“ਇੱਥੇ ਤਾਂ ਸਰਵਿਸ ਵਿੱਚ ਥੋਡੇ ਵਰਗੇ ਬਥੇਰੇ ਕਮਿਸ਼ਨਰ ਤੁਰੇ ਫਿਰਦੇ ਨੇ, ਚਲਾਨ ਕਟਾਓ ...”
(8 ਅਕਤੂਬਰ 2023)
ਕਦੇ ਕਦੇ ਜ਼ਿੰਦਗੀ ਦਾ ਇੱਕ ਦਿਨ ਹੀ ਬੜਾ ਕੁਝ ਸਿਖਾ ਜਾਂਦਾ ਹੈ, ਬੰਦੇ ਦੀ ਔਕਾਤ ਦਿਖਾ ਜਾਂਦਾ ਹੈ ਅਤੇ ਕਦੇ ਕਦੇ ਕੋਈ ਹਫਤਾ ਤੁਹਾਡੇ ਸਮਾਜ ਦੀ ਪੂਰੀ ਤਸਵੀਰ ਅਤੇ ਤਕਦੀਰ ਤੁਹਾਡੇ ਸਾਹਮਣੇ ਲਿਆ ਖੜ੍ਹੀ ਕਰਦਾ ਹੈ। ਜਦੋਂ ਮੈਂ ਸਰਕਾਰ ਦੇ ਤਕੜੇ ਮਹਿਕਮੇ ਦਾ ਅਫਸਰ ਸੀ ਤਾਂ ਉਸ ਵਕਤ ਮੈਂ ਆਪਣੇ ਸਾਹਮਣੇ ਵਾਲੇ ਨੂੰ ਉਸਦੀ ਔਕਾਤ ਦਿਖਾਉਣ ਤੋਂ ਝਿਜਕਦਾ ਸੀ ਪਰ ਕਈਆਂ ਨੂੰ ਦਿਖਾਉਣੀ ਵੀ ਪੈਂਦੀ ਸੀ। ਰਿਟਾਇਰਮੈਂਟ ਤੋਂ ਬਾਅਦ ਜਿਵੇਂ ਸਭ ਨੂੰ ਮੌਕਾ ਮਿਲ ਗਿਆ ਹੋਵੇ - ਹੁਣ ਦਿਖਾਉਂਦੇ ਹਾਂ ਇਹਨੂੰ ਇਹਦੀ ਔਕਾਤ।
ਦਫਤਰ ਬੈਠਿਆਂ ਪਤਾ ਵੀ ਨਹੀਂ ਲਗਦਾ ਸੀ ਕਿ ਬਾਹਰ ਕਿਸ ਭਾਅ ਵਿਕ ਰਹੀ ਹੈ। ਪਤਾ ਉਦੋਂ ਲੱਗਿਆ ਜਦੋਂ ਰਿਟਾਇਰਮੈਂਟ ਦਾ ਖਿਤਾਬ ਲੈ ਕੇ ਤੁਰਨਾ ਪਿਆ। ਰਿਟਾਇਰ ਹੋਏ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ ਕਿ ਇੱਕ ਦਿਨ ਸੁੰਦਰ ਸ਼ਹਿਰ ਚੰਡੀਗੜ੍ਹ ਜਾਣਾ ਪਿਆ। ਮੈਂ ਇਸ ਗੱਲ ਤੋਂ ਬੇਖਬਰ ਸੀ ਕਿ ਗੱਡੀ ਦੀ ਨੰਬਰ ਪਲੇਟ ਦੇ ਇੱਕ ਨੰਬਰ ਦਾ ਪਲਾਸਟਿਕ ਪੱਤਰਾ ਉੱਤਰਿਆ ਹੋਇਆ ਸੀ ਅਤੇ ਇਹ ਗੁਨਾਹ ਕਾਬਲੇ ‘ਟਰੈਫਿਕ ਚਲਾਨ’ ਜੁਰਮ ਸੀ। ਸੁੰਦਰ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਟਰੈਫਿਕ ਪੁਲਿਸ ਦੇ ਹਵਾਲਦਾਰ ਸਾਹਿਬ ਨੇ ਹੱਥ ਦੇ ਕੇ ਰੋਕ ਲਿਆ। ਮੈਂ ਉਸ ਨੂੰ ਦੱਸਿਆ ਕਿ ਮੈਂ ਇੱਕ ਜ਼ਿੰਮੇਦਾਰ ਅਹੁਦੇ ਤੋਂ ਰਿਟਾਇਰ ਹੋਇਆ ਹਾਂ, ਮੈਨੂੰ ਇਸਦਾ ਇਲਮ ਨਹੀਂ ਸੀ ਕਿ ਇਸ ਨੁਕਸ ਦਾ ਚਲਾਨ ਹੁੰਦਾ ਹੈ। ਉਹ ਭਲਾਮਾਣਸ ਪੁਲਸੀਆ ਸੀ। ਉਸ ਨੇ ਕਿਹਾ, “ਠੀਕ ਐ ਸਰ, ਅੱਗੇ ਜਾ ਕੇ ਜ਼ਰੂਰ ਠੀਕ ਕਰਵਾ ਲੈਣਾ।” ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮੈਂ ਅੱਗੇ ਕਿਸੇ ਪਹਿਲੀ ਦੁਕਾਨ ’ਤੇ ਹੀ ਠੀਕ ਕਰਵਾ ਲਵਾਂਗਾ।
ਅਸੀਂ ਅਗਲੇ ਚੌਕ ਤੋਂ ਮੁੜਨਾ ਸੀ। ਦੋਹਾਂ ਚੌਕਾਂ ਦੇ ਦਰਮਿਆਨ ਕੋਈ ਦੁਕਾਨ ਨਹੀਂ ਸੀ ਜਿੱਥੇ ਨੰਬਰ ਪਲੇਟ ਦੀ ਇਹ ਮੁਰੰਮਤ ਹੋ ਸਕਦੀ ਹੁੰਦੀ। ਮੋੜ ਮੁੜਦਿਆਂ ਹੀ ਟਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਸਾਹਿਬ ਨੇ ਰੋਕ ਲਿਆ। ਉਹੀ ਨੁਕਸ ਦੱਸਿਆ ਗਿਆ। ਮੈਂ ਉਨ੍ਹਾਂ ਨੂੰ ਪਿਛਲੇ ਚੌਕ ’ਤੇ ਹੋਏ ਵਾਰਤਾਲਾਪ ਬਾਰੇ ਦੱਸਿਆ। ਕਹਿਣ ਲੱਗੇ, “ਫੇਰ ਤੁਸੀਂ ਨੰਬਰ ਪਲੇਟ ਠੀਕ ਤਾਂ ਕਰਵਾਈ ਨਹੀਂ। ਚਲਾਨ ਹੋਵੇਗਾ, ਤਿੰਨ ਹਜ਼ਾਰ ਰੁਪਏ ਕੱਢੋ।”
ਇਹ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ। ਸੌ ਰੁਪਏ ਦੀ ਮੁਰੰਮਤ, ਚਲਾਨ ਤਿੰਨ ਹਜ਼ਾਰ ਰੁਪਏ ਦਾ, ਤੀਹ ਗੁਣਾ ਜੁਰਮਾਨਾ। ਮੈਂ ਕਿਹਾ, “ਸ਼੍ਰੀ ਮਾਨ ਜੀ ਦੋਹਾਂ ਚੌਕਾਂ ਦੇ ਦਰਮਿਆਨ ਅਜਿਹੀ ਕੋਈ ਦੁਕਾਨ ਨਹੀਂ ਹੈ ਜਿੱਥੇ ਨੰਬਰ ਪਲੇਟਾਂ ਠੀਕ ਹੁੰਦੀਆਂ ਹੋਣ। ਮੈਂ ਕਮਿਸ਼ਨਰ ਇਨਕਮ-ਟੈਕਸ ਦੇ ਜ਼ਿੰਮੇਵਾਰ ਅਹੁਦੇ ਤੋਂ ਰਿਟਾਇਰ ਹੋਇਆ ਹਾਂ, ਚਲਾਨ ਨਾ ਕਰੋ, ਮੈਂ ਇਹ ਨੁਕਸ ਠੀਕ ਕਰਵਾ ਲਵਾਂਗਾ।”
ਥਾਣੇਦਾਰ ਸਾਹਿਬ ਬੋਲੇ, “ਤੁਸੀਂ ਤਾਂ ਰਿਟਾਇਰ ਹੋ ਗਏ ਹੋ, ਇੱਥੇ ਤਾਂ ਸਰਵਿਸ ਵਿੱਚ ਥੋਡੇ ਵਰਗੇ ਬਥੇਰੇ ਕਮਿਸ਼ਨਰ ਤੁਰੇ ਫਿਰਦੇ ਨੇ, ਚਲਾਨ ਕਟਾਓ।”
ਥਾਣੇਦਾਰ ਨੇ ਮੈਨੂੰ ਮੇਰੀ ਔਕਾਤ ਦਿਖਾ ਦਿੱਤੀ। ਫੇਰ ਮੈਂ ਚਲਾਨ ਕਟਾਉਣ ਦੀ ਜ਼ਿਦ ਕਰਨ ਲੱਗਾ ਤਾਂ ਉਸ ਨੇ ਕਿਹਾ, “ਜਾਓ, ਅੱਗੇ ਜਾ ਕੇ ਠੀਕ ਕਰਵਾ ਲਿਓ।”
ਥਾਣੇਦਾਰ ਨੇ ਇੰਨਾ ਕਹਿ ਕੇ ਮੇਰੇ ’ਤੇ ਬਹੁਤ ਵੱਡਾ ਅਹਿਸਾਨ ਜਿਤਾ ਦਿੱਤਾ, ਨਾਲੇ ਮੈਂ ਕੋਈ ਟਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰ ਰਿਹਾ ਸੀ। ਅੰਦਰਲੀ ਗੱਲ ਤੁਸੀਂ ਸਾਰੇ ਸਮਝ ਗਏ ਹੋਵੋਗੇ। ਮੈਨੂੰ ਸੁੰਦਰ ਸ਼ਹਿਰ ਦੀ ਖੂਬਸੂਰਤੀ ’ਤੇ ਧੱਬੇ ਪੈਂਦੇ ਦਿਖਾਈ ਦਿੱਤੇ।
ਮੈਨੂੰ ਉਹ ਦਿਨ ਵੀ ਯਾਦ ਆ ਗਏ ਜਦੋਂ ਵੀ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਮੀਟਿੰਗ ਵਗੈਰਾ ’ਤੇ ਆਉਂਦਾ ਤਾਂ ਸ਼ਹਿਰ ਵੜਦੇ ਹੀ ਮੇਰਾ ਡਰਾਈਵਰ ਸਿੱਧਾ ਹੋ ਜਾਂਦਾ ਸੀ। ਸਨਅਤੀ ਸ਼ਹਿਰਾਂ ਦੇ ਮਸਤੇ ਸਾਹਿਬਜ਼ਾਦੇ ਅਤੇ ਖਰੂਦੀ ਡਰਾਈਵਰ ਵੀ ਇੱਥੇ ਆ ਕੇ ਢੰਗ ਨਾਲ ਕਾਰਾਂ ਚਲਾਉਣ ਲਗਦੇ ਸਨ। ਸ਼ਾਇਦ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਵਾਉਣਾ ਵੀ ਸ਼ਹਿਰ ਦੀ ਖੂਬਸੂਰਤੀ ਵਿੱਚ ਯੋਗਦਾਨ ਪਾਉਂਦਾ ਸੀ। ਕੋਈ ਵੀ ਖੂਬਸੂਰਤੀ ਡਸਿਪਲਨ ਤੋਂ ਬਿਨਾਂ ਹੋਂਦ ਵਿੱਚ ਨਹੀਂ ਆਉਂਦੀ ਅਤੇ ਨਾ ਹੀ ਬਰਕਰਾਰ ਰੱਖੀ ਜਾ ਸਕਦੀ ਹੈ। ਮੇਰਾ ਦਫਤਰ ਵੀ ਸ਼ਾਇਦ ਲੋਕਾਂ ਨੂੰ ਇਸ ਲਈ ਖੂਬਸੂਰਤ ਲਗਦਾ ਸੀ ਕਿ ਇਸ ਵਿਚਲੀਆਂ ਫਾਈਲਾਂ ਉੱਤੇ ਅਨੁਸ਼ਾਸਨ ਅੰਦਰ ਰਹਿ ਕੇ ਹੀ ਕੁਝ ਤਸਵੀਰ ਉਲੀਕੀ ਜਾਂਦੀ ਸੀ।
ਸਾਡੇ ਲੋਕ ਆਪਣੀ ਮਾਨਸਿਕਤਾ ਤੋਂ ਗੁਲਾਮੀ ਦਾ ਜੂਲ਼ਾ ਕਦੋਂ ਲਾਹੁਣਗੇ ਜਾਂ ਕਦੋਂ ਅਸੀਂ ਲਾਹੁਣ ਦੇਵਾਂਗੇ, ਇੱਕ ਬਹੁਤ ਵੱਡਾ ਸਵਾਲ ਅਤੇ ਸਮੱਸਿਆ ਸਾਡੇ ਦੇਸ਼, ਸਮਾਜ ਦੇ ਸਾਹਮਣੇ ਹੈ। ਬਚਪਨ, ਜਵਾਨੀ ਦੇ ਦਿਨਾਂ ਵਿੱਚ ਜੇਕਰ ਆਪ ਜਾਂ ਕਿਸੇ ਪਿੰਡ ਦੇ ਬੰਦੇ ਦੀ ਸਰਕਾਰ ਦੇ ਕਿਸੇ ਮਹਿਕਮੇ ਨੂੰ ਅਰਜ਼ੀ ਸੰਬੋਧਿਤ ਕਰਨੀ ਹੁੰਦੀ ਤਾਂ ਇੰਝ ਲਿਖਦੇ ਜਿਵੇਂ ਕੋਈ ਗੁਲਾਮ ਆਪਣੇ ਮਾਲਿਕ ਤੋਂ ਭੀਖ ਮੰਗ ਰਿਹਾ ਹੁੰਦਾ ਹੋਵੇ, ਜਦੋਂ ਕਿ ਉਹ ਆਪਣਾ ਸੰਵਿਧਾਨਿਕ ਹੱਕ ਲਾਗੂ ਕਰਨ ਲਈ ਹੀ ਬੇਨਤੀ ਕਰ ਰਿਹਾ ਹੁੰਦਾ ਸੀ। ਆਮ ਜਨਤਾ ਸਰਕਾਰੀ ਅਫਸਰਾਂ ਨੂੰ ਮਾਈ-ਬਾਪ ਅਤੇ ਸਰਕਾਰੀ ਅਫਸਰ, ਕਲਰਕ ਆਪਣੇ ਆਪ ਨੂੰ ‘ਦੇਵਣਹਾਰ ਰਾਜੇ’ ਸਮਝਦੇ ਸਨ, ਹਨ।
ਸਰਕਾਰੀ ਅਫਸਰੀ ਦੌਰਾਨ ਮਿੱਤਰ-ਬੇਲੀ, ਰਿਸ਼ਤੇਦਾਰ ਜਾਂ ਪਿੰਡ ਦੇ ਲੋਕ ਅਕਸਰ ਸਿਫਾਰਸ਼ ਕਰਦੇ ਰਹਿੰਦੇ ਸਨ ਕਿ ਫਲਾਂ ਫਲਾਂ ਥਾਂ ’ਤੇ ਮਾਮਲਾ ਅਟਕ ਗਿਆ ਹੈ, ਜੇਕਰ ਕੁਛ ਕਰ ਸਕਦੇ ਹੋ ਤਾਂ ਧੱਕਾ ਲਾ ਦਿਓ। ਧੱਕਾ ਲੱਗ ਵੀ ਜਾਂਦਾ ਸੀ, ਕਿਉਂਕਿ ਗੱਡੇ ਅੱਗੇ ਢੁੱਚਰ ਜਾਣ ਬੁੱਝ ਕੇ ਹੀ ਅੜ੍ਹਾਈ ਹੁੰਦੀ ਸੀ। ਨਾਲੇ ਅਸੀਂ ਵੀ ਤਾਂ ਵੱਡੀਆਂ ਵੱਡੀਆਂ ਢੁੱਚਰਾਂ ਅੜਾ ਵੀ ਸਕਦੇ ਸੀ ਅਤੇ ਹਟਾ ਵੀ ਸਕਦੇ ਸੀ। ਆਮ ਲੋਕਾਂ ਵਿੱਚ ਧਾਰਨਾ ਬਣ ਚੁੱਕੀ ਸੀ ਕਿ ਸਰਕਾਰੀ ਅਫਸਰ ਕੁਝ ਵੀ ਕਰਵਾ ਸਕਦੇ ਸਨ, ਹਨ ਅਤੇ ਅਫਸਰ ਹਮੇਸ਼ਾ ਅਫਸਰ ਹੀ ਰਹਿੰਦਾ ਹੈ। ਉਨ੍ਹਾਂ ਦਾ ਮੰਨਣਾ ਸੀ, ਹੈ ਕਿ ਅਫਸਰਾਂ ਦਾ ਕਹਿਣਾ ਅਫਸਰ ਨਹੀਂ ਮੋੜਦੇ। ਧਰਾਤਲ ’ਤੇ ਇਹ ਕੁਝ ਹੱਦ ਤਕ ਸਹੀ ਵੀ ਸੀ। ਸਿਰਫ ਉਹ ਅਫਸਰ ਹੀ ਇਸ ਹਕੀਕਤ ਤੋਂ ਅਣਜਾਣ ਹੋਣਗੇ ਜਿਹੜੇ ਨੌਕਰੀ ਦੌਰਾਨ ‘ਕਾਨੂੰਨ ਮੁਤਾਬਿਕ’ ਕੰਮ ਕਰਦੇ ਹੋਣਗੇ, ਪਰ ਜਿਹੜੇ ਆਪਣੇ ਆਪ ਵਿੱਚ ‘ਕਾਨੂੰਨ’ ਬਣ ਬੈਠਦੇ ਸਨ, ਹਨ ਉਹ ਹਮੇਸ਼ਾ ਲਈ ਅਫਸਰ ਹੀ ਹੁੰਦੇ ਹਨ ਕਿਉਂਕਿ ਉਹ ‘ਕਾਨੂੰਨ ਨਹੀਂ’ ਭਾਈਬੰਦੀ ਨਾਲ ਕੰਮ ਚਲਾਉਂਦੇ ਸਨ, ਹਨ। ਆਮ ਸਮਾਜ ਇਹ ਮੰਨਣ ਲੱਗ ਜਾਂਦਾ ਹੈ ਕਿ ਅਫਸਰ ਜ਼ਿੰਦਗੀ ਭਰ ਆਪਣੀ ਅਫਸਰੀ ਦੇ ਬਲਬੂਤੇ ਕੰਮ ਕਰਵਾਉਂਦੇ ਰਹਿੰਦੇ ਹਨ। 1984-85 ਵਿੱਚ ਬੰਬਈ ਤਾਇਨਾਤੀ ਵਿਖੇ ਇਸ ਅਨੁਭਵ ਦਾ ਨਮੂਨਾ ਪੇਸ਼ ਕਰ ਰਿਹਾ ਹਾਂ।
“ਜਗਰੂਪ ਜੀ! ਆਹ ਮੇਰਾ ਰਿਸ਼ਤੇਦਾਰ ਐ, ਜ਼ਰਾ ਦੇਖ ਲਿਓ!” ਗੁਪਤਾ ਜੀ ਦਾ ਫੋਨ ਆਇਆ। ਜ਼ਰੂਰ ਹੀ ਇਸ ਰਿਸ਼ਤੇਦਾਰ ਨੇ ਗੁਪਤਾ ਜੀ ਨੂੰ ਕਿਹਾ ਹੋਵੇਗਾ, “ਆਹ ਕੋਈ ਜਗਰੂਪ ਸਿੰਘ ਐ, ਬਹੁਤ ਆਕੜਦਾ ਐ।” ਮੈਂ ਬੇਨਤੀ ਕੀਤੀ ਕਿ ਤੁਹਾਡਾ ਇਹ ਰਿਸ਼ਤੇਦਾਰ ਆਦਤਨ ਹੀ ਸਮਗਲਿੰਗ ਵਰਗੇ ਜਰਾਇਮ ਪੇਸ਼ੇ ਨਾਲ ਜੁੜਿਆ ਹੋਇਆ ਜਾਪਦਾ ਹੈ। ਇਹ ਫਿਰ ਭੀ ਫੜਿਆ ਜਾਵੇਗਾ।”
ਉਹ ਵਿਅਕਤੀ ਤੀਸਰੀ ਵਾਰ ਫੜਿਆ ਗਿਆ ਸੀ ਅਤੇ ਗੁਪਤਾ ਜੀ ਹਰ ਵਾਰ ਉਸ ਦੀ ਮਦਦ ਦੀ ਗੁਹਾਰ ਲਾਉਂਦੇ। ਸੀਨੀਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ, “ਜਗਰੂਪ! ਬੰਬਈ ਵਿੱਚ ਕਿਸੇ ਦੇ ਵੀ ਵਿਭਾਗ ਦਾ ਸਰਵੇ ਜਾਂ ਸਰਚ ਹੋ ਜਾਵੇ, ਗੁਪਤਾ ਜੀ ਦੇ ਢਿੱਡ ਪੀੜ ਸ਼ੁਰੂ ਹੋ ਜਾਂਦੀ ਹੈ, ਰਿਟਾਇਰਮੈਂਟ ਨੇੜੇ ਹਨ ...” ਫਿਰ ਹੱਸ ਕੇ ਕਹਿਣ ਲੱਗੇ, “ਫਾਈਲ ਤੇ ਚੌਕੜੀ ਮਾਰਨੀ ਵੀ ਸਿੱਖ ਲੈ! … …।”
ਰਿਟਾਇਰਮੈਂਟ ਤੋਂ ਬਾਅਦ ਗੁਪਤਾ ਜੀ ਦਾ ਫੋਨ ਆਉਣਾ, “ਜਗਰੂਪ ਜੀ! ਆਉਣਾ ਤਾਂ ਮੈਂ ਖੁਦ ਹੀ ਸੀ ਪਰ ਮੈਂ ਤੁਹਾਡੇ ਚੀਫ-ਕਮਿਸ਼ਨਰ ਕੋਲ ਬੈਠਾ ਹਾਂ, ਬੇਟੇ ਨੂੰ ਭੇਜ ਰਿਹਾ ਹਾਂ, … ਦੇਖ ਲਿਓ ਜ਼ਰਾ।”
ਮੈਂ ਗੁਪਤਾ ਸਾਹਿਬ ਤੋਂ ਤੰਗ ਆ ਚੁੱਕਾ ਸਾਂ ਅਤੇ ਉਨ੍ਹਾਂ ਦੇ ਪੁੱਤਰ ਨੂੰ ਇੱਕ ਦਿਨ ਹਟਕਾਉਣਾ ਪਿਆ ਕਿ ਹਰ ਆਦਮੀ ਜਾਣ-ਪਛਾਣ ਵਾਲਿਆਂ ਦੇ ਹੀ ਕੰਮ ਨੀਂ ਕਰਦਾ, ਉਹ ਕਾਨੂੰਨ ਦਾ ਸੇਵਾਦਾਰ ਵੀ ਹੋ ਸਕਦਾ ਹੈ। ਭਾਈਬੰਦੀ ਨਾਲ ਅਫਸਰੀ ਕਰਨ ਵਾਲੇ ਅਸਰ ਰਸੂਖ ਵਾਲੇ ਬਣ ਬੈਠਦੇ ਸਨ, ਹਨ। ਇਸ ਭਾਈਬੰਦੀ ਦੇ ਫਾਰਮੂਲੇ ਨੇ ਸਮਾਜ ਵਿੱਚ ਅਸਮਾਨਤਾ, ਅਰਾਜਕਤਾ ਅਤੇ ਅਸ਼ਾਂਤੀ ਫੈਲਾਈ ਹੋਈ ਹੈ। ਦੇਸ਼ ਦੇ ਮਨੁੱਖੀ ਸਰਮਾਏ ਦਾ ਮਨੋਬਲ ਤੋੜਿਆ ਹੈ ਅਤੇ ਅਨੈਤਿਕ ਰੁਚੀਆਂ ਨੂੰ ਬੜ੍ਹਾਵਾ ਦਿੱਤਾ ਹੈ।
ਪਿਛਲੇ ਹਫ਼ਤੇ ਕੁਝ ਅਜਿਹੇ ਵਾਕਿਆਤ ਸਾਹਮਣੇ ਆਏ ਜੋ ਸਾਡੇ ਸਮਾਜ ਦੀ ਇਸ ਹਾਲਤ ਨੂੰ ਪ੍ਰਤੱਖ ਦਰਸਾਉਂਦੇ ਹਨ। ਸਟੇਟ ਅਤੇ ਨਿੱਜੀ ਖੇਤਰ ਦੇ ਅਦਾਰੇ ਕਿਵੇਂ ਕੰਮ ਕਰਦੇ ਹਨ, ਆਓ ਦੇਖਦੇ ਹਾਂ।
ਸਵੇਰੇ ਸਵੇਰੇ ਫੋਨ ਖੜਕਿਆ। ਆਪਾਂ ਨੂੰ ਕੰਮ ਹੋਵੇ ਤਾਂ ਫੋਨ ਸਵੇਰੇ ਹੀ ਖੜਕਾ ਦਿੰਦੇ ਹਾਂ। ਅਣਪਛਾਤਾ ਨੰਬਰ ਹੋਣ ਕਰਕੇ ਮੈਂ ਕਾਲ ਅਟੈਂਡ ਹੀ ਨਾ ਕੀਤਾ। ਅੱਜ ਕੱਲ੍ਹ ਫੋਨ ’ਤੇ ਕਿਵੇਂ ਅਤੇ ਕਦੋਂ ਠੱਗੀ ਵੱਜ ਜਾਵੇ ਪਤਾ ਨਹੀਂ ਲਗਦਾ ਹੈ। ਜਦੋਂ ਤਿੰਨ ਕੁ ਕਾਲ ਮਿਸ ਹੋ ਗਏ ਤਾਂ ਮੈਂ ਫੋਨ ਉਠਾ ਲਿਆ। ਕੋਈ ਐਮਰਜੈਂਸੀ ਹੋ ਸਕਦੀ ਹੈ। ਸਾਹਮਣਿਓਂ ਆਵਾਜ਼ ਆਈ, “ਹੋਰ ਕਿਵੇਂ ਓ ਮਾਮਾ ਜੀ ...।”
“ਸਭ ਠੀਕਠਾਕ ਹੈ।” ਪਹਿਲਾਂ ਕਦੇ ਇਸ ਭਾਣਜੇ ਨਾਲ ਗੱਲ ਨਾ ਹੋਈ ਹੋਣ ਕਰਕੇ ਮੈਂ ਪੁੱਛਿਆ, “ਭਾਈ, ਤੂੰ ਕੌਣ ਐਂ?”
“ਮਾਮਾ ਜੀ, ਮੈਂ ਹੀਰੋਂ ਆਲਿਆਂ ਦਾ ਜੁਆਈ ਬੋਲ ਰਿਹਾਂ।”
ਮੈਂ ਸਮਝ ਗਿਆ ਕਿ ਉਹ ਮੇਰੀ ਭੈਣ ਦਾ ਜਵਾਈ ਸੀ। ਉਸ ਦੀ ਗੱਲ ਸੁਣਨੀ ਪੈਣੀ ਸੀ। “ਬੋਲੋ ਬੇਟਾ, ਕਿਵੇਂ ਯਾਦ ਆਇਆ ਮਾਮਾ ਅੱਜ!”
ਉਸ ਨੇ ਕਿਹਾ, “ਮਾਮਾ ਜੀ, ਆਹ ਯੂਨੀਵਰਸਟੀ ਵਿੱਚ ਕੋਈ ਜਾਣ ਪਛਾਣ ਹੈ?”
ਮੈਂ ਕਿਹਾ, “ਦੇਖ ਲਵਾਂਗੇ, ਤੁਸੀਂ ਕੰਮ ਦੱਸੋ।” ਉਸ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਦਸਵੀਂ ਪਾਸ ਕਰਕੇ ਯੂਨੀਵਰਸਟੀ ਦੇ ਛੇ ਸਾਲਾ ਕੋਰਸ ਵਿੱਚ ਦਾਖਲਾ ਲਿਆ ਸੀ। ਦੋ ਸਾਲ ਪੜ੍ਹ ਕੇ ਇਮਿਤਹਾਨ ਵੀ ਪਾਸ ਕਰ ਲਿਆ ਸੀ ਪਰ ਉਹ ਤੀਸਰੇ ਸਾਲ ਦੇ ਵਿਸ਼ਿਆਂ ਵਿੱਚ ਫੇਲ ਹੋ ਗਿਆ ਸੀ ਅਤੇ ਹੁਣ ਇਹ ਕੋਰਸ ਨਹੀਂ ਕਰਨਾ ਚਾਹੁੰਦਾ ਸੀ। ਜਿਹੜੇ ਦੋ ਸਾਲ ਉਸ ਨੇ ਲਾਏ ਸੀ, ਉਸ ਦਾ ਸਰਟੀਫਿਕੇਟ ਲੈਣਾ ਚਾਹੁੰਦਾ ਸੀ। ਉਸ ਮੁਤਾਬਿਕ ਇਹ 10 ਪਲੱਸ 2 ਦਾ ਸਰਟੀਫਿਕੇਟ ਸੀ ਪਰ ਯੂਨੀਵਰਸਟੀ ਦੇ ਨਹੀਂ ਰਹੀ ਸੀ। ਉਸ ਨੇ ਦੱਸਿਆ ਕਿ ਉਂਝ ਸਿਫਾਰਸ਼ ਵਾਲੇ ਨੂੰ ਸਰਟੀਫਿਕੇਟ ਦੇ ਵੀ ਦਿੰਦੇ ਹਨ।
ਮੈਂ ਉਸ ਨੂੰ ਕਿਹਾ ਕਿ ਮੈਨੂੰ ਰਿਟਾਇਰ ਹੋਏ ਨੂੰ ਸਤਾਰ੍ਹਵਾਂ ਸਾਲ ਲੱਗ ਗਿਆ ਹੈ। ਉਸ ਨੂੰ ਚੰਡੀਗੜ੍ਹ ਵਾਲੀ ਕਹਾਣੀ ਸੁਣਾਈ ਪਰ ਉਹ ਮੰਨਣ ਨੂੰ ਤਿਆਰ ਨਹੀਂ ਸਿ। ਉਂਝ ਉਨ੍ਹਾਂ ਦੀ ਆਸ ਮੇਰੇ ਉੱਪਰ ਹੀ ਸੀ ਅਤੇ ਮੈਂ ਕਹਿ ਦਿੱਤਾ ਕਿ ਮੈਂ ਕੋਸ਼ਿਸ਼ ਕਰਕੇ ਦੇਖਦਾ ਹਾਂ। ਦੂਰੋਂ ਨੇੜਿਓਂ ਦੋਸਤਾਂ ਰਾਹੀਂ ਰਜਿਸਟਰਾਰ ਤਕ ਪਹੁੰਚ ਕੀਤੀ ਗਈ। ਉਸ ਨੇ ਕਹਿ ਭੇਜਿਆ ਕਿ ਅਰਜ਼ੀ ਦੇ ਦਿਓ, ਸੈਨੇਟ ਵਿੱਚ ਮਾਮਲਾ ਰਖਵਾ ਦਿਆਂਗੇ। ਭਾਵ ਸਿੱਧੀ ਨਾਂਹ ਤਾਂ ਕੀਤੀ ਨਾ ’ਤੇ ਕੰਮ ਵੀ ਨਾ ਕੀਤਾ। ਹਾਂ ਮੁਮਕਿਨ ਹੈ ਕਿ ਜੇਕਰ ਉੱਤੋਂ ‘ਕਿਸੇ ਵੱਡੇ’ ਦਾ ਫੋਨ ਆ ਜਾਂਦਾ ਤਾਂ ਸਰਟੀਫਿਕੇਟ ਮਿਲ ਵੀ ਜਾਂਦਾ। ਉਹ ਬੱਚਾ ਦੂਸਰੇ ਥਾਂ ਵੀ ਦਾਖਲਾ ਨਾ ਲੈ ਸਕਿਆ। ਮੈਂ ਆਪਣੇ ਆਪ ਨੂੰ ਚੱਲਿਆ ਕਾਰਤੂਸ ਸਮਝਕੇ ਚੁੱਪ ਕਰ ਗਿਆ। ਵਿੱਦਿਅਕ ਅਦਾਰੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਸਥਾਪਿਤ ਕੀਤੇ ਜਾਂਦੇ ਹਨ ਨਾ ਕਿ ਤਕਨੀਕੀ ਅਧਾਰਾਂ ’ਤੇ ਸਿੱਖਿਆ ਗ੍ਰਹਿਣ ਕਰਨ ਦੀ ਪ੍ਰਕਿਰਿਆ ਵਿੱਚ ਰੋੜੇ ਅਟਕਾਉਣ ਲਈ। ਸਾਡੇ ਸਿਸਟਮ ਵਿੱਚ ਕਾਨੂੰਨ ਦੀ ਪਾਲਣਾ ਦਾ ਮਤਲਬ ਇਨਸਾਫ਼ ਕਰਨਾ ਨਹੀਂ, ਬਲਕਿ ਇਹ ਦਿਖਾਈ ਦੇਣਾ ਚਾਹੀਦਾ ਹੈ ਕਿ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਕੰਮ ਕਾਜ ਕਾਨੂੰਨ ਦੇ ਦਾਇਰੇ ਅੰਦਰ ਹੋ ਰਿਹਾ ਹੈ - ਇਨਸਾਫ਼ ਹੋਵੇ, ਭਾਵੇਂ ਨਾ ਹੋਵੇ। ਬੁੱਢਾ ਨਾਨਾ ਅਤੇ ਨਿਤਾਣਾ ਦੋਹਤਾ ਸਬਰ ਕਰਕੇ ਬਹਿ ਜਾਂਦੇ ਹਾਂ।
ਫਿਰ ਦੋ ਕੁ ਦਿਨ ਬਾਅਦ ਪਿੰਡ ਤੋਂ ਮੇਰੇ ਬਚਪਨ ਦੇ ਦੋਸਤ ਦੇ ਮੁੰਡੇ ਦਾ ਫੋਨ ਆਇਆ। ਉਹਨੇ ਪੁੱਛਿਆ, “ਬਾਬਾ ਜੀ ਫਲਾਂ ਫਲਾਂ ਮਲਟੀ ਸਪੈਸ਼ਲਿਸਟ ਹਸਪਤਾਲ ਵਿੱਚ ਕੋਈ ਜਾਣ ਪਛਾਣ ਹੈ? ਮੇਰੇ ਸਹੁਰਾ ਸਾਹਿਬ ਵੈਂਟੀਲੇਟਰ ਤੇ ਨੇ। ਤੁਸੀਂ ਤਾਂ ਇਨਕਮ-ਟੈਕਸ ਦੇ ਵੱਡੇ ਸਾਹਿਬ ਰਹੇ ਓਂ, ਗਰੀਬਾਂ ਦਾ ਥੋਡੇ ਕਹਿਣ ਨਾਲ ਕੰਮ ਹੋਜੂ।”
ਮੈਂ ਉਸ ਨੂੰ ਚੰਡੀਗੜ੍ਹ ਵਾਲੀ ਕਹਾਣੀ ਸੁਣਾਈ ਉਹ ਯਕੀਨ ਕਰਨ ਨੂੰ ਤਿਆਰ ਹੀ ਨਹੀਂ ਸੀ। ਉਹ ਕਹਿਣ ਲੱਗਾ, “ਕੋਈ ਚੇਲਾ ਬਾਲਕਾ ਹੋਊ ...।”
ਮੈਂ ਉਸ ਨੂੰ ਕਿਵੇਂ ਸਮਝਾਉਂਦਾ ਕਿ ਚੇਲੇ ਬਾਲਕੇ ਉਨ੍ਹਾਂ ਦੇ ਹੁੰਦੇ ਹਨ ਜਿਹੜੇ ਅਫਸਰ ਆਪਣੇ ਆਪ ਵਿੱਚ ਕਾਨੂੰਨ ਬਣ ਜਾਂਦੇ ਨੇ, ਮੇਰੇ ਵਰਗੇ ਕਾਨੂੰਨ ਲਾਗੂ ਕਰਨ ਵਾਲੇ ਗਰੀਬੜੇ ਨੂੰ ਤਾਂ ‘ਨੌਕਰੀ ਵਿੱਚੋਂ ਕਢਵਾ ਦਿਆਂਗੇ’ ਵਰਗੀਆਂ ਧਮਕੀਆਂ ਹੀ ਸੁਣਨੀਆਂ ਪੈਂਦੀਆਂ ਸਨ। ਮੈਂ ਉਸ ਨੂੰ ਸਮਝਾਇਆ ਕਿ ਜੇਕਰ ਇੱਕ ਅੱਧਾ ਚੇਲਾ ਸੀ ਵੀ, ਉਹ ਵੀ ਹੁਣ ਰਿਟਾਇਰ ਹੋ ਗਿਆ ਹੈ।
ਅੱਜ ਕੱਲ੍ਹ ਇਹ ਬੰਦਾ ਸੱਤਾਧਾਰੀ ਪਾਰਟੀ ਦਾ ਕਾਰਕੁਨ ਹੈ। ਮੈਂ ਉਸ ਦੀ ਲਾਚਾਰੀ ਦੇਖ ਕੇ ਸੂਬੇ ਵਿੱਚਲੀਆਂ ਸਿਹਤ ਸੇਵਾਵਾਂ ਬਾਰੇ ਸੋਚਣ ਲੱਗ ਪਿਆ। ਪੰਜਾਹ ਸਾਲ ਪਹਿਲਾਂ ਨਿੱਜੀ ਹਸਪਤਾਲ ਵਿੱਚ ਕੋਈ ਜਾਂਦਾ ਨਹੀਂ ਸੀ, ਸਰਕਾਰੀ ਹਸਪਤਾਲ ਵਿੱਚ ਵਧੀਆ ਇਲਾਜ ਮੰਨਿਆ ਜਾਂਦਾ ਸੀ। ਅੱਜ ਕੱਲ੍ਹ ਗਰੀਬ ਵੀ ਸਰਕਾਰੀ ਤੋਂ ਭੱਜਦੇ ਹਨ ਤੇ ਨਿੱਜੀ ਹਸਪਤਾਲ ਐਨੇ ਮਹਿੰਗੇ ਹਨ ਕਿ ਗਰੀਬ ਲਈ ਮਾਇਆ ਖੁਣੋਂ ਵਰਜਿਤ ਹੋ ਜਾਂਦੇ ਹਨ। ਗਰੀਬਾਂ ਵਿਚਾਰਿਆਂ ਦੀ ‘ਕੋਈ ਜਾਣ ਪਛਾਣ ਹੈ?’ ਵਾਲੀ ਹਾਲਤ ਵੀ ਨਹੀਂ ਹੁੰਦੀ।
ਕੱਲ੍ਹ ਇੱਕ ਕਾਮਰੇਡ ਦਾ ਫੋਨ ਆ ਗਿਆ। ਉਹ ਮੇਰੇ ਕਰੀਬੀ ਰਿਸ਼ਤੇਦਾਰ ਦਾ ਦੋਸਤ ਦੱਸ ਰਿਹਾ ਸੀ। ਉਸ ਨੇ ਵੀ ਪਹਿਲਾਂ ਇਹੋ ਸਵਾਲ ਕੀਤਾ, “ਦਿੱਲੀ ਫਾਇਨੈਂਸ ਮਨਿਸਟਰੀ ਵਿੱਚ ਕੋਈ ਜਾਣ ਪਛਾਣ ਐ? ... ਬੱਚੇ ਦੀ ਬਦਲੀ ਬੜੀ ਦੂਰ ਕਰ ਦਿੱਤੀ ਐ।”
ਮੈਂ ਕਿਹਾ, “ਵੀਰ ਜੀ, ਸੋਲਾਂ ਸਾਲ ਹੋ ਗਏ ਰਿਟਾਇਰ ਹੋਏ ਨੂੰ। ਜੇਕਰ ਮੇਰੀ ਕਿਸੇ ਨਾਲ ਥੋੜ੍ਹੀ ਜਾਣ ਪਛਾਣ ਹੈ ਵੀ ਸੀ ਉਹ ਵੀ ਕਦੋਂ ਦੇ ਰਿਟਾਇਰ ਹੋ ਚੁੱਕੇ ਹਨ ਅਤੇ ਮੈਂ ਚੰਡੀਗੜ੍ਹ ਵਾਲੀ ਕਹਾਣੀ ਸੁਣਾ ਕੇ ਫੋਨ ਰੱਖ ਦਿੱਤਾ। ਫੇਰ ਮੈਂ ਸਾਡੇ ਕਮਿਊਨਿਸਟ ਵੀਰਾਂ ਬਾਰੇ ਸੋਚਣ ਲੱਗ ਪਿਆ ... ਉਂਝ ਤਾਂ ਇਹ ਸੱਜਣ ਸਾਨੂੰ ਬੁਰਜੂਆ ਬਿਰਤੀਆਂ ਦੇ ਬੰਦੇ ਦੱਸਦੇ ਰਹੇ ਹਨ ਪਰ ਜਦੋਂ ਨਿੱਜੀ ਹਿਤਾਂ ਦੀ ਗੱਲ ਹੁੰਦੀ ਹੈ ਤਦ ਉਨ੍ਹਾਂ ਬੁਰਜੂਆਂ ਨੂੰ ਹੀ ਪੁੱਛਦੇ ਹਨ, “ਕੋਈ ਜਾਣ ਪਛਾਣ ਹੈ?”
ਪਿਛਲਝਾਤ ਮਾਰਦਿਆਂ ਅਹਿਸਾਸ ਹੁੰਦਾ ਹੈ ਕਿ ਇਸ ‘ਕੋਈ ਜਾਣ ਪਛਾਣ ਹੈ?’ ਦੀ ਘਾਟ ਨੇ ਹੀ ਮੈਨੂੰ ਇੰਡੀਅਨ ਰੈਵੀਨਿਊ ਸਰਵਿਸ ਦੌਰਾਨ ਤਕਰੀਬਨ ਤਕਰੀਬਨ ਭਾਰਤ-ਦਰਸ਼ਨ ਹੀ ਨਹੀਂ ਕਰਵਾਇਆ, ਬਲਕਿ ਮੁੱਖ ਧਰਮਾਂ ਦੇ ਧਾਮਾਂ ਦੇ ਦਰਸ਼ਨ ਵੀ ਕਰਵਾਏ ਹਨ। ਵੱਖ ਵੱਖ ਇਲਾਕਿਆਂ ਦੇ ਸੱਭਿਆਚਾਰਾਂ ਨੂੰ ਜਾਣਨ ਅਤੇ ਮਾਣਨ ਦਾ ਸਬੱਬ ਬਣਾਇਆ। ਇਹ ਘਾਟ ਮੇਰੇ ਲਈ ਕੁੱਬੇ ਦੇ ਲੱਤ ਮਾਰਨ ਵਾਂਗ ਵਰਦਾਨ ਸਾਬਤ ਹੋਈ।
ਹਰ ਮਰਜੀਵੜੇ ਦੀ ਤਕਦੀਰ ਤਾਂ ਮੇਰੇ ਵਰਗੀ ਨਹੀਂ ਹੈ, ਉਸ ਦਾ ਕੰਮ ਤਾਂ ‘ਕੋਈ ਜਾਣ ਪਛਾਣ ਹੈ?’ ਨਾਲ ਹੀ ਹੁੰਦਾ ਆਇਆ ਹੈ। ਸੁਣਦੇ ਹਾਂ ਹੁਣ ਤਾਂ ਜਾਣ ਪਛਾਣ ਦੇ ਨਾਲ ਨਾਲ ਕੰਮ ਕਰਵਾਉਣ ਲਈ ‘ਰਾਸ਼ਟਰ ਪਿਤਾ’ ਦੀ ਫੋਟੋ ਵਾਲੇ ਕਾਗਜ਼ ਵੀ ਚਾਹੀਦੇ ਹਨ। ਜਾਣ ਪਛਾਣ ਨਾਲ ਕੰਮ ਹੋਣਾ ਕੋਈ ਅੱਜ ਦੀ ਬਿਰਤੀ ਨਹੀਂ ਹੈ। ਇਹ ਸਾਡੀ ਸੱਭਿਆਚਾਰਿਕ ਰੀਤ ਹੈ, ਵਿਰਾਸਤ ਹੈ। ਜੇਕਰ ਪ੍ਰਾਚੀਨ ਕਾਲ ਤੋਂ ਹੀ ਇੱਕ ਜਾਤੀ ਆਪਣੀ ਹੀ ਜਾਤ, ਕਬੀਲੇ ਦੇ ਮਨੁੱਖਾਂ ਨੂੰ ਸਮਾਜ ਦੇ ਸਿਆਸੀ ਪ੍ਰਬੰਧਕੀ ਅਦਾਰਿਆਂ, ਧਾਰਮਿਕ-ਸੰਸਥਾਨਾਂ ਅਤੇ ਆਰਥਿਕ ਸੋਮਿਆਂ ’ਤੇ ਹੱਕ ਜਮਾਉਣ ਵਿੱਚ ਤਰਜੀਹ ਨਾ ਦਿੰਦੀ ਤਾਂ ਇਸ ‘ਕੋਈ ਜਾਣ ਪਛਾਣ ਹੈ?’ ਦੀ ਬਿਰਤੀ ਦੇ ਪਨਪਣ ਦੀ ਸੰਭਾਵਨਾ ਹੀ ਨਹੀਂ ਹੋਣੀ ਸੀ। ਐਨੀਆਂ ਡੂੰਘੀਆਂ ਜੜ੍ਹਾਂ ਨੂੰ ਪੁੱਟਣਾ ਸੌਖਾ ਨਹੀਂ, ਖਾਸ ਕਰਕੇ ਜਦੋਂ ਜੜ੍ਹ ਨੂੰ ਉਖਾੜਨ ਦੀ ਬਜਾਏ ਸਿੰਜਿਆ ਜਾ ਰਿਹਾ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4274)
(ਸਰੋਕਾਰ ਨਾਲ ਸੰਪਰਕ ਲਈ: (