“ਇਹ ‘ਦੋ ਟਕੇ ਦਾ ਅਫਸਰ’ ਅਜਿਹੀ ਗੁਸਤਾਖੀ ਕਿਵੇਂ ਕਰ ਸਕਦਾ ਹੈ। ਦੋ ਕੁ ਪੈੱਗਾਂ ਬਾਅਦ ਮੇਰੇ ਕੋਲ ਆ ਕੇ ਉਹ ਰੁੱਖੀ ਜਿਹੀ ...”
(23 ਫਰਵਰੀ 2023)
ਇਸ ਸਮੇਂ ਪਾਠਕ: 263.
ਸਵੇਰ ਦੀ ਸੈਰ ਕਰਨ ਉਪਰੰਤ ਅਕਸਰ ਅਸੀਂ ‘ਬੁੱਢਾ ਚੌਕ ‘ਕਰਕੇ ਜਾਣੀ ਜਾਂਦੀ ਥਾਂ ’ਤੇ ਬੈਠ ਜਾਂਦੇ। ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ’ਤੇ ਟਿੱਪਣੀ ਹੋਣੀ ਸੁਭਾਵਿਕ ਹੀ ਹੁੰਦੀ। ਟੀਵੀ ਖ਼ਬਰਾਂ ਦੀ ਅਤੀਤ ਨਾਲ ਤੁਲਨਾ ਕਰਦਿਆਂ ਇੱਕ ਹਮ-ਉਮਰ ਨੇ ਦੱਸਿਆ ਕਿ ਕਿਵੇਂ ‘ਬਾਬਾ ਬੋਹੜ’ ਦੇ ਰਾਜ ਸਮੇਂ ਇੱਕ ‘ਦੱਲੇ’ ਨੇ ਇੱਕ ਆਈ ਪੀ ਐੱਸ ਅਫਸਰ ਨੂੰ ਸ਼ਰੇਆਮ ਇਕੱਠ ਸਾਹਮਣੇ ਭੱਦੀ ਸਬਦਾਵਲੀ ਵਰਤ ਕੇ ਬੇਇੱਜ਼ਤ ਕੀਤਾ ਸੀ। ਸੁਣ ਕੇ ਮੈਨੂੰ ਅਥਾਹ ਦੁੱਖ ਹੋਇਆ, ਸਕੂਲ ਯਾਦ ਆਇਆ, ਬਾਪੂ ਯਾਦ ਆਇਆ।
ਸਕੂਲ ਵਿੱਚ ਪੜ੍ਹਦਿਆਂ ਦੀਵਾਰਾਂ ਉੱਤੇ ਨਸੀਹਤਾਂ ਲਿਖੀਆਂ ਹੁੰਦੀਆਂ ਸਨ- ‘ਸਦਾ ਸੱਚ ਬੋਲੋ’, ਸਖ਼ਤ ਮਿਹਨਤ ਕਰੋ, ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਆਦਿ। ਬਚਪਨ ਸਮੇਂ ਇਨ੍ਹਾਂ ਦਾ ਮਤਲਬ ਸਮਝ ਆਉਂਦਾ ਸੀ ਜਾਂ ਨਹੀਂ, ਕੁਝ ਪ੍ਰਭਾਵ ਜ਼ਰੂਰ ਪੈਂਦਾ ਸੀ। ਬਾਪੂ ਦੀਆਂ ਸਿੱਧੀ ਬੋਲੀ ਵਿੱਚ ਨਸੀਹਤਾਂ ਜ਼ਰੂਰ ਸਮਝ ਆਉਂਦੀਆਂ ਸਨ। ਬਾਪੂ ਨੇ ਕਹਿਣਾ, “ਮੁੰਡਿਆ ਜੀ ਲਾ ਕੇ ਪੜ੍ਹਿਆ ਕਰ, ਮਿਹਨਤ ਕਰ, ਕੰਮ ਆਊਗੀ, ਇਮਾਨਦਾਰੀ ਵਰਗੀ ਕੋਈ ਚੀਜ਼ ਨੀ।” ਇੱਕ ਦਿਨ ਮੈਂ ਆਰਗੈਨਿਕ ਕੈਮਿਸਟਰੀ, ਜੋ ਵਿੰਗੇ-ਟੇਢੇ ਘਰ ਨੁਮਾ ਨਿਸ਼ਾਨ ਬਣਾ ਕੇ ਪੜ੍ਹੀ ਜਾਂਦੀ ਸੀ, ਪੜ੍ਹ ਰਿਹਾ ਸੀ। ਦੇਖ ਕੇ ਬਾਪੂ ਜੀ ਕਹਿਣ ਲੱਗੇ, “ਕਿਉਂ ਕਾਗਜ ਖਰਾਬ ਕਰ ਰਿਹਾ ਹੈਂ?”
ਉਨ੍ਹਾਂ ਬਹੁਤ ਡਾਂਟਿਆ। ਅਸਲੀ ਗੱਲ ਪਤਾ ਲੱਗਣ ’ਤੇ ਥੋੜ੍ਹਾ ਦੁਖੀ ਵੀ ਹੋਏ ਤੇ ਨਸੀਹਤ ਕੀਤੀ, “ਬੇਟਾ ਸੰਜਮ ਨਾਲ ਹੀ ਚੱਲ ਰਿਹਾ ਹੈਂ, ਇਵੇਂ ਹੀ ਚਲਦਾ ਰਹੀਂ, ਤੈਨੂੰ ਪਤੈ ਆਪਾਂ ਬੜੀ ਮਿਹਨਤ ਕਰਕੇ ਰੋਟੀ ਖਾਨੇ ਆਂ।” ਸਿਰੜੀ ਦਿਹਾੜੀਦਾਰ ਬਾਪ ਨੇ ਮਿਹਨਤ ਕਰਕੇ ਪੁੱਤ ਨੂੰ ਪ੍ਰੋਫੈਸਰ ਬਣਾ ਹੀ ਦਿੱਤਾ।
ਪਹਿਲੇ ਸਾਲ ਪਹਿਲਾ ਪ੍ਰਸ਼ਨ ਪੱਤਰ ਲਿਖਣ ਤੋਂ ਬਾਅਦ ਮੈਂ ਉਦਾਸ ਜਿਹਾ ਬੈਠਾ ਸੀ ਕਿ ਬਾਹਰੋਂ ਬਾਪੂ ਜੀ ਆ ਕੇ ਪੁੱਛਣ ਲੱਗੇ, “ਕੀ ਗੱਲ ਹੈ ਬੇਟਾ, ਐਂ ਕਿਉਂ ਬੈਠੈਂ?”
ਮੈਂ ਕਿਹਾ, “ਬਾਪੂ ਜੀ, ਮੈਨੂੰ ਲਗਦਾ ਹੈ ਮੈਂ ਪਰਚਾ ਔਖਾ ਲਿਖ ਬੈਠਾਂ, ਪਿੰਡਾਂ ਦੇ ਬੱਚੇ ਹਨ ਸ਼ਾਇਦ ਹੱਲ ਨਾ ਕਰ ਸਕਣ ...।” ਉਨ੍ਹਾਂ ਵਿੱਚੋਂ ਹੀ ਬੋਲ ਕੇ ਨਸੀਹਤ ਕੀਤੀ, “ਬੇਟਾ, ਜਿੱਥੇ ਇੱਕ ਵਾਰ ਕਲਮ ਫਿਰ ਜਾਵੇ, ਕਦੇ ਨਾ ਬਦਲੀਂ। ਕੋਈ ਗੱਲ ਨਹੀਂ, ਤੇਰੇ ਵਾਂਗ ਉਹ ਵੀ ਔਖਾ ਪਰਚਾ ਕਰਨਗੇ।” ਮੈਂ ਪੇਪਰ ਉਵੇਂ ਹੀ ਰਹਿਣ ਦਿੱਤਾ।
ਇਮਤਿਹਾਨ ਮਗਰੋਂ ਕਈ ਵਿਦਿਆਰਥੀਆਂ ਨੇ ਨਮਸਤੇ ਕਰਨੀ ਤਾਂ ਇੱਕ ਪਾਸੇ, ਮੂੰਹ ਮੋੜ ਕੇ ਕਹਿਣਾ, “ਵੱਡਾ ਸਮਝਾਉਣ ਆਲਾ ਆਇਐ, ਐਨਾ ਔਖਾ ਪਰਚਾ ਵੀ ਕੋਈ ਪਾਉਂਦੈ!” ਮੈਂ ਸੋਚਿਆ ਸਕੂਲ ਦੀ ਸਿਖਾਈ ‘ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ’ ਦੀ ਨਸੀਹਤ ਤਾਂ ਇਹੋ ਮੰਗ ਕਰਦੀ ਸੀ ਕਿ ਬੱਚਿਆਂ ਨੂੰ ਯੂਨੀਵਰਸਟੀ ਇਮਿਤਹਾਨ ਦੀ ਤਿਆਰੀ ਲਈ ਥੋੜ੍ਹਾ ਔਖਾ ਪਰਚਾ ਹੀ ਪਾਇਆ ਜਾਵੇ। ਉਹ ਨਹੀਂ ਸਮਝ ਰਹੇ ਸਨ ਕਿ ਮੈਂ ਉਨ੍ਹਾਂ ਨੂੰ ਮਿਹਨਤ ਕਰਨ ਲਈ ਉਕਸਾ ਰਿਹਾ ਸੀ। ਨਾਲੇ ਇੱਕ ਕਾਲਜ ਅਧਿਆਪਕ ਨਸੀਹਤ ਹੀ ਕਰ ਸਕਦਾ ਸੀ, ਉਸ ਕੋਲ ਕੋਈ ਅਜਿਹੀ ਤਾਕਤ ਥੋੜ੍ਹੀ ਸੀ ਜਿਸ ਨਾਲ ਉਹ ਜ਼ਬਰਦਸਤੀ ਆਪਣੀ ਗੱਲ ਮਨਵਾ ਸਕਦਾ ਹੋਵੇ।
ਸਮਾਂ ਬੀਤਦਾ ਗਿਆ। ਬਾਪੂ ਦੀਆਂ ਨਸੀਹਤਾਂ ਅਤੇ ਬਾਬਾ ਅੰਬੇਡਕਰ ਦੀ ਰਿਜ਼ਰਵੇਸ਼ਨ ਪਾਲਿਸੀ ਤਹਿਤ ਅਫਸਰ ਬਣ ਗਏ। ਹੁਣ ਸਮਾਂ ਆ ਗਿਆ ਬਾਪੂ ਦੀਆਂ ਨਸੀਹਤਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦਾ, ਪਰਖਣ ਦਾ। ਹੁਣ ਮੇਰੇ ਕੋਲ ਭਾਰਤ ਸਰਕਾਰ ਦੇ ‘ਤਿੰਨ ਸ਼ੇਰਾਂ’ ਦੀ ਤਾਕਤ ਸੀ। ਮਜ਼ਦੂਰ ਦੇ ਪੁੱਤ ਨੂੰ ਤਾਕਤ ਮਿਲ ਜਾਵੇ ਤਾਂ ਉਸ ਦੇ ਦਿਮਾਗ ਫਿਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਪਰ ਬਾਪੂ ਦੀਆਂ ਨਸੀਹਤਾਂ ਨੇ ਅੰਕੁਸ਼ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਉਹ ਕਹਿਣ ਲੱਗੇ, “ਬੇਟਾ! ਹੁਣ ਤੂੰ ਵੱਡਾ ਅਫਸਰ ਬਣ ਗਿਆ ਹੈਂ। ਤੇਰਾ ਤਾਂ ਵਾਹ ਈ ਪੈਸਿਆਂ ਆਲਿਆਂ ਨਾਲ ਪੈਣਾ ਹੈ। ਅਮੀਰਾਂ ਵਿੱਚ ਬੈਠ ਕੇ ਇਹ ਨਾ ਸੋਚੀਂ ਤੂੰ ਗਰੀਬ ਦਾ ਪੁੱਤ ਐਂ, ਸਮਝੀ ਤੇਰਾ ਬਾਪ ਵੀ ਅਮੀਰ ਐ ... ਕਿਸੇ ਤੋਂ ਡਰਨਾ ਨਹੀਂ।” ਬਾਪੂ ਦੀ ਇਸ ਨਸੀਹਤ ’ਤੇ ਮੈਨੂੰ ਹਾਸਾ ਆਉਂਦਾ, ਪਰ ਨਸੀਹਤ ਦੇ ਅੰਤਰੀਵ ਭਾਵ ਦਾ ਸੰਕਲਪ ਮੈਨੂੰ ਯਾਦ ਰਹਿੰਦਾ ਸੀ- ਆਪਣਾ ਮਾਣ-ਸਨਮਾਨ ਬਣਾ ਕੇ ਰੱਖਣਾ ਹੈ।
ਫਿਰ ਇੱਕ ਦਿਨ ‘ਗਰੀਨ ਕਾਰਡ ਹੋਲਡਰ’ ਰਈਸ ਨੇ ਸ਼ਹਿਰ ਦੀਆਂ ਇੱਟਾਂ ਸਮਝੇ ਜਾਂਦੇ ਪਰਿਵਾਰਾਂ ਨਾਲ ਪੰਜ-ਤਾਰਾ ਹੋਟਲ ਵਿੱਚ ਪਾਰਟੀ ਰੱਖ ਲਈ। ਅਜਿਹੀਆਂ ਪਾਰਟੀਆਂ ਵਿੱਚ ਸਾਡੀ ਸ਼ਮੂਲੀਅਤ ਵੀ ਕਰਵਾ ਲਈ ਜਾਂਦੀ। ਅਫਸਰਾਂ ਦੇ ਪਰਿਵਾਰਾਂ ਅਤੇ ਬੱਚਿਆਂ ਨੂੰ ਵੀ ਸਮਾਜਿਕ ਮੇਲਜੋਲ ਦੀ ਲੋੜ ਹੁੰਦੀ ਹੈ। ਸਾਡੇ ਅਫਸਰਾਂ ਨੂੰ ਵਿਸਕੀ ਦਾ ਘਟੀਆ ਅਤੇ ਸ਼ਹਿਰ ਦੇ ਅਮੀਰਾਂ ਨੂੰ ਵਧੀਆ ਬਰਾਂਡ ਸਰਵ ਹੋਇਆ। ਉਸ ਦਿਨ ਬਾਪੂ ਦੀ ਨਸੀਹਤ ਦਿੰਦੀ ਅਵਾਜ਼ ਨੇ ਮੇਰਾ ਹੱਥ ਵਿਸਕੀ ਦੇ ਗਲਾਸ ਨੂੰ ਛੂਹਣ ਤੋਂ ਪਹਿਲਾਂ ਹੀ ਫੜ ਲਿਆ, “ਅਮੀਰਾਂ ਵਿੱਚ ਬੈਠ ਕੇ ...” ਇਹ ਦ੍ਰਿਸ਼ ਦੇਖਣ ਸਾਰ ਮੇਰਾ ਮੱਥਾ ਠਣਕਿਆ। ‘ਮੂਡ ਬਦਲ ਗਿਆ ਹੈ’ ਦਾ ਬਹਾਨਾ ਲਾ ਕੇ ਮੈਂ ਡਰਿੰਕ ਲੈਣ ਤੋਂ ਮਨ੍ਹਾਂ ਕਰ ਦਿੱਤਾ। ਘੁਸਰ-ਮੁਸਰ ਸ਼ੁਰੂ ਹੋਣ ’ਤੇ ਬ੍ਰਾਂਡ ਬਰਾਬਰ ਦਾ ਕਰ ਦਿੱਤਾ ਤੇ ਮੈਨੂੰ ਵੀ ਦੋਸਤਾਂ ਨੇ ਰਾਜ਼ੀ ਕਰ ਲਿਆ। ਵੈਸੇ ਵੀ ਮਹਿਫ਼ਲ ਖਰਾਬ ਕਰਨ ਵਿੱਚ ਕੋਈ ਸਿਆਣਪ ਨਹੀਂ ਸੀ।
‘ਰਾਜੂ ਭਾਈ’ ਨੂੰ ਸ਼ਾਇਦ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ ਕਿ ਇਹ ‘ਦੋ ਟਕੇ ਦਾ ਅਫਸਰ’ ਅਜਿਹੀ ਗੁਸਤਾਖੀ ਕਿਵੇਂ ਕਰ ਸਕਦਾ ਹੈ। ਦੋ ਕੁ ਪੈੱਗਾਂ ਬਾਅਦ ਉਹ ਮੇਰੇ ਕੋਲ ਆ ਕੇ ਰੁੱਖੀ ਜਿਹੀ ਸੁਰ ਵਿੱਚ ਬੋਲਿਆ, “ਸਿੰਘ ਸਾਹਿਬ ਪੈਸੇ ਮੇਂ ਬਹੁਤ ਤਾਕਤ ਹੋਤੀ ਹੈ।” ਸਭ ਦੇ ਕੰਨ ਖੜ੍ਹੇ ਹੋ ਗਏ।
ਮੈਂ ਕਿਹਾ, “ਹਾਂ ਰਾਜੂ ਭਾਈ, ਪੈਸੇ ਮੇਂ ਬਹੁਤ ਤਾਕਤ ਹੋਤੀ ਹੈ, ਪਰ ‘ਤੀਨ ਸ਼ੇਰੋਂ’ ਕੀ ਤਾਕਤ ਸੇ ਜ਼ਿਆਦਾ ਨਹੀਂ ਹੋਤੀ।”
“ਵੋ ਕੈਸੇ?” ਰਾਜੂ ਭਾਈ ਬੋਲੇ।
ਮੈਂ ਬੜੀ ਕੋਸ਼ਿਸ਼ ਕੀਤੀ ਕਿ ਉਹ ਮੇਰਾ ਮੂੰਹ ਨਾ ਖੁਲ੍ਹਾਵੇ, ਪਰ ਉਹ ਕੁਝ ਨਾ ਕੁਝ ਬੋਲੀ ਗਏ। ਅੱਕ ਕੇ ਮੈਂ ਕਿਹਾ, “ਲੈ ਫਿਰ ਸੁਣੋ! ਤੁਸੀਂ ਮੈਨੂੰ ਘਰ ਖਾਣੇ ’ਤੇ ਬੁਲਾਓ, ਮੈਂ ਨਾਂਹ ਕਰ ਸਕਦਾ ਹਾਂ ਅਤੇ ਜਦੋਂ ਮੈਂ ਬੁਲਾਵਾਂ, ਤਦ ਨਾਂਹ ਕਰਨ ਲਈ ਤੁਸੀਂ ਦਸ ਵਾਰ ਸੋਚੋਗੇ। ਤੁਸੀਂ ਮੇਰੇ ਦਫਤਰ ਵਿੱਚ ਮੇਰੇ ਚਪੜਾਸੀ ਤੋਂ ਪੁੱਛੇ ਵਗੈਰ ਅੰਦਰ ਨਹੀਂ ਆ ਸਕਦੇ ਪਰ ਮੈਂ ਤੁਹਾਡੇ ਦਫਤਰ ਅਤੇ ਘਰ ਤੁਹਾਡੇ ਬਿਨਾਂ ਪੁੱਛੇ ਅੰਦਰ ਵੜ ਸਕਦਾ ਹਾਂ। ਬੋਲੋ, ਕਿਸ ਦੀ ਤਾਕਤ ਵੱਡੀ ਹੈ? ਪੈਸੇ ਦੀ ਜਾਂ ਤਿੰਨ ਸ਼ੇਰਾਂ ਦੀ?” ਇਹ ਸੁਣ ਕੇ ਉਹ ਚੁੱਪ ਹੋ ਗਿਆ।
ਫੇਰ ਇੱਕ ਦਿਨ ਹੁਕਮ ਹੋਇਆ ਕਿ ਮੈਂ ਇੱਕ ਨਾਮੀ ਫਿਲਮੀ ਪਰਿਵਾਰ ਦੇ ਘਰ ਛਾਪਾ ਮਾਰਾਂ। ਉਹ ਮੈਨੂੰ ਦੇਖਦਿਆਂ ਹੀ ਭੱਦੀਆਂ ਗਾਲ੍ਹਾਂ ਕੱਢਣ ਲੱਗੇ, ਅੰਦਰ ਹੀ ਨਾ ਵੜਨ ਦੇਣ, ਜਦੋਂ ਇਹ ਕਹਿ ਕੇ ਠਿੱਠ ਕਰਨ ਲੱਗੇ, “ਦੇਖ ਲਾਂਗੇ ਤੈਨੂੰ ਵੱਡੇ ਭਿੰਡਰਾਂਵਾਲੇ ਨੂੰ ...” ਬਾਪੂ ਦੀ ਨਸੀਹਤ ‘ਡਰਨਾ ਨਹੀਂ’ ਨੇ ਮੇਰੇ ਪੈਰ ਘਰ ਦੇ ਅੰਦਰ ਧੱਕ ਦਿੱਤੇ। ਕਾਰਵਾਈ ਦੌਰਾਨ ਸਾਨੂੰ ਉਨ੍ਹਾਂ ਦਾ ਇੱਕ ਪਰਿਵਾਰਕ ਮੈਂਬਰ ਅੰਦਰ ਕਰਵਾਉਣਾ ਪਿਆ। ‘ਪੈਸੇ ਦੀ ਤਾਕਤ’ ਕੀ ਨਹੀਂ ਕਰ ਸਕਦੀ ਸੀ, ਰਾਤੋ-ਰਾਤ ਉਹ ਬਾਹਰ। ਉਹ ਸੱਜਣੀ ਦੂਸਰੇ ਦਿਨ ਬਾਅਦ ਦੁਪਹਿਰ ਮੇਰੇ ਦਫਤਰ ਆ ਧਮਕੀ। ਕਹਿਣ ਲੱਗੀ, “ਤੇਰਾ ਨਖਰਾ ਬੜੈ!”
ਮੈਂ ਕਿਹਾ, “ਗਰੀਬ ਪੰਜਾਬੀ ਕੋਲ ਨਖਰਾ ਹੀ ਤਾਂ ਹੈ, ਉਹ ਵੀ ਖੋਹ ਲੈਣੈ ਤੁਸੀਂ ...।”
ਆਈ ਤਾਂ ਉਹ ਸੌਰੀ ਫੀਲ ਕਰਨ ਸੀ, ਪਰ ਸ਼ਾਇਦ ਉਸ ਦਾ ਘੁਮੰਡ ਉਸ ਨੂੰ ‘ਸੌਰੀ ‘ਕਹਿਣ ਤੋਂ ਵਰਜ ਰਿਹਾ ਸੀ। ਫੇਰ ਉਹਨੂੰ ਲੱਗਿਆ ਕਿ ਕਿਤੇ ਹੋਰ ਹੀ ਫਾਈਲ ਨਾ ਖੁੱਲ੍ਹ ਜਾਵੇ, ਉਹ ਕਹਿਣ ਲੱਗੀ, “ਵੇ ਹੁਣ ਬੱਸ ਵੀ ਕਰ! ਆਪਾਂ ਫੇਰ ਵੀ ਪੰਜਾਬੀ ਆਂ।”
ਮੈਂ ਕਿਹਾ, “ਸ਼ੁੱਧ ਪੰਜਾਬੀ ਆਂ, ਪਿਆਰ ਨਾਲ ਗੱਲ ਕਰੋਗੇ ਤਾਂ ਜਾਨ ਵੀ ਹਾਜ਼ਰ ਕਰ ਦਿਆਂਗੇ, ਰੋਹਬ ਨਾਲ ਨਹੀਂ ... ਬੋਲੋ, ਕੀ ਪੀਓਗੇ?”
ਨਿੰਮੋਝੂਣੀ ਜਿਹੀ ਹੁੰਦੀ ਨੇ ਲਿਮਕਾ ਪੀਤਾ ਤੇ ਬਿਨਾ ਕੁਝ ਬੋਲੇ ਚਲੀ ਗਈ। ਆਖਰਕਾਰ ਉਹ ਪੈਸੇ ਵਾਲੇ ਲੋਕ ਜੁ ਠਹਿਰੇ।
ਇਨ੍ਹਾਂ ਵਾਕਿਆਂ ਨੂੰ ਤਕਰੀਬਨ ਤੀਹ ਸਾਲ ਬੀਤ ਚੁੱਕੇ ਹਨ। ਅੱਜ ਦੇ ਹਾਲਾਤ ’ਤੇ ਝਾਤ ਮਾਰਦਿਆਂ ਜਦੋਂ ਮੈਂ ਇਹ ਸੋਚਦਾ ਹਾਂ ਕਿ ਅਜੋਕੇ ਬਾਪੂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਸਮੇਂ ਕੀ ਨਸੀਹਤਾਂ ਕਰ ਰਹੇ ਹਨ, ਮੈਂ ਬੇਚੈਨ ਹੋ ਜਾਂਦਾ ਹਾਂ। ਬਾਪੂ ਦੀ ਕੰਬਦੀ ਰੂਹ ਇਹ ਕਹਿੰਦੀ ਸੁਣਾਈ ਦਿੰਦੀ ਹੈ, “ਬੇਟਾ! ਉਸ ਅਫਸਰ ਦੇ ਬਾਪ ਦੀ ਨਸੀਹਤ ਕਮਜ਼ੋਰ ਹੋਣੀ ਹੈ, ਜਿਹੜਾ ਸ਼ਰੇਆਮ ਇੱਕ ਮਾਮੂਲੀ ਦੱਲੇ ਹੱਥੋਂ ਬੇਇੱਜ਼ਤੀ ਕਰਵਾ ਰਿਹਾ ਸੀ।” ਬਾਪੂ ਭਾਵੇਂ ਫਕੀਰ ਸੀ ਪਰ ਉਸ ਕੋਲ ਨੈਤਿਕਤਾ ਦੀ ਉਹ ਅਮੀਰੀ ਸੀ ਜੋ ਬਹੁਤ ਘੱਟ ਅਮੀਰਾਂ ਕੋਲ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3812)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)