“ਉਹ ਕੁਝ ਸ਼ਾਂਤ ਹੋਇਆ ਤਾਂ ਦੱਸਣ ਲੱਗਿਆ ਕਿਵੇਂ ਬੇਰੁਜ਼ਗਾਰੀ ਦੇ ਆਲਮ ਨੇ ਬਹੁਤਿਆਂ ਨੂੰ ਘੱਟ ਤਨਖਾਹਾਂ ...”
(21 ਜੂਨ 2022)
ਮਹਿਮਾਨ: 50.
ਪੰਜਾਬੀ ਟ੍ਰਿਬਿਊਨ ਵਿੱਚ ਮੇਰਾ ਲੇਖ ‘ਕਿੱਲਿਆਂ ਵਾਲੇ’ ਛਪਿਆ। ਪਾਠਕਾਂ ਦੇ ਪ੍ਰਤੀਕਰਮ ਮੈਨੂੰ ਯਾਦਾਂ ਦੇ ਝੂਲੇ ਝੁਲਾਉਂਦੇ ਰਹੇ ਅਤੇ ਨਿੱਜ ਨਾਲ ਜੁੜੀਆਂ ਘਟਨਾਵਾਂ ਦੇ ਅਕਸ ਦੀ ਝਲਕ ਵੀ ਦਿਖਾਉਂਦੇ ਰਹੇ। ਜਾਪਦਾ ਸੀ ਜਿਵੇਂ ਉਨ੍ਹਾਂ ਨੇ ਮੇਰਾ ਮਨ ਪੜ੍ਹ ਲਿਆ ਸੀ ਕਿ ਮੈਂ ਵੀ ਅਜਿਹੇ ਤਜਰਬਿਆਂ ਵਿੱਚੋਂ ਲੰਘ ਚੁੱਕਿਆ ਹੋਵਾਂਗਾ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਠੀਕ ਸੰਦਰਭ ਵਿੱਚ ਸਮਝ ਸਕਾਂਗਾ। ਵਾਰਤਾਲਾਪਾਂ ਵਿੱਚੋਂ ਸਾਡੇ ਸਿੱਖਿਅਕ ਢਾਂਚੇ ਦੀ ਤਸਵੀਰ ਕੁਝ ਇਸ ਤਰ੍ਹਾਂ ਦਿਖਾਈ ਦੇਣ ਲਗਦੀ ਹੈ।
ਇੱਕ ਸਾਹਿਬਾਨ ਕਹਿਣ ਲੱਗੇ, “ਸਾਨੂੰ ਕੱਚਿਆਂ ਨੂੰ ਤਾਂ ਪੱਕੇ ਅਧਿਆਪਕ ਬੁਲਾ ਕੇ ਵੀ ਰਾਜ਼ੀ ਨਹੀਂ ਹਨ। ਸਾਡੀ ਯੋਗਤਾ ਬਰਾਬਰ ਹੋਣ ਦੇ ਬਾਵਜੂਦ ਉਹ ਸਾਨੂੰ ਇਉਂ ਸਮਝਦੇ ਹਨ ਜਿਵੇਂ ਪੁਲਿਸ ਵਾਲੇ ਹੋਮਗਾਰਡੀਆਂ ਨੂੰ ਸਮਝਦੇ ਹਨ। ਹੈਡਮਾਸਟਰ ਜਿੱਥੇ ਮਰਜ਼ੀ ਚਾਹੇ ਫਿੱਟ ਕਰ ਦਿੰਦਾ ਹੈ, ਕੋਈ ਕੰਮ ਦੇ ਦਿੰਦਾ ਹੈ … … ਮਾਸਟਰ ਜੀ, ਆਹ ਮੇਰਾ ਨਿੱਜੀ ਕੰਮ ਦੇਖ ਲਓ, ਆਹ ਡਾਕ ਦੇਖ ਲਓ, ਆਹ ਖਜ਼ਾਨੇ ਜਾ ਆਓ … …।”
ਉਹ ਵਿਅਕਤੀ ਮੈਨੂੰ ਅੱਜ ਦੇ ਹਾਲਾਤ ਸਮਝਾਅ ਰਿਹਾ ਸੀ ਪਰ ਮੇਰਾ ਜ਼ਿਹਨ ਫੇਰ 1966 ਦੇ ਸਮਿਆਂ ਵਿੱਚ ਗੁਆਚ ਗਿਆ ਸੀ। ਮੈਨੂੰ ਯਾਦ ਹੈ ਕਿਵੇਂ ਹੈਡਮਾਸਟਰ ਸਾਹਿਬ ਸਵੇਰੇ ਹੀ ਮੇਰੀ ਬਾਂਹ ਫੜ ਲੈਂਦੇ ਅਤੇ ਜਿੱਥੇ ਕਿਤੇ ਵੀ ਕਿਸੇ ਕਲਾਸ ਵਿੱਚ ਕੋਈ ਅਧਿਆਪਕ ਨਾ ਹੁੰਦਾ ਉਸ ਵਿੱਚ ਲਿਜਾ ਕੇ ਕਹਿੰਦੇ, “ਲਓ, ਹੁਣ ਤੁਸੀਂ ਇਹ ਪਿਰੀਅਡ ਲਾਓ ਅਤੇ ਘੰਟੀ ਵੱਜਦੇ ਹੀ ਦਫਤਰ ਆ ਜਾਣਾ।” ਕਲਾਸ ਭਾਵੇਂ ਅੱਠਵੀਂ, ਨੌਂਵੀਂ, ਦਸਵੀਂ ਕੋਈ ਵੀ ਹੋਣੀ, ਵਿਸ਼ਾ ਕੋਈ ਵੀ ਹੋਣਾ, ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ। ਸਾਇੰਸ ਮਾਸਟਰ ਹੋਣ ਦੇ ਨਾਤੇ ਪੰਜਾਬੀ, ਹਿੰਦੀ, ਇਤਿਹਾਸ ਪੜ੍ਹਾਉਣਾ ਮੇਰੇ ਵੱਸ ਹੀ ਨਹੀਂ ਸੀ। ਮੈਂ ਆਪਣੇ ਅੰਦਰ ਹੀ ਇੱਕ ਗਿਲਾਨੀ ਦਾ ਅਹਿਸਾਸ ਮਹਿਸੂਸ ਕਰਦਾ ਅਤੇ ਹੈਡਮਾਸਟਰ ਨੂੰ ਮਨ ਹੀ ਮਨ ਕਹਿੰਦਾ, ਇਹਨੂੰ ਕੋਈ ਅਕਲ ਹੈ ਕਿ ਨਹੀਂ। ਮੈਂ ਅੱਠਵੀਂ ਤਕ ਹਿੰਦੀ ਪੜ੍ਹਿਆ ਕਿਵੇਂ ਅੱਠਵੀਂ ਜਮਾਤ ਨੂੰ ਹਿੰਦੀ ਪੜ੍ਹਾ ਸਕਦਾ ਹਾਂ? ਫਿਰ ਇੱਕ ਦਿਆਨਤਦਾਰ ’ਪੱਕੇ’ ਮਿੱਤਰ ਨੇ ਦੱਸਿਆ, “ਇਸ ਦਾ ਮੁੰਡਾ ਅੱਠਵੀਂ ਵਿੱਚ ਹੈ, ਘਰ ਗੇੜਾ … …।’ ਜਿਸ ਦਿਨ ਤੋਂ ਮੈਂ ਘਰ ਦੀ ਹਾਜ਼ਰੀ ਸ਼ੁਰੂ ਕਰ ਦਿੱਤੀ, ਉਸ ਦਿਨ ਤੋਂ ਹੀ ਸਕੂਲ ਵਿੱਚ ਲਗਦੀ ਨੁਮਾਇਸ਼ ਬੰਦ ਹੋ ਗਈ ਸੀ।
ਪੰਜਾਹ ਸਾਲ ਬੀਤਣ ’ਤੇ ਵੀ ਕੱਚੇ ਅਧਿਆਪਕਾਂ ਨਾਲ ਵਰਤਾਰੇ ਵਿੱਚ ਖਾਸ ਅੰਤਰ ਆਇਆ ਨਹੀਂ ਜਾਪਦਾ। ਉਸ ਵਕਤ ਵੀ ਪੱਕੇ ਅਧਿਆਪਕ ਸਾਨੂੰ, ‘ਇਹ ਤਾਂ ਕੱਚੇ ਹਨ’ ਕਹਿਕੇ ਸਾਡੇ ਵਿੱਚ ਕਿਸੇ ਘਾਟ ਦੀ ਹੋਂਦ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਸਨ। ਅੱਜ ਕੱਲ੍ਹ ਤਾਂ ਸੁਣਿਆ ਹੈ ਕਿ ਠੇਕੇ ’ਤੇ ਵੀ ਅਧਿਆਪਕ ਰੱਖੇ ਜਾਂਦੇ ਹਨ, ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੋਵੇਗਾ, ਉਹ ਹੀ ਜਾਣਦੇ ਹਨ।
ਦੂਸਰੇ ਸਾਹਿਬਾਨ ਕਹਿਣ ਲੱਗੇ, “ਮੈਨੂੰ ਸਾਰੀ ਸਰਵਿਸ ਪੇਂਡੂ ਸਕੂਲਾਂ ਵਿੱਚ ਹੀ ਕਰਨੀ ਪਈ।” ਪੁੱਛਣ ’ਤੇ ਉਸ ਨੇ ਦੱਸਿਆ, “ਸ਼ਹਿਰਾਂ ਦੇ ਸਕੂਲਾਂ ਵਿੱਚ ਤਾਂ ਸਿਆਸੀ ਆਗੂਆਂ ਦੇ ਰਿਸ਼ਤੇਦਾਰ, ਵੱਡੇ ਅਫਸਰਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੇ ਭਾਈ-ਭਤੀਜੇ, ਹੋਰ ਵਪਾਰੀ ਤਬਕੇ ਵਿੱਚੋਂ ... ਆਦਿ ਤਾਇਨਾਤੀ ਕਰਵਾ ਲੈਂਦੇ ਹਨ। ਪਿੰਡਾਂ ਦੇ ਸਕੂਲ ‘ਕਿੱਲਿਆਂ ਵਾਲੇ’ ਸਾਂਭ ਲੈਂਦੇ ਹਨ, ਉਹ ਵੀ ਆਪਣੇ ਪਿੰਡ ਵਿੱਚ ਜਾਂ ਨੇੜੇ ਦੇ ਲਾਗਲੇ ਪਿੰਡ ਵਿੱਚ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕੰਮ ਹਾਜ਼ਰੀ ਲਾ ਕੇ ਤਨਖਾਹ ਲੈਣਾ ਹੀ ਹੁੰਦਾ ਹੈ।”
ਉਸ ਨੇ ਇੱਕ ਕਹਾਣੀ ਸੁਣਾਈ, “ਇਹ ਅੱਧੀ ਛੁੱਟੀ ਵਿੱਚ ਹੀ ‘ਘਰ ਦੇ ਕੱਢੇ’ ਸੋਮਰਸ ਦਾ ਸੇਵਨ ਕਰਦੇ ਹਨ ਅਤੇ ਮੈਨੂੰ ਵੀ ਇੱਕ ਦਿਨ ‘ਜੂਸ’ ਵਿੱਚ ਧੋਖੇ ਨਾਲ ਸੇਵਨ ਕਰਵਾ ਦਿੱਤਾ। ਉਹ ਮੈਨੂੰ ਕਾਣਾ ਕਰਨਾ ਚਾਹੁੰਦੇ ਸਨ। ਮੈਂ ਉਸ ਦਿਨ ਅੱਧੀ-ਛੁੱਟੀ ਤੋਂ ਬਾਅਦ ਸਕੂਲ ਨਾ ਜਾ ਸਕਿਆ। ਬੱਚਿਆਂ ਦੇ ਹੋਏ ਨੁਕਸਾਨ ਦਾ ਮੈਨੂੰ ਬਹੁਤ ਦੇਰ ਅਫ਼ਸੋਸ ਰਿਹਾ।”
ਉਸ ਨੇ ਬੜੇ ਉਦਾਸ ਲਹਿਜ਼ੇ ਨਾਲ ਦੱਸਿਆ ਕਿਵੇਂ ਖਤਾਨੇ ਵਾਲਾ ਸਾਇੰਸ ਮਾਸਟਰ ਸ਼ਰਾਬ ਦੇ ਸੇਵਨ ਨਾਲ ਸਕੂਲ ਵਿੱਚ ਹੀ ਫੌਤ ਹੋ ਗਿਆ ਸੀ। ਉਹ ਨੌਕਰੀ ਦੀ ਤਨਖਾਹ ਨਾਲ ਕਈ ਏਕੜ ਜ਼ਮੀਨ ਹੋਰ ਖਰੀਦ ਗਿਆ, ਪਰ ਸਕੂਲ ਦਾ ਭੱਠਾ ਬਿਠਾ ਗਿਆ। ਕਦੇ ਵੀ ਉਸ ਦੀਆਂ ਕਲਾਸਾਂ ਦਾ ਨਤੀਜਾ ਵਧੀਆ ਨਾ ਹੁੰਦਾ, ਪਰ ਫੇਰ ਭੀ ਉਸ ਦਾ ਕੋਈ ਵਾਲ ਵਿੰਗਾ ਨਹੀਂ ਸੀ ਕਰ ਸਕਿਆ। ਉਸ ਵੱਲੋਂ ਬੱਚਿਆਂ ਦੇ ਸੁਣਾਏ ਗਏ ਕਿੱਸੇ ਬਿਆਨ ਨਹੀਂ ਕੀਤੇ ਜਾ ਸਕਦੇ।
ਇੱਕ ਭੈਣ ਜੀ ਕਹਿਣ ਲੱਗੇ, “ਵੀਰ ਜੀ, ਤੁਸੀਂ ਮਰਦ ਤਾਂ ਆਪਣੀ ਗੱਲ ਹੌਸਲੇ ਨਾਲ ਕਹਿ ਸਕਦੇ ਹੋ, ਪਰ ਅਸੀਂ ਤਾਂ ਉਹ ਭੀ ਨਹੀਂ ਕਰ ਸਕਦੀਆਂ।” ਉਸ ਭੈਣ ਜੀ ਨੇ ਦੱਸਿਆ ਕਿ ਅਖੌਤੀ ਨੀਵੀਂ ਜਾਤ ਨਾਲ ਸਬੰਧਤ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੂੰ ਵੀ ਅਜੀਬ ਢੰਗ ਨਾਲ ਸੰਬੋਧਿਤ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਕਿਹਾ ਕੋਈ ਉਦਾਹਰਣ ਦਿਓ, ਉਸ ਨੇ ਦੱਸਿਆ, “ਕਈ ਗਰੂਰ-ਗੜੁੱਚ ਅਧਿਆਪਕਾਵਾਂ ਬੱਚੀਆਂ ਨੂੰ ਇੰਝ ਸੰਬੋਧਨ ਕਰਦੀਆਂ ਹਨ, “ਵਜੀਫੇ ਲੈਣ ਵਾਲੀਆਂ ਖੜ੍ਹੀਆਂ ਹੋ ਜਾਓ ... ਤੁਸੀਂ ਕਿਹੜਾ ਪੜ੍ਹਨ ਆਉਂਦੀਆਂ ਹੋਂ, ਤੁਸੀਂ ਤਾਂ ਵਜੀਫੇ ਲੈਣ ਆਉਂਦੀਆਂ ਹੋਂ ...।”
ਉਸ ਦੀ ਗੱਲ ਵਿੱਚ ਮੈਨੂੰ ਦਮ ਲੱਗਿਆ। ਕੁੜੀਆਂ ਚਿੜੀਆਂ, ਉਹ ਵੀ ਗਰੀਬ ਘਰਾਂ ਦੀਆਂ, ਨੇ ਕੀ ਬੋਲਣਾ ਸੀ।
ਮੈਂ ਫਿਰ 1960 ਦੇ ਸਮਿਆਂ ਵਿੱਚ ਗੁਆਚ ਗਿਆ ਜਦੋਂ ਸ਼ਹਿਰੀ ਸਕੂਲ ਦੇ ਇੱਕ ਅਧਿਆਪਕ ਨੇ ਮੈਨੂੰ ਹਰ ਰੋਜ਼ ਕੁੱਟਣ ਦਾ ਜਿਵੇਂ ਪ੍ਰਣ ਹੀ ਕਰ ਲਿਆ ਸੀ। ਪਰ ਮੈਂ ਉਸ ਦਿਨ ਬੋਲ ਪਿਆ ਸੀ ਜਦ ਉਸ ਨੇ ਕੱਸ ਕੇ ਮੇਰੇ ਚਾਂਟਾ ਮਾਰਿਆ ਤੇ ਕਿਹਾ, “ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਪੜ੍ਹਨ ਰੂੜੀਆਂ ਤੋਂ ਉੱਠ ਕੇ।” ਸ਼ਾਇਦ ਇਸ ਲਈ ਕਿ ਮੈਂ ‘ਮਰਦ-ਬੱਚਾ’ ਸੀ, ਅਧਿਆਪਕ ਦਾ ਅਜਿਹਾ ਵਰਤਾਵ ਬੱਚੇ ਦੇ ਕੋਮਲ ਮਨ ਤੇ ਚੰਗਾ ਪ੍ਰਭਾਵ ਨਹੀਂ ਛੱਡਦਾ। ਉਸ ਦੀ ਮਾਨਸਿਕਤਾ ਨੂੰ ਹਮੇਸ਼ਾ ਲਈ ਝਰੀਟ ਜਾਂਦਾ ਹੈ।
ਇੱਕ ਕਿੱਲਿਆਂ ਵਾਲੇ ਸੱਜਣ ਨੇ ਦੂਸਰਾ ਪੱਖ ਵੀ ਸੁਣਾਇਆ। ਉਸ ਨੇ ਇੱਕ ਪ੍ਰਾਈਵੇਟ ਸਕੂਲ ਬਾਰੇ ਗੱਲ ਕੀਤੀ। ਦੱਸਿਆ ਕਿ ਉਹ ਭਾਵੇਂ ਦੂਸਰੇ ਅਧਿਆਪਕਾਂ ਤੋਂ ਵੱਧ ਪੜ੍ਹਿਆ ਲਿਖਿਆ ਹੈ, ਪਰ ਉਸ ਨੂੰ ਤਨਖਾਹ ਮਾਮੂਲੀ ਦਿੱਤੀ ਜਾਂਦੀ ਹੈ। ‘ਘੱਟ-ਤਨਖਾਹ’ ਹੋਣ ਕਰਕੇ ਉਸ ਦੇ ਸਾਥੀ ਉਸ ਨੂੰ ਉਸ ਵਿੱਚ ਕਿਸੇ ਕਮੀ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਉਸ ਦਾ ਗੁੱਸਾ ਵਧ ਰਿਹਾ ਦੇਖਕੇ ਮੈਂ ਉਸ ਨੂੰ ਦੱਸਿਆ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਅੱਜ ਤੋਂ ਬਿਵੰਜਾ ਸਾਲ ਪਹਿਲਾਂ (1969) ਜਦ ਮੈਂ ਪ੍ਰੋਫੈਸਰ ਲੱਗਿਆ ਤਦ ਵੀ ਇਹੋ ਹਾਲ ਸੀ ਕਿ ਕਈ ਪ੍ਰੋਫੈਸਰਾਂ ਨੂੰ ਪ੍ਰਬੰਧਕ ਕਮੇਟੀ ਸਿਰਫ ਸੌ ਰੁਪਏ ਤਨਖਾਹ ਦਿੰਦੀ ਸੀ, ਜਦ ਕਿ ਅਸੀਂ ਪੂਰੀ ਤਨਖਾਹ (446 ਰੁਪਏ) ਲੈਂਦੇ ਸੀ। ਇਹ ਵੀ ਸੱਚ ਸੀ ਕਿ ਉਹ ਸਨ ਵੀ ਕਿੱਲਿਆਂ ਵਾਲੇ, ਠੀਕ ਉਸੇ ਤਰ੍ਹਾਂ ਮਹਿਸੂਸ ਕਰਦੇ ਸਨ, ਜਿਵੇਂ ਉਹ ਕਰ ਰਿਹਾ ਸੀ। ਉਹ ਕੁਝ ਸ਼ਾਂਤ ਹੋਇਆ ਤਾਂ ਦੱਸਣ ਲੱਗਿਆ ਕਿਵੇਂ ਬੇਰੁਜ਼ਗਾਰੀ ਦੇ ਆਲਮ ਨੇ ਬਹੁਤਿਆਂ ਨੂੰ ਘੱਟ ਤਨਖਾਹਾਂ ’ਤੇ ਨੌਕਰੀ ਲਈ ਮਜਬੂਰ ਕਰ ਦਿੱਤਾ ਹੈ। ਉਸ ਨੇ ਇਹ ਗੱਲ ਮੰਨੀ ਕਿ ਘਰ ਦੇ ਕੋਲ ਨੌਕਰੀ ਹੋਣ ਕਰਕੇ ਘੱਟ ਤਨਖਾਹ ’ਤੇ ਕੰਮ ਕਰਨਾ ਖੁਦ ਹੀ ਸਵੀਕਾਰਿਆ ਸੀ ਕਿਉਂਕਿ ਉਸ ਨੂੰ ਨਿੱਜੀ ਫਾਇਦਾ ਹੁੰਦਾ ਸੀ। ਨਿੱਜੀ ਹਿਤਾਂ ਦਾ ਸਮੂਹਿਕ ਹਿਤਾਂ ’ਤੇ ਭਾਰੂ ਪੈਣਾ ਸਾਡੇ ਚਰਿੱਤਰ ’ਤੇ ਉਂਗਲੀ ਉਠਾਉਂਦਾ ਹੈ।
ਇੱਕ ਸੱਜਣ ਨੇ ‘ਕੱਟੇ ਦਾ ਬਲਦ ਭਣੋਈਆ’ ਮੁਹਾਵਰਾ ਵਰਤਦੇ ਹੋਏ ਦੱਸਿਆ, ਕਿਵੇਂ ਇੱਕ ਅਧਿਆਪਕਾ ਨੇ ਉਸ ਨੂੰ ‘ਘੱਟ ਸੁਣਾਈ ਦੇਣ ਦਾ ਸਰਟੀਫਿਕੇਟ ਬਣਾ ਕੇ’ ਸਰਕਾਰੀ ਨੌਕਰੀ ਨੂੰ ਜੱਫਾ ਪਾ ਰੱਖਿਆ ਸੀ। ਉੱਚਾ ਸੁਣਨ ਵਾਲਾ ਅਧਿਆਪਕ? ਸੁਣ ਕੇ ਮੇਰਾ ਦਿਮਾਗ ਸੁੰਨ ਹੋ ਗਿਆ। ਸਭ ਸਮਝਦੇ ਹਨ, ਬਿਨਾਂ ਪੜ੍ਹਾਈ ਕਰਵਾਏ ਤਨਖਾਹ ਲੈਣਾ। ਉਹ ਵੀ ਕੱਚਿਆਂ ਨੂੰ ਟਿੱਚ ਸਮਝਦੀ ਸੀ।
ਇੱਕ ਅਧਿਆਪਕ-ਵਰਗ ਦਾ ਦੂਸਰੇ ਅਧਿਆਪਕ ਵਰਗ ਨਾਲ ਅਜਿਹਾ ਵਰਤਾਰਾ ਸਾਡੀ ਵਿਦਵਤਾ ’ਤੇ ਲਾਹਨਤ ਨਹੀਂ ਤਾਂ ਹੋਰ ਕੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3641)
(ਸਰੋਕਾਰ ਨਾਲ ਸੰਪਰਕ ਲਈ: