JagroopSingh3ਸਿਆਸੀ, ਧਾਰਮਿਕ ਅਤੇ ਸਮਾਜਿਕ ਰਹਿਨੁਮਾਵਾਂ ਨੂੰ ਚਾਹੀਦਾ ਹੈ ਕਿ ਕੁੱਤਾ ਪਾਲਣ ਦੇ ਨਿਯਮ ਤੈਅ ਕਰਨ ਅਤੇ ...
(16 ਦਸੰਬਰ 2023)
ਇਸ ਸਮੇਂ ਪਾਠਕ: 312.


ਦੇਸ਼ ਦਾ ਮਿਥਿਹਾਸਕ-ਇਤਿਹਾਸਕ ਪਛੋਕੜ ਘੋਖਣ ਵਾਲਾ ਵਿਦਵਾਨ ਅਮੀਸ਼ ਆਪਣੀ ਲਿਖਤ
Shiva Trilogy ਵਿੱਚ ਜ਼ਿਕਰ ਕਰਦਾ ਹੈ ਕਿ ਪ੍ਰਾਚੀਨ ਰਾਜੇ ਦਕਸ਼ ਦਾ ਪਿਤਾ ਉਸ ਨੂੰ ਉਲਾਂਭਾ ਦਿੰਦਾ ਰਹਿੰਦਾ ਸੀ ਕਿ ਉਹ ਅਵਾਰਾ ਕੁੱਤਿਆਂ ਦੀ ਧਾੜ ਤੋਂ ਆਪਣਾ ਬਚਾ ਨਹੀਂ ਕਰ ਸਕਿਆ ਸੀ, ਇਸ ਲਈ ਲੜਾਈ ਲੜਨਾ ਉਸ ਦੇ ਵਸੋਂ ਬਾਹਰ ਸੀਯਕੀਨ ਕਰ ਸਕਦੇ ਹਾਂ ਕਿ ਅੱਜ ਵਾਂਗ ਹੀ ਅਵਾਰਾ ਕੁੱਤਿਆਂ ਦੀਆਂ ਧਾੜਾਂ ਉਦੋਂ ਹੋਣਗੀਆਂ ਅਤੇ ਧਾੜ ਵੱਡ-ਅਕਾਰੀ ਵੀ ਹੋਵੇਗੀ ਕਿਉਂਕਿ ਉਹ ਸੰਘਣੇ ਜੰਗਲਾਂ ਦਾ ਸਮਾਂ ਸੀਮਨੁੱਖ ਕੁਦਰਤ ਦੀ ਗੋਦ ਵਿੱਚ ਰਹਿੰਦਾ ਸੀਉਸ ਸਮੇਂ ਦੇ ਰਿਸ਼ੀਆਂ-ਮੁਨੀਆਂ ਨੇ ਵੀ ਕੁਦਰਤ/ਪਰਮਾਤਮਾ ਨੂੰ ਪ੍ਰੇਮ ਕਰਨ ਦੀ ਸਿੱਖਿਆ ਦਿੱਤੀ ਹੈ। … ਕੁਦਰਤ ਦੇ ਜੀਵਾਂ ਨਾਲ ਪਿਆਰ ਦੀ ਸਿੱਖਿਆ ’ਤੇ ਅਮਲ ਕਰ ਰਹੇ ਰਾਜੇ, ਜਿਮੀਂਦਾਰ ਅਤੇ ਆਮ ਲੋਕ ਵੀ ਕੁੱਤੇ ਪਾਲਦੇ ਵੀ ਰਹੇ ਹੋਣਗੇ

ਮਿਥਿਹਾਸਿਕ ਇਤਿਹਾਸ ਦਾ ਇੱਕ ਹੋਰ ਖੋਜੀ-ਲੇਖਕ ਦੇਵਦੱਤ ਪਟਨਾਇਕ ਆਪਣੀ ਇੱਕ ਕ੍ਰਿਤ ਵਿੱਚ ਲਿਖਦਾ ਹੈ ਕਿ ਯੁਧਿਸ਼ਟਰ ਆਪਣੇ ਵਫਾਦਾਰ ਕੁੱਤੇ ਨੂੰ ਐਨਾ ਪਿਆਰ ਕਰਦਾ ਸੀ ਕਿ ਉਸ ਨੇ ਆਪਣੇ ਕੁੱਤੇ ਬਗੈਰ ਸਵਰਗ ਵਿੱਚ ਨਾ ਜਾਣਾ ਸਵੀਕਾਰ ਕਰ ਲਿਆ ਸੀਯੁਧਿਸ਼ਟਰ ਦਾ ਇਨਕਾਰ ਆਪਣੇ ਕੁੱਤੇ ਪ੍ਰਤੀ ਅਥਾਹ ਪਿਆਰ ਦਾ ਪ੍ਰਤੀਕ ਹੈਇਹ ਯੁਧਿਸ਼ਟਰ ਦੀ ਨੈਤਿਕਤਾ ਸੀ

ਸਮੇਂ ਦੀ ਚਾਲ ਨਾਲ ਮਨੁੱਖ ਨੇ ਜੰਗਲੀ ਜਾਨਵਰਾਂ ਨੂੰ ਨਕੇਲ ਪਾ ਕੇ ਉਨ੍ਹਾਂ ਨੂੰ ਘਰੇਲੂ ਜਾਨਵਰ ਬਣਾ ਲਿਆਘੋੜਾ ਲੜਾਈਆਂ ਜਿੱਤਦਾ-ਹਾਰਦਾ ਰੇਸ-ਕੋਰਸਾਂ ਵਿੱਚ ਜਿੱਤਣ-ਹਾਰਨ ਲੱਗਾ। ਹਾਥੀ ਸਰਕਸ ਵਿੱਚ ਕਰਤਬ ਦਿਖਾਉਣ ਲੱਗਾ, ਸ਼ੇਰ ਪਿੰਜਰੇ ਵਿੱਚ ਅਤੇ ਚਿੜੀਆ ਘਰਾਂ ਵਿੱਚ ਬੰਦ ਹੋ ਗਿਆਆਪਣੇ ਰਖਵਾਲੇ ਪ੍ਰਤੀ ਵਫਾਦਾਰੀ ਲਈ ਜਾਣਿਆ ਜਾਣ ਲੱਗਾ ਕੁੱਤਾ ਘਰ ਦੀ ਚੌਕੀਦਾਰੀ ਕਰਦਾ ਕਰਦਾ ਪਾਲਤੂ ਜਾਨਵਰ ਬਣ ਗਿਆਮਨੁੱਖੀ ਵਿਕਾਸ ਨਾਲ ਇਹ ਸਭ ਕੁਝ ਹੁੰਦਾ ਹੀ ਹੈ

ਮਨੁੱਖੀ ਜੀਵਨ ਵਿੱਚ ਪਿਆਰ ਦਾ ਅਹਿਸਾਸ ਬਹੁਤ ਮਹੱਤਵਪੂਰਨ ਹੈਜਾਰਜ ਇਲੀਅਟ (George Eliot) ਨੇ ਮਨੁੱਖੀ ਜੀਵਨ ਵਿੱਚ ਪਿਆਰ ਦੀ ਚਾਹਤ ਨੂੰ ਇਉਂ ਪਰਿਭਾਸ਼ਿਤ ਕੀਤਾ ਹੈ, “ਅਸੀਂ ਅਜਿਹਾ ਤਿਹੁ ਚਾਹੁੰਦੇ ਹਾਂ ਜਿਹੜਾ ਸਾਡੇ ਔਗੁਣਾਂ ਤੋਂ ਅਗਿਆਨੀ ਹੋਵੇ।” ... ਸਾਡੀ ਕਹਾਵਤ ਹੈ ਮਿੱਤਰ ਦੇ ਔਗੁਣ ਨਹੀਂ ਦੇਖੀਂਦੇਮਨੁੱਖ ਜਾਤੀ ਵਿੱਚ ਵਿਰਲਾ ਹੀ ਅਜਿਹਾ ਪਿਆਰ ਲੈ ਦੇ ਸਕਦਾ ਹੈਸਮੇਂ ਨਾਲ ਸ਼ਾਇਦ ਮਨੁੱਖ ਸਮਝਣ ਲੱਗਾ ਕਿ ਕੁੱਤਾ ਹੀ ਅਜਿਹਾ ਪਿਆਰ ਦੇ ਨੇੜੇ-ਤੇੜੇ ਢੁਕ ਸਕਦਾ ਹੈ ਅਤੇ ਇਸਦੇ ਆਸਰੇ ‘ਕੁੱਤਾ‘ ਮਨੁੱਖੀ ਜੀਵਨ ਦੇ ਹਰ ਪਹਿਲੂ ਵਿੱਚ ਦਾਖਲ ਹੋ ਗਿਆਘਰ ਰਾਹੀਂ ਸਾਡੇ ਡਰਾਇੰਗ ਰੂਮ, ਬੈੱਡ-ਰੂਮ ਤਕ ਪਹੁੰਚ ਗਿਆਅਸੀਂ ‘ਕੁੱਤਿਆਂ ਵਾਲੇ ਸਰਦਾਰ’ ਨਾਵਲ ਵੀ ਪੜ੍ਹ ਚੁੱਕੇ ਹਾਂ ਇਸਦੀ ਵਫਾਦਾਰੀ ’ਤੇ ਟੇਕ ਰੱਖਦਿਆਂ ਮਨੁੱਖ ਨੇ ਪੁਲਾੜ ਦੀ ਖੋਜ ਵਿੱਚ ਪਹਿਲਾਂ ਇੱਕ ਕੁੱਤੇ (ਲਾਇਕਾ) ਨੂੰ ਹੀ ਚੰਦ ’ਤੇ ਉਤਾਰਿਆ

ਅਸੀਂ ਸਿਰਫ ਪਾਲਤੂ ਕੁੱਤਿਆਂ ਨੂੰ ਹੀ ਪਿਆਰ ਨਹੀਂ ਕਰਦੇ ਬਲਕਿ ਅਵਾਰਾ ਕੁੱਤਿਆਂ ਨੂੰ ਵੀ ਅਥਾਹ ਪਿਆਰ ਕਰਦੇ ਹਾਂਇਨ੍ਹਾਂ ਨੂੰ ਵੀ ਆਪਣੇ ਬੱਚਿਆਂ ਵਾਂਗ ਪਾਲਦੇ ਹਾਂਸਵੇਰ ਦੀ ਸੈਰ ਕਰਨ ਵਾਲੇ ਰਾਤ ਦੀ ਬਚੀ ਰੋਟੀ, ਬਿਸਕੁਟ, ਦੁੱਧ, ਮੁਰਗੇ-ਬੱਕਰੇ ਦੀਆਂ ਹੱਡੀਆਂ ਦੇ ਭਰੇ ਲਿਫਾਫੇ ਕੁੱਤਿਆਂ ਨੂੰ ਪਾਉਂਦੇ ਆਮ ਦੇਖੇ ਜਾ ਸਕਦੇ ਹਨਕੁੱਤੇ ਵੀ ਇਨ੍ਹਾਂ ਸੱਜਣਾਂ ਨੂੰ ਪਛਾਣਨ ਲੱਗ ਜਾਂਦੇ ਹਨ ਅਤੇ ਉਨ੍ਹਾਂ ਦਾ ਰਾਹ ਤੱਕਦੇ ਰਹਿੰਦੇ ਹਨ ਕਿ ਕਦੋਂ ਉਹ ਆਉਣਗੇ ਤੇ ਕਦੋਂ ਕੁਝ ਖਾਣ ਲਈ ਮਿਲੇਗਾਕਿਸੇ ਅਵਾਰਾ, ਬੇਸਹਾਰਾ ਜਾਨਵਰ ਦਾ ਢਿੱਡ ਭਰਨਾ ਕੋਈ ਮਾੜੀ ਗੱਲ ਨਹੀਂ, ਪੁੰਨ ਦਾ ਕੰਮ ਹੈ ਪਰ ਇਹ ਸੱਜਣ ਇਸ ਗੱਲ ਤੋਂ ਅਨਜਾਣ ਹਨ ਕਿ ਉਹ ਅਵਾਰਾ ਕੁੱਤਿਆਂ ਨੂੰ ਲਾਗ ਦੀ ਬਿਮਾਰੀ ਅਤੇ ਹਲਕ ਜਾਣ ਦੇ ਮੌਕੇ ਵੀ ਪੈਦਾ ਕਰ ਰਹੇ ਹਨ

ਅਜਿਹਾ ਪਿਆਰ ਕਿਸ ਕੰਮ ਜਿਹੜਾ ਦੂਸਰਿਆਂ ਦੀ ਜਾਨ ਨੂੰ ਖਤਰਾ ਖੜ੍ਹਾ ਕਰ ਦੇਵੇਅਵਾਰਾ ਕੁੱਤਿਆਂ ਦੇ ਟੋਲੇ ਕਈ ਵਾਰ ਐਨੇ ਹਮਲਾਵਰ ਹੋ ਜਾਂਦੇ ਹਨ ਕਿ ਸੜਕਾਂ, ਪਾਰਕਾਂ ਵਿੱਚ ਸੈਰ ਕਰਨਾ ਜੋਖ਼ਮ ਭਰਿਆ ਹੋ ਜਾਂਦਾ ਹੈਕੌਮੀ ਰਾਜਧਾਨੀ ਦਾ ਨਹਿਰੂ ਪਾਰਕ (ਚਾਣਕਿਆਪੁਰੀ) ਅਵਾਰਾ ਕੁੱਤਿਆਂ ਕਰਕੇ ਸੈਰ ਕਰਨ ਯੋਗ ਨਹੀਂ ਰਿਹਾਹਰ ਰੋਜ਼ ਅਖਬਾਰਾਂ, ਟੀਵੀ, ਸੋਸ਼ਲ ਮੀਡੀਆ ’ਤੇ ਖਬਰਾਂ ਨਸ਼ਰ ਹੋ ਰਹੀਆਂ ਹਨ ... ਸਕੂਲ ਜਾਂਦੀ ਬੱਚੀ ਨੂੰ ਕੁੱਤਿਆਂ ਨੇ ਨੋਚਿਆ ... ਸਕੂਟਰ ’ਤੇ ਜਾਂਦੇ ਦੀ ਕੁੱਤੇ ਨੇ ਲੱਤ ਕੱਟ ਲਈ ... ਚੇਨਈ ਦੀ ਇੱਕ ਵਾਰਦਾਤ ਵਿੱਚ ਕੁੱਤੇ ਨੇ ਇੱਕ ਵਿਅਕਤੀ ਨੂੰ 29 ਕੱਟ ਮਾਰੇਇੱਕ ਦਿਨ ਵੱਡੀ ਖ਼ਬਰ ਛਪੀ ਕਿ 2 ਹਜ਼ਾਰ ਕਰੋੜ ਦੀ ਬਾਘ-ਬੱਕਰੀ ਚਾਹ ਕੰਪਨੀ ਦਾ 39 ਵਰ੍ਹਿਆਂ ਦਾ ਮਾਲਕ ਪਰਾਗ ਦੇਸਾਈ ਜਦੋਂ ਸੜਕ ’ਤੇ ਆਪਣੇ ਸਕੂਟਰ ’ਤੇ ਜਾ ਰਿਹਾ ਸੀ ਤਦ ਕੁੱਤਿਆਂ ਦੀ ਧਾੜ ਨੇ ਉਸ ਨੂੰ ਡੇਗ ਦਿੱਤਾ ਅਤੇ ਸਿਰ ਉੱਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ

ਥੋੜ੍ਹੇ ਦਿਨ ਪਹਿਲਾਂ ਸਾਡਾ ਇੰਗਲੈਂਡ ਵਾਸੀ ਬੇਟਾ ਸਾਨੂੰ ਮਿਲਣ ਆਇਆ ਤਾਂ ਉਹ ਕੁੱਤਿਆਂ ਦੇ ਡਰੋਂ ਸੈਰ ਹੀ ਨਾ ਕਰ ਸਕਿਆਉਸ ਨੂੰ ਡਰ ਸੀ ਕਿਤੇ ਕੋਈ ਅਵਾਰਾ ਕੁੱਤਾ ਉਸ ਨੂੰ ਕੱਟ ਨਾ ਲਵੇ ਤੇ ਫਿਰ ਉਸ ਨੂੰ ਰੈਬੀਜ਼ (ਹਲਕਾਅ) ਦੀ ਬਿਮਾਰੀ ਤੋਂ ਬਚਣ ਲਈ ਟੀਕੇ ਲਗਵਾਉਣੇ ਪੈਣਇੱਕ ਅੰਦਾਜ਼ੇ ਮੁਤਾਬਿਕ ਦੇਸ਼ ਵਿੱਚ ਹਰ ਸਾਲ 20 ਹਜ਼ਾਰ ਤੋਂ 25 ਹਜ਼ਾਰ ਵਿਅਕਤੀ ਅਵਾਰਾ ਕੁੱਟਿਆ ਦੇ ਕੱਟਣ ਤੇ ਰੈਬੀਜ਼ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾਂਦੇ ਹਨਕੋਈ ਇਨ੍ਹਾਂ ਦੇ ਪਰਿਵਾਰਾਂ ਨੂੰ ਪੁੱਛੇ ਬਈ ਅਵਾਰਾ ਕੁੱਤਿਆਂ ਨੂੰ ਪਾਲਣਾ ਪੁੰਨ ਹੈ ਜਾਂ ਪਾਪ? ਕਦੇ ਕਿਸੇ ਨੇ ਸੋਚਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਰੋਜ਼ੀ-ਰੋਟੀ ਕਮਾਉਂਦੇ ਮੈਂਬਰ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਗਏ, ਉਨ੍ਹਾਂ ਪਰਿਵਾਰਾਂ ਉੱਤੇ ਕੀ ਬੀਤਦੀ ਹੋਵੇਗੀ?

ਸਿਰਫ ਅਵਾਰਾ ਕੁੱਤੇ ਹੀ ਨਹੀਂ ਬਲਕਿ ਪਾਲਤੂ ਕੁੱਤੇ ਵੀ ਹਮਲਾਵਰ ਰੁਖ ਇਖਤਿਆਰ ਕਰ ਰਹੇ ਹਨ12 ਦਸੰਬਰ 2023 ਨੂੰ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਹੈ ਕਿ ਮਾਲਕ ਨਾਲ ਤੁਰ ਰਿਹਾ ਪਿੱਟਬੁਲ ਕੁੱਤਾ ਬਜ਼ਾਰ ਵਿੱਚ ਇੱਕ ਦਮ ਬੇਕਾਬੂ ਹੋ ਗਿਆ ਅਤੇ ਉਸ ਨੇ ਕੋਲ ਦੀ ਲੰਘ ਰਹੇ ਰੇਹੜੇ ਦੇ ਘੋੜੇ ਨੂੰ ਨੋਚ ਲਿਆ ਅਤੇ ਦਸ ਮਿੰਟ ਨੋਚਦਾ ਰਿਹਾ, ਮੁਸ਼ਕਲ ਨਾਲ ਰਾਹਗੀਰਾਂ ਨੇ ਛੁਡਵਾਇਆਇਹ ਦਸ ਮਿੰਟ ਗਰੀਬ ਰੇਹੜਾ ਮਾਲਕ ਅਤੇ ਘੋੜੇ ਨੇ ਕਿਵੇਂ ਗੁਜ਼ਾਰੇ ਹੋਣਗੇ? ਕਦੀ ਸੋਚਿਆ ਹੈ ਕਿਸੇ ਨੇ? ਵਟਸਐਪ ’ਤੇ ਫੋਟੋ ਨਾਲ ਖ਼ਬਰ ਵਾਇਰਲ ਹੋ ਰਹੀ ਹੈ ਕਿ 10 ਦਸੰਬਰ 2023 ਨੂੰ ਸਾਹਿਤ ਚਰਚਾ ਮੰਚ ਹੰਡਿਆਇਆ (ਪੰਜਾਬ, ਜ਼ਿਲ੍ਹਾ ਬਰਨਾਲਾ) ਵੱਲੋਂ ਰੱਖੇ ਗਏ ‘ਇਸਤਰੀ ਕਵੀ ਦਰਬਾਰ’ ਦੌਰਾਨ ਮੰਚ ਦੇ ਪ੍ਰਧਾਨ ਦੇ ਪਾਲਤੂ ਕੁੱਤੇ ਨੇ ਪ੍ਰਧਾਨ ਦੇ ਗਿੱਟੇ ਵਿੱਚ ਚਾਰ ਦੰਦ ਖੁਭੋ ਦਿੱਤੇਹਾਦਸਾ ਉਸ ਵੇਲੇ ਵਾਪਰਿਆ ਦੱਸਿਆ ਗਿਆ ਹੈ ਜਦੋਂ ਪ੍ਰਧਾਨ ਕੁੱਤੇ ਤੋਂ ਪਕੌੜਿਆਂ ਵਾਲਾ ਲਿਫ਼ਾਫ਼ਾ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀਮੰਚ ਦੇ ਪ੍ਰਬੰਧਕਾਂ ਦੀ ਹਾਲਤ ਤਰਸਯੋਗ ਹੋ ਗਈ ਹੋਵੇਗੀਪ੍ਰਧਾਨ ਜੀ ਨੇ ਲੰਗ ਮਾਰਦਿਆਂ ਹੀ ਸਮਾਗਮ ਪੂਰਾ ਕੀਤਾਭਗਦੜ ਵਿੱਚ ਕਵਿੱਤਰੀਆਂ ਦੀ ਕੀ ਮਨੋਦਸ਼ਾ ਰਹੀ ਹੋਵੇਗੀ? ਇਹ ਕਿਹੋ ਜਿਹਾ ਸਦਮਾ ਹੋਵੇਗਾ?

ਅਵਾਰਾ ਕੁੱਤਿਆਂ ਅਤੇ ਘਰੇਲੂ ਕੁੱਤਿਆਂ ਨੂੰ ਪਾਲਣ ਵਾਲੇ ਇੱਕ ਹੋਰ ਕਿਸਮ ਦੀ ਸਮਾਜਿਕ ਸਮੱਸਿਆ ਪੈਦਾ ਕਰ ਰਹੇ ਹਨ ਜਿਸ ਤੋਂ ਅਸੀਂ ਸਾਰੇ ਬੇਖਬਰ ਅਤੇ ਅਨਜਾਣ ਬਣੇ ਹੋਏ ਹਾਂ, ਆਪਣੇ ਆਲੇ-ਦੁਆਲੇ ਵਿੱਚ ਗੰਦ ਪਾਉਣਾ ਅਤੇ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਣਾ ਕੁਝ ਦਿਨ ਹੋਏ ਘਰ ਦੇ ਸਾਹਮਣੇ ਇੱਕ ਵਪਾਰਕ ਅਦਾਰੇ ਦਾ ਮਾਮੂਲੀ ਕਾਰਕੁਨ ਅਵਾਰਾ ਕੁੱਤੇ ਨੂੰ ਦੁੱਧ ਪਿਆ ਰਿਹਾ ਸੀਮੈਂ ਉਸ ਨੂੰ ਕਿਹਾ, “ਤੂੰ ਇਹ ਦੁੱਧ ਆਪਣੇ ਬੱਚੇ ਨੂੰ ਪਿਆ, ਬੱਚਾ ਸਰੀਰਕ ਪੱਖੋਂ ਤਕੜਾ ਹੋਵੇਗਾ ਜਾਂ ਫਿਰ ਉਸ ਦੀ ਪੜ੍ਹਾਈ, ਕੱਪੜੇ, ਦਵਾਈ ਆਦਿ ਉੱਤੇ ਖਰਚ ਕਰ।”

ਉਸ ਦਾ ਜਵਾਬ ਸੀ, “ਇਹ ਵੀ ਰੱਬ ਦਾ ਜੀਵ ਹੈ।”

ਮੈਂ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਫ਼ਿਕਰ ਕਰ, ਤੇਰੇ ਕੋਲ ਤਾਂ ਪਹਿਲਾਂ ਹੀ ਪੈਸੇ ਨਹੀਂ ਹਨ। ਇਸ ਨੂੰ ਜਿਸ ਨੇ ਪੈਦਾ ਕੀਤਾ ਹੈ, ਉਹ ਇਸਦਾ ਖਿਆਲ ਰੱਖੇਗਾ
ਉਹ ਨੇ ਮੂੰਹ ਵੱਟ ਲਿਆਮੈਂ ਸੋਚਿਆ ਹੁਣ ਇਹ ਮੇਰੇ ’ਤੇ ਔਖਾ ਤਾਂ ਹੋ ਹੀ ਗਿਆ ਹੈ, ਇਸ ਨੂੰ ਜੋ ਕਹਿਣਾ ਬਣਦਾ ਹੈ ਕਹਿ ਹੀ ਦਿਆਂਮੈਂ ਕਿਹਾ, “ਦੇਖ ਬਈ! ਕੁੱਤੇ ਨੂੰ ਦੁੱਧ ਮਿਲੂਗਾ ਤਾਂ ਉਹ ਇੱਥੇ ਹੀ ਬੈਠਾ ਰਿਹਾ ਕਰੂਗਾ, ਇੱਥੇ ਹੀ ਟੱਟੀ-ਪਿਸ਼ਾਬ ਕਰੇਗਾ, ਜਿਸਦੀ ਬਦਬੂ ਆਪਾਂ ਨੂੰ ਹੀ ਆਵੇਗੀਇਸ ਨੂੰ ਦੇਖ ਕੇ ਹੋਰ ਕੁੱਤੇ ਵੀ ਆ ਜਾਇਆ ਕਰਨਗੇ ਅਤੇ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਇੱਥੇ ਕੁੱਤੇ ਬੈਠਦੇ ਨੇ ਤਾਂ ਉਹ ਵੀ ਇੱਥੇ ਦੁੱਧ ਲੈ ਕੇ ਆ ਜਾਇਆ ਕਰਨਗੇ

ਉਹ ਦੂਰ ਤੁਰ ਗਿਆ ਜਿਵੇਂ ਕਹਿ ਰਿਹਾ ਹੋਵੇ, “ਭੌਂਕੀ ਜਾ, ਮੈਂ ਤੇਰੀ ਕੀ ਪ੍ਰਵਾਹ ਕਰਦਾਂ

ਇਸ ਕਾਰਕੁਨ ਜਿਹੀ ਮਾਨਸਿਕਤਾ ਸਾਡੀ ਸਮੂਹਿਕ ਮਾਨਸਿਕਤਾ ਦਾ ਅੰਗ ਹੈਅਜਿਹੀ ਮਾਨਸਿਕਤਾ ਵੀ ਦੇਸ਼ ਵਿੱਚ ਬੱਚਿਆਂ ਦੇ ਕੁਪੋਸ਼ਣ ਦਾ ਇੱਕ ਕਾਰਨ ਹੈਇੱਕ ਅੰਦਾਜ਼ੇ ਮੁਤਾਬਿਕ ਤਕਰੀਬਨ ਇੱਕ ਕਰੋੜ ਬੱਚੇ ਹਰ ਸਾਲ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ, ਸ਼ਾਇਦ ਇਸ ਲਈ ਕਿ ਉਨ੍ਹਾਂ ਦੇ ਹਿੱਸੇ ਦਾ ਦੁੱਧ, ਮਾਸ, ਰੋਟੀ ਇਹ ਕੁੱਤੇ ਖਾ ਜਾਂਦੇ ਹਨ

ਦੂਸਰੇ ਦਿਨ ਹੀ ਇੱਕ ਬੀਬੀ ਕਾਰ ਵਿੱਚੋਂ ਉੱਤਰੀ ਤੇ ਕੁੱਤੇ ਨੂੰ ਦੁੱਧ ਪਿਲਾਉਣ ਲੱਗੀ। ਮੈਂ ਅਚਾਨਕ ਹੀ ਬਾਹਰ ਨਿਕਲਿਆ ਅਤੇ ਇਹ ਨਜ਼ਾਰਾ ਦੇਖ ਕੇ ਦੁਖੀ ਹੋ ਗਿਆਔਰਤ ਨੂੰ ਕੁਝ ਕਹਿਣਾ ਠੀਕ ਨਾ ਸਮਝ ਕੇ ਮੈਂ ਉਸ ਕਾਰਕੁਨ ਨੂੰ ਕਿਹਾ, “ਦੇਖ, ਓਹੀ ਹੋਇਆ ਨਾ... ਆ ਗਏ ਨਾਮੈਂ ਹਾਲੇ ਬੋਲ ਹੀ ਰਿਹਾ ਸੀ ਕਿ ਦੁੱਧ ਪਿਲਾਉਂਦੀ ਯੁਵਤੀ ਬੋਲੀ, “ਕੀ ਹੋ ਗਿਆ ਅੰਕਲ? ਦੁੱਧ ਈ ਤਾਂ ਪਿਆ ਰਹੀ ਆਂ

ਮੈਂ ਕਿਹਾ, “ਬੀਬਾ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾਤੁਸੀਂ ਜੇਕਰ ਕੁੱਤੇ ਨੂੰ ਦੁੱਧ ਪਿਲਾਉਣਾ ਹੈ ਤਾਂ ਇੱਥੇ ਨਾ ਪਿਲਾਓ, ਆਪਣੇ ਘਰ ਅੱਗੇ ਪਿਲਾਓ

ਬੀਬੀ ਬੋਲੀ, “ਸੜਕ ’ਤੇ ਪਿਆ ਸਕਦੇ ਆਂ ...।”

ਮੈਂ ਕਿਹਾ ‘ਹਾਂ’ ਤੇ ਚੁੱਪ ਕਰ ਗਿਆਬੀਬੀ ਨੂੰ ਮੈਂ ਇਹ ਤਾਂ ਕਹਿ ਨਹੀਂ ਸਕਦਾ ਸੀ ਕਿ ਜੇਕਰ ਕੁੱਤਾ ਪਾਲਣਾ ਹੈ ਤਾਂ ਇਸਦਾ ਟੱਟੀ-ਪਿਸ਼ਾਬ ਵੀ ਸਾਫ਼ ਕਰਿਆ ਕਰੋ ਕਿਉਂਕਿ ਜਿਹੜੇ ਲੋਕ ਆਪਣਾ ਕਮੋਡ ਸਾਫ਼ ਨਹੀਂ ਕਰਦੇ, ਉਨ੍ਹਾਂ ਤੋਂ ਕੁੱਤੇ ਦਾ ਟੱਟੀ-ਪਿਸ਼ਾਬ ਸਾਫ਼ ਕਰਨ ਦੀ ਉਮੀਦ ਰੱਖਣਾ ਬੇਵਕੂਫੀ ਸੀਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਸੀ ਕਿਉਂਕਿ ਮੈਂ ਵਿਦੇਸ਼ ਫੇਰੀਆਂ ਵੇਲੇ ਅੱਖੀਂ ਦੇਖ ਆਇਆ ਸੀ ਕਿ ਉੱਥੇ ਕੁੱਤਾ ਰੱਖਣ ਵਾਲੇ ਕਿਸੇ ਵੀ ਪਬਲਿਕ ਥਾਂ ’ਤੇ ਕੁੱਤੇ ਨੂੰ ਟੱਟੀ-ਪਿਸ਼ਾਬ ਨਹੀਂ ਕਰਵਾਉਂਦੇ ਅਤੇ ਅਗਰ ਉਹ ਅਜਿਹਾ ਕਰ ਵੀ ਦਿੰਦਾ ਹੈ ਤਾਂ ਉਹ ਰਬੜ ਦੇ ਦਸਤਾਨੇ ਵਰਤਕੇ ਮਲ-ਮੂਤਰ ਉਠਾ ਕੇ ਇੱਕ ਥੈਲੀ ਵਿੱਚ ਪਾ ਲੈਂਦੇ ਹਨ ਉਨ੍ਹਾਂ ਦੀ ਇਸ ਆਦਤ ਨੇ ਮੈਨੂੰ ਬਹੁਤ ਕਾਇਲ ਕੀਤਾ ਸੀ

ਅੱਜ ਤੋਂ ਕੋਈ ਪੰਦਰਾਂ ਸੋਲਾਂ ਸਾਲ ਪਹਿਲਾਂ ਮੈਂ ਨੌਕਰਸ਼ਾਹ ਸੀ ਅਤੇ ਦੇਸ਼ ਦੀ ਰਾਜਧਾਨੀ ਦੇ ਗਿਰਦ ਨਵੇਂ ਵਸ ਰਹੇ ਸ਼ਹਿਰ ਦੇ ਇੱਕ ਸੈਕਟਰ ਵਿੱਚ ਤੀਸਰੀ ਮੰਜ਼ਿਲ ਦੇ ਫਲੈਟ ਵਿੱਚ ਰਹਿ ਰਿਹਾ ਸੀਬਿਲਡਿੰਗ ਵਿੱਚ ਲਿਫਟ ਨਹੀਂ ਸੀਗਰਾਊਂਡ ਫਲੋਰ ਉੱਤੇ ਇੱਕ ਪਰਿਵਾਰ ਨੇ ਦੋ ਕੁੱਤੇ ਪਾਲ ਰੱਖੇ ਸਨ ਅਤੇ ਉਹ ਪਰਿਵਾਰ ਹੋਰ ਅਵਾਰਾ ਕੁੱਤਿਆਂ ਦੀ ਦੇਖ ਭਾਲ ਕਰਦਾ ਦਿਖਾਈ ਦਿੰਦਾ ਸੀ ਕਿਉਂਕਿ ਕੋਈ ਇੱਕ ਕਿਲੋਮੀਟਰ ਤੋਂ ਇੱਕ ਨੌਜਵਾਨ ਔਰਤ ਹਮੇਸ਼ਾ ਦੁੱਧ ਦਾ ਵੱਡਾ ਡੋਲੂ ਗੱਡੀ ਵਿੱਚ ਰੱਖ ਕੇ ਲਿਆਉਂਦੀ ਅਤੇ ਇਸ ਸੱਜਣ ਦੀ ਮਦਦ ਨਾਲ ਸੜਕ ਦੇ ਦੂਸਰੇ ਕਿਨਾਰੇ ਕੁੱਤਿਆਂ ਦੀ ਟੋਲੀ ਨੂੰ ਪਿਲਾਉਂਦੀਉਨ੍ਹਾਂ ਵੇਲਿਆਂ ਵਿੱਚ ‘ਲਾਲ-ਬੱਤੀ’ ਦੀ ਥੋੜ੍ਹੀ ਬਹੁਤੀ ਸ਼ਰਮ ਸੀ। ਇਸ ਲਈ ਜਦੋਂ ਵੀ ਮੈਂ ਇੱਕ ਸਰਕਾਰੀ ਅਫਸਰ ਅਤੇ ਜ਼ਿੰਮੇਵਾਰ ਨਾਗਰਿਕ ਦੀ ਹੈਸੀਅਤ ਵਿੱਚ ਇਨ੍ਹਾਂ ਨੂੰ ਵਾਤਾਵਰਣ ਅਤੇ ਸਫਾਈ ਦਾ ਵਾਸਤਾ ਪਾ ਕੇ ਰੋਕਦਾ ਤਾਂ ਕਈ ਦਿਨ ਠੱਲ੍ਹ ਵੀ ਪੈ ਜਾਂਦੀ ਪਰ ਮਨਾਂ ਵਿੱਚ ਕੁੜੱਤਣ ਵਧਦੀ ਰਹਿੰਦੀਮੈਂ ਸਾਲ ਕੁ ਵਿੱਚ ਰਿਟਾਇਰ ਹੋ ਗਿਆਹੁਣ ਤਕ ਬੇਟੇ ਵਿਦੇਸ਼ ਉਡਾਰੀ ਮਾਰ ਚੁੱਕੇ ਸਨਵਿਦੇਸ਼ ਦੇਖਣ ਦਾ ਚਾਅ ਅਤੇ ਬੱਚਿਆਂ ਨੂੰ ਮਿਲਣ ਦੀ ਤਾਂਘ ਸਾਨੂੰ ਰਿਟਾਇਰ ਹੁੰਦਿਆਂ ਹੀ ਇੰਗਲੈਂਡ ਲੈ ਗਈਦੋ ਕੁ ਮਹੀਨਿਆਂ ਬਾਅਦ ਵਾਪਸ ਆਏ ਤਾਂ ਦ੍ਰਿਸ਼ ਬਦਲਿਆ ਹੀ ਨਹੀਂ ਬਲਕਿ ਵਿਗੜ ਚੁੱਕਿਆ ਸੀਦੋਂਹ ਕੁੱਤਿਆਂ ਵਾਲੇ ਦੇ ਘਰ ਅੱਗੋਂ ਹੀ ਪੌੜੀ ਉੱਪਰ ਚੜ੍ਹਦੀ ਸੀ, ਸਾਰੀਆਂ ਪੌੜੀਆਂ ਕੁੱਤਿਆਂ ਦੇ ਮਲ-ਮੂਤਰ ਨਾਲ ਭਰੀਆਂ ਪਾਈਆਂ ਸਨਕਿਤੇ ਪੈਰ ਰੱਖਣ ਨੂੰ ਥਾਂ ਨਹੀਂ ਸੀਸਵੇਰੇ ਪਾਣੀ ਨਾਲ ਸਫਾਈ ਕੀਤੀ। ਗੰਦ ‘ਕੁੱਤਿਆਂ ਵਾਲੇ’ ਦੇ ਦਰ ’ਤੇ ਆ ਖੜ੍ਹਾ ਹੋਇਆ। ਭਾਈ ਸਾਹਿਬ ਚੀਕ ਉੱਠੇ, ਗਾਲੀ-ਗਲੋਚ ’ਤੇ ਉੱਤਰ ਆਏਉਨ੍ਹਾਂ ਲਈ ਮੈਂ ਹੁਣ ‘ਚੱਲਿਆ ਕਾਰਤੂਸ’ ਸੀ ਉਹ ‘ਅਸੀਂ ਜਾਨਵਰਾਂ ਦੀ ਰਾਖੀ ਵਾਲੇ ਕਾਨੂੰਨ ਵਰਤਾਂਗੇ, ਦੇਖਾਂਗੇ ਕੀ ਕਰਲੇਂਗਾ ਤੂੰ ? ਸੁਣਾਉਣ ਲੱਗੇ ਇੱਕ ਚਤੁਰ ਸਿਆਸਤਦਾਨ ਨੇ ਜਾਨਵਰਾਂ ਦੀ ਸੰਭਲ ਲਈ ਕਾਨੂੰਨ ਬਣਵਾ ਦਿੱਤਾ ਸੀ ਅਤੇ ਸੱਤਾ ਦਾ ਭਾਗੀਦਾਰ ਹੋ ਗਿਆ ਸੀਇਸ ਖੇਡ ਵਿੱਚ ਕੁੱਤਾ ਸਭ ਤੋਂ ਵੱਧ ਫਾਇਦਾ ਉਠਾ ਗਿਆ ਸੀਯੁਧਿਸ਼ਟਰ ਦੀ ਨੈਤਿਕਤਾ ਤੋਂ ਹੇਠਲੀ ਪੱਧਰ ਦੀ ਨੈਤਿਕਤਾ ਵਾਲੇ ਕਿਸੇ ਵਿਅਕਤੀ ਨੂੰ ਵੀ ਕੁੱਤਿਆਂ ਦੀ ਸਾਂਭ ਸਭਾਲ਼ ਅਤੇ ਉਨ੍ਹਾਂ ਪ੍ਰਤੀ ਪਿਆਰ ਜਗਾਉਣ ਦਾ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ ਹੈਬਦਲਾਅ ਕੁਦਰਤ ਦਾ ਅਟੱਲ ਨਿਯਮ ਹੈ ਅਤੇ ਇਸ ਬਦਲਾਅ ਨੇ ਨੈਤਿਕਤਾ ਦੇ ਪੈਮਾਨੇ ਵੀ ਬਦਲ ਦਿੱਤੇ ਹਨਖ਼ੈਰ, ਮਨੁੱਖ ਤਾਂ ਮਨੁੱਖ ਹੈ, ਅਤੇ ਅਸੀਂ ਤਾਂ ਮੰਨੇ ਹੋਏ ਲਕੀਰ ਦੇ ਫਕੀਰ ਹਾਂ

ਫਿਰ ਇੱਕ ਦਿਨ ਮੈਨੂੰ ‘ਡੰਡਾ ਪੀਰ ਹੈ ਵਿਗੜੇ ਤਿਗੜਿਆਂ ਦਾ’ ਫਾਰਮੂਲਾ ਹੀ ਵਰਤਣਾ ਪਿਆਹਾਲਾਤ ਦੀ ਚਾਲ ਬਦਲਦੀ ਦੇਖ ਕੇ ਮੈਂ ਬਿਹਤਰ ਸਮਝਿਆ ਕਿ ਆਪਣੇ ਪੰਜਾਬ ਜਾਇਆ ਜਾਵੇਅਸੀਂ ਇਹ ਸੋਚ ਕੇ ਕਿ ਇਹ ਮਾਮਲਾ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਨਾਲ ਜਾ ਜੁੜਦਾ ਹੈ ਅਤੇ ਅਸੀਂ ਇਨ੍ਹਾਂ ਧਾਰਨਾਵਾਂ ਦੇ ਧਾਰਨੀ ਨਹੀਂ ਹਾਂ, ਇਸ ਲਈ ਬਿਹਤਰ ਹੋਵੇਗਾ ਕਿ ਉਹ ਰਿਹਾਇਸ਼ ਹੀ ਵੇਚ ਦਿੱਤੀ ਜਾਵੇ ਮੈਨੂੰ ਅਤੇ ਘਰ ਖਰੀਦਣ ਵਾਲੇ ਮੇਰੇ ਬੇਟੇ ਨੂੰ ਕਿੰਨੀ ਮਾਨਸਿਕ ਪੀੜ ਹੋਈ, ਉਹ ਅਸੀਂ ਹੀ ਮਹਿਸੂਸ ਕਰ ਸਕਦੇ ਹਾਂਸਾਡੇ ਵਰਗੇ ਹੋਰ ਲੱਖਾਂ ਹੀ ਪਰਿਵਾਰ ਇਸ ਹਾਲਾਤ ਵਿੱਚੋਂ ਲੰਘ ਰਹੇ ਹੋ ਸਕਦੇ ਹਨਤੇ ਪੰਦਰਾਂ ਕੁ ਸਾਲ ਬਾਅਦ ਜੋ ਪੰਜਾਬ ਵਿੱਚ ਹੋ ਰਿਹਾ ਹੈ, ਉਹ ਉੱਪਰ ਬਿਆਨ ਕਰ ਦਿੱਤਾ ਹੈ

ਸੈਰ ਕਰਨ ਵੇਲੇ ਇੱਕ ਮਿੱਤਰ ਨੇ ਇਸ ਸਮੱਸਿਆ ਬਾਰੇ ਦੱਸਿਆ ਕਿ ਕਿਵੇਂ ਜਦੋਂ ਇੱਕ ਲੇਡੀ ਆਪਣੇ ਪਾਲਤੂ ਕੁੱਤੇ ਨੂੰ ਉਨ੍ਹਾਂ ਦੀ ਦੀਵਾਰ ਉੱਤੇ ਪਿਸ਼ਾਬ ਕਰਵਾ ਰਹੀ ਸੀ ਤਾਂ ਉਸ ਨੇ ਗੇਟ ਖੋਲ੍ਹ ਕੇ ਕਿਹਾ, “ਬੀਬੀ, ਸਾਡੇ ਅੰਦਰ ਹੀ ਕਰਵਾ ਦਿਓ।” ਤੇ ਉਹ ਸ਼ਰਮਿੰਦੀ ਹੋ ਕੇ ਅੱਗੇ ਤੁਰ ਗਈਨੌਜਵਾਨ ਕੁੱਤਾ-ਪਾਲਕ ਤਾਂ ਇਹ ਸ਼ਰਮ ਵੀ ਨਹੀਂ ਕਰਦੇਇਵੇਂ ਹੀ ਮੈਂ ਆਪਣੇ ਪੋਤੇ ਦੀ ਉਮਰ ਦੇ ਮੁੰਡੇ ਨੂੰ ਟੋਕਿਆ ਤਾਂ ਕਹਿਣ ਲੱਗਾ, “ਓ ਯਾਰ ਖਾਲੀ ਪਲਾਟ ਵਿੱਚ ਹੀ ਤਾਂ ਕਰਵਾ ਰਿਹਾਂ, ਹੋਰ ਕਿੱਥੇ ਕਰਾਵਾਂ?”

“ਗੰਦ ਤਾਂ ਸਾਡੇ ਘਰ ਅੱਗੇ ਹੀ ਪੈ ਰਿਹਾ ਹੈ।” ਮੈ ਕਿਹਾ। ਉਸ ਨੂੰ ਮੇਰੀ ਉਮਰ ਨਾਲ ਕੋਈ ਸਰੋਕਾਰ ਨਹੀਂ ਸੀ। ਉਸ ਲਈ ‘ਸਵੱਛ ਭਾਰਤ ਅਭਿਆਨ’ ਕੋਈ ਮਾਅਨੇ ਨਹੀਂ ਰੱਖਦਾ ਸੀ, ਬੱਸ ਉਸ ਦਾ ‘ਡੌਗੀ’ ਖੁਸ਼ ਹੋਣਾ ਚਾਹੀਦਾ ਸੀ, ਜਿੱਥੇ ਮਰਜ਼ੀ ਪਿਸ਼ਾਬ ਕਰੇ, ਜਿੱਥੇ ਮਰਜ਼ੀ ਹੱਗੇ। ਉਸ ਲਈ ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’।

ਕੁੱਤਾ ਬੇਵਫਾਈ ਦਾ ਪ੍ਰਤੀਕ ਵੀ ਹੈਮਰਦਾਂ ਦੀ ਬੇਵਫਾਈ ਬਾਰੇ ਸ਼ਿਵ ਕੁਮਾਰ ਬਟਾਲਵੀ ਆਪਣੀ ਸ਼ਾਹਕਾਰ ਕ੍ਰਿਤ ‘ਲੂਣਾ’ ਵਿੱਚ ਗੋਲੀ ਮੂੰਹੋਂ ਰਾਣੀ ਇੱਛਰਾਂ ਨੂੰ ਇੰਝ ਕਹਾਉਂਦਾ ਹੈ, “ਨੀ ਇਹ ਉਹ ਕੁੱਤੇ / ਜੋ ਨਾ ਕਰਨ ਰਾਖੀ / ਸੰਨ੍ਹ ਮਾਰਦੇ ਵਫਾ ਦੇ ਨਾਮ ਉੱਤੇ /ਦਿਨੇਂ ਹੋਰ ਦੇ ਦਰਾਂ ਤੇ ਟੁੱਕ ਖਾਂਦੇ / ਰਾਤੀਂ ਹੋਰ ਦੇ ਦਰਾਂ ’ਤੇ ਜਾ ਸੁੱਤੇ’ ਅਸਲ ਜੀਵਨ ਦਾ ਵਿਵਹਾਰ ਹੀ ਪ੍ਰਤੀਕ ਬਣਦਾ ਹੈ

ਵਫਾਈ-ਬੇਵਫਾਈ ਦਾ ਪ੍ਰਤੀਕ ਸਾਡਾ ਪਿਆਰਾ ਕੁੱਤਾ ਅਜੋਕੇ ਸਮੇਂ ਵਿੱਚ ਦ੍ਰਿਸ਼ਟੀਮਾਨ ਅਤੇ ਅਦਿੱਖ ਕਹਿਰ ਢਾਹ ਰਿਹਾ ਹੈਇਹ ਸਾਡੀ ਸੱਭਿਅਕ ਸਮੱਸਿਆ ਹੈ ਕਿ ਅਸੀਂ ਕਿਸੇ ਚੀਜ਼ ਦਾ ਦੂਸਰਾ ਪਹਿਲੂ ਦੇਖਣਾ ਹੀ ਨਹੀਂ ਚਾਹੁੰਦੇ ਜਾਂ ਜਾਣਦੇ ਹੋਏ ਉਸ ਬਾਰੇ ਜਨਤਕ ਤੌਰ ’ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇਇਨ੍ਹਾਂ ਦੇ ਕਹਿਰ ਤੋਂ ਦੇਸ਼ ਦਾ ਵੱਡਾ ਕਾਰੋਬਾਰੀ ਮਰਿਆ ਪਰ ਕੋਈ ਦੋਸ਼ੀ ਨਹੀਂ ਪਾਇਆ ਗਿਆ... ਕਿਸ ਨੇ ਮਾਰਿਆ? ਆਮ ਸ਼ਹਿਰੀ ਨੂੰ ਤਾਂ ਕੀਹਨੇ ਪੁਛਣਾ ਹੈ।

ਪੰਜਾਬੀ ਟ੍ਰਿਬਿਊਨ (11 ਦਸੰਬਰ 2023) ਵਿੱਚ ਖ਼ਬਰ ਛਪੀ ਹੈ ਕਿ ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ਵਿੱਚ ਇੱਕ ਮ੍ਰਿਤੰਜਯ ਜਾਦੋਨ ਨਾਂ ਦੇ ਵਿਅਕਤੀ ਨੇ ਕਥਿਤ ਤੌਰ ’ਤੇ ਇੱਕ ਕਤੂਰੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਕਿਉਂਕਿ ਉੱਥੋਂ ਦੇ ਮੁੱਖ ਮੰਤਰੀ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, “ਭਿਆਨਕ ਹਾਦਸੇ ਤੋਂ ਬਹੁਤ ਪ੍ਰੇਸ਼ਾਨ ਹਾਂਨਿਆਂ ਯਕੀਨੀ ਬਣਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।” ਇਹ ਇਨਸਾਫ਼ ਮੁੱਖ-ਮੰਤਰੀ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਹੋਇਆ ਜਾਂ ਇੱਕ ਬੇਕਸੂਰ ਜਾਨਵਰ ਨੂੰ ਬੇਰਹਿਮੀ ਨਾਲ ਮਾਰਨ ਲਈ ਹੋਇਆ, ਕਹਿਣਾ ਮੁਸ਼ਕਿਲ ਹੈ

ਗੁਰਬਾਣੀ ਦੇ ਫਰਮਾਨ ਹਨ, “ਇਹ ਮਾਣਸ ਜਨਮ ਦੁਲੰਭ ਹੈ ... ਦੁਰਲੱਭ ਮਾਨਸ ਦੇਹ ...।” ਇਸ ਲਈ ਸਾਡਾ ਸਮੂਹਿਕ ਫਰਜ਼ ਬਣਦਾ ਹੈ ਕਿ ਮਨੁੱਖੀ ਜੀਵਨ ਦੀ ਸੰਭਾਲ ਕਰੀਏਮਨੁੱਖ ਦੀ ਜਾਨ ਨੂੰ ਇੱਕ ਜਾਨਵਰ ਦੀ ਜਾਨ ਤੋਂ ਵੱਧ ਸਮਝੀਏਸਿਹਤਮੰਦ ਸਮਾਜ ਸਿਰਜੀਏ ਜਿੱਥੇ ਇਹ ਅਵਾਰਾ ਕੁੱਤੇ ਜਨਤਕ ਕਹਿਰ ਨਾ ਢਾਹੁਣ ਅਤੇ ਪਾਲਤੂ ਕੁੱਤੇ ਆਪਸੀ ਭਾਈਚਾਰੇ ਵਿੱਚ ਜ਼ਹਿਰ ਨਾ ਘੋਲਣਸਿਆਸੀ, ਧਾਰਮਿਕ ਅਤੇ ਸਮਾਜਿਕ ਰਹਿਨੁਮਾਵਾਂ ਨੂੰ ਚਾਹੀਦਾ ਹੈ ਕਿ ਕੁੱਤਾ ਪਾਲਣ ਦੇ ਨਿਯਮ ਤੈਅ ਕਰਨ ਅਤੇ ਸਖ਼ਤੀ ਨਾਲ ਲਾਗੂ ਕਰਨਹਰ ਪੱਧਰ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ ਤਾਂ ਕਿ ਇਨ੍ਹਾਂ ਦੀ ਵਧ ਰਹੀ ਆਬਾਦੀ ਨੂੰ ਸੀਮਤ ਕੀਤਾ ਜਾ ਸਕੇਇਨ੍ਹਾਂ ਦਾ ਟੀਕਾਕਰਨ ਕੀਤਾ ਜਾਵੇ ਤਾਂ ਕਿ ਇਨ੍ਹਾਂ ਨੂੰ ਹਲਕਾਅ ਦੇ ਰੋਗ ਤੋਂ ਪੀੜਤ ਹੋਣ ਤੋਂ ਰੋਕਿਆ ਜਾਵੇਨਾਗਰਿਕਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਅਵਾਰਾ ਕੁੱਤੇ ਗੋਦ ਲਏ ਜਾਣ, ਜਿਸ ਲਈ ਕਰੜੀਆਂ ਸ਼ਰਤਾਂ ਰੱਖੀਆਂ ਜਾਣਗਊਸ਼ਾਲਾਵਾਂ ਦੀ ਤਰ੍ਹਾਂ ‘ਕੁੱਤਾ ਸੇਵਾ ਘਰ’ ਖੋਲ੍ਹ ਸਕਦੇ ਹਾਂ ਜਿੱਥੇ ਅਵਾਰਾ ਕੁੱਤਿਆਂ ਦੀ ਚੰਗੀ ਸਾਂਭ ਸੰਭਾਲ ਹੋ ਸਕਦੀ ਹੈ। ਲੋਕ ਮਨ ਚਾਹੀ ਖਾਧ-ਸਮੱਗਰੀ ਨਾਲ ਸੇਵਾ ਕਰ ਸਕਦੇ ਹਨ। ਨਾਲੇ ਪੁੰਨ ਨਾਲੇ ਫਲੀਆਂਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁਚਾਉਂਦੇ ਹੋਏ ਅਜਿਹੇ ਉਪਾਅ ਸੋਚੇ ਜਾਣ ਕਿ ਨਾਗਰਿਕ ਭੈ-ਮੁਕਤ ਹੋ ਕੇ ਤੁਰ-ਫਿਰ ਸਕਣ, ਗੰਦਗੀ ਦੇ ਫੈਲਾਅ ਨੂੰ ਰੋਕ ਕੇ ਸਵੱਛ ਵਾਤਾਵਰਣ ਸਿਰਜਿਆ ਜਾਵੇ। ਸਾਡਾ ਕੁਦਰਤ ਨਾਲ ਪਿਆਰ ਵੀ ਬਣਿਆ ਰਹੇ ਅਤੇ ਅਸੀਂ ਤੰਦਰੁਸਤ ਜੀਵਨ ਵੀ ਜੀ ਸਕੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4549)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author