“ਐੱਮ ਏ ਪੜ੍ਹਿਆ ਮੁੰਡਾ, ਜੂਠੇ ਭਾਂਡੇ ਚੁੱਕੇ, ਲੱਜ ਤਾਂ ਬਹੁਤ ਆਉਂਦੀ ਪਰ ਕੀ ਕਰਦਾ ...”
(23 ਅਗਸਤ 2023)
ਅੱਜ ਢਿੰਬਰੀ ਦੀਆਂ ਆਸਾਂ ’ਤੇ ਬਿਲਕੁਲ ਪਾਣੀ ਫਿਰ ਗਿਆ ਸੀ। ਪਿੰਡ ਘੋੜੇਨਬ ਤੋਂ ਉਹ ਸੰਗਰੂਰ ਆਪਣੀ ਨੌਕਰੀ ਬਾਰੇ ਪਤਾ ਕਰਨ ਆਇਆ ਸੀ। ਪੰਜਾਬ ਪੁਲਿਸ ਸੰਗਰੂਰ ਦੇ ਪੁਲਿਸ ਸਬ ਇੰਸਪੈਕਟਰ ਦੇ ਰਿਜ਼ਲਟ ਉੱਪਰ ਅਦਾਲਤ ਦੀ ਰੋਕ ਲੱਗ ਚੁੱਕੀ ਸੀ ਕਿਉਂਕਿ ਕੁਝ ਉਮੀਦਵਾਰਾਂ ਨੇ ਪੇਪਰ ਲੀਕ ਹੋਣ ਦੇ ਕਾਰਨ ਅਦਾਲਤ ਦਾ ਬੂਹਾ ਖੜਕਾਇਆ ਸੀ।
ਢਿੰਬਰੀ ਨੇ ਸਬ ਇੰਸਪੈਕਟਰ ਦੇ ਲਿਖਤੀ ਟੈਸਟ ਲਈ ਛੇ ਮਹੀਨੇ ਦਿਨ-ਰਾਤ ਇੱਕ ਕਰਕੇ ਆਪਣੇ ਦੀਦੇ ਗਾਲ਼ ਕੇ ਸਖ਼ਤ ਮਿਹਨਤ ਕੀਤੀ ਸੀ। ਢਿੰਬਰੀ ਉਸ ਦਾ ਗਲ਼ੀ ਦੇ ਮੁੰਡਿਆਂ ਨੇ ਨਾਂ ਰੱਖਿਆ ਸੀ ਪਰ ਮਾਪਿਆਂ ਨੇ ਉਸ ਦਾ ਨਾਂ ਗੁਰਬੰਸ ਸਿੰਘ ਰੱਖਿਆ ਸੀ। ਫਿਜ਼ੀਕਲ ਟੈਸਟ ਲਈ ਉਹ ਸਿਆਲ਼ ਦੇ ਦਿਨਾਂ ਵਿੱਚ ਸਵੇਰੇ ਚਾਰ ਵਜੇ ਉੱਠ ਕੇ ਪਿੰਡ ਲਾਗਿਓਂ ਲੰਘਦੀ ਨਹਿਰ ਦੀ ਪਟੜੀ ’ਤੇ ਦੌੜ ਲਗਾਉਂਦਾ, ਕਦੇ ਸਕੂਲ ਦੇ ਗਰਾਊਂਡ ਵਿੱਚ ਡੰਡ ਲਾਉਂਦਾ। ਛਾਤੀ ਪੂਰੀ ਛੱਤੀ ਇੰਚ ਦੀ ਬਣਾਉਣ ਵਾਸਤੇ ਬਹੁਤ ਤਰ੍ਹਾਂ ਦੀਆਂ ਕਸਰਤਾਂ ਕਰਦਾ। ਆਖ਼ਿਰ ਉਸ ਦੀ ਮਿਹਨਤ ਰੰਗ ਲਿਆਈ। ਉਹ ਦੋਨੋਂ ਟੈਸਟ ਪਾਸ ਕਰ ਗਿਆ ਤੇ ਸਬ ਇੰਸਪੈਕਟਰ ਸਲੈਕਟ ਹੋ ਗਿਆ। ਪਰ ਜਦੋਂ ਨਿਯੁਕਤੀ ਪੱਤਰ ਜਾਰੀ ਹੋਣਾ ਸੀ ਉਦੋਂ ਹੀ ਅਦਾਲਤ ਦੀ ਰੋਕ ਲੱਗ ਗਈ। ਸਾਰੇ ਕਰੇ ਕਰਾਏ ਉੱਤੇ ਪਾਣੀ ਫਿਰ ਗਿਆ। ਘਰ ਵਾਪਸ ਮੁੜਦੇ ਦੇ ਪੈਰ ਉਸਦਾ ਭਾਰ ਨਹੀਂ ਝੱਲ ਰਹੇ ਸਨ। ਘਰ ਆਕੇ ਮੰਜੇ ’ਤੇ ਧੜ੍ਹਮ ਦੇ ਕੇ ਡਿਗ ਪਿਆ। ਉੱਠ ਕੇ ਕੰਧਾਂ ਨਾਲ ਟੱਕਰਾਂ ਮਾਰਨ ਲੱਗ ਪਿਆ। ਪਰ ਹੁਣ ਬਣ ਕੀ ਸਕਦਾ ਸੀ? ਕਿਸੇ ਨੇ ਮੂੰਹ ਤਕ ਆਈ ਰੋਟੀ ਦੀ ਬੁਰਕੀ ਖੋਹ ਲਈ ਸੀ। ਮਾਂ ਨੇ ਪੁੱਛਿਆ, ਕੀ ਬਣਿਆ? ਉਹ ਮਾਂ ਨੂੰ ਦੱਸ ਨਾ ਸਕਿਆ। ਮਾਂ ਸਮਝ ਗਈ ਤੇ ਅੱਖਾਂ ਵਿੱਚ ਹੰਝੂ ਭਰਕੇ ਫਿੱਸ ਫਿੱਸ ਕਰਨ ਲੱਗ ਪਈ। ਘਰ ਵਿੱਚ ਕਈ ਦਿਨ ਸੋਗ ਵਾਲ਼ਾ ਮਾਹੌਲ ਬਣਿਆ ਰਿਹਾ।
ਢਿੰਬਰੀ ਬਹੁਤ ਹੀ ਗ਼ੁਰਬਤ ਵਿੱਚ ਜਿਊਣ ਵਾਲੇ ਪਰਿਵਾਰ ਵਿੱਚ ਜੰਮਿਆ ਸੀ। ਪਿਉ ਤੀਲੂ਼ ਰਾਮ ਭੇਡਾਂ ਚਾਰਨ ਦਾ ਕਿੱਤਾ ਕਰਦਾ ਸੀ। ਤਿੰਨ ਉਸਦੇ ਮੁੰਡੇ ਸਨ ਪਰ ਢਿੰਬਰੀ ਤੋਂ ਬਿਨਾਂ ਕੋਈ ਨਹੀਂ ਪੜ੍ਹਿਆ। ਸਭ ਤੋਂ ਵੱਡਾ ਇੱਟਾਂ ਦੇ ਭੱਠੇ ’ਤੇ ਭੱਠੀਆਂ ਵਿੱਚ ਕੋਲੇ ਪਾਉਣ ’ਤੇ ਲੱਗ ਗਿਆ ਤੇ ਢਿੰਬਰੀ ਤੋਂ ਛੋਟਾ ਪਿੰਡ ਵਿੱਚ ਹੀ ਜੁੱਤੀਆਂ ਬਣਾਉਣ ਵਾਲੇ ਕੋਲ਼ ਜੁੱਤੀਆਂ ਬਣਾਉਣ ਦਾ ਕੰਮ ਸਿੱਖਣ ਲੱਗ ਪਿਆ। ਗਰੀਬ ਪਿਉ ਨੇ ਢਿੰਬਰੀ ਨੂੰ ਬੜੀਆਂ ਮੁਸ਼ਕਿਲ ਹਾਲਤਾਂ ਵਿੱਚ ਪੜ੍ਹਾਇਆ। ਪੜ੍ਹਨ ਵਿੱਚ ਢਿੰਬਰੀ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਉਸਨੇ ਐੱਮ ਏ ਤਕ ਪੜ੍ਹਾਈ ਬਹੁਤ ਸੋਹਣੇ ਨੰਬਰਾਂ ਵਿੱਚ ਕੀਤੀ। ਨੌਕਰੀ ਲਈ ਟੈਸਟ ਦੀ ਤਿਆਰੀ ਲਈ ਲਹਿਰੇ ਕੋਚਿੰਗ ਸੈਂਟਰ ਵਿੱਚ ਲੱਗ ਗਿਆ।
ਪਿਛਲੀ ਸਰਕਾਰ ਦੌਰਾਨ ਇੱਕਾ ਦੁੱਕਾ ਨੌਕਰੀਆਂ ਨਿਕਲੀਆਂ, ਟੈਸਟ ਦਿੱਤੇ ਪਰ ਕਿਤੇ ਕੰਮ ਨਾ ਬਣਿਆ। ਆਖ਼ਿਰ ਸਰਕਾਰ ਵੱਲੋਂ ਨਿਕਲੀਆਂ ਪੰਜਾਬ ਪੁਲਿਸ ਦੀਆਂ ਨੌਕਰੀਆਂ ਵਿੱਚ ਸਬ ਇੰਸਪੈਕਟਰ ਦਾ ਟੈਸਟ ਵੀ ਪਾਸ ਕਰ ਲਿਆ ਤੇ ਚੋਣ ਵੀ ਹੋ ਗਈ। ਅਦਾਲਤੀ ਰੋਕ ਨੇ ਸਭ ਸੁਪਨਿਆਂ ਦਾ ਮਹਿਲ ਢਹਿ ਢੇਰੀ ਕਰ ਦਿੱਤਾ।
ਜਨਵਰੀ ਦਾ ਮਹੀਨਾ ਤੇ ਕਿਤੇ ਹੋਰ ਕੰਮ ਨਾ ਮਿਲੇ, ਢਿੰਬਰੀ ਪਿੰਡ ਵਿੱਚ ਇੱਕਾ ਦੁੱਕਾ ਦਿਹਾੜੀ ਉੱਤੇ ਜਾਣ ਲੱਗ ਪਿਆ। ਪਰ ਉਹ ਵੀ ਕੰਮ ਰਾਸ ਨਹੀਂ ਆਇਆ। ਇਨ੍ਹਾਂ ਦਿਨਾਂ ਵਿੱਚ ਵਿਆਹ ਬਹੁਤ ਹੁੰਦੇ ਨੇ। ਵਿਆਹ ਸ਼ਾਦੀਆਂ ਵਿੱਚ ਖਾਣਾ ਬਣਾਉਣ ਵਾਲੇ ਮੱਖਣ ਕੇਟਰਰ ਨੇ ਕਿਸੇ ਜਾਣ ਪਹਿਚਾਣ ਰਾਹੀਂ ਉਸ ਦੀ ਬਾਂਹ ਫੜੀ ਤੇ ਬਹਿਰੇ ਦਾ ਕੰਮ ਸੰਭਾਲ ਲਿਆ। ਐੱਮ ਏ ਪੜ੍ਹਿਆ ਮੁੰਡਾ, ਜੂਠੇ ਭਾਂਡੇ ਚੁੱਕੇ, ਲੱਜ ਤਾਂ ਬਹੁਤ ਆਉਂਦੀ ਪਰ ਕੀ ਕਰਦਾ, ਘਰ ਦੀ ਮਜਬੂਰੀ ਸੀ। ਦੋ ਤਿੰਨ ਮਹੀਨੇ ਪੈਲਿਸਾਂ ਵਿੱਚ ਨੀਂਦਰੇ ਮਰਕੇ, ਲੋਕਾਂ ਦੀ ਜੂਠ ਸਾਫ਼ ਕਰਕੇ, ਸ਼ਰਾਬੀਆਂ ਦੀਆਂ ਝਿੜਕਾਂ ਗਾਲ੍ਹਾਂ ਖਾ ਕੇ ਟਾਈਮ ਕੱਢਿਆ। ਨਾਲ਼ੇ ਰੋਇਆ ਕਰੇ ਨਾਲੇ ਕੰਮ ਕਰਿਆ ਕਰੇ। ਪਰ ਢਿੰਬਰੀ ਨੇ ਹਿੰਮਤ ਨਹੀਂ ਹਾਰੀ, ਹੌਸਲਾ ਨਹੀਂ ਛੱਡਿਆ। ਆਪਣੇ ਦਿਲ ਨੂੰ ਕਰੜਾ ਕਰਕੇ ਔਖੇ ਸਮੇਂ ਨਾਲ ਜੂਝਦਾ ਰਿਹਾ।
ਵਿਆਹਾਂ ਦੇ ਸੀਜ਼ਨ ਤੋਂ ਬਾਅਦ ਢਿੰਬਰੀ ਵਿਹਲਾ ਹੋ ਗਿਆ। ਸਰਕਾਰੀ ਨੌਕਰੀ ਦਾ ਅਜੇ ਕੋਈ ਕੰਮ ਨਾ ਬਣਿਆ। ਹੁਣ ਕੁਝ ਉਮੀਦ ਦੀ ਕਿਰਨ ਜਾਗੀ। ਸਰਕਾਰ ਨੇ ਪਟਵਾਰੀਆਂ ਦੀਆਂ ਆਸਾਮੀਆਂ ਕੱਢ ਦਿੱਤੀਆਂ। ਉਸ ਲਈ ਟੈਸਟ ਰੱਖ ਦਿੱਤਾ। ਫਿਰ ਕੀ ਸੀ, ਕੋਚਿੰਗ ਸੈਂਟਰ ਵਿਖੇ ਜਾ ਕੇ ਢਿੰਬਰੀ ਟੈਸਟ ਦੀ ਤਿਆਰੀ ਕਰਨ ਲੱਗਿਆ ਅਤੇ ਨਾਲ ਹੀ ਕੋਚਿੰਗ ਦੀਆਂ ਕਲਾਸਾਂ ਨੂੰ ਪੜ੍ਹਾਉਣ ਲੱਗ ਪਿਆ।
ਢਿੰਬਰੀ ਨੇ ਬਹੁਤ ਮਿਹਨਤ ਕੀਤੀ ਤੇ ਪਟਵਾਰੀਆਂ ਵਾਲਾਂ ਟੈਸਟ ਪਾਸ ਕਰ ਗਿਆ। ਫਿਰ ਵੋਟਾਂ ਆ ਗਈਆਂ ਤੇ ਸਰਕਾਰ ਬਦਲ ਗਈ। ਨਵੀਂ ਸਰਕਾਰ ਨੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਤੇ ਆਉਂਦਿਆਂ ਹੀ ਇੰਟਰਵਿਊ ਰੱਖ ਦਿੱਤੀ। ਢਿੰਬਰੀ ਇੰਟਰਵਿਊ ਵਿੱਚੋਂ ਵੀ ਪਾਸ ਹੋ ਗਿਆ। ਅੱਜ ਉਸ ਨੂੰ ਨਿਯੁਕਤੀ ਪੱਤਰ ਮਿਲਣਾ ਸੀ। ਘਰ ਵਾਲਿਆਂ ਨੇ ਰੱਬ ਦਾ ਸ਼ੁਕਰ ਮਨਾਇਆ, ਧਰਤੀ ਨਮਸਕਾਰੀ। ਅੱਜ ਇੱਕ ਭੇਡਾਂ ਪਾਲਣ ਵਾਲੇ ਦਾ ਮੁੰਡਾ, ਅਣਥੱਕ ਯੋਧਾ ਪਟਵਾਰੀ ਬਣਨ ਜਾ ਰਿਹਾ ਸੀ।
ਪਿੱਛੇ ਜਿਹੇ ਮੈਂ ਪਿੰਡ ਕਿਸੇ ਕੰਮ ਗੇੜਾ ਮਾਰਨ ਗਿਆ। ਉੱਥੇ ਢਿੰਬਰੀ ਦੇ ਪਰਿਵਾਰ ਦੇ ਖਿੜੇ ਚਿਹਰੇ ਵੇਖ ਕੇ ਮੈਂ ਵੀ ਗਦ ਗਦ ਹੋ ਉੱਠਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4171)
(ਸਰੋਕਾਰ ਨਾਲ ਸੰਪਰਕ ਲਈ: (