“ਜੀਵਨ ਵਿੱਚ ਮੌਜ ਮੇਲਾ ਕਰਨ ਦਾ ਕਦੇ ਸਮਾਂ ਮਿਲੇਗਾ? ਮਿਲੇਗਾ ਵੀ ਜਾਂ ਨਹੀਂ? ਇਹ ਸੋਚਦਾ ਲੱਖਪਤ ...”
(3 ਮਈ 2022)
ਮਹਿਮਾਨ: 51.
ਲੱਖਪਤ ਨੂੰ ਉੱਠਣ ਵਿੱਚ ਅੱਜ ਦੇਰੀ ਹੋ ਗਈ। ਰਾਤੀਂ ਪਿਛਲੇ ਦਿਨ ਦਾ ਨਾਮਾ ਕਰਦੇ ਨੂੰ ਬਹੁਤ ਰਾਤ ਹੋ ਗਈ ਸੀ। ਅੱਜ ਕੱਲ੍ਹ ਅੱਸੂ ਦੇ ਨਰਾਤੇ ਚੱਲ ਰਹੇ ਸਨ, ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ। ਅੱਗੇ ਫਿਰ ਤਾਰਾ ਲੱਗਣ ਤੋਂ ਪਹਿਲਾਂ ਬਹੁਤ ਵਿਆਹ ਸਨ। ਮਿੱਠਾ ਮਿੱਠਾ ਮੌਸਮ ਹੋਣ ਕਰਕੇ ਲੋਕ ਖੁਸ਼ੀ ਦੇ ਹੋਰ ਮੌਕਿਆਂ ਉੱਤੇ ਪ੍ਰੋਗਰਾਮ ਕਰ ਲੈਂਦੇ ਸਨ। ਸਾਰੇ ਤਿਉਹਾਰ ਵੀ ਅੱਗੇ ਅੱਗੇ ਸਨ। ਕਰੋਨਾ ਦਾ ਕਹਿਰ ਖ਼ਤਮ ਹੋਣ ਕਿਨਾਰੇ ਹੋਣ ਕਰਕੇ ਵਧੀਆ ਸੀਜ਼ਨ ਲੱਗਣ ਦੀ ਸੰਭਾਵਨਾ ਸੀ।
ਕੱਲ੍ਹ ਵੀ ਦੋ ਤਿੰਨ ਵਿਆਹਾਂ ਦਾ ਤੇ ਅਖੰਡ ਪਾਠਾਂ ਦਾ ਸਾਮਾਨ ਭੁਗਤਾ ਕੇ ਹਟੇ ਸੀ ਅਤੇ ਹੋਰ ਵੀ ਕਈ ਸੌਦੇ ਦੇ ਪਰਚੇ ਆਏ ਪਏ ਸਨ, ਉਨ੍ਹਾਂ ਦੀ ਤਿਆਰੀ ਵੀ ਕਰਨੀ ਸੀ। ਜਿਹੜਾ ਕੁਝ ਸਾਮਾਨ ਘਟਦਾ ਵਧਦਾ ਦਿਸਦਾ ਸੀ, ਉਸ ਲਈ ਥੋਕ ਦੇ ਵਪਾਰੀਆਂ ਨੂੰ ਰਾਤੀਂ ਫ਼ੋਨ ਵੀ ਕਰ ਦਿੱਤੇ ਸਨ ਕਿਉਂਕਿ ਸੀਜ਼ਨ ਦੇ ਸ਼ੁਰੂ ਹੋਣ ਕਰਕੇ ਤੇ ਲੋੜ ਮੁਤਾਬਿਕ ਸਾਮਾਨ ਪੂਰਾ ਰੱਖਣਾ ਸੀ। ਇੱਕ ਗੱਲੋਂ ਤਾਂ ਮਨ ਖ਼ੁਸ਼ ਸੀ ਕਿ ਐਤਕੀਂ ਸਾਲ ਡੇਢ ਸਾਲ ਬਾਅਦ ਵਧੀਆ ਕੰਮ ਚੱਲਣ ਦੀ ਆਸ ਸੀ। ਪਰ ਪ੍ਰੇਸ਼ਾਨੀ ਵੀ ਮਹਿਸੂਸ ਹੋ ਰਹੀ ਸੀ।
ਲੱਖਪਤ ਨੇ ਫਟਾਫਟ ਇਸ਼ਨਾਨ ਕੀਤਾ, ਚਾਹ ਦਾ ਕੱਪ ਪੀਤਾ। ਦੇਰੀ ਹੋਣ ਕਰਕੇ ਨਾਸ਼ਤੇ ਦਾ ਸਮਾਂ ਵੀ ਨਹੀਂ ਮਿਲਿਆ। ਨਾਸ਼ਤਾ ਘਰਦਿਆਂ ਨੂੰ ਦੁਕਾਨ ਉੱਤੇ ਭੇਜਣ ਲਈ ਕਹਿ ਕੇ ਲੱਖਪਤ ਸਕੂਟਰੀ ਚੱਕੀ ਤੇ ਦੁਕਾਨ ਵੱਲ ਨੂੰ ਤੁਰ ਪਿਆ। ਅਜੇ ਤਕ ਦੋ ਕਰੇਂਦੇ ਹੀ ਆਏ ਸਬ। ਸਫ਼ਾਈ ਕਰਕੇ ਲਗਭਗ ਦੁਕਾਨ ਸਜ਼ਾ ਲਈ ਤੇ ਪਰਚਿਆਂ ਦਾ ਸੌਦਾ ਪਾਉਣਾ ਸ਼ੁਰੂ ਕੀਤਾ। ਗਾਹਕ ਵੀ ਆਉਣੇ ਸ਼ੁਰੂ ਹੋ ਗਿਆ। ਕੰਮ ਤਕਰੀਬਨ ਰੁੜ੍ਹ ਪਿਆ। ਵਿੱਚੋਂ ਵਿੱਚ ਥੋਕ ਵਪਾਰੀਆਂ ਦੇ ਪੈਮੈਂਟਾਂ ਲਈ ਫੋਨ ਵੀ ਆਉਣ ਲੱਗ ਪਏ।
ਨਾਸ਼ਤਾ ਲੱਖਪਤ ਦਾ ਘਰੋਂ ਆ ਗਿਆ ਪਰ ਖਾਣ ਦੀ ਵਿਹਲ ਨਹੀਂ ਮਿਲ਼ ਰਹੀ ਸੀ। ਇੱਕ ਡੇਢ ਵਜੇ ਤਕ ਕੰਮ ਪੂਰਾ ਭਖ ਗਿਆ। ਚਿੰਤਾ ਦੀ ਗੱਲ ਇਹ ਸੀ ਕਿ ਅੱਜ ਦੋ ਕਰੇਂਦੇ ਘਰੇ ਅਚਾਨਕ ਕੰਮ ਹੋਣ ਕਰਕੇ ਆਏ ਨਹੀਂ। ਲੱਖਪਤ ਦੀ ਪ੍ਰੇਸ਼ਾਨੀ ਵਧ ਰਹੀ ਸੀ। ਕਦੇ ਕਦੇ ਉੱਠ ਕੇ ਸੌਦਾ ਉਸ ਨੂੰ ਖੁਦ ਪਾਉਣਾ ਪੈਂਦਾ। ਇੱਕ ਮੁਅਜਜ਼ ਗਾਹਕ ਕਈ ਦਿਨਾਂ ਤੋਂ ਵਾਪਸ ਮੁੜ ਰਿਹਾ ਸੀ। ਉਸ ਨੂੰ ਕਿਸੇ ਕੰਪਨੀ ਦਾ ਗਊ ਦਾ ਘੀ ਚਾਹੀਦਾ ਸੀ। ਅੱਜ ਉਹ ਫਿਰ ਆ ਧਮਕਿਆ। ਲੱਖਪਤ ਦੀਆਂ ਪੁੜਪੁੜੀਆਂ ਵਿੱਚ ਹੋਰ ਪੀੜ ਸ਼ੁਰੂ ਹੋ ਗਈ। ਉਹ ਗਾਹਕ ਨੂੰ ਕੀ ਦੱਸੇ ਕਿ ਪਿੱਛੋਂ ਥੋਕ ਵਪਾਰੀ ਨੇ ਇਸ ਵਾਰ ਉਹ ਘੀ ਫਿਰ ਨਹੀਂ ਪਾਇਆ। ਲੱਖਪਤ ਨੇ ਬਹੁਤ ਕਿਹਾ ਕਿ ਹੋਰ ਉਹਤੋਂ ਵੀ ਵਧੀਆ ਕੰਪਨੀਆਂ ਦਾ ਘੀ ਪਿਆ, ਲੈ ਜਾ ਪਰ ਗਾਹਕ ਨੂੰ ਤਸੱਲੀ ਨਾ ਹੋਈ। ਉਹ ਬੁੜਬੁੜ ਕਰਦਾ ਚਲਾ ਗਿਆ।
ਇੱਕ ਗਾਹਕਾਂ ਦੀ ਭੀੜ ਦੂਜਾ ਉਸ ਗਾਹਕ ਦੀ ਨਰਾਜ਼ਗੀ, ਲੱਖਪਤ ਤਿਲਮਿਲਾ ਉੱਠਿਆ। ਫਿਰ ਰੇਹੜੀ ਵਾਲਾ ਭਈਆ ਆ ਗਿਆ। ਕਹਿਣ ਲੱਗਾ, ਲੱਖੂ ਬਾਬੂ ਜੀ! ਗੁਦਾਮ ਸੇ ਚਾਰ ਕੱਟੇ ਚੀਨੀ ਲਾਇਆ ਹੂੰ, ਉਸ ਕਾ ਕਿਰਾਇਆ ਪੰਤਾਲੀ ਰੁਪਏ ਦੇ ਦੋ। ਲੱਖਪਤ ਨੇ ਅੱਕੇ ਹੋਏ ਨੇ ਉਸ ਦੇ ਹੱਥ ਉੱਤੇ ਚਾਲ਼ੀ ਰੁਪਏ ਧਰ ਦਿੱਤੇ।
“ਬਾਬੂ ਜੀ! ਪੂਰੇ ਪੈਸੇ ਦੋ, ਪਹਿਲੇ ਹੀ ਆਪ ਨੇ ਪਾਂਚ ਪਾਂਚ ਰੁਪਏ ਕਰਕੇ ਕਿੰਨੇ ਵਾਰ ਕਾਟ ਲੀਏ।” ਬਾਬੂ ਦਾ ਪਾਰਾ ਚੜ੍ਹੀ ਜਾਵੇ। ਉਸ ਨੇ ਭਈਏ ਦੇ ਹੱਥ ਉੱਤੇ ਦਸ ਰੁਪਏ ਰੱਖ ਕੇ ਉੱਚੀ ਆਵਾਜ਼ ਵਿੱਚ ਕਿਹਾ, “ਜਾਹ ਦਫ਼ਾ ਹੋ ਜਾ ਇੱਥੋਂ।” ਕਹਿਣਾ ਤਾਂ ਉਹ ਹੋਰ ਵੀ ਕੁਝ ਚਾਹੁੰਦਾ ਸੀ ਪਰ ਗਾਹਕਾਂ ਨੂੰ ਵੇਖ ਕੇ ਗੁੱਸਾ ਅੰਦਰ ਹੀ ਅੰਦਰ ਪੀ ਗਿਆ। ਹੋ ਸਕਦਾ ਹੈ ਦੇਖਣ ਵਾਲਿਆਂ ਨੂੰ ਲੱਖਪਤ ਨੂੰ ਦੇਖ ਕੇ ਤਰਸ ਆਉਂਦਾ ਹੋਵੇ ਪਰ ਆਮ ਲੋਕਾਂ ਨੂੰ ਉਸ ਦੀ ਪ੍ਰੇਸ਼ਾਨੀ ਦਾ ਪਤਾ ਨਹੀਂ ਲੱਗ ਸਕਦਾ ਸੀ। ਕਦੇ ਉਹ ਦੇਣ ਵਾਲੇ ਸੌਦੇ ਦੀ ਲਿਸਟ ਬਣਾਉਣ ਲੱਗਦਾ, ਕਦੇ ਪੈਸੇ ਕੱਟਣ ਲਗਦਾ ਜਾਂ ਫਿਰ ਪੈਨਸਿਲ ਮੂੰਹ ਵਿੱਚ ਪਾ ਕੇ ਚੱਬਣਾ ਲੱਗ ਪੈਂਦਾ।
ਲੱਖਪਤ ਨੂੰ ਗੈਰ ਹਾਜ਼ਰ ਕਰਿੰਦਿਆਂ ’ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਇੱਕ ਨੂੰ ਉਸ ਨੇ ਬੈਂਕ ਵਿੱਚ ਕੱਲ੍ਹ ਦੀ ਵੱਟਤ ਜਮ੍ਹਾਂ ਕਰਵਾਉਣ ਭੇਜਣਾ ਸੀ ਤਾਂ ਕਿ ਵਪਾਰੀਆਂ ਨੂੰ ਚੈੱਕ ਕੱਟ ਸਕੇ। ਪਰ ਅੱਜ ਸਾਰਾ ਕੁਝ ਧਰਿਆ ਧਰਾਇਆ ਹੀ ਰਹਿ ਗਿਆ। ਲੱਖਪਤ ਦੇ ਮਨ ਦੀ ਸ਼ਾਂਤੀ ਦੁਕਾਨ ਵਿੱਚ ਪੂਰਾ ਸੌਦਾ, ਕਰਿੰਦਿਆਂ ਦਾ ਸਹੀ ਢੰਗ ਨਾਲ ਕੰਮ ਕਰਨਾ, ਗਾਹਕਾਂ ਨਾਲ ਚੰਗ਼ਾ ਵਰਤਾਓ, ਸਮੇਂ ਸਿਰ ਉਨ੍ਹਾਂ ਨੂੰ ਸੌਂਦੇ ਦਾ ਭੁਗਤਾਨ, ਇਨ੍ਹਾਂ ਸਾਰੀਆਂ ਗੱਲਾਂ ਉੱਤੇ ਨਿਰਭਰ ਸੀ। ਕਰਿੰਦਿਆਂ ਨੂੰ ਵਾਰ ਵਾਰ ਸਮਝਾਉਣ, ਗ਼ਲਤੀਆਂ ਕਰਨ ਤੋਂ ਰੋਕਣਾ ਆਦਿ ਵਿੱਚ ਲੱਖਪਤ ਨੂੰ ਬਹੁਤ ਮਗ਼ਜ਼ ਖਪਾਈ ਕਰਨੀ ਪੈਂਦੀ ਸੀ। ਅੱਜ ਦੋ ਜਣੇ ਨਾ ਆਉਣ ਕਾਰਨ ਹੋਰ ਵੀ ਜ਼ਿਆਦਾ ਦਿਮਾਗ ਚੱਟਿਆ ਜਾ ਰਿਹਾ ਸੀ।
ਦੋ ਕੁ ਵਜੇ ਥੋੜ੍ਹੀ ਵਿਹਲ ਹੋਈ ਤਾਂ ਲੱਖਪਤ ਨੇ ਇੱਕ ਇੱਕ ਕਰਕੇ ਮੁੰਡਿਆਂ ਨੂੰ ਰੋਟੀ ਦਾ ਕੰਮ ਨਿਬੇੜਨ ਲਈ ਕਿਹਾ ਤੇ ਆਪ ਵੀ ਫਟਾਫਟ ਘਰੋਂ ਆਏ ਦੋ ਫੁਲਕੇ ਗਰਲ਼ ਗਰਲ਼ ਅੰਦਰ ਸੁੱਟ ਲਏ। ਅੱਜ ਤਾਂ ਕੰਮ ਦੀ ਭੂਤਨੀ ਭੁੱਲੀ ਪਈ ਸੀ। ਦੇਖਣ ਵਾਲ਼ੇ ਸ਼ਾਇਦ ਸੋਚਦੇ ਹੋਣ ਕਿ ਲੱਖਪਤੀ ਨੂੰ ਬੜੀ ਕਮਾਈ ਹੈ, ਵਧੀਆ ਦੋ ਕਰੋੜ ਦੀ ਕੋਠੀ ਪਾ ਰੱਖੀ ਹੈ, ਜੁਆਕ ਵੀ ਸ਼ਿਮਲੇ ਕਸੌਲੀ ਪੜ੍ਹਦੇ ਨੇ ਤੇ ਹੋਰ ਵੀ ਪ੍ਰਾਪਰਟੀ ਲੈ ਵੇਚ ਦਾ ਕਾਰੋਬਾਰ ਹੈ। ਪਰ ਲੋਕ ਉਸ ਦੇ ਅੰਦਰ ਦੇ ਭੰਬਲਭੂਸੇ ਨੂੰ ਨਹੀਂ ਸਮਝ ਰਹੇ ਸਨ। ਲੱਖਪਤ ਸੋਚਦਾ ਕਿ ਅੱਮਣ ਮੱਤੀ ਮਾਇਆ ਦਾ ਵੀ ਕੀ ਕਰਨਾ। ਜਾਨ ਤਾਂ ਸਾਰਾ ਦਿਨ ਨਿੜ੍ਹਿੰਨਵੇਂ ਦੇ ਗੇੜ ਵਿੱਚ ਪਈ ਰਹਿੰਦੀ ਹੈ, ਸਿਰ ਖੁਰਕਣ ਦੀ ਵਿਹਲ ਨਹੀਂ ਤੇ ਨਾ ਹੀ ਮਰਨ ਦੀ ਵਿਹਲ ਹੈ। ਆਹ ਸਰਕਾਰੀ ਨੌਕਰੀਆਂ ਵਾਲੇ ਨਜ਼ਾਰੇ ਲੈਂਦੇ ਨੇ। ਸਾਲ ਵਿੱਚ ਛੁੱਟੀਆਂ ਹੀ ਛੁੱਟੀਆਂ। ਉੱਪਰੋਂ ਰਿਸ਼ਵਤ ਦੀ ਕਮਾਈ ਅੱਡ ਤੇ ਪਹਾੜਾਂ ਤੇ ਸੈਲ ਸਪੱਟੇ ਮੁਫ਼ਤ ਦੇ। ਪਰ ਉਸ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਕੋਠੀਆਂ, ਕਾਰਾਂ ਅਤੇ ਘਰ ਦਾ ਹੋਰ ਸਾਜ਼ੋ ਸਾਮਾਨ ਸਭ ਬੈਂਕਾਂ ਦੀਆਂ ਕਿਸ਼ਤਾਂ ਉੱਪਰ ਹੈ।
ਲੱਖਪਤ ਨੂੰ ਇੱਥੋਂ ਦੁਕਾਨ ਤੋਂ ਉੱਠ ਕੇ ਕਦੇ ਕਦੇ ਪਿਸ਼ਾਬ ਕਰਨ ਦੀ ਵਿਹਲ ਨਹੀਂ ਮਿਲਦੀ। ਕਈ ਵਾਰ ਰਿਸ਼ਤੇਦਾਰਾਂ ਦੇ ਖੁਸ਼ੀ ਜਾਂ ਗਮੀ ਵਿੱਚ ਜਾਣ ਲਈ ਸਮਾਂ ਨਹੀਂ ਮਿਲਦਾ। ਅੱਧੋਂ ਵੱਧ ਤਾਂ ਨਾਰਾਜ਼ ਹੀ ਰਹਿੰਦੇ ਹਨ। ਲੱਖਪਤ ਆਪਣੇ ਮਨ ਨੂੰ ਲਾਹਨਤਾਂ ਪਾਉਂਦਾ ਕਿ ਇਹ ਵੀ ਕੋਈ ਜ਼ਿੰਦਗੀ ਹੈ? ਨਾ ਦਿਨ ਨੂੰ ਸ਼ਾਂਤੀ ਨਾ ਰਾਤ ਨੂੰ ਚੈਨ, ਨਾ ਕੋਈ ਆਨੰਦ ਦੇ ਦੋ ਪਲ਼, ਜੀਵਨ ਵਿੱਚ ਮੌਜ ਮੇਲਾ ਕਰਨ ਦਾ ਕਦੇ ਸਮਾਂ ਮਿਲੇਗਾ? ਮਿਲੇਗਾ ਵੀ ਜਾਂ ਨਹੀਂ? ਇਹ ਸੋਚਦਾ ਲੱਖਪਤ ਫਿਰ ਆਪਣੇ ਕੰਮ ਵਿੱਚ ਲੱਗ ਗਿਆ।। ਉਸ ਨੇ ਪੱਕਾ ਮਨ ਬਣਾਇਆ ਕਿ ਉਹ ਅੱਜ ਸਾਰੇ ਪਰਚਿਆਂ ਦਾ ਸੌਦਾ ਪਵਾਕੇ ਕੰਮ ਨਿਬੇੜਨ ਦੀ ਕੋਸ਼ਿਸ਼ ਕਰੇਗਾ ਤਾਂ ਕਿ ਕੱਲ੍ਹ ਨੂੰ ਕੋਈ ਟੈਂਸ਼ਨ ਨਾ ਰਹੇ। ਉਸ ਨੇ ਦੋਨੋਂ ਕਰੇਂਦਿਆਂ ਨਾਲ ਲੱਗ ਲਗਾਕੇ ਸ਼ਾਮ ਤਕ ਸਾਰਾ ਸੌਦਾ ਭੁਗਤਾ ਦਿੱਤਾ। ਨਾਲੋ ਨਾਲ ਰੁਟੀਨ ਗਾਹਕਾਂ ਨੂੰ ਵੀ ਭੁਗਤਾਉਂਦਾ ਰਿਹਾ। ਉਸ ਨੂੰ ਲੱਗ ਰਿਹਾ ਸੀ ਕਿ ਕੰਮ ਹੁਣ ਕੰਟਰੋਲ ਵਿੱਚ ਹੋ ਗਿਆ ਸੀ।
ਸ਼ਾਮ ਨੂੰ ਅੱਠ ਕੁ ਵਜੇ ਮੁੰਡਿਆਂ ਨੂੰ ਸੌਦੇ ਦੀ ਸੈਟਿੰਗ ਕਰਕੇ ਤੇ ਬਾਹਰ ਲੱਗਿਆ ਸਾਮਾਨ ਢੰਗ ਨਾਲ ਅੰਦਰ ਚਿਣਕੇ ਰੱਖਣ ਲਈ ਕਹਿ ਕੇ ਤਾਂ ਕਿ ਤੜਕੇ ਦੁਬਾਰਾ ਸਾਮਾਨ ਬਾਹਰ ਕੱਢਣ ਵਿੱਚ ਦਿੱਕਤ ਪੇਸ਼ ਨਾ ਆਵੇ, ਆਪ ਆਪਣਾ ਕੈਸ਼ ਇਕੱਠਾ ਕਰਨ ਲੱਗ ਪਿਆ। ਨਾਲ ਹੀ ਉਧਾਰ ਵਾਲ਼ੀਆਂ ਪਰਚੀਆਂ ਇਕੱਠੀਆਂ ਕਰਕੇ ਲਿਸਟ ਬਣਾਉਣ ਲੱਗ ਪਿਆ। ਕਰਦੇ ਕਰਾਉਂਦੇ ਨੌਂ ਵੱਜਣ ਵਾਲੇ ਹੋ ਗਏ। ਐਨੇ ਵਿੱਚ ਸ਼ਹਿਰ ਦੀ ਕੀਰਤਨ ਮੰਡਲੀ ਦੇ ਅਹੁਦੇਦਾਰ ਆ ਧਮਕੇ। ਉਹਨਾਂ ਨੇ ਨੈਣਾਂ ਦੇਵੀ ਮੰਦਰ ਉੱਪਰ ਜਗਰਾਤਾ ਕਰਨ ਤੇ ਉੱਥੇ ਲੰਗਰ ਲਾਉਣ ਲਈ ਰਾਸ਼ਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚਾਹੀਦਾ ਵੀ ਹੁਣੇ ਹੈ। ਉਨ੍ਹਾਂ ਨੂੰ ਦੇਖ ਕੇ ਲੱਖਪਤ ਨੂੰ ਇੱਕ ਚੜ੍ਹੇ ਇੱਕ ਉੱਤਰੇ। ਪਰ ਸ਼ਹਿਰ ਦੀ ਮਸ਼ਹੂਰ ਮੰਡਲੀ ਤੇ ਪੱਕੇ ਗਾਹਕਾਂ ਨੂੰ ਲੱਖਪਤ ਜਵਾਬ ਵੀ ਨਾ ਦੇ ਸਕਿਆ।
ਕਰਿੰਦੇ ਅਜੇ ਗਏ ਨਹੀਂ ਸਨ। ਲੱਖਪਤ ਨੇ ਉਨ੍ਹਾਂ ਨੂੰ ਮਿੰਨਤ ਕਰਕੇ ਰੋਕਿਆ ਤੇ ਕੀਰਤਨ ਮੰਡਲੀ ਦਾ ਸਾਮਾਨ ਪਾਉਣਾ ਸ਼ੁਰੂ ਕਰ ਦਿੱਤਾ। ਨਾਲ ਆਪ ਵੀ ਲੱਗਿਆ। ਸਾਰਾ ਕੰਮ ਨਿਪਟਾਉਂਦਿਆਂ ਨੂੰ ਦਸ ਵੱਜ ਗਏ। ਲੱਖਪਤ ਨੇ ਦੁਕਾਨ ਵਧਾਈ, ਨਕਦੀ ਤੇ ਉਧਾਰ ਵਾਲੀਆ ਪਰਚੀਆਂ ਦੀ ਡਾਇਰੀ ਝੋਲ਼ੇ ਵਿੱਚ ਪਾਈ ਤੇ ਘਰ ਵੱਲ ਨੂੰ ਜਾ ਰਿਹਾ ਸੋਚਦਾ ਜਾ ਰਿਹਾ ਸੀ ਕਿ ਜਾ ਕੇ ਫਿਰ ਨਾਮਾ ਕਰਾਂਗਾ, ਨਕਦੀ ਦੀ ਵਿਧ ਮਿਲਾਵਾਂਗਾ, ਜੇ ਪਹਿਲੀ ਵਾਰ ਵਿਧ ਨਾ ਮਿਲ਼ੀ ਤਾਂ ਪਤਾ ਨਹੀਂ ਸੋਚਣ ਅਤੇ ਯਾਦ ਕਰ ਕੇ ਮਿਲਾਉਣ ਤੇ ਖ਼ਬਰੇ ਕਿੰਨਾ ਟਾਈਮ ਲੱਗ ਜਾਵੇ। ਇਸੇ ਉਲਝੀ ਤਾਣੀ ਵਿੱਚ ਉਲਝਿਆ ਉਹ ਘਰ ਵੜਿਆ। ਕਿਸੇ ਨੂੰ ਉਸ ਦੀ ਫ਼ਿਕਰ ਨਹੀਂ। ਸਭ ਆਪਣੇ ਆਪਣੇ ਕਮਰਿਆਂ ਵਿੱਚ ਬੈਠੇ ਟੀਵੀ ਵੇਖ ਰਹੇ ਹਨ। ਇਹ ਵੇਖ ਕੇ ਲੱਖਪਤ ਨੂੰ ਹੋਰ ਚਿੱਪ ਚੜ੍ਹ ਗਈ। ਉਹ ਧੜ੍ਹਮ ਦੇ ਕੇ ਆਪਣੇ ਬੈੱਡ ਉੱਤੇ ਖ਼ਲ਼ ਦੀ ਬੋਰੀ ਵਾਂਗ ਡਿਗ ਪਿਆ। ਇਸੇ ਘੁੰਮਣਘੇਰੀ ਵਿੱਚ ਉਸ ਨੂੰ ਪਤਾ ਨਹੀਂ ਕਦ ਨੀਂਦ ਆ ਗਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3543)
(ਸਰੋਕਾਰ ਨਾਲ ਸੰਪਰਕ ਲਈ: