਲੱਗੇ।
ਬੱਚੇ ਬੜੇ ਹੋਏ, ਸਕੂਲ ਪੜ੍ਹਨ ਪਾ ਦਿੱਤੇ। ਵਿਸਾਖਾ ਤਾਂ ਪੜ੍ਹਨ ਵਿੱਚ ਹੁਸ਼ਿਆਰ ਸੀ, ਪੜ੍ਹ ਗਿਆ। ਪੜ੍ਹਨ ਤੋਂ ਬਾਅਦ ਨੌਕਰੀ ਮਿਲ਼ ਗਈ ਤੇ ਸ਼ਹਿਰ ਜਾ ਕੇ ਰਹਿਣ ਲੱਗ ਪਿਆ ਪਰ ਛੋਟੇ ਸੁਰਜਨ ਤੇ ਅਰਜਨ ਪੜ੍ਹਾਈ ਵਿੱਚ ਨਿਕੰਮੇ ਨਿਕਲੇ। ਉਨ੍ਹਾਂ ਪੜ੍ਹਾਈ ਵਿੱਚ ਛੱਡ ਦਿੱਤੀ। ਨੰਬਰਦਾਰ ਨੇ ਹਾਰ ਕੇ ਖੇਤੀ ਵਿੱਚ ਲਾ ਦਿੱਤੇ।
ਨੰਬਰਦਾਰ ਹੁਣ ਸਿਹਤ ਪੱਖੋਂ ਹਾਰਨ ਲੱਗ ਪਿਆ। ਖੇਤ ਵੀ ਘੱਟ ਹੀ ਗੇੜਾ ਮਾਰਦਾ।
ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਭੁੱਕੀ ਦਾ ਰੁਝਾਨ ਬਹੁਤ ਹੋ ਗਿਆ ਸੀ। ਸੁਰਜਨ ਤੇ ਅਰਜਨ ਜਦੋਂ ਖੇਤ ਹੁੰਦੇ, ਘੋੜੀ ਵਾਲ਼ਾ ਘੋੜੀ ’ਤੇ ਭੁੱਕੀ ਵੇਚਣ ਲਈ ਖੇਤਾਂ ਵਿੱਚੋਂ ਦੀ ਲੰਘਦਾ ਤਾਂ ਉਹ ਵੀ ਭੁੱਕੀ ਦਾ ਸੁਆਦ ਦੇਖ ਲੈਂਦੇ। ਹੌਲੀ ਹੌਲੀ ਸੁਆਦ ਦੇਖਦੇ ਦੇਖਦੇ ਭੁੱਕੀ ਦੇ ਆਦੀ ਹੋ ਗਏ।
ਫਿਰ ਸੁਰਜਨ ਤੇ ਅਰਜਨ ਥੋੜ੍ਹਾ ਬਹੁਤ ਮਾਵਾ (ਅਫੀਮ) ਵੀ ਛਕਣ ਲੱਗ ਪਏ। ਨੰਬਰਦਾਰ ਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।
ਵਿਸਾਖੇ ਨੂੰ ਸਰਕਾਰੀ ਨੌਕਰੀ ਹੋਣ ਕਰਕੇ ਰਿਸ਼ਤਾ ਹੋ ਗਿਆ ਤੇ ਉਹ ਘਰਵਾਲੀ ਨੂੰ ਸ਼ਹਿਰ ਨਾਲ ਹੀ ਲੈ ਗਿਆ। ਪ੍ਰੰਤੂ ਜ਼ਮੀਨ ਥੋੜ੍ਹੀ ਹੋਣ ਕਰਕੇ ਤੇ ਨਸ਼ਿਆਂ ਦੇ ਆਦੀ ਹੋਣ ਕਰਕੇ ਅਰਜਨ ਤੇ ਸੁਰਜਨ ਨੂੰ ਰਿਸ਼ਤਾ ਨਾ ਹੋਇਆ। ਛੜੇ ਰਹਿਣ ਕਰਕੇ ਹੋਰ ਉਹ ਹੋਰ ਵੀ ਨਸ਼ਿਆਂ ਵਿੱਚ ਡੁੱਬ ਗਏ। ਨੰਬਰਦਾਰ ਨੇ ਬਥੇਰਾ ਸਮਝਾਇਆ, ਬੜੇ ਓਹੜ ਪੋਹੜ ਕੀਤੇ ਪਰ ਗੱਲ ਸੂਤ ਨਾ ਆਈ।
ਸੁੰਦਰ ਨੰਬਰਦਾਰ ਤੇ ਚਿਤੰਨ ਕੌਰ ਦੋਵੇਂ ਬੁੱਢੇ ਹੋ ਰਹੇ ਸਨ ਤੇ ਵਿਹੜੇ ਵਿੱਚੋਂ ਰੌਣਕ ਖ਼ਤਮ ਹੋ ਗਈ ਸੀ। ਆਖਿਰ ਨੰਬਰਦਾਰ ਘਰ ਦੀਆਂ ਨਿੱਘਰ ਰਹੀਆਂ ਹਾਲਤਾਂ ਕਰਕੇ ਪੂਰਾ ਹੋ ਗਿਆ। ਤਿੰਨਾਂ ਭਾਈਆਂ ਨੇ ਕਿੱਲਾ ਕਿੱਲਾ ਜ਼ਮੀਨ ਵੰਡ ਲਈ। ਵਿਸਾਖਾ ਸਿੰਘ ਆਪਣਾ ਹਿੱਸਾ ਵੇਚ ਕੇ ਸ਼ਹਿਰ ਚਲਾ ਗਿਆ। ਸੁਰਜਨ ਤੇ ਅਰਜਨ ਥੋੜ੍ਹੀ ਬਹੁਤ ਖੇਤੀ ਪੱਤੀ ਕਰਦੇ ਰਹੇ ਪਰ ਐਨੇ ਵਿੱਚ ਗੁਜ਼ਾਰਾ ਕਿੱਥੇ ਹੁੰਦਾ ਸੀ। ਮਾਤਾ ਚਿਤੰਨ ਕੌਰ ਸਾਰਾ ਦਿਨ ਝੂਰਦੀ ਰਹਿੰਦੀ ਤੇ ਅੱਖਾਂ ਵਿੱਚ ਹੰਝੂ ਭਰਕੇ ਰੋਂਦੀ ਰਹਿੰਦੀ। ਬਹੁਤਾ ਰੋਣ ਕਰਕੇ ਅੱਖਾਂ ਦੀ ਰੋਸ਼ਨੀ ਬਿਲਕੁਲ ਘਟ ਗਈ। ਝੌਲਾ ਝੌਲਾ ਦਿਸਣ ਲੱਗ ਪਿਆ। ਪਹਿਲਾਂ ਪਹਿਲ ਤਾਂ ਚਿਤੰਨ ਕੌਰ ਅਰਜਨ ਤੇ ਸੁਰਜਨ ਨੂੰ ਗਾਲ਼ਾਂ ਕੱਢਦੀ ਰਹਿੰਦੀ ਪਰ ਅਸਰ ਨਾ ਹੋਣ ਕਰਕੇ ਹੌਲੀ ਹੌਲੀ ਉਹ ਗਾਲ਼ਾਂ ਕੱਢਣੋਂ ਵੀ ਹਟ ਗਈ। ਜਿਹੋ ਜਿਹੀ ਰੁੱਖੀ ਮਿੱਸੀ ਉਹ ਦੋਵੇਂ ਮਾਂ ਨੂੰ ਦੇ ਦਿੰਦੇ, ਖਾ ਲੈਂਦੀ ਤੇ ਪਾਣੀ ਪੀ ਕੇ ਸਬਰ ਕਰ ਲੈਂਦੀ।
ਸਮਾਂ ਲੰਘਦਾ ਗਿਆ। ਦੋਨਾਂ ਨੇ ਜ਼ਮੀਨ ਵੇਚਣ ਨੂੰ ਵਾਢਾ ਲਾ ਲਿਆ। ਨਸ਼ਿਆਂ ਦੇ ਐਨੇ ਆਦੀ ਹੋ ਗਏ ਕਿ ਖੇਤ ਮੋਟਰ ’ਤੇ ਮਹਿਫਲਾਂ ਲੱਗਣ ਲੱਗ ਪਈਆਂ। ਦੋ ਕੁ ਸਾਲਾਂ ਵਿੱਚ ਦੋਵੇਂ ਜ਼ਮੀਨ ਤੋਂ ਵਿਹਲੇ ਹੋ ਗਏ। ਇੱਕ ਦਿ,ਨ ਸੁਰਜਨ ਜ਼ਿਆਦਾ ਨਸ਼ਾ ਕਰਕੇ ਸੌਂ ਗਿਆ ਤੇ ਮੁੜਕੇ ਨਹੀਂ ਉੱਠਿਆ। ਮਾਂ ਪਿੱਟ ਪਿੱਟ ਬੈਠ ਗਈ। ਸੋਚਦੀ ਕਿ ਉਸ ਨੇ ਅਜਿਹੇ ਕਿਹੜੇ ਮਾੜੇ ਕਰਮ ਕੀਤੇ ਨੇ ਜਿਨ੍ਹਾਂ ਦੀ ਸਜ਼ਾ ਮਿਲ ਰਹੀ ਹੈ।
ਅਰਜਨ ਨੂੰ ਹੁਣ ਨਸ਼ਾ ਕਿਤੋਂ ਮਿਲਦਾ ਨਹੀਂ ਸੀ, ਉਸ ਨੇ ਹੌਲੀ ਹੌਲੀ ਮਾਂ ਤੋਂ ਅੱਖ ਬਚਾ ਕੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਨਸ਼ਾ ਪੂਰਾ ਕਰਨ ਲੱਗਿਆ। ਘਰ ਦੇ ਖੇਤੀ ਦੇ ਸੰਦ, ਦਰੀਆਂ ਖੇਸ, ਚਰਖੇ ਪੀੜ੍ਹੇ, ਗਹਿਣੇ ਗੱਟੇ ਤੇ ਭਾਂਡੇ ਟੀਂਡੇ ਜਿਹੜਾ ਵੀ ਕੁਝ ਹੱਥ ਲੱਗਦਾ ਉਹ ਘਰੋਂ ਚੁੱਕ ਕੇ ਵੇਚ ਦਿੰਦਾ। ਵਿਸਾਖਾ ਸਾਲ ਛਿਮਾਹੀ ਗੇੜਾ ਮਾਰਦਾ ਪਰ ਕਰ ਕੀ ਸਕਦਾ ਸੀ। ਮਾਂ ਨੂੰ ਸ਼ਹਿਰ ਲਿਜਾਣ ਲਈ ਉਸਦੀ ਘਰਵਾਲੀ ਨਹੀਂ ਮੰਨਦੀ ਸੀ। ਇਸ ਕਰਕੇ ਇਨ੍ਹਾਂ ਨੂੰ ਇਨ੍ਹਾਂ ਦੇ ਹਾਲ ਉੱਤੇ ਛੱਡ ਕੇ ਚਲਾ ਜਾਂਦਾ ਸੀ।
ਇੱਕ ਦਿਨ ਕੀ ਹੋਇਆ ਕਿ ਅਰਜਨ ਭਰਤ ਦਾ ਪਤੀਲਾ, ਜਿਹੜਾ ਘਰ ਦਾ ਆਖਰੀ ਭਾਂਡਾ ਸੀ, ਘਰੋਂ ਚੁੱਕ ਕੇ ਡਿਉਢੀ ਵਿੱਚੋਂ ਦੀ ਲੰਘਣ ਲੱਗਿਆ ਕਿ ਅੜਕ ਕੇ ਡਿਗ ਪਿਆ ਤੇ ਪਤੀਲਾ ਹੱਥੋਂ ਛੁੱਟ ਕੇ ਮਾਂ ਚਿਤੰਨੀ ਦੇ ਪੈਰਾਂ ਵਿੱਚ ਜਾ ਵੱਜਿਆ। ਪਤੀਲੇ ਨੂੰ ਸੰਭਾਲ ਕੇ ਤੇ ਹੱਥ ਵਿੱਚ ਫੜ ਕੇ ਉਸ ਨੇ ਅਰਜਨ ਨੂੰ ਧੁਰ ਅੰਦਰੋਂ ਦਰਸੀਸ ਦਿੱਤੀ, “ਹਾਏ ਵੇ ਅਰਜਨਾ! ਤੇਰਾ ਕੱਖ ਨਾ ਰਹੇ। ਆਹ ਆਖ਼ਰੀ ਪਤੀਲਾ ਵੇਚ ਕੇ ਫਿਰ ਕੀ ਵੇਚੇਂਗਾ। ਮੇਰੇ ਤਾਂ ਜਿਉਂਦੇ ਜੀਅ ਹੱਥ ਵਿੱਚ ਠੂਠਾ ਫੜਾ’ਤਾ।” ਇੰਨਾ ਕਹਿੰਦੀ ਹੋਈ ਚਿਤੰਨ ਕੌਰ ਹੁਬਕੀਏਂ ਰੋਣ ਲੱਗ ਪਈ। ਆਪਣੇ ਜੰਮਣ ਵਾਲਿਆਂ ਨੂੰ, ਅਗਲੇ ਪਿਛਲੇ ਵਡੇਰਿਆਂ ਨੂੰ ਤੇ ਨਾਲ਼ੇ ਰੱਬ ਨੂੰ ਨਾਂ ਲੈ ਲੈ ਕੇ ਕੋਸਣ ਲੱਗ ਪਈ।
ਅਰਜਨ ਕੌਲ਼ੇ ਨਾਲ ਲੱਗਿਆ ਸੁੰਨ ਹੋਇਆ ਖੜ੍ਹਾ ਸੀ। ਪਰ ਹੁਣ ਕੀ ਬਣਨਾ ਸੀ, ਹੁਣ ਤਾਂ ਪਾਣੀ ਸਿਰ ਉੱਤੋਂ ਦੀ ਲੰਘ ਕੇ ਕਿਤੇ ਦੂਰ ਨਸ਼ੇ ਦੇ ਦਰਿਆ ਵਿੱਚ ਜਾ ਪਿਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3693)
(ਸਰੋਕਾਰ ਨਾਲ ਸੰਪਰਕ ਲਈ: