“ਅੱਜ ਕੱਲ੍ਹ ਜਿਹੜਾ ਮਰਜ਼ੀ ਅਖ਼ਵਾਰ ਚੁੱਕ ਲਉ, ਰੋਜ਼ਾਨਾ ਚਾਰ ਪੰਜ ਭਿਆਨਕ ਜਾਨਲੇਵਾ ਹਾਦਸਿਆਂ ਦੀਆਂ ਖ਼ਬਰਾਂ”
(31 ਜੁਲਾਈ 2022)
ਮਹਿਮਾਨ: 26.
ਅੱਜ ਕੱਲ੍ਹ ਜਿਹੜਾ ਮਰਜ਼ੀ ਅਖ਼ਵਾਰ ਚੁੱਕ ਲਉ, ਰੋਜ਼ਾਨਾ ਚਾਰ ਪੰਜ ਭਿਆਨਕ ਜਾਨਲੇਵਾ ਹਾਦਸਿਆਂ ਦੀਆਂ ਖ਼ਬਰਾਂ ਨਾਲ ਭਰਿਆ ਪਿਆ ਹੁੰਦਾ ਹੈ। ਕੋਈ ਦਿਨ ਅਜਿਹਾ ਖ਼ਾਲੀ ਨਹੀਂ ਜਾਂਦਾ ਜਿਸ ਦਿਨ ਕੋਈ ਨਾ ਕੋਈ ਹਾਦਸਾ ਨਾ ਵਾਪਰਿਆ ਹੋਵੇ। ਇਨ੍ਹਾਂ ਹਾਦਸਿਆਂ ਵਿੱਚ ਸੱਤਰ ਪ੍ਰਤੀਸ਼ਤ ਹਾਦਸੇ ਰਾਤ ਨੂੰ ਵਾਪਰਦੇ ਹਨ। ਉਦਾਹਰਣ ਦੇ ਤੌਰ ’ਤੇ:
ਸ਼ਰਧਾਲੂਆਂ ਨਾਲ ਭਰੀ ਪਿਕਅੱਪ ਬੈਨ ਰਾਤੀਂ ਤੀਰਥ ਸਥਾਨ ਤੋਂ ਵਾਪਸ ਆਉਂਦਿਆਂ ਖੜ੍ਹੇ ਟਿੱਪਰ ਨਾਲ ਟਕਰਾਈ। ਸੱਤ ਮੌਕੇ ’ਤੇ ਮਰ ਗਏ ਤੇ ਛੇ ਗੰਭੀਰ ਜ਼ਖ਼ਮੀ ਹੋ ਗਏ, ਜ਼ਖਮੀਆਂ ਵਿੱਚੋਂ ਵੀ ਸ਼ਾਇਦ ਇੱਕ ਦੋ ਜਣੇ ਦ ਨਾ ਬਚਣ।
ਰਾਤ ਨੂੰ ਵਿਆਹ ਤੋਂ ਪਰਤਦਿਆਂ ਦੀ ਸਵਿਫਟ ਕਾਰ ਸਾਹਮਣਿਓਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾਈ, ਕਾਰ ਸਵਾਰਾਂ ਵਿੱਚੋਂ ਕੋਈ ਜਿੰਦਾ ਨਹੀਂ ਬਚਿਆ।
ਸਾਹਮਣਿਉਂ ਤੇਜ਼ ਲਾਈਟਾਂ ਪੈਣ ਕਾਰਨ ਫਾਰਚੂਨਰ ਸੜਕ ਨਾਲ ਜਾਂਦੇ ਨਾਲ਼ੇ ਵਿੱਚ ਜਾ ਡਿਗੀ, ਤਾਕੀਆਂ ਲਾਕ ਹੋਣ ਕਾਰਣ ਚਾਰੇ ਸਵਾਰ ਸਾਹ ਘੁਟਣ ਨਾਲ ਮਰ ਗਏ।
ਟੈਂਪੂ ਵਿੱਚ ਵਾਪਸ ਆ ਰਹੇ ਬਰਾਤੀਆਂ ਦਾ ਟੈਂਪੂ ਊਠ ਗੱਡੀ ਨੂੰ ਟੱਕਰ ਮਾਰਨ ਕਰਕੇ ਪਲਟ ਗਿਆ। ਅੱਠ ਮਰੇ ਗਏ ਤੇ ਬਾਕੀ ਜ਼ਖ਼ਮੀ ਹੋ ਗਏ। ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਟੈਂਪੂ ਡਰਾਈਵਰ ਦੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।
ਅਜਿਹੇ ਹਾਦਸਿਆਂ ਦੇ ਕੇਸ ਅਸੀਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ।
ਆਖ਼ਿਰ ਇਨ੍ਹਾਂ ਹਾਦਸਿਆਂ ਦੇ ਕੀ ਕਾਰਨ ਹਨ। ਕਾਫ਼ੀ ਘੋਖ ਪੜਤਾਲ ਕਰਨ ਤੋਂ ਬਾਅਦ ਨਤੀਜੇ ਦੇ ਤੌਰ ’ਤੇ ਬਹੁਤ ਸਾਰੇ ਕਾਰਨ ਹਨ। ਉਨ੍ਹਾਂ ਵਿੱਚੋਂ ਮੁੱਖ ਕਾਰਨਾਂ ਦੀ ਵਿਆਖਿਆ ਕਰਦੇ ਹਾਂ।
1. ਜਿਆਦਾ ਜਨਸੰਖਿਆ ਦਾ ਪ੍ਰਭਾਵ।
ਵਧਦੀ ਜਨਸੰਖਿਆ ਦੇ ਅਨੁਸਾਰ ਜਿੰਨਾ ਸੜਕ ਮਾਰਗਾਂ ਦਾ ਵਿਕਾਸ ਹੋਣਾ ਚਾਹੀਦਾ ਸੀ, ਉੰਨਾ ਨਹੀਂ ਹੋਇਆ। ਦੇਸ਼ ਆਜ਼ਾਦ ਹੋਣ ਦੇ ਸਮੇਂ ’ਤੇ ਅੱਜ ਦੇ ਸਮੇਂ ਅਨੁਸਾਰ ਸੜਕਾਂ ਉੱਪਰ ਆਵਾਜਾਈ ਦਾ ਬਹੁਤ ਜ਼ਿਆਦਾ ਦਬਾਅ ਹੈ।
2. ਫਰਵਰੀ 1939 ਨੂੰ ਅੰਗਰੇਜ਼ੀ ਰਾਜ ਵਿੱਚ ਪਹਿਲਾਂ ਮੋਟਰ ਵਾਹਨ ਕਾਨੂੰਨ ਬਣਿਆ ਜਿਹੜਾ ਉਸ ਸਮੇਂ ਦੀ ਆਵਾਜਾਈ ਲਈ ਸੀ। ਸਮੇਂ ਸਮੇਂ ਅਨੁਸਾਰ ਇਸ ਵਿੱਚ ਤਬਦੀਲੀਆਂ ਹੋਈਆਂ (1956, 1968, 1988 ਅਤੇ 2019ਐਕਟ) ਪਰ ਇਹ ਤਬਦੀਲੀਆਂ ਵਧਦੇ ਆਵਾਜਾਈ ਦੇ ਦਬਾਅ ਅਨੁਸਾਰ ਨਹੀਂ ਹੋਈਆਂ।
3. ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ। ਉਦਾਹਰਣ ਦੇ ਤੌਰ ’ਤੇ ਜਿਵੇਂ, ਪ੍ਰਸਤਾਵਿਤ ਗਤੀ ਤੋਂ ਵੱਧ ਗਤੀ ’ਤੇ ਗੱਡੀ ਚਲਾਉਣੀ, ਅੱਗੇ ਜਾਂਦੀ ਗੱਡੀ ਨੂੰ ਬਿਨਾਂ ਸਿਗਨਲ ਦਿੱਤੇ ਤੇ ਅੱਗੋਂ ਆਉਂਦੀ ਗੱਡੀ ਨੂੰ ਬਿਨਾਂ ਦੇਖੇ ਓਵਰ ਟੇਕ ਕਰਨਾ (ਸਭ ਤੋਂ ਜ਼ਿਆਦਾ ਹਾਦਸੇ ਓਵਰ ਟੇਕ ਕਰਨ ਵੇਲੇ ਹੁੰਦੇ ਹਨ)। ਖੱਬੇ ਜਾਂ ਸੱਜੇ ਮੁੜਣ ਵੇਲੇ ਇਸ਼ਾਰਾ ਨਾ ਕਰਨਾ। ਲਿੰਕ ਸੜਕਾਂ ਤੋਂ ਮੁੱਖ ਸੜਕਾਂ ’ਤੇ ਚੜ੍ਹਨ ਵੇਲੇ ਖੱਬੇ ਸੱਜੇ ਦੋਨੋਂ ਪਾਸੇ ਨਜ਼ਰ ਨਾ ਮਾਰਨਾ। ਸੱਜੇ ਪਾਸੇ ਦੀ ਬਜਾਏ ਖੱਬੇ ਪਾਸੇ ਤੋਂ ਕਰਾਸ ਕਰਨਾ। ਸ਼ਹਿਰ ਅੰਦਰ ਵੜਦੇ ਸਮੇਂ ਗਤੀ ਸੀਮਾ ਦਾ ਧਿਆਨ ਨਾ ਰੱਖਣਾ। ਸੜਕ ਦੇ ਵਿਚਕਾਰ ਗੱਡੀ ਖੜ੍ਹੀ ਕਰਕੇ ਦੂਸਰੇ ਬੰਦੇ ਨਾਲ ਗੱਲਾਂ ਕਰਨੀਆਂ। (ਪਿੱਛੇ ਆਉਣ ਵਾਲੇ ਨੂੰ ਦੂਰੋਂ ਨਹੀਂ ਪਤਾ ਚਲਦਾ ਕਿ ਗੱਡੀ ਖੜ੍ਹੀ ਹੈ ਜਾਂ ਚੱਲ ਰਹੀ ਹੈ। ਇਸ ਵਜਾਹ ਕਰਕੇ ਬਹੁਤ ਹਾਦਸੇ ਵਾਪਰਦੇ ਹਨ। ਪਿੱਛੇ ਦੇਖੇ ਬਗੈਰ ਡਰਾਈਵਰ ਸਾਈਡ ਦੀਆਂ ਤਾਕੀਆਂ ਖੋਲ੍ਹਣਾ। ਰਾਤਾਂ ਨੂੰ ਆਉਣ ਵਾਲੀਆਂ ਗੱਡੀਆਂ ਨੂੰ ਡਿੱਪਰ ਨਾ ਮਾਰਨਾ ਅਰਥਾਤ। ਲੋ ਬੀਮ ’ਤੇ ਲਾਈਟਾਂ ਰੱਖਣਾ ਤਾਂਕਿ ਆਉਣ ਵਾਲੇ ਨੂੰ ਸੜਕ ਸਾਫ਼ ਲਿਖੇ (ਮੈਂ ਅਕਸਰ ਸੜਕ ’ਤੇ ਚਲਦੇ ਦੇਖਿਆ ਹੈ ਕਿ ਸਵਾਏ ਕੁਝ ਕੁ ਟਰੱਕ ਡਰਾਈਵਰਾਂ ਤੋਂ ਬਿਨਾਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਡਿੱਪਰ ਮਾਰਨ ਦਾ ਜਾਂ ਤਾਂ ਪਤਾ ਨਹੀਂ ਜਾਂ ਫਿਰ ਡਿੱਪਰ ਮਾਰਨ ਦੀ ਤਕਲੀਫ਼ ਨਹੀਂ ਕਰਦੇ।) ਬਿਨਾਂ ਡਿੱਪਰ ਚਾਲੂ ਰੱਖੇ ਸੜਕ ’ਤੇ ਗੱਡੀ ਖੜ੍ਹੀ ਕਰਨਾ (ਸਭ ਤੋਂ ਜ਼ਿਆਦਾ ਹਾਦਸੇ ਇਸ ਕਾਰਨ ਕਰਕੇ ਵੀ ਹੁੰਦੇ ਹਨ)। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਣਾ, ਸੀਟ ਬੈਲਟ ਤੇ ਹੈਲਮਟ ਨਾ ਪਾਉਣਾ। ਬੈਠਣ ਦੀ ਥਾਂ ਤੋਂ ਵੱਧ ਸਵਾਰੀਆਂ ਬਿਠਾਉਣਾ। ਲਾਪਰਵਾਹੀ ਨਾਲ ਗੱਡੀ ਚਲਾਉਣਾ। ਨੁਕਸਦਾਰ ਵਾਹਨਾਂ ਨੂੰ ਸੜਕਾਂ ’ਤੇ ਭਜਾਉਣਾ। ਅੱਗੇ ਜਾਂਦੇ ਵਾਹਨ ਤੋਂ ਲੁੜੀਂਦੀ ਦੂਰੀ ਨਾ ਰੱਖਣਾ ਤੇ ਤੇਜ਼ ਬਾਰਿਸ਼ ਵਿੱਚ ਜਾਂ ਹਨੇਰੀ ਝੱਖੜ ਵਿੱਚ ਜ਼ਬਰਦਸਤੀ ਗੱਡੀ ਚਲਾਉਣਾ।
4. ਸਭ ਤੋਂ ਖਤਰਨਾਕ ਰੁਝਾਨ ਅੱਜ ਕੱਲ੍ਹ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫ਼ੋਨ ’ਤੇ ਗੱਲਾਂ ਕਰਨਾ। ਚਾਹੇ ਉਹ ਬੱਸ/ਟਰੱਕ ਡਰਾਈਵਰ ਹੋਵੇ, ਕਾਰ ਡਰਾਈਵਰ ਹੋਵੇ ਜਾਂ ਸਕੂਟਰ/ਮੋਟਰਸਾਈਕਲ ਸਵਾਰ ਹੋਵੇ। ਇਹ ਜਦੋਂ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫ਼ੋਨ ’ਤੇ ਗੱਲਾਂ ਕਰਦੇ ਨੇ ਤਾਂ ਇਨ੍ਹਾਂ ਦਾ ਧਿਆਨ ਨਾ ਤਾਂ ਸਪੀਡ ਤੇ ਹੁੰਦਾ ਨਾ ਬ੍ਰੇਕ ’ਤੇ, ਕੇਵਲ ਫੋਨ ਵਿੱਚ ਹੁੰਦਾ ਹੈ। ਪਤਾ ਉਦੋਂ ਹੀ ਲਗਦਾ ਹੈ ਜਦੋਂ ਵਹੀਕਲ ਟਰਾਲੇ ਹੇਠ ਜਾ ਵੜਦਾ ਹੈ। ਇਸ ਬਾਰੇ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।
5. ਮੋਟਰ ਵਾਹਨਾਂ ਦੀ ਬਹੁਤਿਆਤ
ਸਾਰੇ ਦੇਸ਼ਾਂ ਦਰਮਿਆਨ ਖੁੱਲ੍ਹੀ ਮੰਡੀ ਚੱਲਣ (ਓਪਨ ਮਾਰਕੀਟ ਉਪਰੇਸ਼ਨ) ਅਧੀਨ ਮਲਟੀ ਨੈਸ਼ਨਲ ਕੰਪਨੀਆਂ (ਵਾਹਨ ਬਣਾਉਣ ਵਾਲੀਆਂ) ਨੇ ਭਾਰਤ ਨੂੰ ਆਉਣ ਵਾਲੇ ਸਮੇਂ ਦੀ ਬਹੁਤ ਵੱਡੀ ਮੰਡੀ ਸਮਝ ਕੇ ਆਪਣੇ ਵਾਹਨ ਭਾਰਤ ਵੱਲ ਨੂੰ ਧੱਕ ਦਿੱਤੇ। ਉਸ ਨਾਲ ਨਵੇਂ ਨਵੇਂ ਮਾਡਲਾਂ ਦਾ ਹੜ੍ਹ ਆ ਗਿਆ। ਇਸ ਨਾਲ ਸੜਕਾਂ ’ਤੇ ਵਾਹਨ ਹੀ ਵਾਹਨ ਹੋ ਗਏ। ਜਦੋਂ ਕਿ ਸਾਡੀਆਂ ਸੜਕਾਂ ਉਸ ਗਤੀ ਨਾਲ ਨਹੀਂ ਬਣੀਆਂ। ਇਹ ਵੀ ਹਾਦਸਿਆਂ ਦਾ ਇੱਕ ਵੱਡਾ ਕਾਰਨ ਬਣਿਆ।
ਟਰੈਫਿਕ ਨਿਯੰਰਣ ਨਿਯਮ ਤੇ ਜਾਤਾਜਾਤ ਪੁਲਿਸ।
ਜਿੰਨੇ ਵਾਹਨ ਸੜਕਾਂ ਉੱਪਰ ਦੌੜ ਰਹੇ ਹਨ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਨਾ ਤਾਂ ਅਜੇ ਤਕ ਆਧੁਨਿਕ ਨਿਯੰਰਣ ਸਿਸਟਮ ਬਣਿਆ ਹੈ ਤੇ ਨਾ ਹੀ ਉਪਯੁਕਤ ਟਰੈਫਿਕ ਪੁਲਿਸ ਅਧਿਕਾਰੀ ਹਨ। ਇਹ ਠੀਕ ਹੈ ਕਿ ਮੈਟਰੋ ਪੁਲਿਟਿਨ ਸ਼ਹਿਰਾਂ ਵਿੱਚ ਆਧੁਨਿਕ ਤਕਨੀਕਾਂ ਚਾਲੂ ਹਨ ਪਰ ਪੂਰੇ ਦੇਸ਼ ਵਿੱਚ ਹੋਣੀਆਂ ਬਾਕੀ ਹਨ।
6. ਗੱਡੀ ਚਲਾਉਣ ਦਾ ਲਾਇਸੈਂਸ ਜਾਰੀ ਕਰਨ ਵੇਲੇ ਨਿਯਮਾਂ ਦੀ ਪਾਲਣਾ ਨਾ ਕਰਨਾ। ਬਿਨਾਂ ਲਾਈਸੈਂਸ ਗੱਡੀ ਚਲਾਉਣਾ, ਹਾਦਸਿਆਂ ਦੇ ਇਹ ਬਹੁਤ ਹੀ ਘਾਤਕ ਕਾਰਨ ਹਨ।
7. ਆਧੁਨਿਕ ਵਿਗਿਆਨ ਦੀ ਖੋਜ ਅਨੁਸਾਰ ਡਰਾਇਵਰ ਨੂੰ ਹਰ ਢਾਈ ਘੰਟੇ ਬਾਅਦ ਦਸ ਪੰਦਰਾਂ ਮਿੰਟ ਦਾ ਆਰਾਮ ਮਿਲਨਾ ਚਾਹੀਦਾ ਹੈ ਕਿਉਂਕਿ ਢਾਈ ਘੰਟੇ ਤੋਂ ਵੱਧ ਡਰਾਇਵਿੰਗ ਕਰਦੇ ਰਹਿਣ ’ਤੇ ਉਸ ਦਾ ਦਿਮਾਗ ਸਾਹਮਣੇ ਆਉਂਦੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਤੋਂ ਹਟ ਜਾਂਦਾ ਹੈ। ਡਰਾਈਵਰ ਨੂੰ ਪਤਾ ਨਹੀਂ ਲਗਦਾ ਅੱਗੇ ਕੀ ਹੋ ਰਿਹਾ ਹੈ, ਸਿਰਫ਼ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ। ਅਜਿਹੇ ਸਮੇਂ ਬਹੁਤ ਹਾਦਸੇ ਵਾਪਰਦੇ ਹਨ। ਬਿਨਾਂ ਸੁੱਤੇ, ਉਨੀਂਦਰੇ ਗੱਡੀ ਚਲਾਉਂਦੇ ਰਹਿਣਾ ਵੀ ਹਾਦਸਿਆਂ ਨੂੰ ਸੱਦਾ ਦਿੰਦਾ ਹੈ।
8. ਜਲਦੀ ਵਿੱਚ, ਚਿੰਤਾ ਵਿੱਚ ਜਾਂ ਘਬਰਾਹਟ ਵਿੱਚ ਗੱਡੀ ਚਲਾਉਂਦੇ ਰਹਿਣਾ ਘਾਤਕ ਸਿੱਧ ਹੋ ਸਕਦਾ ਹੈ।
ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਹੜੇ ਸਾਨੂੰ ਹੌਲੀ ਹੌਲੀ ਤਜਰਬੇ ਨਾਲ ਡਰਾਇਵਿੰਗ ਕਰਦਿਆਂ ਪਤਾ ਲੱਗਦੇ ਹਨ। ਉਨ੍ਹਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਹਾਦਸਿਆਂ ਕਾਰਨ ਕਿੰਨੀਆਂ ਹੀ ਕੀਮਤੀ ਜਾਨਾਂ ਬਿਨਾਂ ਵਜਾਹ ਚਲੀਆਂ ਜਾਂਦੀਆਂ ਹਨ। ਹਾਦਸਿਆਂ ਵਿੱਚ ਡਰਾਈਵਰ ਤਾਂ ਮਰਦਾ ਹੀ ਹੈ ਪਰ ਨਾਲ ਬੈਠੀਆਂ ਬੇਕਸੂਰ ਸਵਾਰੀਆਂ ਬਿਨਾਂ ਵਜਾਹ ਮੌਤ ਦੇ ਮੂੰਹ ਵਿੱਚ ਜਾ ਪੈਂਦੀਆਂ ਹਨ। ਕੋਈ ਭੈਣਾਂ ਦਾ ਭਾਈ, ਕੋਈ ਮਾਂ ਦਾ ਇੱਕਲੌਤਾ ਪੁੱਤਰ, ਕਿਸੇ ਦਾ ਸੁਹਾਗ, ਕੋਈ ਨਿੱਕੇ ਨਿੱਕੇ ਬੱਚਿਆਂ ਦਾ ਪਿਉ, ਰੋਜ਼ੀ ਰੋਟੀ ਦਾ ਇੱਕੋ ਇੱਕ ਸਹਾਰਾ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਜਦੋਂ ਅਸੀਂ ਸੜਕ ’ਤੇ ਚੱਲਾਂਗੇ ਤਾਂ ਹਾਦਸਿਆਂ ਤੋਂ ਭੱਜਿਆ ਨਹੀਂ ਜਾ ਸਕਦਾ ਪਰ ਇਨ੍ਹਾਂ ਨੂੰ ਘੱਟ ਤੋਂ ਘੱਟ ਕਰਨ ਲਈ ਅਸੀਂ ਯਤਨ ਜ਼ਰੂਰ ਕਰ ਸਕਦੇ ਹਾਂ। ਕੁਝ ਸੁਝਾਅ ਹਨ:
1. ਲਾਇਸੈਂਸ ਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਲਾਇਸੈਂਸ ਜਾਰੀ ਕਰਨ ਵੇਲੇ ਸਖ਼ਤੀ ਨਾਲ ਨਿਯਮ ਲਾਗੂ ਕਰਨੇ ਚਾਹੀਦੇ ਹਨ ਤਾਂ ਕਿ ਉਮੀਦਵਾਰ ਸਾਰੀ ਪ੍ਰਕਿਰਿਆ ਵਿੱਚੋਂ ਪੂਰਾ ਪਰਪੱਕ ਹੋ ਕੇ ਗੁਜ਼ਰੇ। ਉਮੀਦਵਾਰ ਵੀ ਖਾਲੀ ਰੇਸ ਟਰੈਕ ਤੇ ਡਰਾਈਵਿੰਗ ਕਰਕੇ ਆਪਣੇ ਆਪ ਨੂੰ ਸਿੱਖਿਅਤ ਕਰ ਲਵੇ।
ਸਰਕਾਰ ਨੇ ਜੋ ਵੀ ਟਰੈਫਿਕ ਨਿਯਮ ਬਣਾਏ ਹਨ ਡਰਾਈਵਰ ਉਨ੍ਹਾਂ ਦਾ ਸਖਤੀ ਨਾਲ ਪਾਲਣ ਕਰੇ। ਉਦਾਹਰਣ ਦੇ ਤੌਰ ’ਤੇ ਜਿਵੇਂ, ਗਤੀ ਸੀਮਾ ਦਾ ਧਿਆਨ ਰੱਖਣਾ। ਓਵਰਟੇਕ ਸਮੇਂ ਅੱਗੋਂ ਆਉਣ ਵਾਲੇ ਵਾਹਨ ਦਾ ਧਿਆਨ ਰੱਖਣਾ। ਖੱਬੇ ਹੱਥ ਤੇ ਸੱਜੇ ਹੱਥ ਮੁੜਣ ਵੇਲੇ ਇਸ਼ਾਰਾ ਕਰਨਾ। ਗੱਡੀ ਸੜਕ ਦੇ ਵਿਚਕਾਰ ਖੜ੍ਹੀ ਨਾ ਕਰਨਾ ਬਗੈਰਾ।
2. ਹਰ ਹਾਲਤ ਬਿਨਾਂ ਨਸ਼ਾ ਕੀਤੇ ਗੱਡੀ ਚਲਾਉਣਾ। ਸੀਟ ਬੈਲਟ, ਤੇਲ,ਪਾਣੀ, ਹਵਾ ਦਾ ਦਬਾਅ ਦਾ ਧਿਆਨ ਰੱਖਣਾ।
3. ਅੰਨ੍ਹੇ ਮੋੜਾਂ ਤੇ ਟੀ ਪਵਾਇੰਟ ਉੱਤੇ ਖ਼ਾਸ ਧਿਆਨ ਰੱਖਣਾ। ਕਿਉਂਕਿ ਤਾਮਿਲ ਨਾਡੂ ਵਿੱਚ ਤਿਕੋਣੀ ਮੋੜਾਂ ਅਤੇ ਅੰਨ੍ਹੇ ਮੋੜਾਂ ਉੱਤੇ ਸਭ ਤੋਂ ਜ਼ਿਆਦਾ ਹਾਦਸੇ ਹੋਏ ਹਨ।
4. ਗੱਡੀ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਕਰਨੀ ਬਹੁਤ ਹੀ ਘਾਤਕ ਸਿੱਧ ਹੋ ਸਕਦੀ ਹੈ। ਜੇਕਰ ਗੱਲ ਕਰਨੀ ਜ਼ਰੂਰੀ ਹੈ ਤਾਂ ਗੱਡੀ ਇੱਕ ਪਾਸੇ ਲਾ ਕੇ ਤੇ ਡਿਪਰ ਚਾਲੂ ਰੱਖ ਕੇ ਕੀਤੀ ਜਾ ਸਕਦੀ ਹੈ।
5. ਜੇਕਰ ਸੜਕ ਚੌਮਾਰਗੀ ਜਾ ਛੇ ਮਾਰਗੀ ਹੈ ਤਾਂ ਸਪੀਡ ਦੇ ਅਨੁਸਾਰ ਆਪਣੀ ਲੇਨ ਵਿੱਚ ਚੱਲੋ। ਜੇਕਰ ਲੇਨ ਬਦਲਣੀ ਹੈ ਤਾਂ ਅੱਗੇ ਪਿੱਛੇ ਖ਼ਾਲੀ ਸੜਕ ਵੇਖ ਕੇ ਤੇ ਇਸ਼ਾਰਾ ਕਰਕੇ ਲੇਨ ਬਦਲੋ। ਸੜਕਾਂ ਦਾ ਕੋਈ ਮਾਲਕ ਨਹੀਂ ਇਸ ਲਈ ਦੂਜਿਆਂ ਨਾਲ ਪ੍ਰੇਮ ਭਾਵ ਨਾਲ ਪੇਸ਼ ਆਓ।
6. ਕੋਸ਼ਿਸ਼ ਕਰੋ ਕਿ ਦਿਨੇ ਦਿਨੇ ਗੱਡੀ ਚਲਾਈ ਜਾਵੇ। ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਰਾਤ ਨੂੰ ਡਰਾਇਵਿੰਗ ਕਰੋ, ਕਿਉਂਕਿ ਰਾਤ ਦੁਰਘਟਨਾ ਦਾ ਜੋਖ਼ਮ ਦੁੱਗਣਾ ਕਰ ਦਿੰਦੀ ਹੈ।
7. ਅੱਗੇ ਜਾਂਦੇ ਵਾਹਨ ਤੋਂ ਦੂਰੀ (ਟੇਲਗੇਟਿੰਗ) ਬਣਾ ਕੇ ਰੱਖੋ। ਕਿਉਂਕਿ ਕਈ ਤੇਜ਼ ਤਰਾਰ ਚਾਲਕ ਓਵਰਟੇਕ ਕਰਨ ਲਈ ਅੱਗੇ ਜਾਂਦੇ ਵਾਹਨ ਦੇ ਆਪਣਾ ਵਾਹਨ ਬਿਲਕੁਲ ਨਾਲ ਲਾ ਦਿੰਦੇ ਹਨ। ਅਚਾਨਕ ਉਸ ਦੇ ਹਲਕੇ ਬ੍ਰੇਕ ਨਾਲ ਹੀ ਉਸ ਵਾਹਨ ਵਿੱਚ ਜਾ ਵੜਦੇ ਹਨ ਤੇ ਹਾਦਸਾ ਵਾਪਰ ਜਾਂਦਾ ਹੈ। ਇਸ ਦੂਰੀ ਦਾ ਧਿਆਨ ਰੱਖਣਾ ਚਾਹੀਦਾ ਹੈ।
8. ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ਜਿੰਨੀਆਂ ਵੀ ਸੰਭਵ ਹੋਣ ਚੌੜੀਆਂ ਕਰਕੇ ਚਾਰ ਲੇਨ ਜਾਂ ਛੇ ਲੇਨ ਬਣਾਈਆਂ ਜਾਣ। ਟ੍ਰੈਫਿਕ ਸਿਗਨਲ ਸਿਸਟਮ ਨੂੰ ਅੱਪਗ੍ਰੇਡ ਕੀਤਾ ਜਾਵੇ ਤੇ ਟ੍ਰੈਫਿਕ ਸਿਗਨਲ ਲੋੜੀਂਦੇ ਸਥਾਨਾਂ ਉੱਪਰ ਪ੍ਰਦਰਸ਼ਿਤ ਕੀਤੇ ਜਾਣ ਤਾਂ ਕਿ ਡਰਾਈਵਰ ਦੂਰ ਤੋਂ ਹੀ ਉਨ੍ਹਾਂ ਨੂੰ ਪੜ੍ਹ ਸਕੇ ਤੇ ਸਮੇਂ ਅਨੁਸਾਰ ਆਪਣਾ ਫੈਸਲਾ ਕਰ ਸਕੇ। ਜਿਸ ਸਥਾਨ ’ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਉੱਥੇ ਟ੍ਰੈਫਿਕ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਜਾਣ।
9. ਡਰਾਈਵਰ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਗੱਡੀ ਚਲਾਉਂਦੇ ਤੇ ਓਵਰ ਟੇਕ ਕਰਦੇ ਸਮੇਂ ਕਿਆਸ (ਜੱਜਮੈਂਟ) ਕਰਨਾ ਕਿ ਐਨੀ ਜਗ੍ਹਾ ਵਿੱਚੋਂ ਗੱਡੀ ਨਿਕਲ ਜਾਏਗੀ ਜਾਂ ਅੱਗੋਂ ਆਉਣ ਵਾਲੀ ਗੱਡੀ ਤੋਂ ਪਹਿਲਾਂ ਉਹ (ਡਰਾਈਵਰ) ਓਵਰ ਟੇਕ ਕਰ ਲਵੇਗਾ? ਇਹ ਠੀਕ ਕਿਆਸ ਲਗਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਫਿਰ ਗ਼ਲਤ ਕਿਆਸ ਕਾਰਨ ਹਾਦਸਾ ਵਾਪਰਨਾ ਪੱਕਾ ਹੈ। ਅਕਸਰ ਬਹੁਤੇ ਹਾਦਸੇ ਗ਼ਲਤ ਕਿਆਸ (ਰੌਂਗ ਜੱਜਮੈਂਟ) ਕਾਰਨ ਹੁੰਦੇ ਹਨ। ਪਰ ਇਹ ਤਜਰਬੇ ਸਮੇਂ ਦੇ ਨਾਲ ਹੰਢ ਕੇ ਆਉਂਦੇ ਹਨ।
ਸਰਕਾਰ ਨੂੰ ਇਨ੍ਹਾਂ ਹਾਦਸਿਆਂ ਨੂੰ ਘੱਟ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ। ਬਾਕੀ ਚਾਲਕ ਖੁਦ ਆਪਣੇ ਆਪ ਨੂੰ ਸੁਧਾਰੇ ਤੇ ਚੌਕੰਨਾ ਹੋ ਕੇ ਡਰਾਈਵਿੰਗ ਸੀਟ ’ਤੇ ਬੈਠੇ ਤਾਂ ਕਿ ਕਿਸੇ ਦੂਸਰੇ ਜਾਂ ਆਪਣੀ ਜਾਨ ਜਾਣ ਦਾ ਕਾਰਨ ਨਾ ਬਣੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3713)
(ਸਰੋਕਾਰ ਨਾਲ ਸੰਪਰਕ ਲਈ: