“ਮੈਂ ਸੋਚਿਆ ਬਈ ਕੰਮ ਬਣ ਗਿਆ। ਪਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ...”
(22 ਜਨਵਰੀ 2022)
ਮਨੁੱਖ ਜਿੰਨਾ ਮਰਜ਼ੀ ਸੂਝਵਾਨ, ਮਾਹਰ, ਚਤੁਰ ਤੇ ਸਿਆਣਾ ਹੋਵੇ ਪਰ ਜੀਵਨ ਵਿੱਚ ਕਿਤੇ ਨਾ ਕਿਤੇ ਅਜਿਹਾ ਮੋੜ ਆਉਂਦਾ ਹੈ ਜਿਹੜਾ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ। ਉਸ ਨੂੰ ਇਸ ਬਦਲਾਅ ਦਾ ਜ਼ਰਾ ਵੀ ਅਹਿਸਾਸ ਨਹੀਂ ਹੁੰਦਾ ਕਿ ਹੁਣ ਅੱਗੇ ਕੀ ਹੋਣ ਵਾਲਾ ਹੈ। ਰੁਟੀਨ ਵਿੱਚ ਤੁਰੇ ਜਾਂਦੇ ਨੂੰ ਅਚਾਨਕ ਅਜਿਹਾ ਮੋੜ ਕੱਟਣਾ ਪੈਂਦਾ ਕਿ ਉਸ ਲਈ ਜ਼ਿੰਦਗੀ ਦੇ ਮਾਇਨੇ ਹੀ ਬਦਲ ਜਾਂਦੇ ਹਨ। ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿੱਚ ਆਇਆ ਹਰ ਮੋੜ ਉਸ ਨੂੰ ਚੜ੍ਹਦੀਆਂ ਕਲਾਂ ਵਿੱਚ ਹੀ ਲੈ ਕੇ ਜਾਵੇ, ਇਹ ਮੋੜ ਉਸ ਨੂੰ ਢਹਿੰਦੀਆਂ ਕਲਾਂ ਵੱਲ ਵੀ ਲੈ ਜਾ ਸਕਦਾ ਹੈ।
ਮੇਰੇ ਨਾਲ ਵੀ ਇੰਜ ਹੀ ਹੋਇਆ। ਪੜ੍ਹਨ ਵਿੱਚ ਮੈਂ ਸ਼ੁਰੂ ਤੋਂ ਹੁਸ਼ਿਆਰ ਸੀ। ਹਰ ਸਾਲ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਆਉਣਾ। ਦਸਵੀਂ ਜਮਾਤ ਵਿੱਚ ਮੈਰਿਟ ਲਿਸਟ ਵਿੱਚ ਆਇਆ। ਇੱਕ ਸਾਲ ਗਿਆਰ੍ਹਵੀਂ ਆਰਟ ਵਿਸ਼ਿਆਂ ਵਿੱਚ ਪੜ੍ਹ ਕੇ ਮੈਂ ਚੰਡੀਗੜ੍ਹ ਵਿਖੇ ਕਾਮਰਸ ਵਿੱਚ ਦਾਖ਼ਲਾ ਲੈ ਲਿਆ। ਘਰ ਵਾਲਿਆਂ ਵਿੱਚ ਪਰੋਖੋਂ ਨਹੀਂ ਸੀ, ਨਹੀਂ ਤਾਂ ਡਾਕਟਰੀ ਦੀ ਪੜ੍ਹਾਈ ਵਿੱਚ ਜ਼ਰੂਰ ਪੰਗਾ ਲੈਂਦਾ।
ਚੰਡੀਗੜ੍ਹ ਪੜ੍ਹਦਿਆਂ ਨਵੇਂ-ਨਵੇਂ ਜ਼ਮਾਨੇ ਦੀ ਹਵਾ ਅਸਰ ਕਰ ਗਈ। ਪਿੰਡ ਦੇ ਮਾਹੌਲ ਵਿੱਚੋਂ ਗਏ ਸੀ, ਉੱਥੇ ਜਾ ਕੇ ਧਨਾਢਾਂ ਤੇ ਅਫਸਰਾਂ ਦੇ ਬੱਚਿਆਂ ਨਾਲ ਮਿੱਤਰਤਾ ਹੋਣ ਕਰਕੇ ਪੜ੍ਹਾਈ ਵੱਲੋਂ ਧਿਆਨ ਹਟ ਗਿਆ। ਕੁਝ ਕਾਮਰਸ ਦਾ ਵਿਸ਼ਾ ਵੀ ਦਿਲਚਸਪੀ ਵਾਲ਼ਾ ਨਹੀਂ ਸੀ। ਕਾਮਰਸ ਦਾ ਪਹਿਲਾ ਪਾਰਟ ਤਾਂ ਔਖੇ ਸੌਖੇ ਹੋ ਕੇ ਸੈਕਿੰਡ ਡਿਵੀਜ਼ਨ ਵਿੱਚ ਪਾਸ ਕਰ ਲਿਆ ਪਰ ਦੂਸਰੇ ਪਾਰਟ ਵਿੱਚ ਫਸ ਗਿਆ। ਕੰਪਾਰਟਮੈਂਟ ਆ ਗਈ। ਵਾਹ ਜਹਾਨ ਦੀ ਲਾ ਲਈ ਪਰ ਉਹ ਪੇਪਰ ਪਾਸ ਨਹੀਂ ਹੋਇਆ। ਘਰਦਿਆਂ ਨੇ ਬੇਵੱਸ ਹੋ ਕੇ ਪਿੰਡ ਵਾਪਸ ਬੁਲਾ ਲਿਆ। ਗੱਡੀ ਲੀਹ ਤੋਂ ਲਹਿ ਗਈ।
ਕੰਮਕਾਰ ਲਈ ਕਿਤੇ ਹੱਥ ਨਾ ਪਵੇ। ਭਲਾ ਅੱਧੋਰਾਣਿਆਂ ਨੂੰ ਕੌਣ ਰੁਜ਼ਗਾਰ ਦਿੰਦਾ। ਮੈਂ ਵੀ ਪ੍ਰੇਸ਼ਾਨ ਤੇ ਮਾਪੇ ਵੀ ਬੇਹਾਲ। ਇਕੱਲਾ ਇਕੱਲਾ ਮਾਪਿਆਂ ਦਾ ਮੁੰਡਾ, ਉਹ ਵੀ ਨਾ ਪੜ੍ਹਿਆ ਤਾਂ ਨਾ ਹੀ ਕਿਸੇ ਕੰਮ ਲੱਗਿਆ। ਸਾਡੇ ਨੇੜੇ ਧੂਰੀ ਵਿਖੇ ਭਗਵਾਨ ਪੁਰਾ ਸ਼ੂਗਰ ਮਿੱਲ ਸੀ ਜਿਹੜੀ ਅੱਜ ਵੀ ਹੈ, ਬਾਪੂ ਨੇ ਮਿੱਲ ਦੇ ਕਿਸੇ ਅਫਸਰ ਨੂੰ ਕਹਿ ਕਹਾ ਕੇ ਗੰਨੇ ਦੀਆਂ ਰੇਹੜੀਆਂ ਤੋਲਣ ਉੱਤੇ ਲਗਵਾ ਦਿੱਤਾ। ਉਹਨਾਂ ਸਮਿਆਂ ਵਿੱਚ ਗੰਨਾ ਬਲਦ ਰੇਹੜੀਆਂ ਉੱਤੇ ਆਉਂਦਾ ਹੁੰਦਾ ਸੀ, ਟਰੈਕਟਰ ਟਰਾਲੀ ਤਾਂ ਟਾਵੀਂ ਟਾਵੀਂ ਆਉਂਦੀ ਹੁੰਦੀ ਸੀ। ਸ਼ਿਫਟਾਂ ਵਿੱਚ ਡਿਊਟੀ ਹੁੰਦੀ ਸੀ ਅੱਠ ਘੰਟੇ, ਸਵੇਰੇ ਦਸ ਤੋਂ ਛੇ, ਛੇ ਤੋਂ ਰਾਤ ਦੇ ਦੋ ਤੇ ਰਾਤੀਂ ਦੋ ਤੋਂ ਸਵੇਰੇ ਦਸ ਵਜੇ ਤਕ। ਜਦੋਂ ਕਦੇ ਰਾਤੀਂ ਦੋ ਤੋਂ ਦਸ ਸ਼ਿਫਟ ਆਉਂਦੀ ਤਾਂ ਮੇਰੀ ਮਾਂ ਇੱਕ ਵਜੇ ਮੈਂਨੂੰ ਘੋਥਲ ਕੇ ਜਗਾਉਂਦੀ। ਚਾਹ ਬਣਾ ਕੇ ਦਿੰਦੀ ਨਾਲ਼ੇ ਬੁੱਕ ਬੁੱਕ ਹੰਝੂ ਕੇਰਦੀ।
ਮਿੱਲ ਦਾ ਟਾਈਮ ਕੀਪਰ ਸੇਵਾ ਮੁਕਤ ਹੋਇਆ। ਸਹਾਇਕ ਟਾਈਮ ਕੀਪਰ ਤਰੱਕੀ ਹੋ ਕੇ ਟਾਈਮ ਕੀਪਰ ਬਣ ਗਿਆ। ਸਹਾਇਕ ਟਾਈਮ ਕੀਪਰ ਦੀ ਜਗ੍ਹਾ ਖ਼ਾਲੀ ਹੋ ਗਈ। ਮੈਂ ਆਪਣੇ ਬਾਪੂ ਨੂੰ ਕਿਹਾ ਕਿ ਕੋਈ ਬੰਦਾ ਲੱਭ ਕੇ ਸਹਾਇਕ ਟਾਈਮ ਕੀਪਰ ਲਗਵਾ ਦਿਉ। ਬਾਪੂ ਨੇ ਇੱਕ ਕਾਂਗਰਸੀ ਆਗੂ ਲੱਭਿਆ ਤੇ ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਕੇ ਕੇ ਮਿਸ਼ਰਾ ਕੋਲ਼ ਚਲੇ ਗਏ। ਮੈਂ ਆਪਣੇ ਸਾਰੇ ਸਰਟੀਫਿਕੇਟ ਨਾਲ ਲੈ ਗਿਆ। ਜਨਰਲ ਮੈਨੇਜਰ ਨੇ ਸਾਡੀ ਗੱਲ ਧਿਆਨ ਨਾਲ ਸੁਣੀ। ਮੇਰੇ ਸਾਰੇ ਸਰਟੀਫਿਕੇਟ ਗਹੁ ਨਾਲ ਦੇਖੇ। ਮੈਂ ਸੋਚਿਆ ਬਈ ਕੰਮ ਬਣ ਗਿਆ। ਪਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਜਨਰਲ ਮੈਨੇਜਰ ਮਿਸ਼ਰਾ ਬੋਲਿਆ, “ਮੈਂ ਮੁੰਡੇ ਨੂੰ ਰੱਖ ਲੈਨਾ, ਕੋਈ ਦਿੱਕਤ ਨਹੀਂ ਹੈ। ਪਰ ਇਹ ਇੱਥੇ ਸਾਰੀ ਉਮਰ ਸਹਾਇਕ ਟਾਈਮ ਕੀਪਰ ਹੀ ਰਹੇਗਾ, ਵੱਧ ਤੋਂ ਵੱਧ ਟਾਈਮ ਕੀਪਰ ਬਣ ਜਾਵੇਗਾ। ਤੁਸੀਂ ਇਸਦੀ ਜ਼ਿੰਦਗੀ ਕਿਉਂ ਖਰਾਬ ਕਰਦੇ ਹੋ? ਐਨਾ ਹੁਸ਼ਿਆਰ ਲੜਕਾ ਹੈ, ਐਨੇ ਵਧੀਆ ਇਸਦੇ ਨੰਬਰ ਆਏ ਨੇ। ਤੁਸੀਂ ਇਸ ਨੂੰ ਪੜ੍ਹਾਉ। ਨੌਕਰੀ ਲਈ ਬਥੇਰਾ ਸਮਾਂ ਪਿਆ।”
ਅਸੀਂ ਸਾਰੇ ਉਸ ਦੀ ਗੱਲ ਸੁਣ ਕੇ ਚੁੱਪ ਜਿਹੇ ਕਰ ਗਏ ਤੇ ਸੋਚੀਂ ਪੈ ਗਏ।
ਮਿਸ਼ਰਾ ਜੀ ਨੇ ਮੈਂਨੂੰ ਪੁੱਛਿਆ, “ਕਿਉਂ ਕਾਕਾ, ਅੱਗੇ ਪੜ੍ਹੇਂਗਾ?”
ਮੈਂ ਸੋਚ ਕੇ ਜਵਾਬ ਦਿੱਤਾ, “ਹਾਂ ਜੀ, ਜ਼ਰੂਰ ਪੜ੍ਹਾਂਗਾ।”
ਮਿਸ਼ਰਾ ਜੀ ਬੋਲੇ, “ਲਉ, ਬਣ ਗਈ ਗੱਲ। ਜਾਉ, ਮੁੰਡੇ ਨੂੰ ਅੱਗੇ ਪੜ੍ਹਾਉ।”
ਇੱਥੇ ਮੇਰੇ ਜੀਵਨ ਵਿੱਚ ਅਚਾਨਕ ਤਿੱਖਾ ਮੋੜ ਆਇਆ ਜਿਸਨੇ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਦੁਬਾਰਾ ਤੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੀ ਏ ਪਹਿਲੇ ਦਰਜੇ ਵਿੱਚ ਪਾਸ ਕੀਤੀ। ਐੱਮ ਏ ਇਕਨਾਮਿਕਸ ਕੀਤੀ। ਨਤੀਜਾ ਆਉਣ ਸਾਰ ਬੈਂਕ ਵਿੱਚ ਨੌਕਰੀ ਮਿਲ ਗਈ। ਫਿਰ ਕੀ ਸੀ, ਚੱਲ ਸੋ ਚੱਲ। ਕਲਰਕ ਤੋਂ ਅਫਸਰ, ਅਫਸਰ ਤੋਂ ਮੈਨੇਜਰ, ਮੈਨੇਜਰ ਤੋਂ ਸੀਨੀਅਰ ਮੈਨੇਜਰ, ਸੀਨੀਅਰ ਮੈਨੇਜਰ ਤੋਂ ਚੀਫ ਮੈਨੇਜਰ। ਤਰੱਕੀਆਂ ਹੀ ਤਰੱਕੀਆਂ। ਅੱਜ ਮੈਂ ਖੁਸ਼ਹਾਲ ਤੇ ਕਾਮਯਾਬ ਜੀਵਨ ਦਾ ਅਨੰਦ ਮਾਣ ਰਿਹਾ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3297)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)