“ਸਕੂਟਰ ਕੱਢ, ਆਪਾਂ ਖੰਨੇ ਜਾ ਕੇ ਆਉਣੈ। ਉੱਥੇ ਇੱਕ ਨੇਤਾ ਰਹਿੰਦਾ ਹੈ ਜਿਹੜਾ ...”
(25 ਅਪ੍ਰੈਲ 2023)
ਇਸ ਸਮੇਂ ਪਾਠਕ: 802.
15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਅੰਤਰਿਮ ਸਰਕਾਰ ਬਣੀ। ਪਰ 1952 ਵਿੱਚ ਬਕਾਇਦਾ ਚੁਣੀ ਹੋਈ ਸਰਕਾਰ ਨੇ ਦੇਸ਼ ਨੂੰ ਸੰਭਾਲ ਲਿਆ। ਸਾਰੇ ਚੁਣੇ ਹੋਏ ਨੁਮਾਇੰਦਿਆ ਨੇ ਸਹੁੰ ਚੁੱਕੀ ਕਿ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਤੀਹ ਪੈਂਤੀ ਸਾਲਾਂ ਤੱਕ ਇਸ ਸੰਹੁ ’ਤੇ ਅਮਲ ਵੀ ਕੀਤਾ। ਬਹੁਤ ਹੀ ਮਹਾਨ ਤੇ ਇਮਾਨਦਾਰ ਨੇਤਾਵਾਂ ਨੇ ਸਦੀਆਂ ਤੋਂ ਗ਼ੁਲਾਮੀ ਝੱਲ ਰਹੇ ਦੇਸ਼ ਨੂੰ ਪਟੜੀ ’ਤੇ ਲੈ ਆਂਦਾ, ਜਿਹਨਾਂ ਵਿੱਚੋਂ ਸਰਦਾਰ ਬੱਲਭ ਭਾਈ ਪਟੇਲ ਨੇ ਸਾਰੀਆਂ ਰਿਆਸਤਾਂ ਤੋੜ ਕੇ ਦੇਸ਼ ਨੂੰ ਇਕਜੁੱਟ ਬਣਾਇਆ। ਐਨੇ ਕਿਰਦਾਰ ਤੇ ਕੱਦ ਦੇ ਨੇਤਾ ਸਨ ਕਿ ਦੂਸਰਿਆਂ ਲਈ ਆਦਰਸ਼ ਬਣੇ। ਲਾਲ ਬਹਾਦਰ ਸ਼ਾਸ਼ਤਰੀ ਜੀ ਦੇ ਅੰਤ ਸਮੇਂ ਉਨ੍ਹਾਂ ਦੀ ਫਿਏਟ ਕਾਰ ਉੱਪਰ ਕਰਜਾ ਸੀ। ਗੁਲਜ਼ਾਰੀ ਲਾਲ ਨੰਦਾ, ਜਿਨ੍ਹਾਂ ਦਾ ਅੰਤਿਮ ਸਮਾਂ ਕੁਰੂਕਸ਼ੇਤਰ ਵਿੱਚ ਕਰਾਏ ਦੇ ਘਰ ਵਿੱਚ ਗੁਜਰਿਆ। ਅਬੁਲ ਕਲਾਮ ਆਜ਼ਾਦ, ਸਾਬਕਾ ਰਾਸ਼ਟਰਪਤੀ ਦੇ ਰਾਸ਼ਟਰਪਤੀ ਭਵਨ ਛੱਡਣ ਵੇਲੇ ਉਹੀ ਚਾਰ ਕਮੀਜ਼ਾਂ, ਚਾਰ ਪੈਂਟਾਂ ਤੇ ਵੀਹ ਕੁ ਕਿਤਾਬਾਂ ਸਨ, ਜਿਹੜੀਆਂ ਰਾਸ਼ਟਰਪਤੀ ਬਨਣ ਵੇਲੇ ਰਾਸ਼ਟਰਪਤੀ ਭਵਨ ਲੈ ਕੇ ਗਏ ਸਨ। ਅਟਲ ਬਿਹਾਰੀ ਵਾਜਪਾਈ ਜੀ ਨੇ ਸਾਰਾ ਜੀਵਨ ਦੇਸ਼ ਸੇਵਾ ਵਿੱਚ ਗੁਜ਼ਾਰ ਦਿੱਤਾ। ਡਾਕਟਰ ਵੀ ਵੀ ਗਿਰੀ, ਨੰਬੂਦਰੀਪਾਦ, ਚੌਧਰੀ ਚਰਨ ਸਿੰਘ ਅਤੇ ਇੰਦਰਜੀਤ ਗੁਪਤਾ ਜੀ ਵਰਗੇ ਸਾਂਸਦ, ਜਿਹੜੇ ਕਦੇ ਚੋਣ ਨਹੀਂ ਹਾਰੇ ਤੇ ਤਾਉਮਰ ਸਰਕਾਰੀ ਆਵਾਸ ਵਿੱਚ ਰਹਿੰਦੇ ਰਹੇ। ਅਜਿਹੇ ਹੋਰ ਬਹੁਤ ਸਾਰੇ ਨੇਤਾ ਹਨ ਜਿਨ੍ਹਾਂ ਦੇ ਹੱਥ ਦੇਸ਼ ਦੀ ਬਾਗਡੋਰ ਰਹੀ। ਪਰ ਹੁਣ ਤੀਹ ਪੈਂਤੀ ਸਾਲਾਂ ਤੋਂ ਇਮਾਨਦਾਰੀ ਵਿੱਚ ਖੋਟ ਆਉਣੀ ਸ਼ੁਰੂ ਹੋ ਗਈ ਹੈ। ਨੇਤਾਵਾਂ ਦਾ ਧਿਆਨ ਦੇਸ਼ ਸੇਵਾ ਵਲ ਘੱਟ, ਆਪਣੀਆਂ ਜੇਬਾਂ ਵੱਲ ਜ਼ਿਆਦਾ ਹੈ। ਇਹਨਾਂ ਨੂੰ ਦੇਖ ਦੇਖ ਪ੍ਰਸ਼ਾਸਨਿਕ ਅਧਿਕਾਰੀ ਵੀ ਆਪਣਾ ਮੁਫ਼ਾਦ ਸੋਚਣ ਲੱਗ ਪਏ ਹਨ। ਇਸ ਤਰ੍ਹਾਂ ਵਿਧਾਇਕ,ਪ੍ਰ ਸ਼ਾਸਨਿਕ ਤੇ ਨਿਆਂ ਪ੍ਰਣਾਲੀ ਲਗਪਗ ਦੂਸ਼ਿਤ ਹੋ ਗਈ ਹੈ।
ਇਸ ਤਰ੍ਹਾਂ 2002-2003 ਦਾ ਇੱਕ ਵਾਕਿਆ ਹੈ। ਮੈਂ ਐੱਮ ਏ ਕਰਕੇ ਨੌਕਰੀ ਵਿੱਚ ਆ ਗਿਆ ਤੇ ਮੇਰਾ ਇਕ ਹਮ-ਜਮਾਤੀ ਵਕਾਲਤ ਕਰਕੇ ਰਾਜਨੀਤੀ ਦੀ ਖ਼ਾਕ ਛਾਨਣ ਲੱਗ ਪਿਆ। ਬਹੁਤ ਹੱਥ ਪੈਰ ਮਾਰ ਰਿਹਾ ਸੀ ਪਰ ਕਿਤੇ ਹੱਥ ਨਹੀਂ ਪੈ ਰਿਹਾ ਸੀ। ਆਰਥਿਕ ਪੱਖੋਂ ਕਮਜੋਰ ਹੋਣ ਕਾਰਨ ਕੋਈ ਘਾਗ ਨੇਤਾ ਹੱਥ ਨਹੀਂ ਸੀ ਫੜ ਰਿਹਾ। ਉਹਨਾਂ ਦਿਨਾਂ ਵਿੱਚ ਆਉਣ ਜਾਣ ਦਾ ਸਾਧਨ ਵੀ ਉਸ ਕੋਲ ਨਹੀਂ ਸੀ। ਮੈਂ ਬੈਂਕ ਤੋਂ ਕਰਜ਼ਾ ਲੈ ਕੇ ਚੇਤਕ ਸਕੂਟਰ ਲਿਆ ਸੀ। ਮੇਰਾ ਹਮ ਜਮਾਤੀ ਇੱਕ ਦਿਨ ਸੰਗਰੂਰ ਲਾਗੇ ਆਪਣੇ ਪਿੰਡ ਤੋਂ ਮੇਰੇ ਕੋਲ ਆਇਆ। ਕਹਿਣ ਲੱਗਿਆ ਕਿ ਜੇਕਰ ਵਿਹਲ ਹੈ ਤਾਂ ਸਕੂਟਰ ਕੱਢ, ਆਪਾਂ ਖੰਨੇ ਜਾ ਕੇ ਆਉਣੈ। ਉੱਥੇ ਇੱਕ ਨੇਤਾ ਰਹਿੰਦਾ ਹੈ ਜਿਹੜਾ ਕਾਫ਼ੀ ਦੇਰ ਤੋਂ ਪਾਰਟੀ ਵਲੋਂ ਅਣਗੌਲਿਆ ਹੋਇਆ ਹੈ। ਹੁਣ ਉਸ ਨੇਤਾ ਦੀ ਬਾਂਹ ਹਾਈ ਕਮਾਂਡ ਨੇ ਫੜੀ ਹੈ। ਜੇਕਰ ਆਪਾਂ ਉਸ ਨਾਲ ਸੰਪਰਕ ਕਰ ਲਈਏ ਤਾਂ ਆਪਣਾ ਵੀ ਜੁਗਾੜ ਲੱਗ ਸਕਦਾ ਹੈ। ਮੇਰੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਪਰ ਮਿੱਤਰ ਹੋਣ ਦੇ ਨਾਤੇ ਮੈਂ ਹਾਂ ਕਰ ਦਿੱਤੀ।
ਤਿਆਰ ਹੋ ਕੇ, ਰੋਟੀ ਪਾਣੀ ਛਕ ਕੇ ਅਸੀਂ ਖੰਨੇ ਵਲ ਚੱਲ ਪਏ। ਡੇਢ ਕੁ ਘੰਟੇ ਦਾ ਰਸਤਾ ਸੀ। ਸਕੂਟਰ ਵਧੀਆ ਹਾਲਤ ਵਿੱਚ ਸੀ। ਅਸੀਂ ਬਿਨਾਂ ਕਿਸੇ ਰੁਕਾਵਟ ਦੇ ਖੰਨੇ ਪਹੁੰਚ ਗਏ। ਨੇਤਾ ਦੇ ਘਰ ਦਾ ਮੇਰੇ ਮਿੱਤਰ ਨੂੰ ਪਤਾ ਸੀ। ਗਲੀਆਂ ਵਿੱਚੋਂ ਦੀ ਲੱਭਦੇ ਲੁਭਾਉਂਦੇ ਆਖਿਰ ਅਸੀਂ ਨੇਤਾ ਦੇ ਘਰ ਅੱਗੇ ਪਹੁੰਚ ਗਏ। ਗਲ਼ੀ ਬਹੁਤ ਤੰਗ ਸੀ, ਕੇਵਲ ਸਕੂਟਰ ਹੀ ਲੰਘ ਸਕਦਾ ਸੀ। ਛੋਟਾ ਜਿਹਾ ਘਰ, ਦੋਵੇਂ ਪਾਸੇ ਬੈਠਕਾਂ ਤੇ ਵਿਚਾਲੇ ਰਾਹਦਾਰੀ।
ਨੇਤਾ ਜੀ ਘਰ ਹੀ ਸਨ। ਉਨ੍ਹਾਂ ਬੈਠਕ ਦਾ ਦਰਵਾਜ਼ਾ ਖੋਲ੍ਹ ਕੇ ਸਾਨੂੰ ਇਸ਼ਾਰਾ ਬੈਠਣ ਦਾ ਇਸ਼ਾਰਾ ਕਰ ਦਿੱਤਾ। ਬੈਠਕ ਵਿੱਚ ਆਲ਼ੇ ਦੁਆਲ਼ੇ ਨਿਗਾਹ ਮਾਰੀ। ਲੋਹੇ ਦੇ ਸਰੀਏ ਨੂੰ ਗੋਲ ਕਰਕੇ ਬਣਾਈਆਂ ਕੁਰਸੀਆਂ ਸਨ, ਜਿਨ੍ਹਾਂ ਉਪਰ ਅਸੀਂ ਬੈਠ ਗਏ। ਅੱਗੇ ਇਕ ਮੇਜ਼ ਪਿਆ ਸੀ, ਨਾਲ ਹੀ ਸੂਤ ਦਾ ਮੰਜਾ ਸੀ, ਜਿਸ ਉੱਪਰ ਕੱਢੀ ਹੋਈ ਘਸਮੈਲੀ ਜਿਹੀ ਚਾਦਰ ਵਿਛੀ ਹੋਈ ਸੀ। ਕਾਨਸ ’ਤੇ ਨੇਤਾ ਜੀ ਦੀਆਂ ਕੁੱਝ ਹਾਈ ਕਮਾਂਡ ਦੇ ਨੇਤਾਵਾਂ ਨਾਲ ਫੋਟੋਆਂ ਪਈਆਂ ਸਨ। ਕਾਨਸ ਦੇ ਦੋਨਾਂ ਕਿਨਾਰਿਆਂ ’ਤੇ ਕਾਗਜ਼ ਦੇ ਫੁਲਾਂ ਦੇ ਗੁਲਦਸਤੇ ਪਏ ਸਨ।
ਸਾਡੇ ਦੇਖਦਿਆਂ ਦੇਖਦਿਆਂ ਇਕ ਲੜਕਾ ਸਟੀਲ ਦੇ ਗਲਾਸਾਂ ਵਿੱਚ ਪਾਣੀ ਲੈ ਆਇਆ। ਐਨੇ ਵਿੱਚ ਨੇਤਾ ਜੀ ਸਿਰ ਤੇ ਚਾਰ ਖਾਨੇ ਦਾ ਪਰਨਾਂ ਬੰਨ੍ਹ ਕੇ ਆ ਕੇ ਮੰਜੇ ’ਤੇ ਬੈਠ ਗਏ। ਸ਼ਿਸ਼ਟਾਚਾਰ ਅਨੁਸਾਰ ਸਾਡਾ ਹਾਲ ਚਾਲ ਪੁੱਛਿਆ। ਹੋਰ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ। ਇਸ ਦੌਰਾਨ ਚਾਹ ਆ ਗਈ। ਸਟੀਲ ਦੇ ਕੱਪਾਂ ਵਿੱਚ ਚਾਹ ਅਤੇ ਨਾਲ ਬਿਸਕੁਟਾਂ ਦਾ ਪੈਕਟ, ਜਿਹੜਾ ਅਜੇ ਖੋਲ੍ਹਿਆ ਨਹੀਂ ਸੀ। ਨੇਤਾ ਜੀ ਨੇ ਪੈਕਟ ਖੋਲ੍ਹ ਕੇ ਚਾਹ ਸਾਨੂੰ ਪੇਸ਼ ਕੀਤੀ। ਚਾਹ ਦੀਆਂ ਘੁੱਟਾਂ ਭਰਦਿਆਂ ਮੇਰੇ ਮਿੱਤਰ ਨੇ ਆਪਣੀ ਗੱਲ ਛੇੜੀ। ਨੇਤਾ ਜੀ ਨੇ ਬੜਾ ਵਧੀਆ ਹੁੰਗਾਰਾ ਭਰਿਆ ਤੇ ਵਿਸ਼ਵਾਸ ਦਵਾਇਆ ਕਿ ਉਹ ਅਗਲੇ ਹਫਤੇ ਦਿੱਲੀ ਜਾ ਰਹੇ ਹਨ, ਹਾਈ ਕਮਾਂਡ ਨਾਲ ਜਰੂਰ ਗੱਲ ਕਰਨਗੇ। ਇਸ ਹੌਸਲੇ ਵਿੱਚ ਬਾਕੀ ਬਚੀ ਚਾਹ ਕਾਹਲੀ ਕਾਹਲੀ ਪੀ ਕੇ, ਕੁਵੇਲਾ ਹੁੰਦਾ ਵੇਖ ਅਸੀਂ ਨੇਤਾ ਜੀ ਤੋਂ ਆਗਿਆ ਲਈ ਤੇ ਆਪਣੇ ਸ਼ਹਿਰ ਵੱਲ ਚਾਲੇ ਪਾ ਦਿੱਤੇ।
ਆਉਂਦੀ ਚੋਣ ਲਈ ਨੇਤਾ ਜੀ ਨੂੰ ਐੱਮ ਐੱਲ ਏ ਦੀ ਟਿਕਟ ਮਿਲ ਗਈ। ਹਵਾ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਸੀ। ਨੇਤਾ ਜੀ ਭਾਰੀ ਵੋਟਾਂ ਨਾਲ ਚੋਣ ਜਿੱਤ ਗਏ। ਹਾਈ ਕਮਾਂਡ ਦਾ ਸਿਰ ’ਤੇ ਹੱਥ ਸੀ, ਮੰਤਰੀ ਬਣ ਗਏ ਤੇ ਮਹਿਕਮਾ ਵੀ ਮਲ਼ਾਈਦਾਰ ਮਿਲ ਗਿਆ।
ਸਾਡੇ ਮਿੱਤਰ ਦਾ ਤਾਂ ਕੁਝ ਨਹੀਂ ਬਣਿਆ ਪਰ ਨੇਤਾ ਜੀ ਪੰਜਾਂ ਸਾਲਾਂ ਬਾਅਦ ਕਰੋੜਾਂ ਪਤੀ ਬਣ ਗਏ। ਮਿੱਤਰ ਅਸਾਡਾ ਰਾਜਨੀਤੀ ਵਿੱਚ ਪੈਂਠ ਬਣਾਉਂਦਾ ਬਣਾਉਂਦਾ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ। ਨੇਤਾ ਜੀ ਦੀ ਅੱਜ ਉਸ ਸ਼ਹਿਰ ਵਿੱਚ ਇੱਕ ਏਕੜ ਵਿੱਚ ਕੋਠੀ ਹੈ। ਕਮਾਂਡੋ ਗਾਰਦ ਦਿਨ ਰਾਤ ਕੋਠੀ ਦੇ ਆਲ਼ੇ ਦੁਆਲ਼ੇ ਪਹਿਰਾ ਦਿੰਦੀ ਹੈ। ਗੇਟ ’ਤੇ ਖੜਕਾ ਸੁਣਕੇ ਅੰਦਰੋਂ ਖੂੰਖਾਰ ਕੁੱਤੇ ਭੌਂਕਦੇ ਹਨ। ਜੇਕਰ ਕੋਈ ਵਕਤ ਦਾ ਮਾਰਿਆ ਫਰਿਆਦ ਲੈ ਕੇ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਨੇਤਾ ਜੀ ਦਿੱਲੀ ਗਏ ਹੋਏ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3933)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)