“ਬੱਸ ਫਿਰ ਕੀ ਸੀ, ਛੁੱਟੀਆਂ ਵਿੱਚ ਕਰਨ ਵਾਲਾ ਸਕੂਲ ਦਾ ਕੰਮ ਇੱਕ ਪਾਸੇ ਰੱਖ ਦਿੱਤਾ ਤੇ ਟਰੰਕ ਨੂੰ ਵਾਢਾ ਲਾ ਲਿਆ ...”
(18 ਜਨਵਰੀ 2024)
ਇਸ ਸਮੇਂ ਪਾਠਕ: 310.
ਅੱਜ ਕੱਲ੍ਹ ਤਾਂ ਬੰਦ ਅਲਮਾਰੀਆਂ ਵਿੱਚ ਕੈਦ ਹੋ ਕੇ ਰਹਿ ਗਈਆਂ ਨੇ ਕਿਤਾਬਾਂ। ਇਤਿਹਾਸ ਗਵਾਹ ਹੈ ਕਿ ਜਦੋਂ ਲਗਭਗ 65 ਸੌ ਸਾਲ ਪਹਿਲਾਂ ਵੇਦ ਰਚਨਾ ਦੀ ਸ਼ੁਰੂਆਤ ਹੋਈ ਤਾਂ ਇਹ ਮੂੰਹ ਜ਼ਬਾਨੀ ਕੰਠ ਕਰਕੇ ਗੁਰੂ ਚੇਲੇ ਦੀ ਪਰੰਪਰਾ ਅਧੀਨ ਗੁਰੂ ਵੱਲੋਂ ਚੇਲੇ ਨੂੰ ਤੇ ਅੱਗੋਂ ਚੇਲੇ ਵੱਲੋਂ ਆਪਣੇ ਅਗਲੇ ਚੇਲੇ ਨੂੰ ਸੁਣਾਈ। ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਸੈਂਕੜੇ ਸਾਲ ਇਹ ਸਿਲਸਿਲਾ ਚਲਦਾ ਰਿਹਾ। ਰਿਸ਼ੀ ਲੋਕ ਵੇਦ ਮੰਤਰਾਂ ਦੀ ਰਚਨਾ ਕਰਦੇ ਰਹੇ ਤੇ ਵੇਦ ਗਿਆਨ ਵਿੱਚ ਵਾਧਾ ਕਰਦੇ ਰਹੇ। ਜਦੋਂ ਭਾਸ਼ਾ ਦਾ ਪੂਰਾ ਗਿਆਨ ਹੋ ਗਿਆ ਤਾਂ ਲਿਖਣ ਦੀ ਪ੍ਰਕਿਰਿਆ ਸ਼ੁਰੂ ਹੋਈ। ਪਹਿਲਾਂ ਪਹਿਲ ਮਿੱਟੀ ਦੀਆਂ ਸਲੇਟਾਂ, ਚਮੜੇ ਦੇ ਪੱਤਰਿਆਂ ਅਤੇ ਭੋਜ ਪੱਤਿਆਂ ਉੱਪਰ ਲਿਖਣ ਲੱਗੇ। ਸੁਮੇਰੀਅਨ ਸੱਭਿਅਤਾ ਵਿੱਚ ਮਿੱਟੀ ਦੀਆਂ ਸਲੇਟਾਂ ਦਾ ਜ਼ਿਕਰ ਮਿਲਦਾ ਹੈ। ਤਕਰੀਬਨ ਤਿੰਨ ਹਜ਼ਾਰ ਤੋਂ ਲੈ ਕੇ ਪੈਂਤੀ ਸੌ ਸਾਲ ਪਹਿਲਾਂ ਰਿਸ਼ੀ ਵੇਦ ਵਿਆਸ ਨੇ ਵੇਦ ਰਚਨਾ ਦੇ ਬਿਖਰੇ ਪਏ ਖਰੜੇ ਇਕੱਠੇ ਕਰਕੇ, ਉਨ੍ਹਾਂ ਨੂੰ ਸੰਪਾਦਿਤ ਕਰਕੇ ਗ੍ਰੰਥ ਦਾ ਰੂਪ ਦਿੱਤਾ। ਇੱਥੋਂ ਕਿਤਾਬਾਂ ਲਿਖਣ ਦਾ ਚਲਨ ਸ਼ੁਰੂ ਹੋਇਆ।
ਕਿਤਾਬਾਂ ਮਨੁੱਖ ਦੀਆਂ ਸਮੇਂ ਸਮੇਂ ਅਨੁਸਾਰ ਮਹਤੱਵਪੂਰਨ ਕੱਢੀਆਂ ਕਾਢਾਂ ਵਿੱਚੋਂ ਇੱਕ ਕਾਢ ਹਨ ਤੇ ਇਹਨਾਂ ਕਿਤਾਬਾਂ ਨੇ ਦੁਨੀਆਂ ਨੂੰ ਬਦਲਣ ਦਾ ਕੰਮ ਕੀਤਾ ਤੇ ਹੁਣ ਵੀ ਕਰ ਰਹੀਆਂ ਹਨ। ਲੇਖਕਾਂ ਨੇ ਆਪਣਾ ਸਮੁੱਚਾ ਗਿਆਨ ਕਿਤਾਬਾਂ ਵਿੱਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਸਦੀਆਂ ਤੋਂ ਮਨੁੱਖ ਨੇ ਗਿਆਨ ਦਾ ਪ੍ਰਸਾਰ ਕਰਨ, ਸਬਕ ਸਿਖਾਉਣ ਜਾਂ ਮਨੋਰੰਜਨ ਕਰਨ ਲਈ ਭਾਸ਼ਾ ਨੂੰ ਲਿਖਣ ਦੇ ਰੂਪ ਵਿੱਚ ਵਰਤੋਂ ਕੀਤੀ। ਮਨੁੱਖ ਹਮੇਸ਼ਾ ਹਰ ਚੀਜ਼ ਦਾ ਜਗਿਆਸੂ ਰਿਹਾ ਹੈ। ਇਹ ਜਾਣਕਾਰੀ ਇਕੱਤਰ ਕਰਨ ਲਈ ਜਾਂ ਤਾਂ ਉਹ ਯਾਤਰਾ ਕਰਦਾ ਜਾਂ ਫਿਰ ਕਿਤਾਬਾਂ ਨਾਲ ਜੁੜਦਾ। ਯਾਤਰਾ ਕਰਨਾ ਹਰੇਕ ਦੇ ਵੱਸ ਦਾ ਰੋਗ ਨਹੀਂ। ਇਸ ਲਈ ਉਸ ਨੇ ਕਿਤਾਬਾਂ ਨੂੰ ਆਪਣਾ ਸਾਥੀ ਬਣਾਇਆ।
ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਇਹ ਵੇਖਿਆ ਹੈ ਕਿ ਕਿਤਾਬਾਂ ਦਾ ਆਪਣਾ ਹੀ ਇੱਕ ਸੱਭਿਆਚਾਰ ਹੈ। ਇਹ ਸ਼ੁਰੂ ਹੁੰਦਾ ਹੈ ਸਕੂਲ ਦੀ ਪੜ੍ਹਾਈ ਤੋਂ। ਹਾਲਾਂਕਿ ਉੱਥੇ ਟੈਕਸਟ ਕਿਤਾਬਾਂ ਹੀ ਪੜ੍ਹਾਈਆਂ ਜਾਂਦੀਆਂ ਹਨ ਪਰ ਕਿਤਾਬਾਂ ਪੜ੍ਹਨ ਦੇ ਰੁਝਾਨ ਤੋਂ ਬਆਦ ਫਿਰ ਪੜ੍ਹਨ ਦਾ ਸ਼ੌਕ ਪੈਦਾ ਹੋ ਜਾਂਦਾ ਹੈ। ਹੌਲ਼ੀ ਹੌਲ਼ੀ ਵਿਦਿਆਰਥੀ ਜਦੋਂ ਉੱਪਰਲੀਆਂ ਜਮਾਤਾਂ ਵਿੱਚ ਪਹੁੰਚਦੇ ਹਨ ਤਾਂ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਸਾਹਿਤ ਪੜ੍ਹਨ ਨੂੰ ਮਨ ਲੋਚਦਾ ਹੈ, ਬਾਹਰਲੀ ਦੁਨੀਆਂ ਨੂੰ ਜਾਨਣ ਦੀ ਜਿਗਿਆਸਾ ਪੈਦਾ ਹੁੰਦੀ ਹੈ। ਜਦੋਂ ਲੜਕਾ ਜਵਾਨ ਜਾਂ ਲੜਕੀ ਮੁਟਿਆਰ ਹੋਣ ਵੱਲ ਵਧ ਰਹੇ ਹੁੰਦੇ ਹਨ ਤਾਂ ਪ੍ਰੇਮ ਭਰਿਆ ਸਾਹਿਤ ਪੜ੍ਹਨ ਲਈ ਦਿਲ ਉਚਕਦਾ ਹੈ। ਕਿਤਾਬਾਂ ਵਿੱਚ ਰੱਖੇ ਫੁੱਲਾਂ ਦੀ ਖੁਸ਼ਬੋਈ ਤਾਂ ਤਕਰੀਬਨ ਹਰ ਇੱਕ ਨੇ ਸੁੰਘੀ ਹੋਣੀ ਹੈ। ਬਹੁਤੀ ਵਿੱਦਿਆ ਪ੍ਰਾਪਤੀ ਲਈ ਮੋਰ ਪੰਖ ਵੀ ਅਕਸਰ ਕਿਤਾਬਾਂ ਵਿੱਚ ਰੱਖੇ ਮਿਲਦੇ ਸਨ।
ਇੱਕ ਵਾਰ ਨਾਵਲ ਸ਼ੁਰੂ ਕਰਕੇ ਖ਼ਤਮ ਕਰਨ ਤਕ ਕਦੇ ਬੈਠ ਕੇ, ਕਦੇ ਮੂਧੇ ਮੂੰਹ ਲੇਟ ਕੇ ਜਾਂ ਸਜਦਾ ਕਰਨ ਦੀ ਮੁਦਰਾ ਵਿੱਚ ਅੰਤ ਤਕ ਪੜ੍ਹਨ ਦੀ ਕੋਸ਼ਿਸ਼ ਕਰਦੇ। ਜਾਂ ਫਿਰ ਲਾਲਟੈਣ ਦੇ ਚਾਨਣ ਵੱਲ ਕਿਤਾਬ ਦਾ ਮੂੰਹ ਕਰਕੇ ਲੰਮੇ ਪੈ ਕੇ ਪੜ੍ਹਦੇ ਰਹਿੰਦੇ। ਭਾਵੇਂ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਜਾਂਦੀ ਤੇ ਕਿਤਾਬ ਓਵੇਂ ਦੀ ਓਵੇਂ ਖੁੱਲ੍ਹੀ ਛਾਤੀ ਤੇ ਟਿਕ ਜਾਂਦੀ। ਜਦੋਂ ਨਵੀਂ ਕਿਤਾਬ ਨੂੰ ਖੋਲ੍ਹਣ ਦੀ ਚੇਸ਼ਟਾ ਕਰਦੇ ਤਾਂ ਉਸ ਵਿੱਚੋਂ ਆਈ ਖੁਸ਼ਬੂ ਅੱਜ ਕੱਲ੍ਹ ਦੇ ਸੈਂਟਾਂ ਨਾਲੋਂ ਕਿਤੇ ਵਧੀਆ ਸੀ।
ਬੱਸਾਂ ਵਿੱਚ ਲੰਬੇ ਸਫਰ ’ਤੇ ਜੇ ਜਾਣਾ ਹੁੰਦਾ ਤਾਂ ਕੋਈ ਨਾ ਕੋਈ ਕਿਤਾਬ ਬੈਗ ਵਿੱਚ ਜ਼ਰੂਰ ਹੁੰਦੀਂ। ਸਾਹਿਤ ਦਾ ਅਨੰਦ ਮਿਲਦਾ ਤੇ ਸਫ਼ਰ ਵੀ ਸੌਖਿਆਂ ਪੂਰਾ ਹੋ ਜਾਂਦਾ। ਹੁਣ ਕਿਤਾਬ ਦੀ ਲੋੜ ਹੀ ਨਹੀਂ ਪੈਂਦੀ, ਇੱਕ ਵਾਰ ਮੋਬਾਇਲ ਟੱਚ ਕਰਨ ਨਾਲ ਸਾਰੀ ਕਿਤਾਬ ਖੁੱਲ੍ਹ ਜਾਂਦੀ ਹੈ ਤੇ ਉਸ ਵਿੱਚੋਂ ਕੋਈ ਖੁਸ਼ਬੋ ਵੀ ਨਹੀਂ ਆਉਂਦੀ। ਉਂਗਲ ਨੂੰ ਥੁੱਕ ਲਾ ਕੇ ਵਰਕਾ ਪਲਟਣ ਦਾ ਜੀਭ ਨੂੰ ਸੁਆਦ ਹੀ ਕੁਝ ਹੋਰ ਆਉਂਦਾ ਸੀ। ਜਿਹੜੇ ਰਿਸ਼ਤਿਆਂ ਦੀਆਂ ਗੱਲਾਂ ਉਨ੍ਹਾਂ ਕਿਤਾਬਾਂ ਵਿੱਚ ਸਨ, ਉਹਨਾਂ ਰਿਸ਼ਤਿਆਂ ਦਾ ਬਜੂਦ ਕਦੇ ਨਹੀਂ ਸੀ ਮਰਦਾ। ਜਿਹੜੀਆਂ ਕਦਰਾਂ ਕੀਮਤਾਂ ਇਹਨਾਂ ਵਿੱਚ ਪੜ੍ਹਦੇ ਸੀ, ਉਹ ਹੁਣ ਦੂਰ ਦੀਆਂ ਗੱਲਾਂ ਹੋ ਗਈਆਂ ਹਨ। ਕਈ ਕਹਾਣੀਆਂ ਤਾਂ ਅਜਿਹੀਆਂ ਦਿਲਚਸਪ ਹੁੰਦੀਆਂ ਕਿ ਬਿਨਾਂ ਖ਼ਤਮ ਕਰੇ ਪੂਰਾ ਸਾਹ ਵੀ ਨਾ ਲੈਣਾ। ਅੱਜ ਕੱਲ੍ਹ ਤਾਂ ਕਿਤਾਬਾਂ ਬੰਦ ਅਲਮਾਰੀਆਂ ਵਿੱਚ ਕੈਦ ਹਨ, ਕੋਈ ਗਰਦ ਵੀ ਨਹੀਂ ਝਾੜਦਾ। ਸ਼ੀਸ਼ਿਆਂ ਵਿੱਚੋਂ ਦੀ ਕਿਤਾਬਾਂ ਬੜੀ ਬੇਸਬਰੀ ਨਾਲ ਦੇਖਦੀਆਂ ਹਨ ਕਿ ਸ਼ਾਇਦ ਕੋਈ ਅਲਮਾਰੀ ਖੋਲ੍ਹੇ ਤੇ ਸਾਨੂੰ ਝਾੜ ਪੂੰਝ ਕੇ ਹੱਥ ਫੇਰੇ ਤੇ ਫਿਰ ਤੋਂ ਪਿਆਰ ਕਰੇ ਤੇ ਪੜ੍ਹਨ ਦੀ ਕੋਸ਼ਿਸ਼ ਕਰੇ। ਮਨੁੱਖ ਦੇ ਹੱਥ ਵਿੱਚਲੀ ਕਿਤਾਬ ਦੀ ਜਗ੍ਹਾ ਮੋਬਾਇਲ ਨੇ ਲੈ ਲਈ ਹੈ।
ਮੇਰੇ ਚਾਚਾ ਜੀ ਅਮਲਾਲੇ ਸਕੂਲ ਵਿੱਚ ਅਧਿਆਪਕ ਸਨ। ਉਨ੍ਹਾਂ ਨੂੰ ਪੜ੍ਹਨ ਦਾ ਤੇ ਲਿਖਣ ਦਾ ਬਹੁਤ ਸ਼ੌਕ ਸੀ। ਡੇਢ ਮਹੀਨੇ ਦੀਆਂ ਗਰਮੀ ਦੀਆਂ ਛੁੱਟੀਆਂ ਵਿੱਚ ਉਹ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਬਹੁਤ ਸਾਰੀਆਂ ਸਾਹਿਤਕ ਪੁਸਤਕਾਂ ਪਿੰਡ ਲੈ ਆਉਂਦੇ। ਮੈਂ ਵੈਸੇ ਤਾਂ ਸਰਕਾਰੀ ਹਾਈ ਸਕੂਲ ਧਨੌਲਾ ਵਿੱਚ ਪੜ੍ਹਦਾ ਸੀ ਪਰ ਛੁੱਟੀਆਂ ਵਿੱਚ ਅਕਸਰ ਪਿੰਡ ਚਲਾ ਜਾਂਦਾ ਸੀ। ਇੱਕ ਵਾਰ ਮੈਂ ਛੁੱਟੀਆਂ ਵਿੱਚ ਪਿੰਡ ਗਿਆ ਤੇ ਮੇਰੇ ਚਾਚਾ ਜੀ ਅਮਲਾਲਾ ਸਕੂਲ ਤੋਂ ਕਿਤਾਬਾਂ ਦਾ ਪੂਰਾ ਟਰੰਕ ਭਰ ਲਿਆਏ। ਮੈਂ ਉਸ ਵਿੱਚੋਂ ਦੋ ਕੁ ਕਿਤਾਬਾਂ ਪੜ੍ਹੀਆਂ, ਉਹ ਮੈਨੂੰ ਵਧੀਆ ਲੱਗੀਆਂ ਤੇ ਮੇਰੀ ਕਿਤਾਬਾਂ ਪੜ੍ਹਨ ਵਿੱਚ ਦਿਲਚਸਪੀ ਵਧਦੀ ਗਈ।
ਬੱਸ ਫਿਰ ਕੀ ਸੀ, ਛੁੱਟੀਆਂ ਵਿੱਚ ਕਰਨ ਵਾਲਾ ਸਕੂਲ ਦਾ ਕੰਮ ਇੱਕ ਪਾਸੇ ਰੱਖ ਦਿੱਤਾ ਤੇ ਟਰੰਕ ਨੂੰ ਵਾਢਾ ਲਾ ਲਿਆ। ਇੱਕ ਤੋਂ ਬਾਅਦ ਦੂਸਰੀ ਤੇ ਉਸ ਤੋਂ ਬਾਅਦ ਤੀਸਰੀ, ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਨਾ ਨਹਾਉਣ ਦਾ ਕੋਈ ਸਮਾਂ, ਨਾ ਕੋਈ ਸੌਣ ਦਾ। ਦਾਦੀ ਮੇਰੀ ਰੋਟੀ ਖਾਣ ਲਈ ਵਾਹ ਜਹਾਨ ਦੀ ਲਾ ਦਿੰਦੀ, ਹਾਕਾਂ ਮਾਰ ਮਾਰ ਅੱਕ ਜਾਂਦੀ ਤੇ ਆਖਿਰ ਰੋਟੀਆਂ ਪਕਾ ਕੇ ਰੱਖ ਦਿੰਦੀ ਤੇ ਕਹਿੰਦੀ, ‘ਖਸਮਾਂ ਨੂੰ ਖਾਓ, ਜਦੋਂ ਢਿੱਡ ਵਿੱਚ ਕਤੂਰੇ ਨੱਚਣਗੇ ਉਦੋਂ ਖਾ ਲਿਓ।’ ਨਾਵਲ ਪੜ੍ਹਦੇ ਚਾਹ ਰੋਟੀ ਵੀ ਵਿਸਰ ਜਾਂਦੀ। ਇਹੋ ਹਾਲ ਮੇਰੇ ਚਾਚਾ ਜੀ ਦਾ ਸੀ। ਉਸ ਸਮੇਂ ਦੇ ਪ੍ਰਸਿੱਧ ਨਾਵਲ, ਕਹਾਣੀਆਂ, ਨਾਟਕ, ਵਾਰਤਕ ਤੇ ਜੀਵਨੀਆਂ ਪੜ੍ਹੀਆਂ ਜਿਨ੍ਹਾਂ ਵਿੱਚ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸ਼ੀਤਲ, ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ, ਕੁਲਵੰਤ ਸਿੰਘ ਵਿਰਕ, ਸ਼ਿਵ ਬਟਾਲਵੀ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਤੇ ਬਲਵੰਤ ਗਾਰਗੀ ਆਦਿ। ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ’ ਤੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਤਾਂ ਹੁਣ ਤਕ ਜ਼ਿਹਨ ਵਿੱਚ ਪਈਆਂ ਹਨ। ਹੋਰ ਵੀ ਬਹੁਤ ਸਾਰੇ ਸਾਹਿਤਕਾਰ ਹਨ ਜਿਨ੍ਹਾਂ ਦੇ ਨਾਂ ਹੁਣ ਯਾਦ ਨਹੀਂ, ਉਨ੍ਹਾਂ ਦੀਆਂ ਰਚਨਾਵਾਂ ਵੀ ਪੜ੍ਹੀਆਂ। ਇਸ ਤਰ੍ਹਾਂ ਛੁੱਟੀਆਂ ਦਾ ਸਮਾਂ ਕਿਤਾਬਾਂ ਪੜ੍ਹਨ ਵਿੱਚ ਗੁਜ਼ਰ ਗਿਆ। ਸਕੂਲ ਅਧਿਆਪਕਾਂ ਦੇ ਡੰਡਿਆਂ ਤੋਂ ਡਰਦੇ ਮਾਰੇ ਨੇ ਛੁੱਟੀਆਂ ਦਾ ਕੰਮ ਵੀ ਪਿਛਲੇ ਚਾਰ ਪੰਜ ਦਿਨਾਂ ਵਿੱਚ ਰਾਤ ਦਿਨ ਇੱਕ ਕਰਕੇ ਖ਼ਤਮ ਕੀਤਾ। ਉਸ ਸਮੇਂ ਸਾਹਿਤ ਪੜ੍ਹਨ ਦੀ ਚੇਟਕ ਅਜਿਹੀ ਲੱਗੀ ਕਿ ਮੈਨੂੰ ਸਾਹਿਤ ਲਿਖਣ ਤਕ ਲੈ ਆਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4642)
(ਸਰੋਕਾਰ ਨਾਲ ਸੰਪਰਕ ਲਈ: (