“ਅੱਗੋਂ ਅਵਾਜ਼ ਆਈ, “ਤੁਹਾਡੇ ਸਾਹਮਣੇ ਨਿਰਮਲਾ ਭੂਆ ਦਾ ਘਰ ...” ਮੈਂ ਵਿੱਚੋਂ ਹੀ ਉਸਦੀ ਗੱਲ ਕੱਟ ਕੇ ਕਿਹਾ ...”
(12 ਅਪਰੈਲ 2024)
ਇਸ ਸਮੇਂ ਪਾਠਕ: 140.
ਸੰਸਾਰ ਭਰ ਵਿੱਚ ਟੈਕਨਾਲੋਜੀ (ਤਕਨੀਕੀ ਗਿਆਨ) ਨੇ ਪਿਛਲੇ ਕੋਈ ਪੰਜਾਹ-ਸੱਠ ਸਾਲਾਂ ਵਿੱਚ ਜਿੰਨੀ ਤਰੱਕੀ ਕੀਤੀ ਹੈ, ਓਨੀ ਉਸ ਤੋਂ ਪਹਿਲੇ ਦੋ ਸੌ ਸਾਲਾਂ ਵਿੱਚ ਐਨੀ ਤਰੱਕੀ ਨਹੀਂ ਹੋਈ। ਅੱਜ ਕੱਲ੍ਹ ਹਰ ਖੇਤਰ ਵਿੱਚ ਤਕਨੀਕੀ ਇਨਕਲਾਬ ਆਇਆ ਹੋਇਆ ਹੈ। ਇਸ ਟੈਕਨਾਲੋਜੀ ਨੇ ਸਾਰੇ ਸੰਸਾਰ ਨੂੰ ਇਕਜੁੱਟ ਕਰ ਦਿੱਤਾ ਹੈ। ਕੀ ਮੋਬਾਇਲ, ਕੀ ਟੈਲੀਵਿਜ਼ਨ, ਕੀ ਨੈੱਟਵਰਕ ਤੇ ਕੀ ਕੰਪਿਊਟਰ, ਸਾਰੀਆਂ ਖੋਜਾਂ ਨੇ ਮਨੁੱਖ ਨੂੰ ਇੱਕ ਪਲੇਟਫ਼ਾਰਮ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਤੇ ਟਵਿਟਰ ਵੀ ਇਸੇ ਤਕਨੀਕ ਦਾ ਨਵੀਨਤਮ ਰੂਪ ਹਨ। ਖੇਤੀ ਬਾੜੀ ਖੇਤਰ, ਉਦਯੋਗੀਕਰਣ ਖੇਤਰ, ਆਵਾਜਾਈ ਭਾਵੇਂ ਧਰਾਤਲ ’ਤੇ ਹੋਵੇ, ਅਕਾਸ਼ ਵਿੱਚ ਹੋਵੇ ਜਾਂ ਸਮੁੰਦਰੀ ਰਸਤੇ ਹੋਵੇ, ਖਾਧ ਪਦਾਰਥ ਖੇਤਰ ਹੋਵੇ, ਦੂਰਸੰਚਾਰ ਖੇਤਰ ਹੋਵੇ, ਮੈਡੀਕਲ ਖੇਤਰ ਹੋਵੇ ਜਾਂ ਸਿੱਖਿਆ ਖੇਤਰ ਹੋਵੇ, ਹਰ ਖੇਤਰ ਵਿੱਚ ਬੇਮਿਸਾਲ ਤਕਨੀਕ ਦਾ ਵਿਕਾਸ ਹੋਇਆ ਹੈ। ਜੇਕਰ ਅੰਤਰਿਕਸ਼ (ਪੁਲਾੜ) ਦੀ ਗੱਲ ਕਰੀਏ ਤਾਂ ਮਨੁੱਖ ਚੰਦਰਮਾ ’ਤੇ ਆਪਣੀਆਂ ਪੈੜਾਂ ਕਰ ਆਇਆ ਹੈ ਤੇ ਮੰਗਲ ਗ੍ਰਹਿ ’ਤੇ ਪੈੜਾਂ ਕਰਨ ਲਈ ਤਿਆਰ ਹੈ। ਵਿਗਿਆਨੀਆਂ ਨੂੰ ਮੰਗਲ ਗ੍ਰਹਿ ਉੱਪਰ ਜੀਵਨ ਵਿਕਾਸ ਅਤੇ ਪਾਣੀ ਹੋਣ ਦੀ ਪੂਰੀ ਸੰਭਾਵਨਾ ਹੈ। ਆਗਾਮੀ ਸਮੇਂ ਵਿੱਚ ਜੇਕਰ ਉੱਥੇ ਦਾ ਵਾਤਾਵਰਣ ਸਹਿਜ ਹੋਇਆ ਤੇ ਰਹਿਣ ਯੋਗ ਹੋਇਆ ਤਾਂ ਰਿਹਾਇਸ਼ ਵੀ ਬਣਾ ਲਈ ਜਾਵੇਗੀ।
ਡਾਕ ਅਤੇ ਤਾਰ ਵਿਭਾਗ ਤੋਂ ਪਹਿਲਾਂ ਸੁਨੇਹੇ ਘੋੜਿਆਂ ਉੱਤੇ ਜਾਂ ਹਰਕਾਰਿਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਭੇਜੇ ਜਾਂਦੇ ਸਨ, ਫਿਰ ਚਿੱਠੀ ਪੱਤਰ ਦਾ ਜ਼ਮਾਨਾ ਆ ਗਿਆ। ਸਨ 1837 ਵਿੱਚ ਸੈਮੁਅਲ ਮੋਰਸ ਨੇ ਟੈਲੀਗ੍ਰਾਫ ਤਕਨੀਕ ਦੀ ਕਾਢ ਕੱਢੀ। ਇਹ ਇੱਕ ਖਾਸ ਕਿਸਮ ਦਾ ਯੰਤਰ ਸੀ ਜਿਸ ਰਾਹੀਂ ਕੋਡ ਟੈਪ ਕਰਕੇ ਬਿਜਲੀ ਟਰਾਂਸਮਿਸ਼ਨ ਰਾਹੀਂ ਦੂਸਰੀ ਜਗ੍ਹਾ ਸੁਨੇਹਾ ਭੇਜਿਆ ਜਾਂਦਾ ਸੀ ਤੇ ਉਸ ਸੁਨੇਹੇ ਨੂੰ ਡੀਕੋਡ ਕਰਕੇ ਆਪਣੀ ਭਾਸ਼ਾ ਵਿੱਚ ਬਦਲ ਲਿਆ ਜਾਂਦਾ ਸੀ। ਭਾਰਤ ਵਿੱਚ ਅੰਗਰੇਜ਼ ਰਾਜ ਸਥਾਪਿਤ ਹੋ ਚੁੱਕਿਆ ਸੀ, ਉਸ ਨੂੰ ਹੋਰ ਫੈਲਾਉਣ ਵਾਸਤੇ ਉਨ੍ਹਾਂ ਨੂੰ ਇਸ ਤਕਨੀਕ ਦੀ ਖਾਸ ਜ਼ਰੂਰਤ ਸੀ। ਇਸ ਤੋਂ ਬਾਆਦ 1869 ਵਿੱਚ ਪਹਿਲਾ ਟੈਲੀਫੋਨ ਪੇਟੈਂਟ ਗ੍ਰਾਹਮ ਬੈੱਲ ਨੂੰ ਦਿੱਤਾ ਗਿਆ ਤੇ ਟੈਲੀਫ਼ੋਨ 1876 ਤਕ ਪੂਰੀ ਹੋਂਦ ਵਿੱਚ ਆ ਗਿਆ। ਦੂਰ ਭਾਸ਼ ਦਾ ਇਹ ਇੱਕ ਅਜਿਹਾ ਧੁੰਨੀ ਯੰਤਰ ਸੀ ਜਿਸ ਰਾਹੀਂ ਦੂਰ ਬੈਠੇ ਬੰਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ। ਉਸ ਤੋਂ ਬਾਅਦ ਵਾਕੀ-ਟਾਕੀ, ਵਾਇਰਲੈੱਸ ਤੇ ਫਿਰ ਮੋਬਾਇਲ ਦਾ ਯੁਗ ਆ ਗਿਆ। ਸਾਰੀ ਦੁਨੀਆ ਸੰਸਾਰ ਪੱਧਰ ’ਤੇ ਫੈਲੇ ਨੈੱਟਵਰਕ ਨਾਲ ਜੁੜ ਗਈ। ਅੱਜ ਕੱਲ੍ਹ ਮੋਬਾਇਲ ਦੀ ਬੱਲੇ ਬੱਲੇ ਹੈ।
ਸ਼ੁਰੂ ਸ਼ੁਰੂ ਵਿੱਚ ਜਦੋਂ ਦੂਰ ਭਾਸ਼ ਕੇਂਦਰ ਸਥਾਪਿਤ ਹੋਏ ਤੇ ਬੇਸਿਕ ਮਸ਼ੀਨਾਂ ਆਈਆਂ ਤਾਂ ਫੋਨ ਮਿਲਾਉਣ ਲਈ ਦੂਰ ਭਾਸ਼ ਕੇਂਦਰ (ਟੈਲੀਫੋਨ ਅਕਸਚੇਂਜ) ਵਿੱਚ ਫੋਨ ਕਰਕੇ ਅੱਗੇ ਨੰਬਰ ਮਿਲਾਉਣ ਲਈ ਅਪ੍ਰੇਟਰ ਨੂੰ ਕਹਿਣਾ ਪੈਂਦਾ ਸੀ, ਫਿਰ ਉਹ ਉੱਥੇ ਦੀ ਅਕਸਚੇਂਜ ਨਾਲ ਸੰਪਰਕ ਕਰਕੇ ਨੰਬਰ ਮਿਲਾਉਂਦਾ ਸੀ। ਇਸ ਤਰ੍ਹਾਂ ਇਹ ਅਪ੍ਰੇਟਰ ਦੀ ਮਰਜ਼ੀ ’ਤੇ ਨਿਰਭਰ ਕਰਦਾ ਸੀ। ਇਸੇ ਕਰਕੇ ਉਨ੍ਹਾਂ ਸਮਿਆਂ ਵਿੱਚ ਅਪਰੇਟਰਾਂ ਦੀ ਚੜ੍ਹਤ ਹੋਇਆ ਕਰਦੀ ਸੀ। ਸਿਫਾਰਸ਼ ਵਾਲੇ, ਜਾਣ-ਪਛਾਣ ਵਾਲੇ ਜਾਂ ਸੇਵਾ ਭਾਵਨਾ ਦਿਖਾਉਣ ਵਾਲੇ ਆਪਣੀ ਫ਼ੋਨ ’ਤੇ ਗੱਲਬਾਤ ਛੇਤੀ ਕਰ ਲੈਂਦੇ ਸਨ। ਕਾਲਾਂ ਦੇ ਰੇਟ ਵੀ ਉਨ੍ਹਾਂ ਦੀ ਪਹਿਲ ਦੇ ਆਧਾਰ ’ਤੇ ਹੁੰਦੇ ਸਨ ਜਿਵੇਂ ਤੁਰੰਤ ਜ਼ਰੂਰੀ ਕਾਲ (ਅਰਜੈਂਟ ਕਾਲ), ਟਰੰਕ ਕਾਲ ਤੇ ਆਮ ਕਾਲ। ਸਭ ਤੋਂ ਮਹਿੰਗੀ ਤੁਰੰਤ ਜ਼ਰੂਰੀ ਕਾਲ ਹੋਇਆ ਕਰਦੀ ਸੀ। ਫਿਰ ਹੌਲ਼ੀ ਹੌਲ਼ੀ ਤਕਨੀਕ ਵਿੱਚ ਸੁਧਾਰ ਹੋਇਆ ਤੇ ਨਵੀਂਆਂ ਮਸ਼ੀਨਾਂ ਆ ਗਈਆਂ। ਫਿਰ ਟੈਲੀਫੋਨ ਨੰਬਰ ਘੁਮਾਉਣ ਦਾ ਸਿਸਟਮ ਚਾਲੂ ਹੋਇਆ। ਸਿਫਾਰਸ਼, ਜਾਣ-ਪਛਾਣ ਤੇ ਸੇਵਾ ਭਾਵਨਾ ਦਾ ਰਿਵਾਜ ਖ਼ਤਮ ਹੋ ਗਿਆ।
ਇਹ ਤਕਰੀਬਨ 1990-91 ਦਾ ਸਾਲ ਸੀ। ਸਾਨੂੰ ਵੀ ਘਰ ਟੈਲੀਫ਼ੋਨ ਲਗਵਾਉਣ ਦੀ ਜ਼ਰੂਰਤ ਮਹਿਸੂਸ ਹੋਈ। ਟੈਲੀਫ਼ੋਨ ਐਕਸਚੇਂਜ ਵਿੱਚ ਵੀਹ ਨੰਬਰ ਮਸ਼ੀਨ ਰਾਹੀਂ ਨਵੇਂ ਕੂਨੈਕਸ਼ਨ ਜਾਰੀ ਹੋ ਰਹੇ ਸਨ। ਮੈਂ ਵੀ ਟੈਲੀਫ਼ੋਨ ਲਈ ਅਰਜ਼ੀ ਦੇ ਦਿੱਤੀ। ਟੈਲੀਫ਼ੋਨ ਮਹਿਕਮੇ ਦੇ ਓਵਰਸੀਅਰ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਮੈਂ ਲਾਗਲੇ ਪਿੰਡ ਬੈਂਕ ਵਿੱਚ ਮੈਨੇਜਰ ਹਾਂ, ਮੈਨੂੰ ਫ਼ੋਨ ਦੀ ਸਖਤ ਲੋੜ ਹੈ, ਇਸ ਕਰਕੇ ਫ਼ੋਨ ਕੁਨੈਕਸ਼ਨ ਦਿੱਤਾ ਜਾਵੇ। ਓਵਰਸੀਅਰ ਨਵਾਂ ਜਿਹਾ ਮੁੰਡਾ ਸੀ, ਨਾਂ ਸੀ ਬਰਾੜ ਸਾਹਿਬ। ਉਸ ਨੇ ਮੇਰੀ ਜ਼ਰੂਰਤ ਜਾਇਜ਼ ਸਮਝੀ ਤੇ ਮੈਨੂੰ ਕਿਹਾ, “ਸ਼ਰਮਾ ਜੀ! ਇਸ ਵੀਹ ਨੰਬਰ ਮਸ਼ੀਨ ਵਿੱਚ ਤਾਂ ਤੁਹਾਡੀ ਵਾਰੀ ਨਹੀਂ ਆਉਣੀ ਕਿਉਂਕਿ ਲਿਸਟ ਬਹੁਤ ਲੰਬੀ ਹੈ, ਇੱਕ ਨਵੀਂ ਬਾਈ ਨੰਬਰ ਮਸ਼ੀਨ ਆਉਣੀ ਹੈ ਉਸ ਵਿੱਚ ਤੁਹਾਡਾ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦੇ ਦਿਆਂਗੇ।
ਮੇਰੀ ਖੁਸ਼ਕਿਸਮਤ ਕਿ ਉਹ ਮਸ਼ੀਨ ਬਹੁਤ ਛੇਤੀ ਆ ਗਈ ਤੇ ਟੈਲੀਫ਼ੋਨ ਲੱਗਣ ਦਾ ਆਰਡਰ ਹੋ ਗਿਆ। ਮੇਰੇ ਮੁਹੱਲੇ ਦਾ ਹੀ ਲਾਈਨਮੈਨ ਸੀ ਜਿਸ ਨੇ ਕੁਨੈਕਸ਼ਨ ਦੇਣਾ ਸੀ। ਉਸ ਦਿਨ ਮੈਂ ਵੀ ਛੁੱਟੀ ਲੈ ਲਈ। ਲਾਇਨਮੈਨ ਸੋਢੀ ਸਾਹਿਬ ਆਪਣੇ ਦੋ ਸਹਾਇਕਾਂ ਨਾਲ ਤਾਰ ਤੇ ਟੈਲੀਫ਼ੋਨ ਸੈੱਟ ਲੈ ਕੇ ਆ ਗਏ। ਘਰ ਵਿੱਚ ਵਿਆਹ ਵਰਗਾ ਮਾਹੌਲ ਹੋ ਗਿਆ। ਸਾਰਿਆਂ ਨੂੰ ਬਰਫੀ ਨਾਲ ਚਾਹ ਪਿਲਾਈ। ਉਨ੍ਹਾਂ ਘੰਟੇ, ਡੇਢ ਘੰਟੇ ਵਿੱਚ ਫ਼ੋਨ ਕੁਨੈਕਸ਼ਨ ਜੋੜ ਕੇ ਫ਼ੋਨ ਚਾਲੂ ਕਰ ਦਿੱਤਾ। ਸਾਰੇ ਟੱਬਰ ਨੂੰ ਤੇ ਆਂਢ ਗੁਆਂਢ ਵਿੱਚ ਚਾਅ ਚੜ੍ਹ ਗਿਆ। ਮੈਂ ਸੋਢੀ ਸਾਹਿਬ ਨੂੰ ਪੁੱਛਿਆ ਕਿ ਸੇਵਾ ਦੱਸੋ। ਉਨ੍ਹਾਂ ਕਿਹਾ ਸਾਨੂੰ ਤਾਂ ਕੁਝ ਨਹੀਂ ਚਾਹੀਦਾ, ਆਪਣਾ ਗੁਆਂਢ ਮੱਥਾ ਹੈ, ਆਹ ਮੁੰਡਿਆਂ ਨੂੰ ਟੀ ਪਾਰਟੀ ਲਈ ਸੇਵਾ ਕਰ ਦਿਉ। ਮੈਂ ਹੱਸ ਕੇ ਤੇ ਖੁਸ਼ੀ ਨਾਲ ਸੇਵਾ ਨਿਭਾਅ ਦਿੱਤੀ।
ਉਸ ਦਿਨ ਸਾਰੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੇ ਆਪਣੇ ਬੈਂਕ ਵਾਲੇ ਸਾਥੀਆਂ ਨੂੰ ਫ਼ੋਨ ਕਰਦੇ ਰਹੇ। ਇਸ ਤਰ੍ਹਾਂ ਸਿਲਸਿਲਾ ਚਲਦਾ ਰਿਹਾ। ਸਾਡੀ ਗੁਆਂਢਣ ਨਿਰਮਲਾ ਜਿਸ ਨੂੰ ਸਤਿਕਾਰ ਵਜੋਂ ਅਸੀਂ ਝਾਈ ਕਹਿੰਦੇ ਸੀ, ਕਿਤੇ ਮੇਰੀ ਪਤਨੀ ਤੋਂ ਸਾਡਾ ਫ਼ੋਨ ਨੰਬਰ ਲੈ ਗਈ। ਉਸਦੇ ਪੇਕੇ ਕਿਤੇ ਗੜਸ਼ੰਕਰ ਦੇ ਨਜ਼ਦੀਕ ਸਨ। ਇੱਕ ਦਿਨ ਅਸੀਂ ਰਾਤ ਦਾ ਖਾਣਾ ਖਾ ਚੁੱਕੇ ਸੀ ਕਿ ਫ਼ੋਨ ਦੀ ਘੰਟੀ ਖੜਕਣ ਲੱਗੀ। ਅਸੀਂ ਘਬਰਾ ਗਏ, ਡਰਦਿਆਂ ਨੇ ਫ਼ੋਨ ਚੁੱਕਿਆ। ਅੱਗੋਂ ਕੋਈ ਔਰਤ ਬੋਲੀ, “ਤੁਹਾਡੇ ਸਾਹਮਣੇ ਨਿਰਮਲਾ ਦਾ ਘਰ ਹੈ, ਮੈਂ ਗੜਸ਼ੰਕਰ ਕੋਲੋਂ ਉਹਦੀ ਭਤੀਜੀ ਬੋਲਦੀ ਹਾਂ। ਮੇਰੀ ਭੂਆ ਨਿਰਮਲਾ ਨਾਲ ਗੱਲ ਕਰਾਇਓ।”
ਲਓ ਜੀ ਅਸੀਂ ਨਿਰਮਲਾ ਨੂੰ ਬੁਲਾ ਕੇ ਫ਼ੋਨ ਫੜਾ ਦਿੱਤਾ। ਉਹ ਭੂਆ-ਭਤੀਜੀ, ਦੋਨੋਂ ਜਣੀਆਂ ਅੱਧਾ ਘੰਟਾ ਫ਼ੋਨ ’ਤੇ ਲੱਗੀਆਂ ਰਹੀਆਂ। ਅਸੀਂ ਸੌਣ ਲਈ ਬਘਿਆੜ ਉਬਾਸੀਆਂ ਲੈਂਦੇ ਰਹੇ। ਇਸ ਤਰ੍ਹਾਂ ਅਸੀਂ ਦੋ-ਚਾਰ ਵਾਰ ਗੱਲ ਕਰਵਾ ਦਿੱਤੀ। ਫਿਰ ਸਾਨੂੰ ਸਾਰੇ ਟੱਬਰ ਨੂੰ ਬੜੀ ਦਿੱਕਤ ਹੋਣ ਲੱਗੀ ਕਿਉਂਕਿ ਉਨ੍ਹਾਂ ਦਾ ਫ਼ੋਨ ਬੜਾ ਬੇਵਕਤ ਆਉਂਦਾ ਸੀ। ਇੱਕ ਦਿਨ ਫਿਰ ਭਰੀਜੀ ਦਾ ਫ਼ੋਨ ਆਇਆ ਤੇ ਮੈਂ ਚੁੱਕਿਆ। ਅੱਗੋਂ ਅਵਾਜ਼ ਆਈ, “ਤੁਹਾਡੇ ਸਾਹਮਣੇ ਨਿਰਮਲਾ ਭੂਆ ਦਾ ਘਰ ...” ਮੈਂ ਵਿੱਚੋਂ ਹੀ ਉਸਦੀ ਗੱਲ ਕੱਟ ਕੇ ਕਿਹਾ, ‘ਭਾਈ! ਮੇਰੇ ਘਰ ਦੇ ਸਾਹਮਣੇ ਤਾਂ ਟੋਭਾ ਹੈ, ਇੱਥੇ ਕੋਈ ਨਿਰਮਲਾ ਨਿਰਮੁਲਾ ਨਹੀਂ ਰਹਿੰਦੀ, ਤੁਹਾਡਾ ਨੰਬਰ ਗਲਤ ਮਿਲ ਗਿਆ ਹੈ।”
ਉਹ ਕਹਿੰਦੀ ਕਿ ਉਸ ਨੇ ਤਾਂ ਉਹੀ ਨੰਬਰ ਮਿਲਾਇਆ ਸੀ ਜਿਹੜਾ ਪਹਿਲਾਂ ਮਿਲਾਉਂਦੇ ਸੀ। ਮੈਂ ਕੋਈ ਜਵਾਬ ਨਾ ਦਿੱਤਾ। ਉਸ ਨੇ ਦੁਬਾਰਾ ਘੰਟੀ ਕੀਤੀ ਮੈਂ ਫ਼ੋਨ ਨਾ ਚੁੱਕਿਆ। ਉਸ ਤੋਂ ਬਾਅਦ ਉਸ ਦਾ ਇੱਕ ਵਾਰ ਫਿਰ ਫ਼ੋਨ ਆਇਆ ਤੇ ਮੈਂ ਉਹੀ ਘੜਿਆ ਘੜਾਇਆ ਉੱਤਰ ਦੇ ਦਿੱਤਾ। ਉਹ ਦਿਨ ’ਤੇ ਆਹ ਦਿਨ, ਮੁੜ ਕੇ ਨਿਰਮਲਾ ਝਾਈ ਲਈ ਕਦੇ ਫ਼ੋਨ ਨਾ ਆਇਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4883)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)