“ਲੜਕੀ ਵਾਲਿਆਂ ਨੇ ਸਾਨੂੰ ਦਿਲਾਸਾ ਦਿੱਤਾ ਸੀ ਕਿ ਉਸ ਏਰੀਏ ਦੇ ਕਮਾਂਡਰ ਨਾਲ ਗੱਲਬਾਤ ਹੋ ਚੁੱਕੀ ਹੈ, ਕੋਈ ਫਿਕਰ ...”
(21 ਸਤੰਬਰ 2023)
1978 ਦੇ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਟਕਰਾ ਵਿੱਚ ਬਹੁਤ ਬੰਦੇ ਮਾਰੇ ਗਏ। ਪੰਜਾਬ ਵਿੱਚ ਇੱਕ ਦਮ ਅਸ਼ਾਂਤੀ ਦਾ ਮਾਹੌਲ ਹੋ ਗਿਆ। ਉਸ ਟਕਰਾ ਤੋਂ ਬਾਅਦ ਖ਼ੌਫਜ਼ਦਾ ਮਾਹੌਲ ਦਾ ਬੀਜ ਬੀਜਿਆ ਗਿਆ, ਜਿਸ ਨੇ ਵੱਖਰੀ ਕਿਸਮ ਦੀ ਲਹਿਰ ਨੂੰ ਜਨਮ ਦਿੱਤਾ। ਚੁਣ ਚੁਣ ਕੇ ਬੰਦਿਆਂ ਦੇ ਕਤਲ ਹੋਣ ਲੱਗੇ। ਉਸ ਤੋਂ ਵੀ ਇੱਕ ਮੰਦਭਾਗੀ ਘਟਨਾ ਵਾਪਰੀ। ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੇ ਨੀਲਾ ਤਾਰਾ ਅਪਰੇਸ਼ਨ ਹੋਇਆ ਜਿਸ ਨੇ ਲੋਕਾਂ ਦੇ ਹਿਰਦੇ ਵਲੂੰਧਰ ਦਿੱਤੇ। ਕੁਝ ਸਮੇਂ ਲਈ ਮਾਹੌਲ ਥੋੜ੍ਹਾ ਸ਼ਾਂਤ ਹੋਇਆ ਪਰ ਹੌਲ਼ੀ ਹੌਲ਼ੀ ਇਹ ਫਿਰ ਜ਼ੋਰ ਫੜਦਾ ਗਿਆ। ਇਸ ਮਾਹੌਲ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗੁੰਡਾ ਅਨਸਰ ਵੀ ਸ਼ਾਮਲ ਹੋ ਗਏ ਤੇ ਉਨ੍ਹਾਂ ਨੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪੰਜਾਬ ਵਿੱਚ ਅਜਿਹਾ ਡਰ ਪੈਦਾ ਹੋ ਗਿਆ ਕਿ ਲੋਕਾਂ ਦੇ ਕਾਰੋਬਾਰ ਨੂੰ ਸੱਟ ਲੱਗੀ ਤੇ ਲੋਕ ਪੰਜਾਬ ਛੱਡ ਕੇ ਬਾਹਰਲੇ ਸੂਬਿਆਂ ਵੱਲ ਸ਼ਿਫਟ ਹੋਣ ਲੱਗੇ। ਸਮਾਜਿਕ, ਧਾਰਮਿਕ ਤੇ ਵਿਆਹਾਂ ਸ਼ਾਦੀਆਂ ਤੇ ਹੋਰ ਖੁਸ਼ੀ-ਗ਼ਮੀ ਦੇ ਹੋਰ ਸਮਾਗਮ ਕਰਨ ਉੱਤੇ ਵੀ ਬੁਰਾ ਅਸਰ ਹੋਇਆ। ਜੇਕਰ ਕੋਈ ਜ਼ਰੂਰੀ ਸਮਾਗਮ ਕਰਦਾ ਸੀ ਤਾਂ ਡਰ ਦੇ ਪ੍ਰਛਾਵੇਂ ਹੇਠ ਕਰਦਾ ਸੀ।
1990 ਦੇ ਸਿਆਲ ਦੇ ਦਿਨ ਸਨ, ਮੇਰੇ ਸਾਲੇ ਦਾ ਵਿਆਹ ਰੱਖਿਆ ਹੋਇਆ ਸੀ। ਬਹੁਤਾ ਇਕੱਠ ਨਾ ਕਰਕੇ ਕੇਵਲ ਚੋਣਵੇਂ ਰਿਸ਼ਤੇਦਾਰ ਹੀ ਸੱਦੇ ਗਏ ਸਨ, ਉਹ ਵੀ ਜਿਹਨਾਂ ਬਿਨਾਂ ਸਰਦਾ ਨਹੀਂ ਸੀ। ਰਿਸ਼ਤੇ ਵਿੱਚ ਮੈਂ ਵੱਡਾ ਪ੍ਰਾਹੁਣਾ ਵੀ ਸੀ ਤੇ ਅਹੁਦਾ ਵੀ ਵੱਡਾ ਸੀ। ਮੈਂ ਸਥਾਨਕ ਹੋਣ ਕਰਕੇ ਰਿਸ਼ਤੇਦਾਰ ਘੱਟ ਤੇ ਪਰਿਵਾਰਕ ਮੈਂਬਰ ਜ਼ਿਆਦਾ ਸੀ। ਵਿਆਹ ਵਿੱਚ ਅੱਧ ਪਚੱਧੇ ਰਿਸ਼ਤੇਦਾਰ ਹੀ ਆਏ ਸਨ ਕਿਉਂਕਿ ਖਾੜਕੂਵਾਦ ਤੇ ਦਹਿਸ਼ਤਗਰਦੀ ਦੇ ਡਰ ਦਾ ਮਾਹੌਲ ਬਣਿਆ ਹੋਇਆ ਸੀ। ਜਿਹੜੇ ਵੀ ਰਿਸ਼ਤੇਦਾਰ ਆਏ, ਉਹ ਵੀ ਬਾਹਲੇ ਖੁਸ਼ ਨਜ਼ਰ ਨਹੀਂ ਆ ਰਹੇ ਸਨ। ਖ਼ੈਰ, ਰਾਤ ਦਾ ਘੋੜੀ ਦਾ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਸੀ ਜਿਹੜਾ ਘਰ ਦੇ ਅੰਦਰ ਹੀ ਦੱਬਵੀਂ ਆਵਾਜ਼ ਵਿੱਚ ਗੀਤ-ਗੂਤ ਗਾ ਕੇ ਢਬ-ਸੀਗਾ ਜਿਹਾ ਪੂਰਾ ਕਰ ਲਿਆ। ਵਿਆਹੁਲੇ ਦੇ ਫ਼ੌਜੀ ਚਾਚਾ ਤੇ ਅਫਸਰ ਚਾਚਾ ਆਪਣੇ ਹੱਥ ਵਿੱਚ ਲਾਇਸੰਸੀ ਬੰਦੂਕ ਤੇ ਰਿਵਾਲਵਰ ਫੜ ਕੇ ਕੰਧਾਂ ਉੱਪਰ ਪਹਿਰਾ ਦਿੰਦੇ ਰਹੇ ਪਰ ਲੱਤਾਂ ਉਨ੍ਹਾਂ ਦੀਆਂ ਵੀ ਕੰਬਦੀਆਂ ਰਹੀਆਂ।
ਸਵੇਰੇ ਬਰਾਤ ਜਾਣੀ ਸੀ। ਜਿਹੜੇ ਰਿਸ਼ਤੇਦਾਰ ਔਖੇ ਸੌਖੇ ਪਹੁੰਚੇ ਸਨ ਤਿਆਰ ਤਾਂ ਹੋ ਗਏ ਪਰ ਅੰਦਰੋਂ-ਅੰਦਰੀ ਬਰਾਤ ਚੜ੍ਹਨ ਨੂੰ ਕੋਈ ਤਿਆਰ ਨਾ। ਮੈਨੇਜਰ ਬਣਨ ਤੋਂ ਬਾਅਦ ਬੈਂਕ ਨੇ ਮੈਨੂੰ ਵੀ ਕਾਰ ਦੇ ਦਿੱਤੀ, ਉਹ ਵੀ ਕਰਜ਼ੇ ਉੱਤੇ। ਸਾਰੇ ਰਿਸ਼ਤੇਦਾਰਾਂ ਵਿੱਚ ਕੇਵਲ ਮੇਰੇ ਕੋਲ ਹੀ ਕਾਰ ਸੀ, ਉਹ ਵੀ ਮਾਰੂਤੀ, ਤਤਕਾਲ ਸਕੀਮ ਵਿੱਚ ਲਈ ਸੀ। ਸਿਹਰਾਬੰਦੀ ਦੀਆਂ ਰਸਮਾਂ ਹੋਈਆਂ, ਸਲਾਮੀ ਦਾ ਟਿੱਕਾ ਕੱਢਿਆ ਗਿਆ। ਰਿਸ਼ਤੇਦਾਰਨੀਆਂ ਤੇ ਘਰ ਦੀਆਂ ਤ੍ਰੀਮਤਾਂ ਦੱਬਵੀਂ ਆਵਾਜ਼ ਵਿੱਚ ਗੀਤ ਗਾਉਣ ਲੱਗੀਆਂ। ਖਾੜਕੂਆਂ ਵੱਲੋਂ ਹਦਾਇਤ ਜਾਰੀ ਕੀਤੀ ਜਾਂਦੀ ਸੀ ਕਿ ਵਿਆਹ ਸਮਾਗਮ ਵਿੱਚ ਵੀਹ ਜਣਿਆਂ ਤੋਂ ਵੱਧ ਇਕੱਠੇ ਨਾ ਹੋਣ। ਕੋਈ ਵਾਜਾ-ਗਾਜਾ, ਢੋਲ ਢਮੱਕਾ ਤੇ ਤੜਕ-ਫੜਕ ਨਾ ਹੋਵੇ। ਬਰਾਤ ਵਿੱਚ ਗਿਆਰਾਂ ਬੰਦਿਆਂ ਤੋਂ ਵੱਧ ਬੰਦੇ ਨਾ ਜਾਣ। ਲਾੜੇ ਦਾ ਚਾਚਾ, ਜਿਹੜਾ ਖਾਸਾ ਵੱਡਾ ਅਫਸਰ ਲੱਗਿਆ ਹੋਇਆ ਸੀ, ਕਹਿਣ ਲੱਗਿਆ ਕਿ ਸਿਹਰਾ ਇੱਕ ਵਾਰੀ ਬੰਨ੍ਹ ਲਉ ਫਿਰ ਕਾਰ ਵਿੱਚ ਬਹਿ ਕੇ ਉਤਾਰ ਲੈਣਾ। ਲੜਕੀ ਵਾਲਿਆਂ ਦੇ ਘਰ ਫੇਰਿਆਂ ਵੇਲੇ ਫਿਰ ਬੰਨ੍ਹ ਲੈਣਾ। ਸਾਲਾ ਮੇਰਾ ਐਨਾ ਡਰਪੋਕ ਕਿ ਕਦੇ ਸਿਹਰਾ ਬੰਨ੍ਹ ਲਏ ਤੇ ਕਦੇ ਲਾਹ ਲਏ। ਮੰਦਿਰ ਵਿੱਚ ਮੱਥਾ ਟੇਕਣ ਲੱਗਿਆਂ ਭਗਵਾਨ ਨੂੰ ਮੱਥਾ ਟੇਕਣ ਦੀ ਬਜਾਏ ਤਾਈਆਂ ਚਾਚੀਆਂ ਦੇ ਪੈਰੀਂ ਹੱਥ ਲਾਈਂ ਜਾਵੇ।
ਲੋਕਲ ਹੋਣ ਕਰਕੇ ਮੇਰਾ ਪਰਿਵਾਰ ਨਾਲ ਬਹੁਤ ਪਿਆਰ ਸੀ ਤੇ ਮੇਰਾ ਰੁਤਬਾ ਵੀ ਉੱਚਾ ਸੀ। ਮੇਰੀ ਚਾਚੀ ਸੱਸ, ਮਤਲਬ ਵਿਆਹੁਲੇ ਦੀ ਮਾਂ ਮੈਨੂੰ ਕਹਿਣ ਲੱਗੀ, “ਹਾੜ੍ਹੇ! ਹਾੜ੍ਹੇ! ਸਾਊ! ਵਿਆਹੁਲੇ ਨੂੰ ਤੂੰ ਆਪਣੀ ਕਾਰ ਵਿੱਚ ਬੈਠਾ ਲਵੀਂ।” ਮੈਂ ਗੱਲ ਤਾਂ ਮੰਨ ਲਈ ਪਰ ਇੱਕ ਸ਼ਰਤ ਰੱਖੀ ਕਿ ਵਿਚੋਲਣ ਤੇ ਵਿਆਹੁਲੇ ਤੋਂ ਬਿਨਾਂ ਮੈਂ ਕਿਸੇ ਹੋਰ ਨੂੰ ਨਹੀਂ ਬਿਠਾਉਣਾ। ਮੇਰੇ ਕੋਲ ਕਾਰ ਸੀ ਤੇ ਮੈਂ ਨਿਮਣਾ ਵੀ ਨਹੀਂ ਚਾਹੁੰਦਾ ਸੀ ਪਰ ਦਹਿਸ਼ਤ ਦਾ ਸਾਇਆ ਅੰਦਰੋਂ ਅੰਦਰੀ ਮੈਨੂੰ ਵੀ ਵੱਢ ਵੱਢ ਖਾ ਰਿਹਾ ਸੀ।
ਮੈਂ ਲਾੜਾ ਤੇ ਵਿਚੋਲਣ ਕਾਰ ਵਿੱਚ ਬਿਠਾਏ ਤੇ ਨਾਲ ਹੀ ਅਫਸਰ ਚਾਚਾ ਵੀ ਬਿਠਾ ਲਿਆ ਕਿਉਂਕਿ ਉਸ ਕੋਲ ਲਾਇਸੈਂਸੀ ਰਿਵਾਲਵਰ ਸੀ ਜਿਹੜਾ ਉਸ ਲੱਕ ਵਿੱਚ ਦਿੱਤਾ ਹੋਇਆ ਸੀ। ਸੋਚਿਆ, ਸ਼ਾਇਦ ਕਿਤੇ ਹਿਫ਼ਾਜ਼ਤ ਲਈ ਕੰਮ ਹੀ ਆ ਜਾਵੇ। ਬਾਕੀ ਦੋ ਕਾਰਾਂ ਵਿੱਚ ਰਿਸ਼ਤੇਦਾਰ ਅਣਮੰਨੇ ਜਿਹੇ ਮਨ ਨਾਲ ਬੈਠ ਗਏ ਤੇ ਬਰਾਤ ਚੱਲ ਪਈ।
ਬਰਾਤ ਧੂਰੀ ਤੋਂ ਚੱਲੀ। ਧੂਰੀ ਤੋਂ ਸੰਗਰੂਰ ਤੇ ਸੰਗਰੂਰ ਤੋਂ ਸੁਨਾਮ। ਇੱਥੋਂ ਤਕ ਤਾਂ ਡਰ ਘੱਟ ਲੱਗਿਆ ਪਰ ਸੁਨਾਮ ਟੱਪਣ ਸਾਰ ਦਿਲ ਧੁੜਕੂੰ ਧੁੜਕੂੰ ਕਰਨ ਲੱਗ ਪਿਆ। ਲੜਕੀ ਵਾਲਿਆਂ ਨੇ ਸਾਨੂੰ ਦਿਲਾਸਾ ਦਿੱਤਾ ਸੀ ਕਿ ਉਸ ਏਰੀਏ ਦੇ ਕਮਾਂਡਰ ਨਾਲ ਗੱਲਬਾਤ ਹੋ ਚੁੱਕੀ ਹੈ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਪਰ ਦਿਲ ਕਿਵੇਂ ਟਿਕੇ? ਕੀ ਪਤਾ ਕਿੱਥੇ ਕਾਰ ਰੋਕ ਕੇ ਕਹਿਣ ਕਿ ਆਉ ਥੱਲੇ, ਪਓ ਲੰਮੇ, ਨਹੀਂ ਲਾਓ ਡੰਡ ਬੈਠਕਾਂ। ਮੈਂ ਆਪਣੇ ਸਾਲੇ ਲਾੜੇ ਨੂੰ ਕਿਹਾ, “ਭਰਾਵਾ! ਆਹ ਸਿਹਰਾ ਆਪਣੀ ਝੋਲੀ ਵਿੱਚ ਚੰਗੀ ਤਰ੍ਹਾਂ ਲੁਕਾ ਲੈ, ਕੀ ਪਤਾ ਕਿੱਥੇ ਝੂਠ ਬੋਲਣਾ ਪੈ ਜੇ ਕਿ ਅਸੀਂ ਤਾਂ ਵਿਆਹੁਣ ਨਹੀਂ, ਸਗੋਂ ਭੋਗ ਤੇ ਚੱਲੇ ਹਾਂ।”
ਰਾਮ ਰਾਮ ਕਰਦੇ ਅਸੀਂ ਛਾਜਲੀ ਟੱਪ ਗਏ। ਜਦੋਂ ਲਹਿਰੇ ਵਾਲਾ ਮੋੜ ਮੁੜ ਕੇ ਸੜਕੇ ਪਏ ਤਾਂ ਸਿਆਲ ਦੇ ਦਿਨਾਂ ਵਿੱਚ ਵੀ ਪਸੀਨੇ ਆਉਣ ਲੱਗੇ ਤੇ ਕੋਟ-ਪੈਂਟ ਪਾਇਆ ਵੀ ਚੁਭੇ। ਕਾਰ ਵਿੱਚ ਚੁੱਪ ਪਸਰ ਗਈ। ਕੋਈ ਸਾਹ ਵੀ ਪੂਰਾ ਨਾ ਲਵੇ। ਮੇਰੇ ਵੀ ਹੱਥਾਂ ਦੇ ਪਸੀਨੇ ਨਾਲ ਸਟੇਅਰਿੰਗ ਗਿੱਲਾ ਹੋ ਗਿਆ। ਮੈਂ ਅਫਸਰ ਚਾਚੇ ਨੂੰ ਕਹਿ ਦਿੱਤਾ ਕਿ ਪਿੰਡ ਗੋਬਿੰਦਗੜ੍ਹ ਖੋਖਰ ਪਹੁੰਚ ਕੇ ਖਾੜਕੂਆਂ ਜੇਕਰ ਬਰਾਤ ਦੇ ਬੰਦੇ ਗਿਣ ਲਏ ਤੇ ਗਿਆਰਾਂ ਤੋਂ ਵੱਧ ਨਿਕਲੇ, ਉਨ੍ਹਾਂ ਪਿੰਡ ਦੇ ਟੋਭੇ ਵਿੱਚ ਵੜਨ ਨੂੰ ਕਹਿ ਦੇਣਾ। ਮੈਂ ਕਾਰ ਵਿੱਚੋਂ ਨਿਕਲ ਕੇ ਖੁੰਢ ’ਤੇ ਜਾ ਕੇ ਬਹਿ ਜਾਣਾ, ਕਹਾਂਗਾ ਕਿ ਮੈਂ ਤਾਂ ਭਾਈ ਇਨ੍ਹਾਂ ਦਾ ਡਰਾਈਵਰ ਹਾਂ, ਇਨ੍ਹਾਂ ਬਰਾਤੀਆਂ ਨਾਲ ਨਿਪਟੋ।
ਇਸ ਤਰ੍ਹਾਂ ਜਬਰਦਸਤੀ ਹਾਸੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਪਰ ਅੰਦਰੋਂ ਡਰਦੇ ਹੋਏ ਵਿਆਹ ਵਾਲੇ ਪਿੰਡ ਪਹੁੰਚ ਗਏ। ਮੁੱਖ ਸੜਕ ’ਤੇ ਲੜਕੀ ਵਾਲੇ ਹਾਰ ਲਈ ਬਰਾਤ ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਉਨ੍ਹਾਂ ਨੂੰ ਵੇਖ ਕੇ ਮਸਾਂ ਸਾਡੇ ਸਾਹ ਵਿੱਚ ਸਾਹ ਆਇਆ।
ਅਸੀਂ ਬਿਨਾਂ ਬੈਂਡ ਵਾਜੇ ਦੇ ਲੜਕੀ ਵਾਲਿਆਂ ਦੇ ਘਰ ਪਹੁੰਚ ਗਏ। ਘਰ ਅੱਗੇ ਟੈਂਟ ਲੱਗਿਆ ਹੋਇਆ ਸੀ। ਅੰਦਰ ਮੇਜ਼ ਕੁਰਸੀਆਂ ਡਹੀਆਂ ਹੋਈਆਂ ਸਨ। ਮੇਜ਼ਾਂ ਉੱਪਰ ਭਾਂਤ ਭਾਂਤ ਦੀਆਂ ਮਠਿਆਈਆਂ ਤੇ ਵੰਨ ਸੁਵੰਨੇ ਨਮਕੀਨ ਪਕੌੜੇ ਸਜੇ ਹੋਏ ਸਨ। ਲੜਕੀ ਵਾਲਿਆਂ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ ਪਰ ਡਰ ਅਜੇ ਪੂਰੀ ਤਰ੍ਹਾਂ ਲੱਥਾ ਨਹੀਂ ਸੀ। ਜਦੋਂ ਗੁਲਾਬ ਜਾਮਣ ਮੂੰਹ ਵਿੱਚ ਪਾਈਏ ਤਾਂ ਬਾਹਰ ਨੂੰ ਆਵੇ, ਕਿਤੇ ਖਾੜਕੂ ਹੁਣ ਵੀ ਇੱਥੇ ਨਾ ਆ ਧਮਕਣ। ਪਰ ਲੜਕੀ ਦੇ ਪਿਤਾ ਨੇ ਸਾਨੂੰ ਨਿਸ਼ਚਿੰਤ ਹੋ ਕੇ ਖਾਣ ਲਈ ਕਿਹਾ। ਨਾਸ਼ਤੇ ਤੋਂ ਬਾਅਦ ਫੇਰੇ ਬਗੈਰਾ ਤੇ ਹੋਰ ਰਸਮਾਂ ਪੂਰੀਆਂ ਹੋਈਆਂ।
ਖਾਣਾ ਖਾ ਕੇ ਤੇ ਮਿਲਣੀਆਂ ਬਗੈਰਾ ਕਰਕੇ ਅਸੀਂ ਡਰ ਅਤੇ ਅੱਧੀ ਪਚੱਧੀ ਖੁਸ਼ੀ ਦੇ ਸਾਏ ਹੇਠ ਵਿਦਾਅ ਹੋਏ। ਮੈਂ ਲਾੜਾ ਲਾੜੀ ਦੇ ਕਾਰ ਵਿੱਚ ਬੈਠਣ ਸਾਰ ਕਾਰ ਦੀ ਸਪੀਡ ਦੱਬੀ ਤੇ ਧੂਰੀ ਘਰ ਆ ਕੇ ਸਾਹ ਲਿਆ।
ਘਰ ਅੱਗੇ ਲਾੜੇ ਦੀ ਮਾਂ ਜਾਣੀਕਿ ਮੇਰੀ ਚਾਚੀ ਸੱਸ ਗੜਬੀ ਵਿੱਚ ਮਿੱਠਾ ਪਾਣੀ ਪਾ ਕੇ ਉੱਪਰ ਨੇਤੀ ਤੇ ਪਿਪਲ ਦੇ ਪੱਤੇ ਰੱਖ ਕੇ ਨੂੰਹ ਉੱਪਰ ਦੀ ਵਾਰਨ ਲਈ ਤਿਆਰ ਖੜ੍ਹੀ ਸੀ। ਮੈਂ ਵੀ ਕੂਲ਼ਾ ਨਹੀਂ ਸੀ, ਕਾਰ ਵਿੱਚੋਂ ਉੱਤਰ ਕੇ ਮੈਂ ਕਾਰ ਦੇ ਅੱਗੇ ਖੜ੍ਹ ਗਿਆ ਤੇ ਕਿਹਾ, “ਮਾਈ! ਕੱਢ ਹਜ਼ਾਰ ਰੁਪਏ ਦਾ ਨੋਟ ਸ਼ਗਨਾਂ ਦਾ, ਬਹੂ ਤਾਂ ਉਤਾਰਨ ਦੇਊਂ। ਐਨੇ ਮੁਸ਼ਕਿਲ ਹਾਲਾਤ ਵਿੱਚ ਤੈਨੂੰ ਨੂੰਹ ਲਿਆ ਕੇ ਦਿੱਤੀ ਹੈ।”
ਲਾੜੇ ਦੀ ਮਾਂ ਨੂੰ ਸ਼ਾਇਦ ਮੇਰੇ ਸਾਰਾ ਦਿਨ ਪਸੀਨੋ-ਪਸੀਨਾ ਹੋਏ ਰਹਿਣ ਦਾ ਅਹਿਸਾਸ ਹੋ ਗਿਆ ਹੋਵੇ, ਉਹਨੇ ਝਟਪਟ ਹਜ਼ਾਰ ਰੁਪਏ ਦਾ ਨੋਟ ਕੱਢ ਕੇ ਮੇਰੀ ਤਲੀ ਉੱਤੇ ਧਰ ਦਿੱਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4237)
(ਸਰੋਕਾਰ ਨਾਲ ਸੰਪਰਕ ਲਈ: (