“ਉਸਦੀ ਗੱਲ੍ਹ ਲਾਲ ਹੋ ਗਈ ਤੇ ਚੱਪਲ ਦਾ ਨਕਸ਼ਾ ਜਿਹਾ ਛਪ ਗਿਆ। ਸਾਰਾ ਟੱਬਰ ਮੇਰੇ ਗਲ਼ ਪੈ ਗਿਆ ...”
(11 ਅਕਤੂਬਰ 2023)
ਅੱਜਕੱਲ੍ਹ ਦੇ ਬੱਚਿਆਂ ਅਤੇ ਸੱਤਰ ਸਾਲ ਪਹਿਲਾਂ ਦੇ ਬੱਚਿਆਂ, ਜਦੋਂ ਅਸੀਂ ਬੱਚੇ ਹੁੰਦੇ ਸੀ, ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਪਹਿਲਾਂ ਬੱਚੇ ਜਿਹੜੀਆਂ ਭੈੜੀਆਂ ਆਦਤਾਂ (ਜਿਵੇਂ ਅੰਗੂਠਾ ਚੂਸਣਾ ਜਾਂ ਉਂਗਲ ਚੱਬਣਾ, ਨਹੁੰਆਂ ਨੂੰ ਕੁਤਰਦੇ ਰਹਿਣਾ, ਨੱਕ ਵਿੱਚ ਉਂਗਲ ਮਾਰਦੇ ਰਹਿਣਾ, ਕੱਚ ਦੀਆਂ ਗੋਲ਼ੀਆਂ ਖੇਡਣਾ, ਸਕੂਲ ਪੜ੍ਹਨ ਸਮਾਂ ਸਲੇਟੀ ਜਾਂ ਚਾਕ ਖਾਈ ਜਾਣਾ, ਕਲਮ ਜਾਂ ਪੈਨਸਿਲ ਦੇ ਸਿਰੇ ਨੂੰ ਚੱਬਦੇ ਰਹਿਣਾ, ਛੋਟੀ ਉਮਰ ਵਿੱਚ ਗਾਲ੍ਹ ਕੱਢਣਾ, ਆਹ ਨਹੀਂ ਲੈਣਾ, ਔਹ ਨਹੀਂ ਲੈਣਾ, ਗੱਲ ਗੱਲ ’ਤੇ ਰੁੱਸ ਕੇ ਜ਼ਮੀਨ ’ਤੇ ਲਿਟਣਾ, ਜ਼ਿਦ ਕਰਨਾ ਅਤੇ ਖੁਦ ਸ਼ਰਾਰਤ ਕਰਕੇ ਦੂਜੇ ਦਾ ਨਾਂ ਲੈਣਾ, ਮਤਲਬ ਗੱਲ ਗੱਲ ’ਤੇ ਝੂਠ ਬੋਲਣਾ) ਦੇ ਸ਼ਿਕਾਰ ਹੁੰਦੇ ਸਨ। ਉਨ੍ਹਾਂ ਦਾ ਬੱਸ ਇੱਕੋ-ਇੱਕ ਇਲਾਜ ਹੁੰਦਾਸੀ – ਥੱਪੜ।ਇੱਕ ਕਰੜਾ ਜਿਹਾ ਥੱਪੜ ਪੈਂਦਿਆਂ ਸਾਰ ਦਿਨੇਂ ਤਾਰੇ ਨਜ਼ਰ ਆਉਣ ਲੱਗ ਜਾਂਦੇ। ਚਾਰ-ਪੰਜ ਦਿਨ ਦੀ ਲਗਾਤਾਰ ਥੱਪੜ ਪਰੇਡ ਨਾਲ ਆਦਤ ਸਦਾ ਲਈ ਛੁੱਟ ਜਾਂਦੀ।
ਪਰ ਅੱਜਕੱਲ੍ਹ ਦੇ ਬੱਚਿਆਂ ਨੂੰ ਨਾ ਸਕੂਲ ਵਿੱਚ ਨਾ ਘਰੇ, ਥੱਪੜ ਮਾਰਨਾ ਤਾਂ ਦੂਰ ਦੀ ਗੱਲ, ਘੂਰ ਵੀ ਨਹੀਂ ਸਕਦੇ। ਅੱਜਕੱਲ੍ਹ ਦੇ ਬੱਚਿਆਂ ਵਿੱਚ ਅੱਜ ਦੇ ਸਮੇਂ ਮੁਤਾਬਕ ਨਵੀਂ ਕਿਸਮ ਦੀਆਂ ਆਦਤਾਂ ਪੈ ਜਾਂਦੀਆਂ ਹਨ। ਇੰਟਰਨੈੱਟ ਦਾ ਜ਼ਮਾਨਾ ਹੈ, ਘਰ ਘਰ ਟੈਲੀਵਿਜ਼ਨ ਲੱਗੇ ਹੋਏ ਹਨ ਤੇ ਟੈਲੀਵਿਜ਼ਨ ਉੱਪਰ ਸੈਂਕੜਿਆਂ ਦੀ ਤਾਦਾਦ ਵਿੱਚ ਚੈਨਲ ਆਉਂਦੇ ਹਨ ਅਤੇ ਘਰ ਦੇ ਹਰ ਮੈਂਬਰ ਦੇ ਹੱਥ ਵਿੱਚ ਮੁਬਾਈਲ ਹੈ। ਇਸ ਤੋਂ ਇਲਾਵਾ ਵੀਡੀਓ ਗੇਮਾਂ, ਯੂਟਿਊਬ ਚੈਨਲਾਂ ਉੱਤੇ ਕਾਰਟੂਨਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਕਿਸਮਾਂ ਤੇ ਪੱਬਜੀ ਗੇਮਾਂ, ਪਤਾ ਨਹੀਂ ਹੋਰ ਕੀ ਕੀ ਬੱਚਿਆਂ ਦੀਆਂ ਆਦਤਾਂ ਵਿਗਾੜਨ ਲਈ ਪਰੋਸਿਆ ਜਾਂਦਾ ਹੈ। ਮਹਿੰਗਾਈ ਦਾ ਜ਼ਮਾਨਾ ਹੈ, ਬਹੁਤੇ ਬੱਚੇ ਪਾਲਣਾ ਹੁਣ ਦੂਰ ਦੀ ਕੌਡੀ ਹੋ ਚੁੱਕਿਆ ਹੈ। ਹਰ ਘਰ ਵਿੱਚ ਇੱਕ ਜਾਂ ਦੋ ਬੱਚੇ ਬੜੀ ਮੁਸ਼ਕਲ ਨਾਲ ਹੁੰਦੇ ਹਨ ਤੇ ਮਾਪੇ ਲਾਡ ਪਿਆਰ ਬਹੁਤ ਕਰਦੇ ਹਨ। ਮਾਂ-ਬਾਪ ਥੋੜ੍ਹੀ ਪੂੰਜੀ ਹੋਣ ਕਰਕੇ ਮਾਰਨਾ ਤਾਂ ਦੂਰ ਦੀ ਗੱਲ, ਘੂਰਦੇ ਵੀ ਨਹੀਂ। ਬਲਕਿ ਬੱਚਿਆਂ ਦੀ ਹਰ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਬੱਚਿਆਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਹਰ ਮੰਗ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਮੰਗਾਂ ਵਧਦੀਆਂ ਜਾਂਦੀਆਂ ਹਨ। ਸਭ ਤੋਂ ਵੱਧ ਮਾਵਾਂ ਬੱਚਿਆਂ ਨੂੰ ਵਿਗਾੜਦੀਆਂ ਹਨ। ਚਾਕਲੇਟ ਪਾਏ ਬਿਨਾਂ ਦੁੱਧ ਨਹੀਂ ਪੀਣਾ, ਚਿਪਸ, ਕੁਰਕੁਰੇ ਤੇ ਹੋਰ ਪਤਾ ਨਹੀਂ ਕੀ ਨਿੱਕ-ਸੁੱਕ ਖਾਂਦੇ ਰਹਿਣਾ ਬੱਚਿਆਂ ਦੀ ਆਦਤ ਬਣ ਜਾਂਦੀ ਹੈ। ਮਾਵਾਂ ਖ਼ੁਦ ਮੋਬਾਇਲ ’ਤੇ ਲੱਗੀਆਂ ਰਹਿੰਦੀਆਂ ਹਨ। ਕੰਮ ਕਰਦੇ ਸਮੇਂ ਛੋਟੇ ਬੱਚੇ ਵਿਘਨ ਨਾ ਪਾਉਣ, ਮਾਵਾਂ ਇਸ ਲਈ ਉਹਨਾਂ ਦੇ ਹੱਥ ਵਿੱਚ ਮੋਬਾਇਲ ਫੜਾ ਦਿੰਦੀਆਂ ਹਨ। ਜਾਂ ਫਿਰ ਘਰ ਦੇ ਕੰਮ ਕਰਦਿਆਂ ਕੋਈ ਦਿੱਕਤ ਨਾ ਆਵੇ, ਮਾਵਾਂ ਰੋਂਦੇ ਛੋਟੇ ਬੱਚਿਆਂ ਦੇ ਮੂੰਹ ਵਿੱਚ ਨਕਲੀ ਨਿੱਪਲ ਪਾ ਦਿੰਦੀਆਂ ਹਨ। ਨਿੱਪਲ ਪੈਂਦੇ ਸਾਰ ਹੀ ਨਿੱਕੇ ਬੱਚੇ ਚੁੱਪ ਕਰ ਜਾਂਦੇ ਹਨ। ਨਿੱਪਲ ਦੀ ਬੱਚੇ ਨੂੰ ਅਜਿਹੀ ਆਦਤ ਪੈ ਜਾਂਦੀ ਹੈ ਕਿ ਉਹ ਬੱਚਾ ਵੱਡਾ ਹੋਇਆ ਵੀ ਨਿੱਪਲ ਨਹੀਂ ਛੱਡਦਾ। ਅੱਜ ਕੱਲ੍ਹ ਬੱਚੇ ਇੰਨੇ ਵਿਗੜ ਗਏ ਹਨ ਕਿ ਬਿਨਾਂ ਮੋਬਾਇਲ ਦੇਖੇ ਰੋਟੀ ਜਾਂ ਦੁੱਧ-ਚਾਹ ਨਹੀਂ ਲੈਂਦੇ। ਹੌਲ਼ੀ ਹੌਲ਼ੀ ਇਹ ਆਦਤ ਵੀ ਪੱਕ ਜਾਂਦੀ ਹੈ।
1970-71 ਦੀ ਗੱਲ ਹੈ, ਮੇਰੇ ਚਾਚਾ ਜੀ ਦਾ ਪੰਜ ਕੁ ਸਾਲ ਦਾ ਪੁੱਤਰ ਗਾਲ੍ਹਾਂ ਬਹੁਤ ਕੱਢਿਆ ਕਰੇ। ਪਿੰਡ ਦੇ ਬੱਚਿਆਂ ਦੇ ਸੰਗ ਕਰਕੇ ਉਸਦੀ ਗਾਲ੍ਹ ਕੱਢਣ ਦੀ ਆਦਤ ਪੱਕ ਚੁੱਕੀ ਸੀ। ਸਾਂਝਾ ਪਰਿਵਾਰ ਸੀ, ਕੋਈ ਗੌਰ ਨਹੀਂ ਕਰਦਾ ਸੀ। ਘਰ ਵਿੱਚ ਉਹ ਛੋਟਾ ਬੱਚਾ ਹੋਣ ਕਾਰਨ ਸਾਰਿਆਂ ਨੇ ਚਮਲਾ ਰੱਖਿਆ ਸੀ। ਮੈਂ ਚੰਡੀਗੜ੍ਹ ਪੜ੍ਹਦਾ ਸੀ, ਛੁੱਟੀਆਂ ਵਿੱਚ ਪਿੰਡ ਆਇਆ। ਜਦੋਂ ਉਹ ਗਾਲ੍ਹ ਕੱਢਿਆ ਕਰੇ ਸਾਰੇ ਉਸ ਨੂੰ ਰੋਕਣ ਦੀ ਬਜਾਏ ਹੱਸ ਪਿਆ ਕਰਨ। ਮੈਨੂੰ ਬੜਾ ਮਹਿਸੂਸ ਹੁੰਦਾ ਪਰ ਕਰ ਕੁਝ ਨਹੀਂ ਸਕਦਾ ਸੀ। ਮੈਂ ਬੇਵੱਸ ਸੀ। ਕਈ ਦਿਨ ਮੈਂ ਦੇਖਦਾ ਰਿਹਾ। ਇੱਕ ਦਿਨ ਉਸ ਨੇ ਅਚਾਨਕ ਮੈਨੂੰ ਗਾਲ੍ਹ ਕੱਢ ਦਿੱਤੀ। ਮੈਨੂੰ ਬੜਾ ਗੁੱਸਾ ਚੜ੍ਹਿਆ। ਹੋਰ ਤਾਂ ਕੁਝ ਸੁੱਝਿਆ ਨਾ, ਮੇਰੇ ਪੈਰ ਵਿੱਚ ਬਾਟਾ ਦੀ ਚੱਪਲ ਪਾਈ ਹੋਈ ਸੀ, ਲਾਹ ਕੇ ਮੈਂ ਉਸਦੇ ਮੂੰਹ ’ਤੇ ਜੜ ਦਿੱਤੀ। ਕੂਲ਼ਾ ਜਿਹਾ ਮੂੰਹ ਹੋਣ ਕਰਕੇ ਉਸਦੀ ਗੱਲ੍ਹ ਲਾਲ ਹੋ ਗਈ ਤੇ ਚੱਪਲ ਦਾ ਨਕਸ਼ਾ ਜਿਹਾ ਛਪ ਗਿਆ। ਸਾਰਾ ਟੱਬਰ ਮੇਰੇ ਗਲ਼ ਪੈ ਗਿਆ। ਮੁੰਡਾ ਭੱਜ ਕੇ ਮੇਰੀ ਦਾਦੀ ਦੀ ਕੁੱਛੜ ਵਿੱਚ ਜਾ ਬੜਿਆ। ਮੇਰੀ ਅੰਬੋ ਮੈਨੂੰ ਕੋਸਦੀ ਹੋਈ ਕਹਿਣ ਲੱਗੀ, “ਹੈਂ! ਹੈਂ! ਬੇ! ਤੈਂ ਤਾਂ ਮੁੰਡੇ ਦੀ ਜਾਹ ਜਾਂਦੀ ਕਰ ਦਿੱਤੀ। ਮੁੰਡੇ ਦੀ ਗੱਲ਼ ਗੁਲਗਲੇ ਵਰਗੀ ਕਰ ਦਿੱਤੀ।”
ਮੈਂ ਵੀ ਘਬਰਾ ਗਿਆ ਤੇ ਮੇਰੀ ਲਾਹ-ਪਾਹ ਵੀ ਬਹੁਤ ਹੋਈ ਪਰ ਮਾਂ ਦੇ ਪੁੱਤ ਨੇ ਮੁੜਕੇ ਜ਼ਿੰਦਗੀ ਵਿੱਚ ਗਾਲ੍ਹ ਨਹੀਂ ਕੱਢੀ। ਹੁਣ ਵੀ ਜਦੋਂ ਮਿਲਦਾ ਹੈ ਮੇਰੀ ਉਸ ਚੱਪਲ ਨੂੰ ਯਾਦ ਕਰਦਿਆਂ ਧੰਨਵਾਦ ਕਰਦਾ ਹੈ।
ਇਸੇ ਤਰ੍ਹਾਂ ਮੇਰਾ ਵੱਡਾ ਪੁੱਤਰ, ਜਿਹੜਾ ਹੁਣ ਛੱਤੀ ਸਾਲ ਦਾ ਹੈ ਤੇ ਵਧੀਆ ਸਰਕਾਰੀ ਨੌਕਰੀ ਵਿੱਚ ਅਫਸਰ ਹੈ, ਛੋਟਾ ਹੁੰਦਾ ਬਿਮਾਰ ਹੋਣ ਕਰਕੇ ਰੋਂਦਾ ਬਹੁਤ ਸੀ। ਜਦੋਂ ਉਹ ਕਿਸੇ ਹੀਲੇ ਰੋਂਦਾ ਚੁੱਪ ਨਾ ਕਰਦਾ ਤਾਂ ਰੋਂਦੇ ਹੋਏ ਨੂੰ ਚੁੱਪ ਕਰਵਾਉਣ ਲਈ ਨਿੱਪਲ ਦੀ ਆਦਤ ਪਾ ਦਿੱਤੀ। ਤਿੰਨ ਚਾਰ ਸਾਲ ਤਾਂ ਮੈਂ ਵੀ ਚੁੱਪ ਰਿਹਾ ਬਈ ਚਲੋ ਬੀਮਾਰ ਰਹਿੰਦਾ ਹੈ। ਪਰ ਉਹ ਤਾਂ ਨਿੱਪਲ ਬਿਨਾਂ ਸੌਂਇਆਂ ਹੀ ਨਾ ਕਰੇ। ਮੈਨੂੰ ਬੜੀ ਚਿੰਤਾ ਹੋਈ। ਨਿੱਪਲ ਚੁੰਘਣ ਨਾਲ ਬੱਚੇ ਦੀ ਜੀਭ ਮੋਟੀ ਹੋ ਜਾਂਦੀ ਹੈ ਤੇ ਉਸ ਦੀ ਚੂਸਣ ਦੀ ਤਾਕਤ ਬਹੁਤ ਘਟ ਜਾਂਦੀ ਹੈ। ਇੱਕ ਵਾਰ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੀਂ ਗਿਆ ਹੋਇਆ ਸੀ। ਮੈਂ ਵੀ ਇੱਕ ਦਿਨ ਬੱਚਿਆਂ ਨੂੰ ਮਿਲਣ ਚਲਾ ਗਿਆ। ਰਾਤ ਨੂੰ ਸੌਣ ਵੇਲੇ ਉਸ ਨੂੰ ਇੱਕ ਤਾਂ ਨਿੱਪਲ ਦੀ ਤੇ ਇੱਕ ਖੇਸੀ ਦੀ ਲੋੜ ਹੁੰਦੀ ਸੀ। ਨਿੱਪਲ ਚੁੰਘਦਾ ਤੇ ਖੇਸੀ ਦੇ ਬੰਬਲ਼ ਉਂਗਲ ਨਾਲ ਮਰੋੜਦਾ ਉਹ ਸੌਂ ਜਾਂਦਾ ਸੀ। ਉਸ ਦਿਨ ਉਸਦਾ ਨਿੱਪਲ ਇੱਧਰ-ਉੱਧਰ ਹੋ ਗਿਆ। ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਿੱਪਲ ਲੱਭੇ ਹੀ ਨਾ। ਨਿੱਪਲ ਬਿਨਾਂ ਉਹ ਸੌਵੇਂ ਨਾ, ਬਲਕਿ ਰੋ ਰੋ ਛੱਤ ਸਿਰ ਉੱਪਰ ਚੱਕ ਰੱਖੀ। ਘੰਟਾ ਮਗ਼ਜ਼ ਖਪਾਈ ਕਰਕੇ ਉਸ ਦਾ ਨਿੱਪਲ ਲੱਭਿਆ ਤੇ ਉਸ ਦੇ ਮੂੰਹ ਵਿੱਚ ਦੇ ਦਿੱਤਾ। ਮੈਨੂੰ ਬੜਾ ਵੱਟ ਚੜ੍ਹਿਆ ਕਿ ਇਹ ਕਿਹੋ ਜਿਹੀ ਭੈੜੀ ਆਦਤ ਪਈ ਹੋਈ ਹੈ, ਵੱਡਾ ਹੋ ਕੇ ਇਸ ਮੁੰਡੇ ਦਾ ਕੀ ਬਣੂਗਾ? ਮੈਂ ਨਾ ਆ ਦੇਖਿਆ ਨਾ ਤਾ, ਨਿੱਪਲ ਉਸ ਦੇ ਮੂੰਹ ਵਿੱਚੋਂ ਕੱਢਕੇ ਕੋਠਿਆਂ ਉੱਪਰ ਦੀ ਮਾਰੀ। ਉਹ ਬਹੁਤ ਰੋਇਆ ਤੇ ਅੱਧੀ ਰਾਤ ਤਕ ਚੂੰ ਚੂੰ ਕਰਦਾ ਰਿਹਾ। ਪਰ ਮੈਂ ਸਾਰਿਆਂ ਨੂੰ ਤਾੜ ਦਿੱਤਾ ਕਿ ਇਸ ਨੂੰ ਹੁਣ ਨਿਪਲ ਨਹੀਂ ਦੇਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਉਹ ਦੋ ਕੁ ਦਿਨ ਰੋਇਆ। ਉਹ ਦਿਨ ਤੇ ਆਹ ਦਿਨ, ਮੁੜ ਨਿੱਪਲ ਤਾਂ ਕੀ ਹੋਰ ਵੀ ਕੋਈ ਆਦਤ ਨਹੀਂ ਪਾਲ਼ੀ।
ਇਸੇ ਤਰ੍ਹਾਂ ਹੁਣ ਮੇਰਾ ਪੋਤਾ ਮੋਬਾਇਲ ਦਾ ਖਹਿੜਾ ਨਹੀਂ ਛੱਡਦਾ ਸੀ। ਜਦੋਂ ਦੇਖਦਾ ਕਿਸੇ ਨਾ ਕਿਸੇ ਦਾ ਮੋਬਾਇਲ ਚੁੱਕ ਕੇ ਦੇਖਣ ਲੱਗ ਜਾਂਦਾ। ਬਹੁਤਾ ਉਹਦੀ ਮੰਮੀ ਨੇ ਛੋਟ ਦੇ ਰੱਖੀ ਸੀ। ਪਰ ਇੱਕ ਦਿਨ ਸਾਰਿਆਂ ਨੇ ਫੈਸਲਾ ਕਰਕੇ ਆਪਣੇ ਮੋਬਾਈਲਾਂ ਨੂੰ ਗੁਪਤ ਨੰਬਰ ਦੇ ਲਾਕ ਲਾ ਲਏ ਤੇ ਸਖ਼ਤੀ ਕਰ ਦਿੱਤੀ ਕਿ ਕਿਸੇ ਨੇ ਆਪਣਾ ਗੁਪਤ ਨੰਬਰ ਇਸ ਨੂੰ ਨਹੀਂ ਦੱਸਣਾ ਤੇ ਮੋਬਾਇਲ ਨਹੀਂ ਦੇਣਾ। ਟੈਲੀਵਿਜ਼ਨ ਉੱਤੇ ਯੂਟਿਊਬ ਬੰਦ ਕਰਕੇ ਕੁਝ ਚੈਨਲ ਕਾਰਟੂਨਾਂ ਦੇ ਰੱਖ ਦਿੱਤੇ ਤੇ ਦੋ-ਤਿੰਨ ਖਬਰਾਂ ਦੇ। ਤਿੰਨ ਚਾਰ ਦਿਨ ਚੂੰ ਚੂੰ ਕੀਤੀ। ਬਥੇਰਾ ਫੇਰ ਬਿੱਲੀ ਵਾਂਗ ਗੇੜੇ ਕੱਢਦਾ ਰਿਹਾ, ਸਾਰਿਆਂ ਦੀਆਂ ਮਿੰਨਤਾਂ ਤਰਲੇ ਕਰਦਾ ਰਿਹਾ ਪਰ ਕਿਸੇ ਨੇ ਆਪਣਾ ਗੁਪਤ ਲਾਕ ਨੰਬਰ ਨਹੀਂ ਦਿੱਤਾ। ਥੱਕ ਹਾਰ ਕੇ ਚੁੱਪ ਕਰ ਕੇ ਟੈਲੀਵਿਜ਼ਨ ’ਤੇ ਸਮੇਂ ਸਿਰ ਕਾਰਟੂਨ ਵੇਖਣ ਲੱਗ ਪਿਆ। ਮੁੜਕੇ ਮੋਬਾਇਲ ਨੂੰ ਹੱਥ ਨਹੀਂ ਲਾਇਆ। ਇਸੇ ਤਰ੍ਹਾਂ ਹੁਣ ਪੋਤੀ ਦਾ ਨੰਬਰ ਲੱਗਣ ਵਾਲਾ ਹੈ। ਉਹ ਵੀ ਮੋਬਾਇਲ ਨਾਲ ਛੇੜਛਾੜ ਕਰਦੀ ਰਹਿੰਦੀ ਹੈ। ਹਾਲੇ ਉਹ ਜ਼ਿਆਦਾ ਛੋਟੀ ਹੈ, ਇਸ ਕਰਕੇ ਉਸ ਉੱਪਰ ਸਖ਼ਤੀ ਨਹੀਂ ਕੀਤੀ।
ਮੇਰੇ ਹਿਸਾਬ ਨਾਲ ਜੇਕਰ ਸ਼ੁਰੂ ਵਿੱਚ ਹੀ ਥੋੜ੍ਹੀ ਕੁ ਸਖਤੀ ਕਰਕੇ ਬੱਚਿਆਂ ਦੀਆਂ ਇਨ੍ਹਾਂ ਆਦਤਾਂ ਵਿੱਚ ਸੁਧਾਰ ਲਿਆਂਦਾ ਜਾਵੇ ਤਾਂ ਠੀਕ ਹੈ। ਬੱਚਾ ਦੋ ਦਿਨ ਰੋ ਕੇ ਚੁੱਪ ਕਰ ਜਾਵੇਗਾ, ਨਹੀਂ ਤਾਂ ਫਿਰ ਮਾਪਿਆਂ ਨੂੰ ਸਾਰੀ ਉਮਰ ਰੋਣਾ ਪੈ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4283)
(ਸਰੋਕਾਰ ਨਾਲ ਸੰਪਰਕ ਲਈ: (