“ਅੰਕਲ, ਹੁਣ ਉਹ ਜ਼ਮਾਨਾ ਨਹੀਂ ਹੈ ... ਸਾਨੂੰ ਤਾਂ ਮੁੰਡੇ ਵੀ ਅਤੇ ਉਨ੍ਹਾਂ ਦੇ ਮਾਂ-ਬਾਪ ਵੀ ਸਿੱਧੇ ਪੁੱਛਦੇ ਨੇ ...”
(1 ਜੂਨ 2023)
ਇਸ ਸਮੇਂ ਪਾਠਕ: 135.
ਪਿਛਲੇ ਦਿਨੀਂ ਅਸੀਂ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਗਏ। ਸਾਨੂੰ ਇਸ ਗੱਲ ਦਾ ਬੜਾ ਗੌਰਵ ਜਿਹਾ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਉਨ੍ਹਾਂ ਦਾ ਬੇਟਾ ਇੱਕ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਦਾ ਪ੍ਰਿੰਸੀਪਲ ਲੱਗਾ ਹੋਇਆ ਹੈ। ਜ਼ਿੰਦਗੀ ਦੀ ਤੇਜ਼ ਰਫਤਾਰ ਦੇ ਰੁਝੇਵਿਆਂ ਕਾਰਨ ਉਸ ਬੱਚੇ ਨਾਲ ਆਹਮੋ-ਸਾਹਮਣੇ ਹੋਣ ਦਾ ਮੌਕਾ-ਮੇਲ ਘੱਟ ਹੀ ਬਣਦਾ ਸੀ ਪਰ ਉਸ ਦਿਨ ਉਹ ਘਰ ਹੀ ਮਿਲ ਗਿਆ। ਸੋਚਿਆ, ਗਰਮੀ ਕਰਕੇ ਕਾਲਜ ਬੰਦ ਹੋਣਗੇ ਅਤੇ ਇਸੇ ਲਈ ਉਹ ਘਰ ਹੋਵੇਗਾ। ਗੱਲਬਾਤ ਤੋਂ ਪਤਾ ਲੱਗਿਆ ਕਿ ਉਹ ਤਾਂ ਹੁਣ ‘ਬਿਜ਼ਨਸ’ ਕਰਦਾ ਹੈ। ਸਾਨੂੰ ਇੱਕ ਧੱਕਾ ਜਿਹਾ ਲੱਗਿਆ।
ਮੈਂ ਇਸ ਤਬਦੀਲੀ ਦਾ ਕਾਰਨ ਜਾਣਨ ਲਈ ਉਸ ਨੌਜਵਾਨ ਨਾਲ ਵਾਰਤਾਲਾਪ ਆਰੰਭ ਲਿਆ। ਉਸ ਨੂੰ ਪਤਾ ਸੀ ਕਿ ਮੈਂ ਕਾਲਜ ਪ੍ਰੋਫੈਸਰ ਰਹਿ ਚੁੱਕਾ ਸਾਂ। ਪੜ੍ਹਾਉਣਾ ਮੇਰਾ ਪਹਿਲਾ ਪਿਆਰ ਸੀ। ਮੈਂ ਉਸ ਨੂੰ ਟੀਵੀ ਪੱਤਰਕਾਰਾਂ ਵਾਂਗ ਪੁੱਛਿਆ ਕਿ ਉਹ ਪ੍ਰਿੰਸੀਪਲਸ਼ਿੱਪ ਛੱਡ ਕੇ ਕਿਵੇਂ ਮਹਿਸੂਸ ਕਰ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸਦਾ ਜਵਾਬ ਕਿਸ ਪਹਿਲੂ ਤੋਂ ਦੇਵੇ। ਉਹ ਚੁੱਪੀ ਧਾਰ ਕੇ ਬੈਠ ਗਿਆ। ਸੂਤਰਧਾਰ ਹੋ ਕੇ ਮੈਂ ਉਸ ਨੂੰ ਕਾਲਜ ਵਿੱਚ ਦਾਖਲੇ ਦੀ ਪ੍ਰਕਿਰਿਆ ਬਾਰੇ ਦੱਸਣ ਨੂੰ ਕਿਹਾ। ਉਸ ਦੇ ਚਿਹਰੇ ਦੇ ਹਾਵ-ਭਾਵ ਕਹਿ ਰਹੇ ਸਨ ਕਿ ਉਸ ਤੋਂ ਇਹ ਸਵਾਲ ਜੇਕਰ ਨਾ ਪੁੱਛਿਆ ਜਾਂਦਾ ਤਾਂ ਚੰਗਾ ਸੀ।
ਉਸ ਨੇ ਦੱਸਿਆ ਕਿ ਕਾਲਜ ਮੈਨੇਜਮੈਂਟ ਡਿਊਟੀਆਂ ਲਗਾ ਦਿੰਦੀ ਹੈ। ਸਟਾਫ ਮੈਂਬਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਹਨ, ਪਿੰਡ ਵੰਡ ਦਿੱਤੇ ਜਾਂਦੇ ਹਨ, ਬੱਸ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ - ਐਨੇ ਮੁੰਡੇ-ਕੁੜੀਆਂ ਦਾਖਲ ਹੋਣੇ ਹੀ ਚਾਹੀਦੇ ਹਨ। ਉਹ ਵਿਦਿਆਰਥੀ ਪੜ੍ਹਨ ਦੀ ਇੱਛਾ ਰੱਖਦੇ ਹੋਣ ਜਾਂ ਨਾ, ਇਸ ਨਾਲ ਕੋਈ ਮਤਲਬ ਨਹੀਂ।
ਮੈਂ ਕਿਹਾ, “ਫਿਰ ਤੁਸੀਂ ਕੀ ਕਰਦੇ ਹੋ?”
“ਅੰਕਲ, ਫਿਰ ਅਸੀਂ ਬੱਸ ਪਿੰਡਾਂ ਵਿੱਚ ਘੁਮਾਉਂਦੇ ਹਾਂ, ਸਵੇਰ ਤੋਂ ਸ਼ਾਮ ਤਕ। ਮੈਨੇਜਮੈਂਟ ਐਨਾ ਵੀ ਅਡਜਸਟ ਨਹੀਂ ਕਰਦੀ ਕਿ ਪ੍ਰਿੰਸੀਪਲ ਆਪਣੇ ਮਨ ਪਸੰਦ ਦੀ ਕਮੇਟੀ ਨਾਲ ਹੋ ਤੁਰੇ।”
ਮੈਨੂੰ ਆਪਣੇ ਦਿਨ ਯਾਦ ਆ ਰਹੇ ਸਨ। ਮੈਂ ਟੋਕ ਕੇ ਕਿਹਾ, “ਬੇਟਾ ਇਹ ਤਾਂ ਸਾਨੂੰ ਵੀ ਕਰਨਾ ਪੈਂਦਾ ਸੀ, ਪਰ ਸਾਡੇ ਪ੍ਰਿੰਸੀਪਲ ਸਾਹਿਬ ਕਦੇ ਨਹੀਂ ਸਨ ਜਾਂਦੇ। ਅਸੀਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਜਾਂਦੇ ਸਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਾਡੇ ਕਾਲਜ ਦਾਖਲੇ ਲਈ ਪ੍ਰੇਰਦੇ ਸਾਂ। ਮਾਂ-ਬਾਪ ਸਾਨੂੰ ਪੁੱਛਦੇ- ਇਹ ਦੱਸੋ ਬਈ ਤੁਹਾਡੇ ਕਾਲਜ ਪੜ੍ਹਾਈ ਕਿਹੋ ਜਿਹੀ ਹੁੰਦੀ ਹੈ” ਅਸੀਂ ਪ੍ਰਾਸਪੈਕਟਸ ਤੋਂ ਪ੍ਰੋਫੈਸਰ ਸਹਿਬਾਨਾਂ ਦੇ ਨਾਂ ਅਤੇ ਯੋਗਤਾ ਪੜ੍ਹ ਕੇ ਸੁਣਾਉਂਦੇ, ਉਨ੍ਹਾਂ ਦੀਆਂ ਤਾਰੀਫਾਂ ਕਰਦੇ, ਕਾਲਜ ਵਿੱਚ ਸੁਵਿਧਾਵਾਂ ਆਦਿ ਬਾਰੇ ਦੱਸਦੇ। ਅਖੀਰ ਮਾਪਿਆਂ ਨੇ ਕਹਿਣਾ - ਸਾਡੇ ਬੱਚਿਆਂ ਨੂੰ ਵਧੀਆ ਪੜ੍ਹਾਉਣ ਦੀ ਜ਼ਿੰਮੇਵਾਰੀ ਲਓ ਤਾਂ ਥੋਡੇ ਕਾਲਜ ਦਾਖਲ ਕਰਵਾ ਦਿਆਂਗੇ। ਇਸ ਤਰ੍ਹਾਂ ਕੁਝ ਦਾਖਲੇ ਮਿਲ ਜਾਣੇ।
ਮੇਰੀ ਗੱਲ ਸੁਣ ਕੇ ਸਾਬਕਾ ਪ੍ਰਿੰਸੀਪਲ ਬੋਲੇ, “ਅੰਕਲ, ਹੁਣ ਉਹ ਜ਼ਮਾਨਾ ਨਹੀਂ ਹੈ ... ਸਾਨੂੰ ਤਾਂ ਮੁੰਡੇ ਵੀ ਅਤੇ ਉਨ੍ਹਾਂ ਦੇ ਮਾਂ-ਬਾਪ ਵੀ ਸਿੱਧੇ ਪੁੱਛਦੇ ਨੇ, ਨਕਲ ਕਰਾਉਂਗੇ? ਪਾਸ ਕਰਾਉਣ ਦੀ ਜ਼ਿੰਮੇਵਾਰੀ ਲੈਂਦੇ ਹੋ? ਫਿਰ ਤਾਂ ਦਾਖਲ ਹੋ ਜਾਵਾਂਗੇ, ਵਰਨਾ ਨਹੀਂ।”
ਮੈਂ ਇਹ ਗੱਲ ਸੁਣ ਕੇ ਸੁੰਨ ਹੋ ਗਿਆ। “ਫਿਰ ਤੁਸੀਂ ਕੀ ਕਹਿੰਦੇ ਹੋ?”
“ਅੰਕਲ, ਫੇਰ ਅਸੀਂ ਸਾਰੇ ਝੂਠ ਬੋਲਦੇ ਹਾਂ। ਅਜਿਹਾ ਕਰਨ ਦਾ ਵਿਸ਼ਵਾਸ ਦਿਵਾਉਂਦੇ ਹਾਂ, ਮੇਰੇ ਵਰਗੇ ਦੁਖੀ ਵੀ ਹੁੰਦੇ ਹਨ। ਦਾਖਲੇ ਹੋ ਜਾਂਦੇ ਹਨ। ਕਲਾਸਾਂ ਲੱਗ ਜਾਂਦੀਆਂ ਹਨ। ਫੀਸਾਂ ਦੀ ਉਗਰਾਹੀ ਹੁੰਦੀ ਰਹਿੰਦੀ ਹੈ। ...ਨਿਗੂਣੀਆਂ ਤਨਖਾਹਾਂ ਮਿਲਦੀਆਂ ਰਹਿੰਦੀਆਂ ਹਨ ਅਤੇ ਅਸੀਂ ਰਜਿਸਟਰ ’ਤੇ ‘ਯੂਨੀਵਰਸਟੀ ਸਕੇਲ’ ਲੈਂਦੇ ਹਾਂ। ਸਾਲ ਖਤਮ ਹੁੰਦਾ ਹੈ ਅਤੇ ਇਮਿਤਹਾਨ ਆ ਜਾਂਦੇ ਹਨ। ...”
ਉਸ ਨੇ ਬੋਲਣਾ ਜਾਰੀ ਰੱਖਿਆ, “ਸਰਕਾਰ ਅਤੇ ਸਮਾਜ ਨੂੰ ਪਤਾ ਹੈ ਕਿ ਇਮਿਤਹਾਨਾਂ ਵਿੱਚ ਨਕਲ ਹੁੰਦੀ ਹੈ। ਆਬਜ਼ਰਵਰਾਂ ਦੀ ਨਿਯੁਕਤੀ ਹੋ ਜਾਂਦੀ ਹੈ। ‘X’ ਕਾਲਜ ਦਾ ਅਬਜ਼ਰਵਰ ‘Y’ ਕਾਲਜ ਵਿੱਚ ਅਤੇ ‘Y’ ਕਾਲਜ ਦਾ ‘X’ ਕਾਲਜ ਵਿੱਚ ...। ਜੇਕਰ ‘X’ ਵਾਲਾ ਕੱਸੇਗਾ ਤਾਂ ‘Y’ ਵਾਲਾ ਵੀ ਕਸੇਗਾ, ਨਹੀਂ ਤਾਂ ਦੋਨੋਂ ਹੀ ਢਿੱਲ ਦੇਣਗੇ। ...”
ਫਿਰ ਉਸ ਨੇ ਨਿੱਜੀ ਅਨੁਭਵ ਦੀ ਗੱਲ ਕੀਤੀ ਕਿ ਕਿਵੇਂ ਕਿਸੇ ਅਬਜ਼ਰਵਰ ਨੇ ਮੁੰਡਿਆਂ ਨਾਲ ‘ਸੌਦਾ’ ਕੀਤਾ। ਇੱਕ ਵਿਦਿਆਰਥੀ ਉੱਤੇ ਉਸ ਨੇ ਕੇਸ ਬਣਾਉਣ ਦੀ ਜ਼ਿਦ ਕੀਤੀ। ਉਸ ਦਿਨ ਉਸ ਮੁੰਡੇ ਨੇ ਉਸ ਦੇ ਸਾਹਮਣੇ ਅਬਜ਼ਰਵਰ ਦੀ ਬਹੁਤ ਬੇਇੱਜ਼ਤੀ ਕੀਤੀ ਸੀ। ਉਸ ਦਿਨ ਤੋਂ ਉਸ ਨੇ ਖੁਦ ਇਸ ਨਾ-ਪਾਕ ਕੰਮ ਤੋਂ ਲਾਂਭੇ ਹੋਣ ਦਾ ਫ਼ੈਸਲਾ ਕਰ ਲਿਆ ਸੀ ਕਿ ਉਹ ਅਜਿਹੀ ਪ੍ਰਿੰਸੀਪਲਸ਼ਿੱਪ ਨਹੀਂ ਕਰੇਗਾ ਅਤੇ ਰੋਟੀ ਕਮਾਉਣ ਦਾ ਹੋਰ ਜ਼ਰੀਆ ਅਪਣਾਏਗਾ।
ਮੈਂ ਫਿਰ ਪੰਜਾਹ ਸਾਲ ਪਿੱਛੇ ਚਲਾ ਗਿਆ। ਮੇਰੀ ਉਮਰ ਉਸ ਵਕਤ ਸਿਰਫ ਤੇਈ ਸਾਲ ਸੀ। ਪੇਂਡੂ ਕਾਲਜਾਂ ਦੇ ਮੁੰਡੇ ਜੁੱਸਿਓਂ ਤਕੜੇ ਹੁੰਦੇ ਸਨ। ਮੇਰਾ ਸੁਪ੍ਰਿੰਟੈਂਡੈਂਟ ਵੀ ਲਾਲਚੀ ਕਿਸਮ ਦਾ ਆਦਮੀ ਸੀ। ਉਸ ਨੇ ਵੀ ਸੌਦਾ ਕਰ ਰੱਖਿਆ ਹੋਵੇਗਾ ਕਿ ਮਾੜਚੂ ਜਿਹਾ ਪ੍ਰੋਫੈਸਰ ਬੀ ਏ ਪਾਰਟ III ਦੇ ਅੰਗਰੇਜ਼ੀ ਦੇ ਪਰਚੇ ਵਾਲੇ ਦਿਨ ਡਿਊਟੀ ’ਤੇ ਤਾਇਨਾਤ ਕਰ ਦੇਵਾਂਗਾ, ਸੌਦੇ ਵਾਲੇ ਮਨ-ਮਰਜ਼ੀ ਕਰ ਸਕਣਗੇ। ਮੈਂ ਆਦਰਸ਼ਵਾਦੀਆਂ ਦੀ ਜਿਣਸ ਵਿੱਚੋਂ ਸੀ, ਹਾਂ। ਖੁਸ਼ਕਿਸਮਤੀ ਕਿ ਇੱਕ ਆਦਰਸ਼ਵਾਦੀ ਪ੍ਰਿੰਸੀਪਲ ਵੀ ਉਸ ਦਿਨ ਫਲਾਇੰਗ ਸੁਕੈਡ ’ਤੇ ਸੀ ਅਤੇ ਉਹ ਮੇਰੇ ਕੁਲੀਗ ਦਾ ਪਿਤਾ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਆਪਣੇ ਸੁਪ੍ਰਿੰਟੈਂਡੈਂਟ ਨਾਲ ਪੰਗਾ ਲੈ ਚੁੱਕਾ ਸੀ। ਮੁੰਡੇ ਮੈਨੂੰ ਧਮਕੀਆਂ ਦੇ ਰਹੇ ਸਨ। ਪ੍ਰਿੰਸੀਪਲ ਸਾਹਿਬ ਆਪਣੇ ਆਦਰਸ਼ ਪੁਗਾਉਣ ਲਈ ‘ਹਥਿਆਰ’ ਰੱਖਦੇ ਸਨ ਅਤੇ ਉਹ ਉਸ ਦਿਨ ਕੰਮ ਆਇਆ ਸੀ।
ਜਿਉਂ ਜਿਉਂ ਇਹ ਪ੍ਰਿੰਸੀਪਲ ਆਪਣੀ ‘ਸਿੱਖਿਆ ਦੇ ਕਿੱਤੇ ਤੋਂ ਬਿਜ਼ਨਸ’ ਤਕ ਦੇ ਸਫ਼ਰ ਦੀ ਕਹਾਣੀ ਕਹਿੰਦਾ ਗਿਆ, ਤਿਉਂ ਤਿਉਂ ਉਸ ਦੀ ਆਵਾਜ਼ ਉੱਚੀ ਹੋਣ ਦੇ ਨਾਲ ਨਾਲ ਗੁਸੈਲੀ ਵੀ ਹੁੰਦੀ ਗਈ। ਮੈਂ ਉਸ ਨੂੰ ਹੌਲੀ ਬੋਲਣ ਲਈ ਕਹਿੰਦਾ ਅਤੇ ਫਿਰ ਅਸੀਂ ਮੈਡੀਕਲ ਦੀਆਂ ਸੀਟਾਂ ਦੇ ਵਿਕਣ, ਪੀ ਐੱਚ ਡੀ ਦੀਆਂ ਡਿਗਰੀਆਂ ਦੀ ਨਿਲਾਮੀ ਆਦਿ ਦੇ ਪ੍ਰਚਲਨ ’ਤੇ ਆ ਜਾਂਦੇ। ਅੰਤ ਹਾਰੇ ਹੋਏ ਜੁਆਰੀਏ ਵਾਂਗ ਮਹਿਸੂਸ ਕਰਦੇ ਸਿੱਖਿਆ ਦੇ ਮਿਆਰ ਨੂੰ ਡੇਗਣ ਦੀ ਜ਼ਿੰਮੇਵਾਰੀ ਸਿਆਸੀ ਢਾਂਚੇ ਉੱਤੇ ਸੁੱਟਦੇ ਤੇ ਚੁੱਪ ਹੋ ਗਏ। ਪ੍ਰਿੰਸੀਪਲ ਸਾਹਿਬ ਦੀ ਚੁੱਪ ਮੇਰੇ ਨਾਲੋਂ ਢੂੰਘੀ ਸੀ। ਮੈਂ ਸਮਾਜ ਦੀ ਚੁੱਪ ’ਤੇ ਦੁਖੀ ਸੀ।
ਇਸ ਵਾਰਤਾਲਾਪ ਦੇ ਤਕਰੀਬਨ ਇੱਕ ਸਾਲ ਬਾਅਦ 26 ਮਈ ਦੇ ਅਖਬਾਰ ਦੇ ਮੁੱਖ ਪੰਨੇ ’ਤੇ ਇੱਕ ਖ਼ਬਰ ਛਪੀ, “ਸੀ ਸੀ ਟੀਵੀ : ਪ੍ਰਾਈਵੇਟ ਫਾਰਮੇਸੀ ਕਾਲਜ ਦੇ ਸਾਰੇ 63 ਵਿਦਿਆਰਥੀ ਰਹੇ ਗੈਰਹਾਜ਼ਰ।” ਖ਼ਬਰ ਪੜ੍ਹਦੇ ਸਾਰ ਹੀ ਸੀ ਸੀ ਟੀਵੀ ਵਿੱਚ ਦਿਸੀ ਤਸਵੀਰ ਨੇ ਪ੍ਰਿੰਸੀਪਲ ਦੀ ਚੁੱਪੀ ਵਿੱਚੋਂ ਨਿਕਲੀ ਮੁਹਾਰਨੀ ਸਮਝਾ ਦਿੱਤੀ, ਉਸ ਦੇ ਕਥਨਾਂ ’ਤੇ ਮੁਹਰ ਲਾ ਦਿੱਤੀ - ਕੈਮਰੇ ਸਾਹਮਣੇ ਨਕਲ ਕੌਣ ਕਰਵਾਉਂਦਾ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4005)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)