“ਅੱਜ ਜੇਕਰ ਅਜਿਹੇ ਵਰਤਾਰੇ ਵਿਰੁੱਧ ਕੋਈ ਆਵਾਜ਼ ਉਠਾਉਂਦਾ ਹੈ ਤਾਂ ‘ਸਨਾਤਨ ਧਰਮ’ ਦੇ ਭਗਤਾਂ ...”
(9 ਸਤੰਬਰ 2023)
ਕਲਾਕਾਰ ਪਰੇ ਤੋਂ ਪਰੇ
* * *
ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਟੀਵੀ ਸਕਰੀਨ ’ਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜੱਫਰਨਗਰ ਦੇ ਪਿੰਡ ਖੁੱਬਾਪੁਰ ਦੇ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਇੱਕ ਬੱਚੇ ਨੂੰ ਉਸ ਦੇ ਜਮਾਤੀਆਂ ਤੋਂ ਥੱਪੜ ਮਰਵਾਉਂਦੀ ਦੀ ਵੀਡਿਓ ਵਾਇਰਲ ਹੋ ਰਹੀ ਹੈ। ਇਹ ਬੱਚਾ ਮੁਸਲਿਮ ਦੱਸਿਆ ਜਾ ਰਿਹਾ ਹੈ। ਉਸ ਨੂੰ ਇਹ ਸਜ਼ਾ ਗਣਿਤ ਦੇ ਪਹਾੜੇ ਯਾਦ ਨਾ ਹੋਣ ਕਰਕੇ ਦਿੱਤੀ ਗਈ। ਇਸੇ ਸੂਬੇ ਦੇ ਇੱਕ ਹੋਰ ਸਕੂਲ ਵਿੱਚ 14 ਸਾਲ ਦੀ ਬੱਚੀ ਨੇ ਆਪਣੀ ਅਧਿਆਪਿਕਾ ਤੋਂ ਸਕੂਲ ਫੀਸ ਦੀ ਗਲਤ ਰਸ਼ੀਦ ਬਾਰੇ ਪੁੱਛ ਲਿਆ ਅਤੇ ਇਹ ਸਵਾਲ ਪੁੱਛਣ ਦੀ ਜੁਰਅਤ ਹੀ ਗੁਨਾਹ ਬਣ ਗਈ ਕਿਉਂਕਿ ਉਹ ਅਖੌਤੀ ਨੀਵੀਂ ਜਾਤ ਨਾਲ ਸਬੰਧਿਤ ਸੀ। ਸਕੂਲ ਦੇ ਦੋਂਹ ਅਧਿਆਪਕਾਂ ਨੇ ਉਸ ਨੂੰ ਅਖੌਤੀ ਨੀਵੀਂ ਜਾਤ ਦੇ ਉਹ ਭੱਦੇ ਤਾਹਨੇ-ਮੇਹਣੇ ਦਿੱਤੇ ਕਿ ਬੱਚੀ ਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਵੀ ਦਰਦਨਾਕ ਖ਼ਬਰ ਹੈ ਕਿ ਇਸੇ ਸੂਬੇ ਦੇ ਇੱਕ ਸਕੂਲ ਵਿੱਚ ਇੱਕ ਪੰਜਵੀਂ ਜਮਾਤ ਦੇ ਬੱਚੇ ਵੱਲੋਂ ਦੂਣੀ ਦਾ ਪਹਾੜਾ ਨਾ ਸੁਣਾ ਸਕਣ ਤੇ ਮਾਸਟਰ ਜੀ ਨੇ ਉਸ ’ਤੇ ਬਿਜਲੀ ਨਾਲ ਚੱਲਣ ਵਾਲੀ ਡਰਿੱਲ ਚਲਵਾ ਦਿੱਤੀ। ਬਚਾ ਇਸ ਲਈ ਹੋ ਗਿਆ ਕਿ ਕਿਸੇ ਹੁਸ਼ਿਆਰ ਬੱਚੇ ਨੇ ਡਰਿੱਲ ਦਾ ਪਲੱਗ ਕੱਢ ਦਿੱਤਾ ਸੀ। ਇਹ ਵਾਕਿਆਤ ਇਸ ਲਈ ਹੋਏ ਕਿ ਵਿਦਿਆਰਥੀ ਜਾਂ ਤਾਂ ਹਿੰਦੂ ਧਰਮ ਦੀਆਂ ਅਖੌਤੀ ਨੀਚ ਸ਼੍ਰੇਣੀਆਂ ਨਾਲ ਸਬੰਧਤ ਸਨ ਜਾਂ ਫਿਰ ਦੂਸਰੇ ਧਰਮ ਨਾਲ ਸਬੰਧ ਰੱਖਦੇ ਸਨ। 10 ਅਗਸਤ 2023 ਨੂੰ ਕਰਨਾਟਕ ਦੇ ਇੱਕ ਉਰਦੂ ਸਕੂਲ ਦੀ ਅਧਿਆਪਿਕਾ ਬੱਚਿਆਂ ਦੇ ਸ਼ੋਰ ਮਚਾਉਣ ਤੇ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣ ਦੀ ਸਲਾਹ ਦੇ ਬੈਠੀ।
ਅਸੀਂ ਇਹ ਸ਼ੇਅਰ ਆਮ ਗੁਣਗੁਣਾਉਂਦੇ ਹਾਂ, ‘ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ ---।’ ਪਰ ਸਾਡੇ ਉਸਤਾਦ ਬੱਚਿਆਂ ਨੂੰ ਜਮਾਤ ਵਿੱਚ ਮਜ਼੍ਹਬ ਦੇ ਅਧਾਰ ’ਤੇ ਵੈਰ-ਭਾਵ ਸਿਖਾ ਹੀ ਨਹੀਂ ਰਹੇ, ਬਲਕਿ ਇਸਦੇ ਨਮੂਨੇ ਵੀ ਪੇਸ਼ ਕਰ ਰਹੇ ਹਨ। ਇਹ ਘਟਨਾਵਾਂ ਬਹੁਤ ਵਿਚਲਿਤ ਕਰਦੀਆਂ ਹਨ। ਹਰ ਸੰਵੇਦਨਸ਼ੀਲ ਮਨ ਉਦਾਸੀ ਦਾ ਆਲਮ ਝੇਲ ਰਿਹਾ ਹੈ। ਦੇਸ਼ ਦੇ ਸਾਰੇ ਸੂਬਿਆਂ ਵਿਚਲੀਆਂ ਅਜਿਹੀਆਂ ਘਟਨਾਵਾਂ ਦੇਸ਼ ਅਤੇ ਸਮਾਜ ਦਾ ਕਰੂਰ ਚਿਹਰਾ ਪੇਸ਼ ਕਰਦੀਆਂ ਹਨ। ਲਗਦਾ ਹੈ ਜਿਵੇਂ ਆਵਾ ਹੀ ਊਤ ਗਿਆ ਹੈ ਅਤੇ ਊਤਣ ਦੀ ਚੋਟੀ ’ਤੇ ਪਹੁੰਚਣਾ ਚਾਹੁੰਦਾ ਹੈ।
ਉਪਰੋਕਤ ਵੀਡਿਓ ਮੈਨੂੰ ਮੇਰੇ ਅਣਭੋਲ ਬਚਪਨ ਦੇ ਦਿਨ ਯਾਦ ਕਰਵਾਉਂਦੀ ਹੈ। ਪੜ੍ਹਨ ਵਿੱਚ ਹੁਸ਼ਿਆਰ ਹੋਣ ਕਰਕੇ ਮੈਂ ਚੌਥੀ ਤੋਂ ਅੱਠਵੀਂ ਜਮਾਤ ਤਕ ਆਪਣੀ ਕਲਾਸ ਦਾ ਮਾਨੀਟਰ ਸੀ। ਪਿੰਡ ਦੇ ਸਕੂਲ ਵਿੱਚ ਅਸੀਂ ਸਾਰੇ ਜਮਾਤੀ ਪਿੰਡ ਦੇ ਹੀ ਸਾਂ। ਵੀਹਵੀਂ ਸਦੀ ਦੇ ਪੰਜਾਹਵਿਆਂ ਅਤੇ ਸੱਠਵਿਆਂ ਦੇ ਦਹਾਕੇ ਹੁਣ ਮੈਨੂੰ ਗੋਲਡਨ ਲਗਦੇ ਹਨ। ਮੈਂ ਸਰੀਰ ਤੋਂ ਮਾੜਚੂ ਜਿਹਾ ਸੀ। ਮੇਰੀ ਸਮਾਜਿਕ ਸ਼੍ਰੇਣੀ ਵੀ ਕਮਜ਼ੋਰ ਸ਼੍ਰੇਣੀ ਸੀ। ਕੁਦਰਤੀ ਨਿਯਮ ਹੈ ਕਿ ਸਾਰੇ ਬੱਚੇ ਮਾਨਸਿਕ ਤੌਰ ’ਤੇ ਇੱਕੋ ਜਿਹੇ ਕਦੀ ਵੀ ਨਹੀਂ ਹੋ ਸਕਦੇ। ਮਾਸਟਰ ਸ਼ਮਸ਼ੇਰ ਸਿੰਘ ਜੀ ਸਾਡੇ ਪਹਿਲੇ ਅਧਿਆਪਕ ਸਨ ਅਤੇ ਬੜੇ ਸਖ਼ਤ ਮੰਨੇ ਜਾਂਦੇ ਸਨ। ਲੱਕੜੀ ਦਾ ਗੋਲ ਸੋਟੀ ਉਨ੍ਹਾਂ ਦੇ ਕਲਾਸ ਵਿੱਚ ਆਉਣ ਤੋਂ ਪਹਿਲਾਂ ਹੀ ਮੇਜ਼ ’ਤੇ ਪਈ ਹੁੰਦੀ। ਕੌਣ ਰੱਖਦਾ ਸੀ? ਸਾਨੂੰ ਨਿਆਣਿਆਂ ਨੂੰ ਕੋਈ ਇਲਮ ਨਹੀਂ ਸੀ। ਇਹ ਮਾਸਟਰ ਜੀ ਦੀ ਪ੍ਰਭੂਸਤਾ ਦਾ ਪ੍ਰਤੀਕ ਸੀ। ਅਸੀਂ ਇਸ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਸਾਂ। ਉਹ ਮਾਨੀਟਰ ਕੋਲੋਂ ਅਕਸਰ ਹੀ ਕਮਜ਼ੋਰ ਬੱਚਿਆਂ ਨੂੰ ਸਜ਼ਾ ਦਿਵਾਉਂਦੇ ਸਨ, ਵੈਸੇ ਇਹ ਵਰਤਾਰਾ ਸਕੂਲਾਂ ਵਿੱਚ ਆਮ ਹੀ ਸੀ। ਜਦੋਂ ਮੈਂ ਆਪਣੇ ਸਾਥੀਆਂ ਦੇ ਹੱਥ ’ਤੇ ਇਹ ਡੰਡਾ ਵਰਤਦਾ ਤਾਂ ਮੈਨੂੰ ਇੰਝ ਲਗਦਾ ਕਿ ਉਹ ਡੰਡਾ ਮੇਰੇ ਪੈ ਰਿਹਾ ਹੈ। ਮੈਨੂੰ ਲਗਦਾ, ਹਾਏ ਮੇਰੇ ਆੜੀ ਦੇ ਸੱਟ ਲਗਦੀ ਹੋਵੇਗੀ। ਇਨ੍ਹਾਂ ਪਲਾਂ ਵਿੱਚ ਸਾਡੀ ਮਾਨਸਿਕਤਾ ’ਤੇ ਕੀ ਕੀ ਪ੍ਰਭਾਵ ਪੈਂਦੇ ਹੋਣਗੇ? ਮੈਨੂੰ ਡਰ ਹੀ ਲਗਦਾ ਰਹਿੰਦਾ ਕਿ ਛੁੱਟੀ ਹੁੰਦਿਆਂ ਹੀ ਇਹ ਮੈਨੂੰ ਸਕੂਲ ਦੇ ਬਾਹਰ ਘੜੂਗਾ। ਪਰ ਅਜਿਹਾ ਕਦੀ ਨਹੀਂ ਸੀ ਹੋਇਆ। ਅਸੀਂ ਸਾਰੇ ਹੱਸਦੇ ਖੇਡਦੇ ਘਰਾਂ ਨੂੰ ਜਾਂਦੇ ਅਤੇ ਫਿਰ ਦੂਸਰੇ ਦਿਨ ਜੱਫੀਆਂ ਪਾ ਕੇ ਮਿਲਦੇ। ਮਾਸਟਰ ਜੀ ਦੇ ਹੁਕਮ ਤੋਂ ਸਭ ਜਾਣੂ ਸਨ।
ਅਜਿਹਾ ਨਹੀਂ ਸੀ ਕਿ ਕਦੇ ਮੈਂ ਗਣਿਤ ਦੇ ਸਵਾਲ ਗਲਤ ਨਹੀਂ ਕੱਢਦਾ ਸੀ। ਮੈਨੂੰ ਸਜ਼ਾ ਮਾਸਟਰ ਜੀ ਆਪ ਦਿੰਦੇ। ਉਹ ਅਜਿਹਾ ਥੱਪੜ ਜੜਦੇ ਕਿ ਕੰਨ ਟੀਂ ਟੀਂ ਕਰਨ ਲੱਗ ਜਾਂਦਾ, ਕਾਲੀ ਗੱਲ੍ਹ ਨੇ ਲਾਲ ਕੀ ਹੋਣਾ ਸੀ। ਜੇ ਡੰਡਾ ਵਰਤਦੇ ਤਾਂ ਹਥੇਲੀ ਲਾਲ ਹੋ ਜਾਂਦੀ। ਪਰ ਉਨ੍ਹਾਂ ਅਜਿਹਾ ਕਦੀ ਨਹੀਂ ਸੀ ਕੀਤਾ ਕਿ ਮੈਨੂੰ ਕਲਾਸ ਦੇ ਬਾਹਰ ਖੜ੍ਹਾ ਕਰ ਲਿਆ ਹੋਵੇ ਕਿ ਮੈਂ ਪਛੜੀ ਸ਼੍ਰੇਣੀ ਵਿੱਚੋਂ ਹਾਂ ਅਤੇ ਜੱਟ ਭਾਈਚਾਰੇ ਦੇ ਜਮਾਤੀਆਂ ਨੂੰ ਕਿਹਾ ਹੋਵੇ. ਇਸਦੇ ਵਾਰੀ ਵਾਰੀ ਥੱਪੜ ਲਾਓ।
ਹੁਣ ਮੈਂ ਸੋਚਦਾ ਹਾਂ ਕਿ ਮੇਰੇ ਕੋਲੋਂ ਸਜ਼ਾ ਦਿਵਾਉਣ ਵਿੱਚ ਵੀ ਕੋਈ ਰਾਜ ਹੀ ਹੋਵੇਗਾ। ਹੋ ਸਕਦਾ ਹੈ ਮਾਸਟਰ ਜੀ ਸੋਚਦੇ ਹੋਣ ਕਿ ਮੈਂ ਕਮਜ਼ੋਰ ਹੋਣ ਦੇ ਨਾਤੇ ਬੱਚਿਆਂ ਦੇ ਜ਼ੋਰ ਨਾਲ ਡੰਡਾ ਮਾਰ ਹੀ ਨਹੀਂ ਸਕਾਂਗਾ। ਇਹ ਵੀ ਹੋ ਸਕਦਾ ਹੈ ਕਿ ਉਹ ਸੋਚਦੇ ਹੋਣ ਕਿ ਮੈਂ ਜਮਾਤੀਆਂ ਤੋਂ ਡਰਦਾ ਹੋਇਆ ਵੈਸੇ ਹੀ ਹੌਲੀ ਹੌਲੀ ਮਾਰਾਂਗਾ। ਇਹ ਤਾਂ ਮੇਰੀਆਂ ਕਿਆਸ ਅਰਾਈਆਂ ਹਨ। ਮੇਰੇ ਕੰਨ ਸੇਕਣ ਦਾ ਮਨਸਾ ਸ਼ਾਇਦ ਇਹ ਸੀ ਕਿ ਮਨੀਟਰ ਸਵਾਲ ਕਿਵੇਂ ਗਲਤ ਕੱਢ ਜਾਵੇ, ਫਿਰ ਉਹ ਮਾਨੀਟਰ ਕਾਹਦਾ ਹੋਇਆ। ਗਲਤੀ ਲਈ ਉਹ ਜ਼ਿਆਦਾ ਸਜ਼ਾ ਦਾ ਹੱਕਦਾਰ ਹੈ। ਕੁਝ ਵੀ ਸੀ ਮਾਹੌਲ ਵਧੀਆ ਹੀ ਰਹਿੰਦਾ ਸੀ।
ਜਿਉਂ ਜਿਉਂ ਅਸੀਂ ਅੱਠਵੀਂ ਵੱਲ ਵਧਦੇ ਗਏ, ਮੇਰਿਆਂ ਕੰਨਾਂ ਵਿੱਚ ਪੈਣਾ ਸ਼ੁਰੂ ਹੋ ਗਿਆ, “ਅਗਲੇ ਸਾਲ ਲਵਾਂਗੇ ਬਦਲੇ ਗਿਣ ਗਿਣ, ਜਦੋਂ ਬਡਰੁੱਖਾਂ ਦੇ ਸਕੂਲ ਜਾਇਆ ਕਰਾਂਗੇ। ਅਜਿਹਾ ਸ਼ਾਇਦ ਇਸ ਲਈ ਹੋਇਆ ਹੋਣਾ ਹੈ ਕਿ ਉਹ ਖੁਦ ਹੀ ਮਹਿਸੂਸ ਕਰਨ ਲੱਗ ਗਏ ਹੋਣ ਕਿ ਇਹ ਪਛੜੀਆਂ ਸ਼੍ਰੇਣੀਆਂ ਦਾ ਸਾਡੇ ਡੰਡੇ ਮਾਰਦਾ ਹੈ। ਦੂਸਰੀ ਵੱਡੀ ਸੰਭਾਵਨਾ ਇਹ ਹੋ ਸਕਦੀ ਹੈ ਕਿ ਪੰਡਿਤ ਨੱਥੂ ਰਾਮ ਨੇ ਪਿੰਡ ਦੇ ਜ਼ਿਮੀਂਦਾਰਾਂ ਨੂੰ ਸ਼ਰਾਧਾਂ ਵੇਲੇ ਕਿਹਾ ਹੋਵੇ, “ਜਜਮਾਨ! ਮੈਂ ਆਪ ਕੇ ਬੱਚੇ ਕੇ ਹਾਥ ਸੇ ਨਹੀਂ ਖਾਊਂਗਾ, ਸੁਨਾ ਹੈ ਸਕੂਲ ਮੇਂ ਇਸ ਕੋ ਵੋਹ ਸ਼ੂਦਰ ਕਾ ਬੱਚਾ ਡੰਡੇ ਮਾਰਤਾ ਹੈ, ਯੇਹ ਬੱਚਾ ਤੋਂ ਭ੍ਰਿਸ਼ਟ ਗਿਆ ਹੈ … … ਸ਼ੁਦਰੋਂ ਕੋ ਵਿੱਦਿਆ ਕਾ ਅਧਿਕਾਰ ਸ਼ਾਸਤਰੋਂ ਨੇ ਨਹੀਂ ਦੀਆਂ ਹੈ … …।” ਤੇ ਫੇਰ ਜਾਤ-ਅਭਿਮਾਨੀ ਜਜਮਾਨਾਂ ਨੇ ਆਪਣੇ ਬੱਚਿਆਂ ਨੂੰ ਹੱਲਾ ਸ਼ੇਰੀ ਦੇ ਦਿੱਤੀ ਹੋਵੇ, “ਓਏ ਤੁਸੀਂ ਜੱਟਾਂ ਦੇ ਪੁੱਤ ਉਸ ਨੀਵੀਂ ਜਾਤ ਦੇ ਮੁੰਡੇ ਤੋਂ ਡੰਡੇ ਖਾਈ ਜਾਨੇ ਓਂ, ਲਾਹਨਤ ਐ ਥੋਡੇ!” ਵਿੱਦਿਆ ਤੋਂ ਕੋਰੇ ਸਮਾਜ ਦੀ ਮਾਨਸਿਕਤਾ ਉੱਤੇ ‘ਅਸੀਂ ਜੱਟ ਹੁੰਦੇ ਆਂ’ ਦਾ ਭੂਤ ਸਵਾਰ ਸੀ ਜਿਹੜਾ ਅੱਜ ਵੀ ਪੜ੍ਹੇ-ਲਿਖਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਮੈਂ ਡਰਨ ਲੱਗ ਪਿਆ ਸੀ ਅਤੇ ਬਾਪੂ ਜੀ ਨੂੰ ਸਾਫ਼ ਕਹਿ ਦਿੱਤਾ, “ਮੈਂ ਬਡਰੁੱਖਾਂ ਸਕੂਲ ਨਹੀਂ ਜਾਵਾਂਗਾ, ਉਹ ਮੈਨੂੰ ਕੁੱਟਿਆ ਕਰਨਗੇ।” ਅੱਠਵੀਂ ਜਮਾਤ ਦੀਆਂ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਉਹ ਸਕੂਲ ਕਿਸੇ ਕਾਰਨ ਬੰਦ ਹੋ ਗਿਆ ਅਤੇ ਮੈਂ ਸੰਗਰੂਰ ਦਾਖਲ ਹੋ ਗਿਆ। ਇਸ ਦੌਰਾਨ ਇੱਕ ਸੁੱਕੜ ਜਿਹੇ ਮੁੰਡੇ ਨੇ ਮੈਨੂੰ ਕਈ ਵਾਰ ਕੁੱਟਿਆ ਵੀ ਪਰ ਇੱਕ ਦਿਨ ਮੈਂ ਹਿੰਮਤ ਕਰਕੇ ਉਸ ਦੀ ਢਿੰਬਰੀ ਟੈਟ ਕਰ ਦਿੱਤੀ ਤੇ ਸ਼ਾਮ ਨੂੰ ਜਿਮੀਂਦਾਰ ਬਾਪੂ ਜੀ ਦੁਆਲੇ ਹੋ ਗਿਆ ਸੀ, ਬਾਪੂ ਤਕੜਾ ਸੀ ...।
1960 ਦੇ ਆਸ-ਪਾਸ ਸ਼ਹਿਰੀ ਬੱਚਿਆਂ ਨੂੰ ਸਿਨਮਾ ਦੇਖਣ ਦਾ ਚਸਕਾ ਲੱਗ ਚੁੱਕਿਆ ਸੀ। ਪੇਂਡੂ ਬੱਚੇ ਹਾਲੇ ਇਸ ਚਾਟ ’ਤੇ ਨਹੀਂ ਲੱਗੇ ਸਨ। ਉਸ ਵੇਲੇ ਕੰਨੀਂ ਪੈਂਦੀ ਆਵਾਜ਼ ਅੱਜ ਵੀ ਸੁਣ ਸਕਦਾ ਹਾਂ ; “ਓਏ ਯਾਰ ‘ਧੂਲ ਕਾ ਫੂਲ’ ਤਾਂ ਦੇਖਣ ਆਲੀ ਐ, ਕੀ ਐਕਟਿੰਗ ਕਰੀ ਐ ਰਾਜਿੰਦਰ ਕੁਮਾਰ ਨੇ ... ਮਾਲਾ ਸਿਨਹਾ ਬੜੀ ਜਚ ਰਹੀ ਐ ...।” ਅਤੇ ਫਿਰ ਉਹ ਇਸ ਫਿਲਮ ਦਾ ਮਸ਼ਹੂਰ ਗਾਣਾ ਗੁਣਗੁਣਾਉਣ ਲਗਦੇ, “ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ...।” ਇਹ ਗੀਤ ਰੇਡੀਓ ’ਤੇ ਵੀ ਆਮ ਸੁਣਾਈ ਦਿੰਦਾ ਸੀ। ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਵਿੱਚ ਆਮ ਹੀ ਸੁਣੇ ਜਾਣ ਦਾ ਭਾਵ ਇਹੋ ਹੋ ਸਕਦਾ ਹੈ ਕਿ ਲੋਕ ਇਨਸਾਨੀਅਤ ਦੀ ਗੱਲ ਕਰ ਰਹੇ ਸਨ। ਮੈਂ ਇਹ ਫਿਲਮ ਨਹੀਂ ਦੇਖੀ। ਇਤਫਾਕਨ ਅੱਜ ਸਵੇਰ ਦੀ ਸੈਰ ਵੇਲੇ ਇੱਕ ਮਿੱਤਰ ਨੇ ਇਸ ਫਿਲਮ ਦੀ ਕਹਾਣੀ ਸੁਣਾਈ, ਜਿਸਦਾ ਸਾਰ ਇਸ ਤਰ੍ਹਾਂ ਹੈ:
ਦੋ ਜਵਾਨੀਆਂ ਨੂੰ ਪ੍ਰੇਮ-ਬੰਧਨ ਜਕੜ ਲੈਂਦਾ ਹੈ। ਪ੍ਰੇਮੀ ਉੱਚ ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਚਲਾ ਜਾਂਦਾ ਹੈ ਅਤੇ ਉਸ ਦੀ ਗੈਰ-ਹਾਜ਼ਰੀ ਵਿੱਚ ਪ੍ਰੇਮਕਾ ਨੂੰ ਬੱਚਾ ਪੈਦਾ ਕਰਨਾ ਪੈਂਦਾ ਹੈ, ਜਿਸ ਨੂੰ ਇੱਕ ਮੁਸਲਿਮ ਧਰਮ ਦਾ ਬੰਦਾ ਜੰਗਲ ਵਿੱਚ ਪਾਲਦਾ ਹੈ। ਉਹ ਬੱਚੇ ਦੇ ਧਰਮ ਤੋਂ ਅਨਜਾਣ ਹੈ। ਬੱਚੇ ਨੂੰ ਸਕੂਲ ਦਾਖਲ ਕਰਵਾਉਣ ਵੇਲੇ ਉਸ ਦੇ ਪਾਲਣਹਾਰ ਨੂੰ ਪੁੱਛਿਆ ਜਾਂਦਾ ਹੈ ਕਿ ਉਹ ‘ਹਿੰਦੂ ਹੈ ਜਾਂ ‘ਮੁਸਲਮਾਨ’। ਇਸਦੇ ਜਵਾਬ ਵਿੱਚ ਪਾਲਣ ਪੋਸ਼ਣ ਕਰਨ ਵਾਲਾ ਇਹ ਗੀਤ ਗੁਣਗੁਣਾਉਂਦਾ ਹੈ, “ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ ...।” ਮੰਨਿਆ ਗਿਆ ਹੈ ਕਿ ਸਾਹਿਤ ਅਤੇ ਫਿਲਮਾਂ ਸਮਾਜ ਦਾ ਦਰਪਣ ਹੁੰਦੇ ਹਨ। ਇਹ ਫਿਲਮ ਤਾਂ ਇਹੋ ਕਹਿ ਰਹੀ ਹੈ ਕਿ ਉਨ੍ਹਾਂ ਵੇਲਿਆਂ ਵਿੱਚ ਹਿੰਦੂ-ਮੁਸਲਿਮ ਦੇ ਅਧਾਰ ’ਤੇ ਦੇਸ਼-ਵੰਡ ਦੇ ਦੁਖਾਂਤ ਦੇ ਬਾਵਜੂਦ ਮਨੁੱਖੀ ਚੇਤਨਾ ਇਨਸਾਨੀਅਤ ਦੀ ਆਵਾਜ਼ ਬੁਲੰਦ ਕਰਦੀ ਸੀ। ਬੱਚਾ ਉਸ ਦਾ ਧਰਮ ਦੇਖ ਕੇ ਨਹੀਂ ਪਾਲਿਆ ਗਿਆ ਸੀ ਅਤੇ ਨਾ ਹੀ ਦੋਹਾਂ ਪ੍ਰੇਮੀਆਂ ਨੂੰ ਕੋਈ ਸਜ਼ਾ ਦਿੱਤੀ ਗਈ ਸੀ।
ਅੱਜ ਜੇਕਰ ਅਜਿਹੇ ਵਰਤਾਰੇ ਵਿਰੁੱਧ ਕੋਈ ਆਵਾਜ਼ ਉਠਾਉਂਦਾ ਹੈ ਤਾਂ ‘ਸਨਾਤਨ ਧਰਮ’ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਲਗਦੀ ਹੈ ਕਿ ਉਹ ਆਵਾਜ਼ ਉਠਾਉਣ ਵਾਲੇ ਵਿਰੁੱਧ ਐੱਫ ਆਈ ਆਰ ਦਰਜ ਕਰਵਾ ਦਿੰਦੇ ਹਨ। ਉਦਾਹਰਣ ਦੇ ਤੌਰ ’ਤੇ ਤਾਮਿਲ-ਨਾਡੂ ਦੇ ਮੁੱਖ-ਮੰਤਰੀ ਦੇ ਪੁੱਤਰ ਉਧੈਨਿਧੀ ਸਟਾਲਿਨ ਨੇ ਤਾਮਿਲ ਫਿਲਮ Maamannan ਵਿੱਚ ਨਾਇਕ ਦੀ ਭੂਮਿਕਾ ਨਿਭਾਈ ਹੈ। ਫਿਲਮ ਤਾਮਿਲ ਦਲਿਤ ਐੱਮ ਐੱਲ ਏ ਦੀ ਉਸ ਸਮਾਜ, ਜਿਹੜਾ ਉਸ ਨੂੰ ‘ਉਸ ਦੀ ਥਾਂ’ ਦਿਖਾਉਣ ’ਤੇ ਬਜ਼ਿੱਦ ਹੈ, ਦੇ ਵਿਰੁੱਧ ਬਗਾਵਤ ਅਤੇ ਸ਼ਾਂਤ ਹੋਣ ਤੋਂ ਇਨਕਾਰੀ ਹੋਣ ’ਤੇ ਕੇਂਦਰਿਤ ਹੈ। ਫਿਲਮ ਨੇ ਸੰਦੇਸ਼ ਦਿੱਤਾ ਹੈ ਕਿ ਜਾਤ-ਪਾਤ ਨੂੰ ਦੂਰ ਕਰਨ ਲਈ ਸਨਾਤਨ ਧਰਮ ਨੂੰ ਜੜ੍ਹੋਂ ਪੁੱਟਣਾ ਜ਼ਰੂਰੀ ਹੈ। ਉਧੈਨਿਧੀ ਸਟਾਲਿਨ ਵਿਰੁੱਧ ਦੋ ਸੂਬਿਆਂ ਵਿੱਚ ਮੁਕੱਦਮੇ ਦਰਜ ਕਰਵਾਏ ਗਏ ਹਨ। ਤਾਮਿਲ-ਨਾਡੂ ਦੇ ਹੀ ਸਮਾਜ-ਸੁਧਾਰਕ ਅਤੇ ਸਿਆਸਤਦਾਨ ਅਰੋਡੇ ਵੇਂਕਟੱਪਾ ਰਾਮਾਸਵਾਮੀ ‘ਪੇਰਿਆਰ’ ਨੇ ਪਿਛਲੀ ਸਦੀ ਵਿੱਚ ਅਜਿਹਾ ਸੰਦੇਸ਼ ਦਿੱਤਾ ਸੀ। ਡਾ. ਬਾਬਾ ਸਾਹਿਬ ਅੰਬੇਡਕਰ ਨੇ ਵੀ ਆਪਣੇ ਭਾਸ਼ਨਾਂ ਅਤੇ ਲਿਖਤਾਂ ਵਿੱਚ ਅਜਿਹਾ ਹੀ ਸੰਦੇਸ਼ ਦਿੱਤਾ ਹੈ।
ਅੱਜ ਦੇ ਮੰਨੇ ਪ੍ਰਮੰਨੇ ਚਿੰਤਕ ਪ੍ਰਤਾਪ ਭਾਨੂ ਮਹਿਤਾ 6 ਸਤੰਬਰ 2023 ਦੇ ਇੰਡੀਅਨ ਐਕਸਪ੍ਰੈੱਸ ਵਿੱਚ ‘ਦੈਵੀ ਸਿਧਾਂਤ ਅਤੇ ਇਸਦੀਆਂ ਅਸੰਤੁਸ਼ਟੀਆਂ’ ਸਿਰਲੇਖ ਹੇਠ ਲਿਖਦੇ ਹਨ:
“ਭਾਰਤੀ ਜਾਤ ਪ੍ਰਣਾਲੀ ਦਾ ਪ੍ਰਚਲਨ ਘਟੀਆ ਅਤੇ ਅੱਤਿਆਚਾਰੀ ਹੈ। ਅਸੀਂ ਇਸਦੀਆਂ ਅਧਿਆਤਮਿਕ ਜਟਿਲਤਾਵਾਂ, ਇਸ ਵਿਰੁੱਧ ਸਮੇਂ ਸਮੇਂ ਉੱਠੀਆਂ ਬਗਾਵਤਾਂ ਅਤੇ ਆਧੁਨਿਕਤਾ ਦੌਰਾਨ ਇਸਦੇ ਬਦਲਾਅ ’ਤੇ ਬਹਿਸ ਕਰ ਸਕਦੇ ਹਾਂ। ਇਸਦੀ ਹੋਂਦ ਦੀ ਡੂੰਘਾਈ ਬਾਰੇ ਹਾਲੇ ਵੀ ਮਾਰ੍ਹਕੇ ਦੀ ਅਦ੍ਰਿਸ਼ਤਾ ਹੈ। ਇਸਦੀ ਸਮੂਹਿਕ ਪਾਲਣਾ ਇਸਦਾ ਭਰੋਸੇਯੋਗ ਚਿੰਨ੍ਹ ਹੈ। ‘ਸਨਾਤਨ ਧਰਮ’ ਦੇ ਬਹੁਤ ਸਾਰੇ ਭਗਤ ਇਸਦੇ ਸਦੀਵੀ ਹੋਣ ਦਾ ਦਾਅਵਾ ਕਰਦੇ ਹਨ। ਪ੍ਰੰਤੂ ਜਦੋਂ ਗੱਲ ਜਾਤ ’ਤੇ ਆਉਂਦੀ ਹੈ ਤਦ ਉਹ ਭੋਰਾ ਭਰ ਹਮਦਰਦੀ ਤੋਂ ਵੀ ਭੱਜ ਲੈਂਦੇ ਹਨ। ਭਾਰਤੀ ਦੈਵੀ ਸਿਧਾਂਤ ਉਨ੍ਹਾਂ ਲੋਕਾਂ ਨੂੰ ਕਿਵੇਂ ਦੇਖਦਾ ਹੈ ਜਿਹੜੇ ਸਦੀਆਂ ਤੋਂ ਲਗਾਤਾਰ ਇਸ ਪ੍ਰਣਾਲੀ ਦੀ ਕਰੋਪੀ ਦਾ ਸ਼ਿਕਾਰ ਰਹੇ ਹਨ? ਅਜਿਹੀ ਜਾਣਕਾਰੀ ਤੋਂ ਬਾਅਦ ਇਸ ਦੈਵੀ ਸਿਧਾਂਤ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ?”
ਲਿਖਿਆ ਜਾ ਰਿਹਾ ਹੈ ਕਿ ਜੇਕਰ ਉਪਰੋਤਕ ਸਕੂਲਾਂ ਦੇ ਅਧਿਆਪਕ ਧਰਮ ਜਾਂ ਜਾਤ ਅਧਾਰਿਤ ਇਤਰਾਜ਼ਯੋਗ ਟਿੱਪਣੀਆਂ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਤਾਂ ਹੋਣਾ ਹੀ ਚਾਹੀਦਾ ਹੈ। ਦਰੁਸਤ ਵਿਚਾਰ ਲਿਖਿਆ ਜਾ ਰਿਹਾ ਹੈ ਕਿ ਅਧਿਆਪਕਾਂ ਦੇ ਇਨ੍ਹਾਂ ਕਾਰਿਆਂ ਨਾਲ, ਸਜ਼ਾ-ਯਾਫਤਾ ਵਿਦਿਆਰਥੀ ਅਤੇ ਸਜ਼ਾ ਦੇਣ ਵਾਲੇ ਵਿਦਿਆਰਥੀਆਂ, ਦੋਨਾਂ ਦੀ ਮਾਨਸਿਕਤਾ ਪ੍ਰਭਾਵਿਤ ਹੋਈ ਹੈ, ਠੀਕ ਉਸ ਤਰ੍ਹਾਂ ਜਿਵੇਂ ਮੈਂ ਆਪਣਾ ਨਿੱਜੀ ਤਜਰਬਾ ਪਹਿਲਾਂ ਲਿਖ ਚੁੱਕਾ ਹਾਂ। ਸਿਆਸੀ ਅਤੇ ਸਮਾਜਿਕ ਲੀਡਰਸ਼ਿੱਪ ਨੂੰ ਸਖ਼ਤ ਸੁਨੇਹਾ ਦੇਣ ਦੀ ਲੋੜ ਹੈ ਕਿ ਭਾਈਚਾਰਕ ਸਾਂਝ ਨੂੰ ਖੋਰਾ ਲਾਉਂਦੀਆਂ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਮਾਜ ਅਤੇ ਕਾਨੂੰਨ ਬਖਸ਼ੇਗਾ ਨਹੀਂ। ਪ੍ਰੰਤੂ ਸੰਭਵ ਹੈ ਕਿ ਕਾਨੂੰਨ ਦੇ ਘੁਮਿਆਰ ਦਾ ਚੱਕ ਧਰਮੀ ਡੰਡੇ ਨਾਲ ਅਜਿਹਾ ਸੁਨੇਹਾ ਘੜੇ ਕਿ ਸਿਆਸਤੀ ‘ਪੀਸਾ ਦੀ ਮੀਨਾਰ’ ਸਮਾਜਿਕ ਭਾਈਚਾਰੇ ਅਤੇ ਇਨਸਾਨੀਅਤ ਤੋਂ ਦੂਰ ਵੱਲ ਝੁਕ ਜਾਵੇ। ਇਸ ਝੁਕਾਅ ਦਾ ਦਰਦ ਮਾਸਟਰ ਜੀ ਦੇ ਡੰਡੇ ਦੀ ਕੁੱਟ ਤੋਂ ਕਿਤੇ ਵੱਧ ਹੋਣ ਦਾ ਡਰ ਅਜੀਬੋ-ਗਰੀਬ ਬੈਚੇਨੀ ਪੈਦਾ ਕਰ ਰਿਹਾ ਹੈ। ਇਨਸਾਨ ਦੀ ਔਲਾਦ ਦਾ ਇਨਸਾਨ ਬਣਨਾ ਹੀ ਇਹ ਬੇਚੈਨੀਆਂ ਦੂਰ ਕਰ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4209)
(ਸਰੋਕਾਰ ਨਾਲ ਸੰਪਰਕ ਲਈ: (