“ਮੈਂ ਵੀ ਘਬਰਾ ਗਿਆ ਤੇ ਬੇਟਾ ਵੀ ਉੱਭੜਵਾਹਿਆ ਬਾਹਰ ਨਿਕਲ਼ ਆਇਆ ਤੇ ਉਹ ਬੁੜਬੁੜ ...”
(7 ਮਈ 2023)
ਇਸ ਸਮੇਂ ਪਾਠਕ: 297
ਕਾਫ਼ੀ ਭੱਜ ਨੱਠ ਤੋਂ ਬਾਅਦ ਇੱਕ ਪੰਜਾਬੀ ਮਾਲੀ ਮਿਲਿਆ ਸੀ। ਘਰ ਵਿੱਚ ਲੱਗੇ ਬਾਗ਼ ਬਗ਼ੀਚੇ ਦੀ ਹਾਲਤ ਖ਼ਸਤਾ ਸੀ। ਫ਼ਲਾਂ ਵਾਲਿਆਂ ਬੂਟਿਆਂ ਦੀ ਛੰਗਾਈ ਹੋਣ ਵਾਲੀ ਸੀ ਪਾਰਕ ਵਿੱਚ ਲਾਇਆ ਘਾਹ ਵੀ ਅਘੜ ਦੁਘੜ ਹੋਇਆ ਪਿਆ ਸੀ। ਬੋਗਨਵਿਲੀਆ ਦੀ ਵੇਲ ਫਰੰਟ ਵਾਲੀ ਦੀਵਾਰ ਤੋਂ ਬਾਹਰ ਵੱਲ ਬਹੁਤ ਵਧ ਗਈ ਸੀ। ਅੱਜ ਮਾਲੀ ਆਪਣੇ ਨਾਲ ਇੱਕ ਹੋਰ ਬੰਦਾ ਲੈ ਕੇ ਆਇਆ ਸੀ। ਆਉਂਦਿਆਂ ਹੀ ਪੈਸਿਆਂ ਦੀ ਗੱਲ ਤੈਅ ਹੋਣ ਤੋਂ ਬਾਅਦ ਸਾਰੀ ਬਾੜੀ ਦੀ ਸਫ਼ਾਈ ਕਰ ਦਿੱਤੀ। ਪਾਰਕ ਦਾ ਘਾਹ ਵੀ ਖੋਤ ਕੇ ਬਾਹਰ ਸੁੱਟ ਦਿੱਤਾ। ਪਾਰਕ ਦੇ ਆਲ਼ੇ ਦੁਆਲ਼ੇ ਫੁੱਲਾਂ ਲਈ ਕਿਆਰੀ ਤਿਆਰ ਕਰ ਦਿੱਤੀ। ਸ਼ਾਮ ਨੂੰ ਜਾਣ ਲੱਗਿਆ ਮਾਲੀ ਪੁੱਛਣ ਲੱਗਾ, “ਹੁਣ ਘਾਹ ਕਿਹੜਾ ਲਾਉਣਾ ਹੈ? ਊਂ ਘਾਹ ਉੱਗਣ ਨੂੰ ਸਮਾਂ ਲੱਗੂ, ਕਿਉਂ ਨਾ ਅਗਲੇ ਮਹੀਨੇ ਕਿਆਰੀਆਂ ਬਣਾ ਕੇ ਸਬਜ਼ੀਆਂ ਲਾ ਦੇਈਏ?”
ਮੈਂ ਸੋਚਿਆ, ਗੱਲ ਤਾਂ ਇਹਦੀ ਠੀਕ ਹੈ, ਸਿਆਲੋ ਸਿਆਲ ਘਰ ਦੀਆਂ ਹਰੀਆਂ ਸਬਜ਼ੀਆਂ ਖਾਵਾਂਗੇ, ਨਾਲ਼ੇ ਮਹੀਨਾ ਡੇਢ ਮਹੀਨਾ ਮੇਰੇ ਪੋਤੇ ਪੋਤੀ ਮਿੱਟੀ ਨਾਲ ਖੇਡ ਲੈਣਗੇ। ਪਰ ਉਸ ਨੇ ਸਵਾਲ ਕੀਤਾ ਕਿ ਇਹ ਜਿਹੜੀ ਜਾਮਣ ਖੜ੍ਹੀ ਹੈ ਇਸ ਨੇ ਧੁੱਪ ਨਹੀਂ ਆਉਣ ਦੇਣੀ, ਜੇਕਰ ਇਹ ਫ਼ਲ ਨਹੀਂ ਦਿੰਦੀ ਤਾਂ ਸਬਜ਼ੀਆਂ ਲਈ ਇਸ ਨੂੰ ਵੱਢਣ ਦਾ ਕੀ ਹਰਜ਼ ਹੈ?
ਮੇਰਾ ਬੜਾ ਬੇਟਾ ਵੀ ਕਈ ਵਾਰ ਕਹਿ ਚੁੱਕਿਆ ਸੀ ਕਿ ਇਹਨੂੰ ਜਾਮਣਾਂ ਤਾਂ ਲੱਗਦੀਆਂ ਨਹੀਂ, ਰੱਖਣ ਦਾ ਕੀ ਫਾਇਦਾ? ਇਹ ਜਾਮਣ ਦਾ ਬੂਟਾ ਤੇ ਬੇਲ ਦਾ ਬੂਟਾ ਅਸੀਂ ਆਪਣੇ ਪੁਰਾਣੇ ਘਰੋਂ ਲਿਆ ਕੇ ਲਾਏ ਸੀ। ਪੁਰਾਣਾ ਘਰ 1980ਵਿੱ ਚ ਬਣਾਇਆ ਸੀ, ਉੱਥੇ ਟਾਵੇਂ ਟਾਵੇਂ ਘਰ ਸਨ, ਜ਼ਮੀਨ ਸਸਤੀ ਸੀ ਤੇ ਕਿਸ਼ਤਾਂ ਉੱਤੇ ਮਿਲ਼ ਗਈ ਸੀ। ਵੀਹ ਸਾਲ ਵਧੀਆ ਲੰਘੇ। ਪਰ ਫਿਰ ਆਲ਼ੇ ਦੁਆਲ਼ੇ ਸੰਘਣੀ ਆਬਾਦੀ ਹੋ ਗਈ, ਆਉਣ ਜਾਣ ਦੀ ਦਿੱਕਤ ਆ ਰਹੀ ਸੀ, ਕੁਝ ਸ਼ਹਿਰ ਵੱਲ ਰੇਲਵੇ ਫਾਟਕ ਪੈਂਦਾ ਸੀ। ਇਸ ਲਈ ਸ਼ਹਿਰ ਵੱਲ ਪੰਜ ਪੰਜ ਵਿਸਵੇ ਦੇ ਦੋ ਪਲਾਟ ਲੈ ਕੇ ਇੱਕ ਵਿੱਚ ਕੋਠੀ ਬਣਾ ਲਈ ਤੇ ਦੂਜਾ ਸਬਜ਼ੀਆਂ ਭਾਜੀਆਂ, ਫੁੱਲਾਂ ਤੇ ਫਲਾਂ ਦੇ ਬੂਟਿਆਂ ਲਈ ਕੱਚਾ ਰੱਖ ਲਿਆ। ਵੀਹ ਬਾਈ ਸਾਲ ਤੋਂ ਇੱਥੇ ਹੀ ਜੀਵਨ ਦਾ ਆਨੰਦ ਮਾਣ ਰਹੇ ਹਾਂ।
ਪੁਰਾਣੇ ਘਰ ਬਹੁਤ ਹੀ ਵਧੀਆ ਕਿਸਮ ਦੀਆਂ ਜਾਮਣਾਂ ਅਤੇ ਬੇਲ ਦੇ ਫ਼ਲ ਲੱਗਦੇ ਹੁੰਦੇ ਸਨ। ਐਨਾ ਫ਼ਲ ਲੱਗਦਾ ਕਿ ਆਂਢੀ ਗੁਆਂਢੀ ਤੇ ਰਿਸ਼ਤੇਦਾਰਾਂ ਨੂੰ ਵੀ ਭੇਜ ਦਿੰਦੇ। ਨਵੇਂ ਘਰ ਵਿੱਚ ਬੇਲ ਦੇ ਦਰਖ਼ਤ ਨੂੰ ਤਾਂ ਬਹੁਤ ਫ਼ਲ ਲੱਗਦਾ ਹੈ ਪਰ ਜਾਮਣ ਨੂੰ ਇੱਕ ਵਾਰ ਵੀ ਬੂਰ ਨਹੀਂ ਪਿਆ। ਬਥੇਰੇ ਯਤਨ ਕੀਤੇ। ਜਿਵੇਂ ਜਿਵੇਂ ਘਰ ਆਉਣ ਵਾਲਿਆਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਉਵੇਂ ਉਵੇਂ ਕੀਤਾ। ਜਾਮਣ ਦੇ ਆਲ਼ੇ ਦੁਆਲ਼ੇ ਡੂੰਘਾ ਟੋਆ ਪੁੱਟ ਕੇ ਰੂੜੀ ਦੀ ਖਾਦ, ਸਰ੍ਹੋਂ ਦੀ ਖਲ਼, ਚੂਨਾ ਕਲੀ਼ ਤੇ ਸਿਉਂਕ ਤੋਂ ਦਵਾਈਆਂ ਪਾਈਆਂ। ਦਿਵਾਲੀ ਦੀ ਰਾਤ ਨੂੰ ਟੱਕ ਲਾ ਲਾ ਕੇ ਜਾਮਣ ਦਾ ਸੀਨਾ ਜ਼ਖ਼ਮੀ ਕਰ ਦਿੱਤਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਦਿਵਾਲੀ ਦੀ ਰਾਤ ਜਾਮਣ ਨੂੰ ਟੱਕ ਲਾਇਆ ਫ਼ਲ ਬਹੁਤ ਲਗਦਾ ਹੈ। ਪਰ ਅਜੇ ਤਕ ਇਸ ਨੂੰ ਬਾਰਾਂ ਤੇਰਾਂ ਸਾਲ ਬਾਅਦ ਵੀ ਫ਼ਲ਼ ਨਹੀਂ ਲੱਗਿਆ।
ਪਹਿਲਾਂ ਵੀ ਕਈ ਵਾਰ ਇਹਨੂੰ ਪੁੱਟ ਕੇ ਨਵੀਂ ਲਾਉਣ ਦੀ ਰਾਏ ਕੀਤੀ ਪਰ ਮੇਰੇ ਮਾਤਾ ਜੀ ਨੇ ਸਾਡੀ ਇੱਕ ਨਾ ਸੁਣੀ। ਕਹਿਣ ਲੱਗੇ ਕਿ ਮੇਰੇ ਮਰਨ ਤੋਂ ਬਾਅਦ ਭਾਵੇਂ ਵੱਢ ਦਿਓ। 2016 ਵਿੱਚ ਉਹ ਸਵਰਗਵਾਸ ਹੋ ਗਏ, ਉਸ ਤੋਂ ਬਾਅਦ ਮੇਰੀ ਪਤਨੀ ਸਾਹਿਬਾ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਸਿਲਸਿਲਾ ਇੱਦਾਂ ਹੀ ਚੱਲਦਾ ਰਿਹਾ। ਇਸ ਘਰ ਵਿੱਚ ਬਥੇਰੇ ਮਾਲੀ ਆਏ, ਹਰੇਕ ਨੇ ਜਾਮਣ ਵੱਢਣ ਦੀ ਗੱਲ ਕਹੀ ਪਰ ਮੇਰੀ ਪਤਨੀ ਨੇ ਜਾਮਣ ਵੱਢਣ ਨੂੰ ਹਾਮੀ ਨਹੀਂ ਭਰੀ। ਉਸਦੀਆਂ ਵੀ ਮੇਰੇ ਮਾਤਾ ਜੀ ਵਾਂਗ ਸ਼ਾਇਦ ਇਸ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਸਨ।
ਖ਼ੈਰ ਕੱਚੇ ਪਲਾਟ ਵਿੱਚ ਬੱਚੇ ਖੇਡਦੇ ਰਹੇ। ਮੇਰਾ ਆਸਟ੍ਰੇਲੀਆ ਵਾਲ਼ਾ ਪੋਤਾ ਵੀ ਇੱਥੇ ਹੀ ਸੀ। ਉਸ ਨੇ ਵੀ ਬੜੀਆਂ ਲੋਟਣੀਆਂ ਖਾਧੀਆਂ। ਬੱਚਿਆਂ ਨੂੰ ਅਕਸਰ ਮਿੱਟੀ ਵਿੱਚ ਖੇਡਣਾ ਚੰਗਾ ਲੱਗਦਾ ਹੈ। ਸਾਨੂੰ ਤਾਂ ਮਿੱਟੀ ਦਾ ਮੋਹ ਹੁਣ ਤਕ ਖ਼ਤਮ ਨਹੀਂ ਹੋਇਆ ਭਾਵੇਂ ਸੀਨੀਅਰ ਸਿਟੀਜ਼ਨ ਬਣ ਗਏ। ਛੋਟਾ ਬੇਟਾ ਮੈਲਬੌਰਨ ਸੈਟਲ ਹੈ, ਕਹਿੰਦਾ ਹੈ ਕਿ ਇੱਥੇ ਆ ਜਾਓ ਪਰ ਮਿੱਟੀ ਦਾ ਮੋਹ ਜਾਣ ਨਹੀਂ ਦਿੰਦਾ।
ਸਬਜ਼ੀਆਂ ਬੀਜਣ ਲਈ ਸਪੈਸ਼ਲ ਬੀਜ ਸ਼ਰਮਾ ਔਰਗੈਨਿਕ ਮੁਕਤਸਰ ਵਾਲੇ ਰਵੀ ਚੈਨਾ ਤੋਂ ਮੰਗਵਾਏ। ਬੀਜਣ ਦਾ ਸਮਾਂ ਆ ਗਿਆ। ਮਾਲੀ ਨੂੰ ਫ਼ੋਨ ਕਰਕੇ ਬੁਲਾਇਆ। ਉਹ ਵੀ ਔਰਗੈਨਿਕ ਖ਼ਾਦ ਮੇਰੇ ਕਹੇ ਅਨੁਸਾਰ ਲੈ ਕੇ ਆ ਗਿਆ। ਸਾਫ਼ ਸਫ਼ਾਈ ਕਰ ਕੇ ਕਿਆਰੀਆਂ ਬਣਾਈਆਂ। ਛੱਤ ਉੱਪਰ ਰੱਖੇ ਗ਼ਮਲਿਆਂ ਦੀ ਮਿੱਟੀ ਉਲ਼ਟ ਪੁਲਟ ਕਰਕੇ ਖ਼ਾਦ ਰਲ਼ਾ ਕੇ ਸਬਜ਼ੀਆਂ ਬੀਜਣ ਲਈ ਤਿਆਰ ਕਰ ਲਏ। ਬੱਚਿਆਂ ਦੇ ਖੇਡਣ ਲਈ ਲਈ ਇੱਕ ਵੱਡੀ ਕਿਆਰੀ ਬਿਨਾਂ ਬੀਜੇ ਕੱਚੀ ਰੱਖ ਦਿੱਤੀ। ਕਿਆਰੀਆਂ ਵਿੱਚ ਸਬਜ਼ੀਆਂ ਬੀਜਦੇ ਬੀਜਦੇ ਮਾਲੀ ਨੇ ਫਿਰ ਓਹੀ ਰਾਗ ਛੇੜ ਲਿਆ। ਕਹਿਣ ਲੱਗਾ ਕਿ ਜਾਮਣ ਦੀ ਛਾਂ ਕਰਕੇ ਸਬਜ਼ੀਆਂ ਵਧੀਆ ਨਹੀਂ ਉੱਗਣਗੀਆਂ, ਜਾਮਣ ਨੂੰ ਐਨੇ ਸਾਲ ਹੋ ਗਏ, ਫ਼ਲ ਲੱਗਣਾ ਵੀ ਮੁਸ਼ਕਲ ਹੈ। ਉਸ ਨੇ ਜਾਮਣ ਵੱਢਣ ਦੀ ਸਲਾਹ ਫਿਰ ਦੇ ਦਿੱਤੀ।
ਆਸਟ੍ਰੇਲੀਆ ਵਾਲ਼ੇ ਤਾਂ ਚਲੇ ਗਏ ਤੇ ਬੜੇ ਬੇਟੇ ਨੇ ਇੱਕ ਵਾਰ ਫਿਰ ਆਪਣੀ ਮੰਮੀ ਨਾਲ ਸਲਾਹ ਕਰਕੇ ਉਸਦੀ ਹਾਮੀ ਭਰਵਾ ਲਈ। ਸਾਰਿਆਂ ਰਾਇ ਕਰਕੇ ਮਾਲੀ ਨੂੰ ਜਾਮਣ ਵੱਢਣ ਲਈ ਕਹਿ ਦਿੱਤਾ। ਮਾਲੀ ਨੇ ਕਿਹਾ ਕਿ ਕੱਲ੍ਹ ਉਹ ਆਰੀ ਤੇ ਕੁਹਾੜਾ ਲਿਆਵੇਗਾ ਤੇ ਇਸ ਜਾਮਣ ਨੂੰ ਜੜ੍ਹੋਂ ਪੁੱਟ ਦੇਵੇਗਾ।
ਅਗ਼ਲੇ ਦਿਨ ਮਾਲੀ ਸਵਖਤੇ ਹੀ ਆ ਗਿਆ। ਆ ਕੇ ਉਸਨੇ ਸੰਦਾਂ ਵਾਲ਼ਾ ਬੈਗ ਰੱਖਿਆ ਤੇ ਆਰੀ ਲੈ ਕੇ ਜਦੋਂ ਜਾਮਣ ਲਾਗੇ ਹੋਇਆ ਤਾਂ ਮੇਰੀ ਪਤਨੀ ਖੜਕਾ ਸੁਣ ਕੇ ਬਾਹਰ ਆ ਗਈ। ਪਤਾ ਨਹੀਂ ਉਸਦੇ ਮਨ ਅੰਦਰ ਸਾਰੀ ਰਾਤ ਕੀ ਉਧੇੜ ਬੁਣ ਚੱਲਦਾ ਰਿਹਾ, ਬਾਹਰ ਆ ਕੇ ਮਾਲੀ ਨੂੰ ਉਹ ਚਾਰੇ ਪੈਰ ਚੱਕ ਕੇ ਪੈ ਗਈ, “ਖਬਰਦਾਰ! ਜੇਕਰ ਜਾਮਣ ਨੂੰ ਹੱਥ ਲਾਇਆ, ਜਦੋਂ ਤਕ ਮੈਂ ਜਿਊਂਦੀ ਹਾਂ, ਮੈਂ ਨਹੀਂ ਵੱਢਣ ਦੇਣੀ ਇਹ ਜਾਮਣ, ਖ਼ਸਮਾਂ ਨੂੰ ਖਾਣ ਫਲ਼।”
ਮੇਰੀ ਪਤਨੀ ਨੇ ਵੀ ਮੇਰੀ ਮਾਤਾ ਜੀ ਵਾਲੀ ਗੱਲ ਦੁਹਰਾਈ। ਮੈਂ ਵੀ ਘਬਰਾ ਗਿਆ ਤੇ ਬੇਟਾ ਵੀ ਉੱਭੜਵਾਹਿਆ ਬਾਹਰ ਨਿਕਲ਼ ਆਇਆ ਤੇ ਉਹ ਬੁੜਬੁੜ ਕਰਦੀ ਆਪਣੀ ਮਾਂ ਨੂੰ ਅੰਦਰ ਲੈ ਗਿਆ। ਪਾਣੀ ਧਾਣੀ ਪਿਲ਼ਾ ਕੇ ਠੰਢਾ ਕੀਤਾ। ਮੈਂ ਵੀ ਸੋਚਿਆ, ਮਨਾਂ, ਲੋਕੀਂ ਵਣ ਮਹਾਂਉਤਸਵ ਤੇ ਲੱਖਾਂ ਦਰਖ਼ਤ ਲਾਉਂਦੇ ਨੇ, ਉਹ ਕਿਹੜਾ ਸਾਰਿਆਂ ਦੇ ਫ਼ਲ ਖਾਂਦੇ ਨੇ? ਸਬਜ਼ੀਆਂ ਭਾਜੀਆਂ ਥੋੜ੍ਹਾ ਦੇਰ ਨਾਲ ਹੋ ਜਾਣਗੀਆਂ ਤੇ ਘੱਟ ਹੋ ਜਾਣਗੀਆਂ, ਅੱਗੇ ਕਿਹੜਾ ਬਾਜ਼ਾਰੋਂ ਨਹੀਂ ਲੈਂਦੇ? ਇਹਦਾ ਸ਼ੌਕ ਹੈ ਪੂਰਾ ਹੋ ਜਾਵੇਗਾ।
ਪਤਨੀ ਸਾਹਿਬਾ ਹੌਲੀ ਹੌਲੀ ਠੰਢੇ ਸ਼ੀਲੇ ਹੋ ਗਏ। ਵੈਸੇ ਵੀ ਹਾਰਟ ਦੀ ਬਿਮਾਰੀ ਕਰਕੇ ਉਹ ਢਿੱਲੀ ਰਹਿੰਦੀ ਹੈ। ਅਸੀਂ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸੀ, ਨਾ ਜਾਣੇ ਕੋਈ ਨੀਮ-ਕੀਮ ਹੋ ਜਾਏ ਤੇ ਸਾਰੀ ਉਮਰ ਦਾ ਪਛਤਾਵਾ ਹੋ ਜਾਏ। ਮਾਲੀ ਪਤਾ ਨਹੀਂ ਕਿਹੜੇ ਵੇਲੇ ਆਪਣੇ ਸੰਦ ਸੰਦੇੜੇ ਚੁੱਕ ਕੇ ਬਹੁ ਵੀਟ ਗਿਆ। ਜਾਮਣ ਹੁਣ ਵੀ ਉੱਥੇ ਦੀ ਉੱਥੇ ਖੜ੍ਹੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3956)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)