JagroopSingh3ਮੁੰਡੇ ਨੋਟ ਚੁੱਕ ਕੇ ਮੋਟਰ ਸਾਈਕਲ ਨੂੰ ਕਿੱਕ ਮਾਰ ਕੇ ਔਹ ਗਏ।। ਉਹ ਬੰਦਾ ਕਹਿਣ ਲੱਗਾ, “ਦੇਖਿਆ ...
(31 ਜੁਲਾਈ 2023)

 

ਇਕ ਦਿਨ ਮੈਂ ਸਵੇਰੇ ਸੈਰ ਕਰਨ ਜਾ ਰਿਹਾ ਸੀ। ਮੈਂ ਦੇਖਿਆ ਕਿ ਸੜਕ ਦੇ ਇੱਕ ਪਾਸੇ ਇੱਕ ਸੇਬ ਡਿਗਿਆ ਪਿਆ ਸੀ। ਸੇਬ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਜਿਵੇਂ ਵਧੀਆ ਵੰਨਗੀ ਦਾ ਹੋਵੇ। ਮੈਂ ਸੇਬ ਤੋਂ ਅੱਗੇ ਲੰਘ ਚੁੱਕਾ ਸੀ ਕਿ ਅਚਾਨਕ ਦਿਮਾਗ ਵਿੱਚ ਖਿਆਲ ਆਇਆ, ਕਿਸੇ ਨੇ ਐਨੇ ਸੋਹਣੇ ਸੇਬ ਨੂੰ ਚੁੱਕਿਆ ਕਿਉਂ ਨਹੀਂ? ਇਸ ਨੂੰ ਚੁੱਕਣ ਵਿੱਚ ਕੀ ਗਲਤ ਹੈ?ਮੈਨੂੰ ਇਹ ਸੇਬ ਚੁੱਕ ਲੈਣਾ ਚਾਹੀਦਾ ਸੀ। ਬਚਪਨ ਵਿੱਚ ਤਾਂ ਮੈਂ ਬੱਲੀਆਂ ਇਕੱਠੀਆਂ ਕਰਨ ਬੇਬੇ ਨਾਲ ਜਾਂਦਾ ਰਿਹਾ ਸੀ। ਸ਼ਾਇਦ ਸ਼ਰਮੋਂ ਸ਼ਰਮੀਂ ਕੋਈ ਹੱਥ ਨਹੀਂ ਸੀ ਪਾ ਰਿਹਾ ਕਿ ਲੋਕ ਕੀ ਕਹਿਣਗੇ?

ਤੁਰਦਾ ਤੁਰਦਾ ਮੈਂ ਬਚਪਨ ਦੇ ਉਨ੍ਹਾਂ ਦਿਨਾਂ ਵਿੱਚ ਪਹੁੰਚ ਗਿਆ ਜਦ ਇਕ ਦਿਨ ਮੈਂ ਬਾਪੂ ਨੂੰ ਕਹਿ ਬੈਠਿਆ ਸੀ, “ਬਾਪੂ ਜੀ! ਹਾੜ੍ਹੀ ਦੀ ਕਟਾਈ ਵੇਲੇ ਕਣਕ ਬਹੁਤ ਝੜ ਜਾਂਦੀ ਹੈਹੇਠਾਂ ਡਿਗੀਆਂ ਬੱਲੀਆਂ, ਜੌਂ, ਛੋਲਿਆਂ ਦੀਆਂ ਟਾਟਾਂ ਜੱਟ ਕਿਉਂ ਨੀ ਚੁੱਕਦੇ? ਵਿਹੜੇ ਆਲੇ ਈ ਕਿਉਂ ਹੂੰਝਦੇ ਨੇ? ਬਾਪੂ ਨੇ ਦੱਸਿਆ, ਬੇਟਾ ਉਹ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਨੇ, ਕਹਿੰਦੇ ਨੇ ਅਸੀਂ ਜੱਟ ਹੁੰਨੇ ਆਂ, ... ਜੱਟ ਕੇਰ ਨੀ ਚੱਕਦਾ, ਲੋਕ ਕੀ ਕਹਿਣਗੇ? ... ਇਹ ਤਾਂ ਸੀਰੀਆਂ-ਸਾਂਝੀਆਂ ਦੇ ਕੰਮ ਨੇ। ਜਦ ਬਾਪੂ ਬੋਲ ਰਿਹਾ ਸੀ ਤਾਂ ਮੇਰੇ ਦਿਮਾਗ ਵਿੱਚ ਇਕਨਾਮਿਕਸ ਘੁੰਮ ਰਹੀ ਸੀ, ਪਦਾਰਥ ਪੈਸੇ ਦਾ ਹੀ ਤਾਂ ਦੂਜਾ ਰੂਪ ਹੈ। ਜੱਟ ਨੂੰ ਜੱਟ ਹੋਣ ਦਾ ਅਭਿਮਾਨ ਦੁਖੀ ਕਰ ਰਿਹਾ ਸੀ। ਇੱਕ ਦਮ ਖਿਆਲ ਆਇਆ ਹੁਣ ਤੈਨੂੰ ਵੀ ਤਾਂ ਉਹੀ ਅਭਿਮਾਨ ਰੋਕ ਰਿਹਾ ਹੈ? ਐਨੇ ਵੱਡੇ ਅਹੁਦੇ ਤੋਂ ਰਿਟਾਇਰ ਹੋ ਕੇ ਵੀ ਇਹ ਡਿੱਗਿਆ ਹੋਇਆ ਸੇਬ ਚੁੱਕਾਂ? - ਵਿਚਾਰਾਂ ਦਾ ਭੰਬਲਭੂਸਾ ਆਖਿਰ ਮੇਹਣਾ ਮਾਰ ਹੀ ਦਿੰਦਾ ਹੈ, ਤੂੰ ਬੰਦਾ ਕਦ ਬਣੇਗਾ? ਕੀ ਹੋਇਆ ਜੇ ਉਹ ਸੇਬ ਬੱਲੀ ਵਾਂਗੂ ਗਿਰ ਗਿਆ ਹੈ, ਹੈ ਤਾਂ ਸੇਬ ਹੀ? ਫਲ ਐਵੇਂ ਵਿਅਰਥ ਨਾ ਜਾਂਦਾ, ਕਿਸੇ ਗਰੀਬ ਦੇ ਮੂੰਹ ਪੈ ਜਾਂਦਾ, ਹੋਰ ਨਹੀਂ ਤਾਂ ਕੰਮ ਵਾਲੀ ਦੇ ਬੱਚੇ ਹੀ ਖਾ ਲੈਂਦੇ। ਜੇਕਰ ਉਹ ਨਾਂਹ ਕਰਦੀ ਫਿਰ ਕੂੜਾ ਚੁੱਕਣ ਵਾਲੇ ਨੂੰ ਦੇ ਦਿੰਦਾ। ਚੱਲ ਜੇ ਅਜੇ ਤਕ ਕਿਸੇ ਨੇ ਨਾ ਚੁੱਕਿਆ ਹੋਇਆ ਤਾਂ ਵਾਪਸ ਆਉਣ ਵੇਲੇ ਚੁੱਕ ਲਈਂਕਿਸੇ ਨੇ ਦੇਖਿਆ ਤਾਂ ਕਹਿ ਦੇਵਾਂਗਾ - ਮੈਂ ਵੱਡੀ ਅਫ਼ਸਰੀ ਤੋਂ ਰਿਟਾਇਰ ਹੋਣ ਦਾ ਅਭਿਮਾਨ ਛੱਡ ਬੈਠਾ ਹਾਂ, ਬੰਦਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਉਂਝ ਜਿਵੇਂ ਜਿਵੇਂ ਹਰਾ ਇਨਕਲਾਬ ਆਇਆ, ਮੰਡੀ ਦੀ ਅਹਿਮੀਅਤ ਵਧਦੀ ਗਈ ਤੇ ਗਰੀਬ ਕਿਸਾਨਾਂ ਨੇ ਵੀ ਆਪਣਾ ਕੇਰ ਇੱਕਠਾ ਕਰਨਾ ਸੁਰੂ ਕਰ ਦਿੱਤਾ। ਜਿਵੇਂ ਕਣਕ ਖਰੀਦਣ ਨੂੰ ਪੈਸੇ ਚਾਹੀਦੇ ਹਨ,ਉਵੇਂ ਸੇਬ ਖਰੀਦਣ ਤੇ ਵੀ ਪੈਸੇ ਲਗਦੇ ਹਨ। ਕਿਸਾਨ ਦਾ ਵਿਵਹਾਰ ਵੀ ਸਮੇਂ ਨਾਲ ਬਦਲਾਅ ਦਾ ਰੌਂ ਫੜ ਚੁੱਕਿਆ ਸੀ। ਉਸ ਨੂੰ ਪੈਸੇ ਦੇ ਦੂਜੇ ਰੂਪ ਦੀ ਸਮਝ ਆਉਣ ਲੱਗ ਪਈ ਸੀ।

ਵਾਪਸੀ ’ਤੇ ਮੇਰੀ ਨਿਗ੍ਹਾ ਉਸ ਥਾਂ ਵੱਲ ਬਾਰ ਬਾਰ ਮੁੜ ਜਾਂਦੀ ਜਿੱਥੇ ਮੈਂ ਉਹ ਸੇਬ ਨੂੰ ਜਾਂਦੇ ਵੇਲੇ ਦੇਖਿਆ ਸੀ। ਦੂਰੋਂ ਦੇਖਿਆ ਤਾਂ ਇੱਕ ਔਰਤ ਪਿੱਠ ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਨਾਲ ਭਰੀ ਬੋਰੀ ਚੁੱਕੀ ਆ ਰਹੀ ਸੀ। ਉਸ ਨੇ ਸੇਬ ਚੁੱਕਿਆ ਤੇ ਬੋਰੀ ਵਿੱਚ ਇਉਂ ਪਾਇਆ ਜਿਵੇਂ ਕੋਈ ਹੋਰ ਪਲਾਸਟਿਕ ਦੀ ਚੀਜ਼ ਹੋਵੇ। ਚੰਗਾ ਹੋਇਆ,ਉਸ ਨੇ ਚੁੱਕ ਲਿਆ '। ਮੈਂ ਸੁੱਖ ਦਾ ਸਾਹ ਲਿਆ।

ਉਸ ਔਰਤ ਕੋਲੋਂ ਲੰਘਦਿਆਂ ਮੈਂ ਰੁਕ ਗਿਆ। ਮੈਂ ਉਸ ਨੂੰ ਪੁੱਛ ਬੈਠਿਆ, “ਬੇਬੇ! ਇਸ ਕੰਮ ਤੋਂ ਕਿੰਨੀ ਕੁ ਦਿਹਾੜੀ ਬਣ ਜਾਂਦੀ ਐ? ਉਹ ਮੇਰੇ ਵੱਲ ਬਿਟਰ ਬਿਟਰ ਦੇਖ ਰਹੀ ਸੀ। ਸ਼ਾਇਦ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕੋਈ ‘ਸੈਰ ਕਰਨ ਵਾਲਾ’ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ। ਜੱਟ ਸਾਡੇ ਨਾਲ ਗੱਲਾਂ ਨਹੀਂ ਕਰਿਆ ਕਰਦੇ ਸਨ, ਗਾਲ੍ਹਾਂ ਕੱਢਿਆ ਕਰਦੇ ਸਨ। ਇਸ ਸੜਕ ਤੇ ਪਲਾਸਟਿਕ ਇਕੱਠਾ ਕਰਦਿਆਂ ਉਸ ਔਰਤ ਨੇ ਅੱਧੀ ਜਿੰਦਗੀ ਬਿਤਾਈ ਸੀ ਪਰ ਕਦੇ ਕਿਸੇ ਨੇ ਉਸ ਨੂੰ ਬੁਲਾਇਆ ਤੱਕ ਨਹੀਂ ਸੀ। ਕਹਿਣ ਲੱਗੀ, “ਪੁੱਤ ਆਹੀ ਕਦੇ ਸੌ, ਕਦੇ ਡੇਢ ਸੌ ਬਣ ਜਾਂਦੈ, ... ਤਿੰਨ ਚਾਰ ਜਵਾਕਾਂ ਦਾ ਮਸਾਂ ਢਿੱਡ ਭਰਦੈ। ਮੈਂ ਆਹ ਫਲੂਟ ਬੀ ਚੱਕ ਲਿਆ ਬਈ ਮੇਰੇ ਨਿਆਣੇ ਬੀ ਖਾ ਕੇ ਦੇਖ ਲੈਣਗੇ, ਫਲੂਟ ਦਾ ਸੁਆਦ ਕਿਹਾ ਜਾ ਹੁੰਦੈ। ... ਮੈਨੂੰ ਤਾਂ ਇਹਦਾ ਅੱਗ ਲਾਉਣੇ ਦਾ ਨਾਉਂ ਵੀ ਪਤਾ ਨੀ ...।” ਤੇ ਉਹ ਬੋਲਦੀ ਗਈ। ਜਿਉਂ ਜਿਉਂ ਉਹ ਬੋਲਦੀ ਗਈ ਮੇਰੀ ਸੋਚ ਬਾਪੂ ਦੀਆਂ ਗੱਲਾਂ ਨਾਲ ਫੇਰ ਜੁੜਦੀ ਗਈ। ਉਹ ਦ੍ਰਿਸ਼ ਵੀ ਅੱਖਾਂ ਅੱਗੇ ਆ ਗਿਆ ਜਦ ਕਦੇ ਬਾਪੂ ਨੂੰ ਬੱਲੀਆਂ ਚੁਗਣ ਵਾਲੀਆਂ ਔਰਤਾਂ ਨੂੰ ਬੋਲੀ ਜਾਂਦੀ ਮੰਦ-ਭਾਸ਼ਾ ਵੀ ਸੁਣਨੀ ਪੈਂਦੀ ਸੀ। ਮੌਸਮ ਦੇ ਕਹਿਰ ਦਾ ਗੁੱਸਾ ਜੱਟ ਸ਼ਾਇਦ ਉਨ੍ਹਾਂ ’ਤੇ ਹੀ ਕੱਢਦਾ ਸੀ।

ਉਸ ਔਰਤ ਨੇ ਉਹ ਨੇ ਚੁੱਕ ਲਿਆ ... ਇਸ ਵਿਚਾਰ ਨੇ ਮੇਰੀ ਸੋਚ ਦੇ ਜਾਵੀਏ ਨੂੰ ਥੋੜ੍ਹਾ ਹੋਰ ਮੋੜਿਆ। ਉਸ ਨੂੰ ਹੀ ਇਹ ਸੇਬ ਕਿਉਂ ਚੁੱਕਣਾ ਚਾਹੀਦਾ ਸੀ? ਜੇਕਰ ਸੇਬ ਦੀ ਥਾਂ ਦੋ ਹਜ਼ਾਰ ਦਾ ਸੇਬ ਵਰਗਾ ਲਾਲ ਨੋਟ ਹੁੰਦਾ ਤਾਂ ਕੀ ਕੋਈ ਇਸ ਨੂੰ ਹੱਥ ਨਾ ਲਾਉਂਦਾ? ਸਭ ਤੋਂ ਪਹਿਲਾਂ ਦੇਖਣ ਵਾਲੇ ਨੇ ਹੀ ਚੁੱਕ ਲੈਣਾ ਸੀ, ਭਾਵੇਂ ਦਸ ਹੋਰ ਦੇਖ ਰਹੇ ਹੁੰਦੇ। ਉਸ ਵੇਲੇ ਬਹੁਤਿਆਂ ਨੂੰ ਆਪਣੀ ਜਾਤ, ਔਕਾਤ ਅਤੇ ਅਹੁਦਾ ਸਭ ਭੁੱਲ ਜਾਣੇ ਸਨ। ਮਾਇਆ ਤਾਂ ਮਾਇਆ ਹੈ।

ਇਸ ਘਟਨਾ ਤੋਂ ਕੋਈ ਤਿੰਨ ਮਹੀਨੇ ਬਾਅਦ ਮੈਂ ਕਿਸੇ ਹੋਰ ਥਾਂ ’ਤੇ ਸਵੇਰ ਦੀ ਸੈਰ ਕਰ ਰਿਹਾ ਸੀ। ਮੈਂ ਦੇਖਿਆ, ਅਗਾਂਹ ਕੁਝ ਵਿਅਕਤੀਆਂ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਕਰ ਰਹੇ ਸਨ। ਮੈਂ ਕੋਲ ਜਾ ਕੇ ਰੁਕ ਗਿਆ। ਮੋਟਰ ਸਾਇਕਲ ਉੱਤੇ ਸਵਾਰ ਤਿੰਨ ਮੁੰਡੇ ਕਹਿ ਸਨ ਕਿ ਨੋਟ ਉਨ੍ਹਾਂ ਨੇ ਪਹਿਲਾਂ ਦੇਖਿਆ ਹੈ ਅਤੇ ਇੱਕ ਅਧਖੜ ਉਮਰ ਦਾ ਸੈਰ ਕਰਦਾ ਬੰਦਾ ਉਨ੍ਹਾਂ ਮੁੰਡਿਆਂ ਨੂੰ ਕਹਿ ਰਿਹਾ ਸੀ ਕਿ ਮੈਂ ਤਾਂ ਨੋਟ ਚੁੱਕਣ ਹੀ ਲੱਗਿਆ ਸੀ, ਤੁਸੀਂ ਆ ਕੇ ਵਿਚ ਮੋਟਰ ਸਾਇਕਲ ਅੜਾ’ਤਾ। ਮੁੰਡੇ ਸੜਕ ਵਿੱਚੋਂ ਨੋਟ ਚੁੱਕ ਕੇ ਮੋਟਰ ਸਾਈਕਲ ਨੂੰ ਕਿੱਕ ਮਾਰ ਕੇ ਔਹ ਗਏ। ਉਹ ਬੰਦਾ ਕਹਿਣ ਲੱਗਾ, “ਦੇਖਿਆ ਭਾਈ ਸਾਹਿਬ, ਕਿਵੇਂ ਧੱਕੇ ਨਾਲ ਨੋਟ ਲੈ ਗਏ?”

ਕਮਾਲ ਦੀ ਗੱਲ ਇਹ ਸੀ ਕਿ ਉਹ ਨੋਟ ਦੋ ਹਜ਼ਾਰ ਰੁਪਏ ਦਾ ਲਾਲ-ਰੰਗਾ ਨਹੀਂ ਸੀ, ਬਲਕਿ ਮਿੱਟੀ-ਰੰਗਾ ਦਸ ਰੁਪਏ ਦਾ ਸੀ।

ਮੈਂ ਡਿਗੇ ਸੇਬ ਨੂੰ ਯਾਦ ਕਰਦਾ ਅੱਗੇ ਤੁਰ ਪਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4123)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author