“ਜਦੋਂ ਦੇਸ਼ ਦੇ ਲਾਅ ਕਾਲਜ ਦਾ ਪ੍ਰੋਫੈਸਰ ਇੱਕ ਦਲਿਤ ਵਿਦਿਆਰਥੀ ’ਤੇ ਇਹ ਕਹਿਕੇ ਚਿੱਲਾਉਂਦਾ ਹੈ ਤਾਂ ਰੂਹ ਕੰਬ ...”
(13 ਮਈ 2023)
ਇਸ ਸਮੇਂ ਪਾਠਕ: 146.
ਮਰਜ਼ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸਦਾ ਸ਼ਬਦੀ ਅਰਥ ਬਿਮਾਰੀ ਹੈ। ਆਧੁਨਿਕ ਮੈਡੀਕਲ ਸਾਇੰਸ ਨੇ ਖਤਰਨਾਕ ਬਿਮਾਰੀਆਂ ਦੇ ਹਮਲੇ ਤੋਂ ਬਚਾਉਣ ਅਤੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਕਾਫੀ ਸਫਲਤਾ ਹਾਸਲ ਕੀਤੀ ਹੈ ਅਤੇ ਕੋਸ਼ਿਸ਼ ਜਾਰੀ ਹੈ। ਇੱਕ ਅਜਿਹੀ ਬਿਮਾਰੀ ਵੀ ਹੈ, ਜਿਹੜੀ ਸਾਡੇ ਜ਼ਿਹਨ ਦੀ ਉਪਜ ਹੈ ਅਤੇ ਜ਼ਿਹਨ ਵਿੱਚ ਹੀ ਪਨਪ ਰਹੀ ਹੈ, ਪਰ ਅਫਸੋਸ ਇਸ ਨੂੰ ਖਤਮ ਕਰਨ ਦੀ ਕੋਈ ਕਾਰਗਰ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇਸ ਨੇ ਭਾਰਤੀ ਸਮਾਜ ਨੂੰ ਅੰਦਰੋਂ ਅੰਦਰੀ ਘੁਣ ਵਾਂਗ ਖੋਖਲਾ ਕੀਤਾ ਅਤੇ ਕਰੀ ਜਾ ਰਹੀ ਹੈ। ਇਹ ਹੈ ਭੇਦ-ਭਾਵ ਦੀ ਨਾ-ਮੁਰਾਦ ਬਿਮਾਰੀ, ਖਾਸ ਕਰਕੇ ਅਖੌਤੀ ਨੀਵੀਂਆਂ ਜਾਤਾਂ ਦੀ ਲੋਕਾਈ ਪ੍ਰਤੀ ਉੱਚ-ਜਾਤੀਏ ਸੱਭਿਅਕ ਅਤੇ ਅਰਧ-ਸੱਭਿਅਕ ਸਮਾਜ ਦਾ ਅਣ-ਮਨੁੱਖੀ ਵਰਤਾਰਾ। ਇਸ ਲਾ-ਇਲਾਜ ਬਿਮਾਰੀ ਦਾ ਅਨੁਭਵ ਸਿਰਫ ਉਹ ਹੀ ਕਰ ਸਕਦੇ ਹਨ, ਜਿਨ੍ਹਾਂ ਨਾਲ ਜਾਤ-ਅਧਾਰਿਤ ਭੇਦ-ਭਾਵ ਹੁੰਦਾ ਹੈ। ਇਸ ਬਿਮਾਰੀ ਦੇ ਕੀਟਾਣੂ ਉਸ ਕਾਲ ਵਿੱਚ ਨਹੀਂ ਸਨ ਜਦੋਂ ਮਹਾਨ ਭਾਰਤੀ ਸੰਸਕ੍ਰਿਤੀ ਦਾ ਉੱਤਮ ਗ੍ਰੰਥ ਰਿਗ ਵੇਦ ਰਚਿਆ ਗਿਆ। ਸਮੇਂ ਨਾਲ ਇਸ ਮਹਾਨ ਗ੍ਰੰਥ ਦਾ ਰੂਪ ਵਿਗਾੜ ਕੇ ਇਸ ਵਿੱਚ ਜਾਤ-ਪਾਤ ਦਾ ਬੀਜ ਬੋ ਦਿੱਤਾ ਗਿਆ। ਮਨੁੱਖਾਂ ਨੂੰ ਉੱਚੇ-ਨੀਵੇਂ ਕਰ ਦਿੱਤਾ ਗਿਆ। ਨੀਵਿਆਂ ਨਾਲ ਹਰ ਖੇਤਰ ਵਿੱਚ ਵਿਤਕਰਾ ਹੋਇਆ ਅਤੇ ਆਖਰਕਾਰ ਅੱਜ ਤੋਂ ਤਕਰੀਬਨ 1500 ਸੌ ਵਰ੍ਹੇ ਪਹਿਲਾਂ ਭੇਦ-ਭਾਵੀ ਵਰਤਾਰੇ ਨੇ ਸਮਾਜ ਦੇ ਨਿਚਲੇ ਤਬਕਿਆਂ ਨੂੰ ਅਛੂਤ ਕਰਾਰ ਦੇ ਦਿੱਤਾ। ਉਹ ਵਿੱਦਿਆ, ਅਰਥ ਅਤੇ ਸਮਾਜਿਕ ਸਹਿਚਾਰਤਾ ਦੀ ਹਰ ਸਹੂਲਤ ਤੋਂ ਵਾਂਝੇ ਕਰ ਦਿੱਤੇ ਗਏ।
ਹਜ਼ਾਰ ਕੁ ਸਾਲ ਪਹਿਲਾਂ ਸਾਡੀ ਸਭਿਅਤਾ ਉੱਤੇ ਬਾਹਰਲੇ ਪ੍ਰਭਾਵ ਪੈਣੇ ਸ਼ੁਰੂ ਹੋਏ। ਬਿਮਾਰੀ ਦਾ ਰੂਪ ਬਦਲਣ ਲੱਗਾ - ਬਹੁਤੇ ਬਿਮਾਰਾਂ ਨੇ ਇਸ ਤੋਂ ਛੁਟਕਾਰਾ ਪਾਉਣ ਲਈ ਆਪਣਾ ਧਰਮ ਹੀ ਬਦਲ ਲਿਆ। ਸੁਰਖਰੂ ਫਿਰ ਭੀ ਨਾ ਹੋਏ, ਕੁਝ ਸੌਖਾ ਸਾਹ ਜ਼ਰੂਰ ਲੈਣ ਲੱਗੇ ਹੋਣਗੇ। ਮੱਧ-ਕਾਲ ਤੋਂ ਹੀ ਸੰਤ ਕਬੀਰ, ਸੰਤ ਰਵਿਦਾਸ, ਬਾਬਾ ਨਾਮਦੇਵ ਜੀ, ਗੁਰੂ ਨਾਨਕ ਦੇਵ ਜੀ ਅਤੇ ਹੋਰ ਬਹੁਤ ਮਹਾਂ-ਪੁਰਸ਼ਾਂ ਨੇ ਕੋਸ਼ਿਸ਼ ਕੀਤੀ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾਵੇ। ਕਿਤੇ ਕਿਤੇ ਰੁਕੀ ਵੀ, ਕਿਤੇ ਕਿਤੇ ਜ਼ੋਰ ਵੀ ਫੜਦੀ ਗਈ। ਹਕੀਕਤ ਵਿੱਚ ਇਹ ਕੈਂਸਰ ਹੌਲੀ ਹੌਲੀ ਸਮਾਜਿਕ-ਸਰੀਰ ਦੇ ਰੋਮ ਰੋਮ ਵਿੱਚ ਫੈਲ ਗਿਆ।
ਤਿੰਨ ਕੁ ਸੌ ਸਾਲ ਪਹਿਲਾਂ ਨਵੀਂ ਉੱਭਰੀ ਹਿੰਦੂ-ਇਸਲਾਮ ਤਹਿਜ਼ੀਬ ਫੇਰ ਇੱਕ ਵਾਰ ਪੱਛਮ ਦੀ ਸਭਿਅਤਾ ਦੇ ਪਰਛਾਵੇਂ ਹੇਠ ਆ ਗਈ। ਅਸੀਂ ਉਨ੍ਹਾਂ ਦੇ ਗੁਲਾਮ ਹੋ ਗਏ। ਗੁਲਾਮ ਦੀ ਕੋਈ ਹੈਸੀਅਤ ਨਹੀਂ ਹੁੰਦੀ। ਅਸੀਂ ਗੁਲਾਮਾਂ ਨੇ ਪੱਛਮੀ ਵਿਚਾਰਧਾਰਾ ਅਪਣਾਉਣੀ ਸ਼ੁਰੂ ਕਰ ਦਿੱਤੀ, ਪਰ ਸਾਡੇ ਮਹਾਨ ਦੇਸ਼-ਭਗਤਾਂ ਨੇ ਗੁਲਾਮੀ ਦੀਆਂ ਜ਼ੰਜ਼ੀਰਾਂ ਤੋੜ ਦਿੱਤੀਆਂ। ਅਸੀਂ ਆਜ਼ਾਦ ਹੋਏ ਤਾਂ ਦੇਸ਼-ਭਗਤਾਂ ਨੇ ਸੰਵਿਧਾਨ ਘੜਨੀ ਅਸੈਂਬਲੀ ਰਾਹੀਂ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕਰਵਾਇਆ। ਜਾਤ-ਅਧਾਰਿਤ ਭੇਦ ਭਾਵ ਦੀ ਬਿਮਾਰੀ ਨੂੰ ਖਤਮ ਕਰਨ ਲਈ ਖਾਸ ਦਵਾਈ (ਰਿਜ਼ਰਵੇਸ਼ਨ) ਦਾ ਫਾਰਮੂਲਾ ਮਹਾਤਮਾ ਗਾਂਧੀ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਯਰਵਦਾ ਜੇਲ੍ਹ, ਪੂਨਾ ਵਿਖੇ ਤਿਆਰ ਕੀਤਾ ਅਤੇ ‘ਪੂਨਾ-ਪੈਕਟ’ ਦੇ ਨਾਂ ਹੇਠ ਪ੍ਰਚਲਿਤ ਕਰ ਦਿੱਤਾ। ਸਮੂਹਿਕ ਸਿਆਣਪ ਹੀ ਸਮਝੋ ਕਿ ਸੰਵਿਧਾਨ ਨਿਰਮਾਤਾਵਾਂ ਨੇ ਕਿਸੇ ਕਿਸਮ ਦੇ ਭੇਦ-ਭਾਵ ’ਤੇ ਹੀ ਸੰਵਿਧਾਨਿਕ ਪਾਬੰਦੀ ਲਗਾ ਦਿੱਤੀ ਸੀ।
ਦਵਾਈ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਹੀ ਕੀਤਾ ਸੀ ਕਿ ਆਮ ਲੋਕਾਈ ਦੇ ਜ਼ਿਹਨ ਦਾ ਕੀੜਾ ਮਰ ਨਾ ਸਕਿਆ। 1952 ਦੇ ਕਰੀਬ ਜਦੋਂ ਮੈਂ ਸਕੂਲ ਜਾਣ ਲੱਗਿਆ ਤਾਂ ਸਾਨੂੰ ਕਲਾਸ ਤੋਂ ਅਲੱਗ ਬਿਠਾ ਦਿੱਤਾ ਜਾਂਦਾ। ਘਰੋਂ ਫਟੀ ਪੁਰਾਣੀ ਬੋਰੀ ਵੀ ਨਾਲ ਚੁੱਕ ਕੇ ਲਿਜਾਣੀ ਪੈਂਦੀ ਸੀ। ਸਕੂਲ ਦੇ ਨਲਕੇ ਨੂੰ ਹੱਥ ਲਾਉਣਾ ਸਜ਼ਾ ਯਾਫਤਾ ਗੁਨਾਹ ਸੀ। ਬੱਚੇ ਮਨ ਨੂੰ ਕੀ ਸਮਝ ਆਉਣਾ ਸੀ ਕਿ ਸਾਡੇ ਨਾਲ ਇਹ ਵਰਤਾਰਾ ਸਾਡੇ ਅਖੌਤੀ ਨੀਵੀਂ ਜਾਤ ਵਿੱਚ ਪੈਦਾ ਹੋਏ ਹੋਣ ਕਰਕੇ ਹੈ। ਹੁਣ ਜਿੱਥੇ ਕਿਤੇ ਵੀ ਜਾਤ-ਅਧਾਰਿਤ ਭੇਦ-ਭਾਵ ਹੁੰਦਾ ਹੈ, ਕੋਈ ਸੱਤਰ ਸਾਲ ਬਾਅਦ ਵੀ ਇਹ ਲਫ਼ਜ਼ ਮੇਰੇ ਕੰਨਾਂ ਵਿੱਚ ਗੂੰਜਣ ਲੱਗ ਜਾਂਦੇ ਹਨ, “ਹੁਣ ਇਨ੍ਹਾਂ ਨੂੰ ਕੁਝ ਨਾ ਕਹੋ ਬਈ ਸਰਕਾਰ ਨੇ ਛੂਤ-ਛਾਤ ਖਤਮ ਕਰ ਦਿੱਤੀ ਹੈ।” ਕਿਸੇ ਉਦਾਰ ਸੋਚ ਵਾਲੇ ਸੱਜਣ ਦੀ ਮਿਹਰਬਾਨੀ ਸਦਕਾ ਸਾਨੂੰ ਨਲਕੇ ਨੂੰ ਆਪ ਗੇੜ ਕੇ ਪਾਣੀ ਪੀਣ ਦਾ ਹੱਕ ਮਿਲ ਗਿਆ ਹੋਣਾ ਹੈ, ਤੱਪੜਾਂ ਤੇ ਬੈਠਣਾ ਨਸੀਬ ਹੋ ਗਿਆ ਹੋਣਾ ਹੈ।
ਪਿੰਡਾਂ ਦੇ ਸਕੂਲਾਂ ਤੋਂ ਸ਼ਹਿਰੀ ਸਕੂਲ ਜਾਣ ਲੱਗੇ। ਇੱਥੇ ਉੱਪਰੋਂ ਉੱਪਰੋਂ ਸਭ ਠੀਕ ਦਿਸਣ ਕਰਕੇ ਚੰਗਾ ਚੰਗਾ ਲੱਗਣ ਲੱਗਾ ਸੀ। ਅੰਦਰੋਂ ਅੰਦਰੀ ਸਾਨੂੰ ਕੁਝ ਵਿਸ਼ੇ ਪੜ੍ਹਨ ਤੋਂ ਵਰਜਿਆ ਤਾਂ ਨਹੀਂ ਸੀ ਜਾਂਦਾ ਪਰ ਉਤਸ਼ਾਹਿਤ ਵੀ ਨਹੀਂ ਕੀਤਾ ਜਾਂਦਾ ਸੀ। ਮੇਰੇ ਸਕੂਲ ਦੇ ਸਾਇੰਸ ਮਾਸਟਰ ਨੇ ਮੈਨੂੰ ਹਾਈਜ਼ੀਨ-ਫਿਜ਼ਿਓਲੋਜੀ ਦਾ ਵਿਸ਼ਾ ਲੈਣ ਵੇਲੇ ਇਹ ਕਹਿ ਕੇ – “ਕਿਆ ਆਪ ਕੇ ਮਾਤਾ ਪਿਤਾ ਡਾਕਟਰੀ ਕੀ ਫੀਸ ਭਰ ਦੇਂਗੇ?” ਸਭ ਦੇ ਸਾਹਮਣੇ ਮੇਰਾ ਮਜ਼ਾਕ ਉਡਾਇਆ ਸੀ। ਉਨ੍ਹਾਂ ਨੇ ਪਰਿਵਾਰਿਕ ਗਰੀਬੀ ਦਾ ਅੰਦਾਜ਼ਾ ਕੱਪੜਿਆਂ ਤੋਂ ਲਾ ਲਿਆ ਹੋਣਾ ਹੈ। ਮੇਰੇ ਅੱਠਵੀਂ ਦੇ ਬੋਰਡ ਦੇ ਇਮਿਤਹਾਨ ਵਿੱਚੋਂ ਅੰਕਾਂ ਦੀ ਪ੍ਰਾਪਤੀ ਦਾ ਕੋਈ ਅਰਥ ਨਹੀਂ ਸੀ।
ਇਹੋ ਹਾਲ ਕਾਲਜ ਵਿੱਚ ਦਾਖਲੇ ਸਮੇਂ ਹੋਇਆ। ਖੱਦਰ ਦੇ ਪਜ਼ਾਮੇ ਨੂੰ ਦੇਖ ਕੇ ਹੀ ਮੈਨੂੰ ਨਾਨ-ਮੈਡੀਕਲ ਵਿੱਚ ਦਾਖਲਾ ਇਸ ਸ਼ਰਤ ’ਤੇ ਦਿੱਤਾ ਗਿਆ ਕਿ ਮੈਂ ਹੋਸਟਲ ਵਿੱਚ ਰਹਾਂਗਾ। ਪ੍ਰਿੰਸੀਪਲ ਸਾਹਿਬ ਜਾਣ ਗਏ ਸਨ ਕਿ ਇਹ ਮੇਰੇ ਲਈ ਸੰਭਵ ਨਹੀਂ ਸੀ ਅਤੇ ਆਰਟਸ ਦੇ ਵਿਸ਼ੇ ਲੈ ਲਵਾਂਗਾ। ਫਿਰ ਵੀ ਸਬੱਬ ਬਣ ਗਿਆ ਸੀ ਕਿ ਮੈਂ ਹੋਸਟਲ ਰਹੇ ਬਗੈਰ ਸਾਇੰਸ ਪੜ੍ਹ ਸਕਿਆ।
ਕਾਲਜ ਵਿੱਚ ਜ਼ਿਆਦਾਤਰ ਗਰੀਬ ਕਿਰਸਾਨ ਪਰਿਵਾਰਾਂ ਦੇ ਪੇਂਡੂ ਵਿਦਿਆਰਥੀ ਹੀ ਸਨ। ਬਹੁਤੇ ਪੁਰਾਣੀਆਂ ਕਿਤਾਬਾਂ ਲੈ ਕੇ ਹੀ ਪੜ੍ਹਦੇ ਸਨ ਜਾਂ ਫਿਰ ਲਾਇਬ੍ਰੇਰੀ ’ਤੇ ਨਿਰਭਰ ਕਰਦੇ ਸਨ। ਮੈਨੂੰ ਯਾਦ ਹੈ ਕਿ ਕਿਵੇਂ ਮੇਰੇ ਹੀ ਪਿੰਡ ਦੇ ਮੇਰੇ ਜਮਾਤੀ ਮੁੰਡੇ ਨੇ ਕਿਵੇਂ ਮੇਰੀਆਂ ਖਰੀਦੀਆਂ ਪੁਰਾਣੀਆਂ ਕਿਤਾਬਾਂ ਮੇਰੇ ਕੋਲੋਂ ਵਾਪਸ ਕਰਵਾ ਲਈਆਂ ਸਨ ਅਤੇ ਲਾਇਬ੍ਰੇਰੀ ਵਿਚਲੀ ਡਾਇਨਾਮਿਕਸ (Dynamics) ਦੀ ਕਿਤਾਬ ਕਦੀ ਮੇਰੇ ਹੱਥ ਹੀ ਨਹੀਂ ਲੱਗਣ ਦਿੱਤੀ ਸੀ। ਲਾਇਬ੍ਰੇਰੀਅਨ ਨਾਲ ਮਿਲ ਜੁਲ ਕੇ ਇਹ ਕਾਰਾ ਹੁੰਦਾ ਸੀ। ਸਕੂਲ ਮੁਖੀ ਨੇ ਵਜ਼ੀਫੇ ਦੀ ਅਰਜ਼ੀ ’ਤੇ ਦਸਤਖ਼ਤ ਕਰਨ ਲਈ ਸ਼ਰਤ ਲਾ ਦਿੱਤੀ, “ਫੁੱਲਾਂ ਦੀ ਕਿਆਰੀ ਗੁੱਡੇਂਗਾ ਤਾਂ ਦਸਖ਼ਤ ਕਰੂੰਗਾ।” ਉਹ ਵੀ ਉਸ ਸਮੇਂ ਜਦੋਂ ਮੈਂ ਗੋਡੇ ’ਤੇ ਲੱਗੀ ਸੱਟ ਕਾਰਨ ਚੀਕਾਂ ਮਾਰ ਰਿਹਾ ਸੀ ਅਤੇ ਇਹ ਸੱਟ ਵੀ ਪ੍ਰੋਫੈਸਰ ਸਾਹਿਬ ਦੇ ਕਲਿਆਣਕਾਰੀ ਕਾਰਜਾਂ ਵਿੱਚ ਮਦਦ ਕਰਦੇ ਹੋਏ ਲੱਗੀ ਸੀ।
ਹੁਣ ਸੋਚਦੇ ਹੋਵੋਂਗੇ ਕਿ ਪੰਜਾਹ ਸਾਲਾਂ ਬਾਅਦ ਮੈਂ ਇਹ ਸਭ ਕਿਉਂ ਲਿਖ ਰਿਹਾ ਹਾਂ? ਅਖਬਾਰਾਂ ਵਿੱਚ ਛਪ ਰਹੀਆਂ ਜਾਤੀ ਭੇਦ-ਭਾਵ ਦੀਆਂ ਖ਼ਬਰਾਂ ਬੇਚੈਨ ਕਰਦੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਅਜਿਹਾ ਭੇਦ ਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਸੁਖਦੇਉ ਥੋਰਾਤ ਦੀ 2007 ਵਿੱਚ ਜਨਤਕ ਕੀਤੀ ਰਿਪੋਰਟ ਦੱਸਦੀ ਹੈ ਕਿ ਏਮਜ਼ ਦਿੱਲੀ ਵਿੱਚ ਐੱਸ ਸੀ / ਐੱਸ ਟੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੈਕਲਟੀ ਉਨ੍ਹਾਂ ਵੱਲ ਕੋਈ ਖਾਸ ਤਵੱਜੋ ਨਹੀਂ ਦਿੰਦੀ ਅਤੇ ਉਨ੍ਹਾਂ ਲਈ ਫੈਕਲਟੀ ਨੂੰ ਪਹੁੰਚ ਕਰਨਾ ਔਖਾ ਹੁੰਦਾ ਹੈ। ਇਸ ਰਿਪੋਰਟ ਦੇ ਬਾਵਜੂਦ, ਦਿੱਲੀ ਦੇ ਏਮਜ਼ ਵਿੱਚ ਦਲਿਤ ਸਮੁਦਾਏ ਦੇ ਬਾਲਮੁਕੰਦ ਭਾਰਤੀ ਨੇ 2010 ਵਿੱਚ ਇਸ ਕਰਕੇ ਆਤਮ-ਹੱਤਿਆ ਕਰ ਲਈ ਸੀ ਕਿ ਫੈਕਲਟੀ ਉਸ ਨੂੰ ਹਰ ਵਕਤ ਜਾਤ ਦੇ ਨਾਂ ’ਤੇ ਪ੍ਰੇਸ਼ਾਨ ਕਰ ਰਹੀ ਸੀ, ਜਦੋਂ ਕਿ ਬੁੰਦੇਲਖੰਡ ਦੇ ਕਿਸੇ ਹਾਈ ਸਕੂਲ ਦਾ ਉਹ ਟੌਪਰ ਸੀ। ਹੈਦਰਾਬਾਦ ਯੂਨੀਵਰਸਟੀ ਦੇ ਖੋਜਾਰਥੀ ਰੋਹਿਤ ਵੇਮੂਲਾ ਦੀ ਫਾਹਾ ਲੈਅ ਕੇ ਆਤਮ-ਹੱਤਿਆ (17 ਜਨਵਰੀ 2016) ਦਾ ਕਾਰਨ ਉਸ ਦੀਆਂ ਗ੍ਰਾਂਟਾਂ ਦੇਣ ਵਿੱਚ ਦੇਰੀ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਮਾਦਰੀ ਵੈਂਕਟੇਸ਼ ਨੇ 2013 ਵਿੱਚ ਇੱਥੇ ਹੀ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ ਸੀ ਕਿਉਂਕਿ ਉਸ ਨੂੰ ਕੋਈ ਸਥਾਈ ਗਾਈਡ ਨਹੀਂ ਦਿੱਤਾ ਜਾ ਰਿਹਾ ਸੀ।
ਹੋਰ ਬਹੁਤ ਸਾਰੀਆਂ ਘਟਨਾਵਾਂ ਦੀਆਂ ਖ਼ਬਰਾਂ ਦਾ ਅਖਬਾਰ ਜ਼ਿਕਰ ਕਰਦੇ ਰਹਿੰਦੇ ਹਨ। ਇੱਕ ਰਿਪੋਰਟ ਮੁਤਾਬਿਕ 2011 ਤਕ ਆਈ ਆਈ ਟੀਆਂ (IITs) ਵਿੱਚ ਹੋਈਆਂ ਆਤਮ ਹੱਤਿਆਵਾਂ ਵਿੱਚੋਂ ਤਕਰੀਬਨ 80% ਦਲਿਤ ਵਿਦਿਆਰਥੀ ਸਨ। 2015 ਵਿੱਚ ਆਈ ਆਈ ਟੀ ਰੁੜਕੀ ਨੇ ਕੁਝ ਵਿਦਿਆਰਥੀਆਂ ਨੂੰ ਘੱਟ ਅੰਕ ਪ੍ਰਾਪਤੀ ਕਰਕੇ ਡਿਗਰੀ ਤੋਂ ਵਾਂਝਾ ਕਰ ਦਿੱਤਾ ਸੀ ਅਤੇ ਇਨ੍ਹਾਂ ਵਿੱਚੋਂ 90% ਐੱਸ ਸੀ /ਐੱਸ ਟੀ / ਓ ਬੀ ਸੀ ਦੇ ਵਿਦਿਆਰਥੀ ਸਨ। ਬਜਾਏ ਇਸਦੇ ਕਿ ਇਸ ਗੱਲ ਦਾ ਖੁਰਾ ਖੋਜ ਲੱਭਿਆ ਜਾਵੇ ਕਿ ਅਜਿਹਾ ਕਿਉਂ ਹੁੰਦਾ ਹੈ, ਬਹੁਤ ਲੋਕਾਂ ਨੇ ਇਸ ਵਾਕਿਆ ਨੂੰ ਲੈ ਕੇ ਇਹ ਦਲੀਲ ਦਿੱਤੀ ਕਿ ‘ਕੋਟਾ ਵਿਦਿਆਰਥੀ’ ਜਨਮ-ਜਾਤ ਤੋਂ ਹੀ ਪ੍ਰਤਿਭਾਹੀਣ ਹੁੰਦੇ ਹਨ। ਕਿੱਡੀ ਹਾਸੋਹੀਣੀ ਦਲੀਲ ਹੈ।
ਜਦੋਂ ਦੇਸ਼ ਦੇ ਲਾਅ ਕਾਲਜ ਦਾ ਪਰੋਫੈਸਰ ਇੱਕ ਦਲਿਤ ਵਿਦਿਆਰਥੀ ’ਤੇ ਇਹ ਕਹਿਕੇ ਚਿੱਲਾਉਂਦਾ ਹੈ ਤਾਂ ਰੂਹ ਕੰਬ ਉੱਠਦੀ ਹੈ, “ਤੂੰ ਐੱਸ ਸੀ ਕੈਟੀਗਰੀ ਵਿੱਚੋਂ ਹੈਂ, ਇੱਥੇ ਪੜ੍ਹ ਰਿਹਾ ਹੈਂ, ਸਰਕਾਰ ਅਤੇ ਮੇਰੇ ਵਰਗਿਆਂ ਦੇ ਰਹਿਮ ’ਤੇ ਹੋਸਟਲ ਵਿੱਚ ਰਹਿ ਰਿਹਾ ਹੈਂ।” ਜਦੋਂ ਵਿਦਿਆਰਥੀ ਨੇ ਇਸ ’ਤੇ ਇਤਰਾਜ਼ ਜਿਤਾਇਆ ਤਾਂ ਉਸ ਨੂੰ ਨਿਲੰਬਤ ਕਰ ਦਿੱਤਾ ਗਿਆ। ਇਹ ਵਾਕਿਆ 2016 ਦੇ ਆਸ ਪਾਸ ਦਾ ਦੱਸਿਆ ਗਿਆ ਹੈ। ਇਸ ਜਾਣਕਾਰੀ ਨੇ ਮੇਰੇ ਕੰਨਾਂ ਵਿੱਚ ਉਹ ਲਫ਼ਜ਼ ਗੁਜ਼ਣ ਲਾ ਦਿੱਤੇ ਜੋ ਮੇਰੇ ਵਿਭਾਗ ਦੇ ਮੁਖੀ ਨੇ 1969 ਵਿੱਚ ਉਸ ਵੇਲੇ ਕਹੇ ਜਦੋਂ ਮੈਂ ਆਪਣਾ ਸਰਕਾਰੀ ਵਜ਼ੀਫਾ ਲੈਣ ਲਈ ਉਨ੍ਹਾਂ ਕੋਲੋਂ ‘ਤਸੱਲੀਬਖ਼ਸ਼ ਰਿਪੋਰਟ ’ਤੇ ਦਸਤਖ਼ਤ ਕਰਵਾਉਣ ਲਈ ਪੇਸ਼ ਹੋਇਆ। ਉਹ ਕਹਿਣ ਲੱਗੇ, “ਆਪ ਕੋ ਤੋ ਹੜਤਾਲ ਮੈਂ ਹਿੱਸਾ ਨਹੀਂ ਲੇਨਾ ਚਾਹੀਏ ਥਾ, ਸਰਕਾਰ ਆਪ ਕੋ ਵਜੀਫਾ ਦੇਤੀ ਹੈ।”
ਮੈਂ ਕਿਹਾ ਸੀ, “ਸਰ! ਮੈਂ ਕੁੱਟ ਦੇ ਡਰੋਂ ਹੜਤਾਲ ਵਿੱਚ ਸ਼ਾਮਿਲ ਹੋਇਆ ਸੀ ਕਿਉਂਕਿ ਮੁਖੀ ਮੈਨੂੰ ਮਾਰ ਕੁੱਟ ਤੋਂ ਤਾਂ ਬਚਾ ਨਹੀਂ ਸਨ ਸਕਦੇ। ਇਸ ਲਈ ਚੁੱਪ ਰਹਿ ਕੇ ਉਹ ਕਹਿਣ ਲੱਗੇ, “ਅੱਛਾ ਤੋਂ ਪਾਰਟ ਵਨ ਮੇਂ ਕਿੰਨੇ ਮਾਰਕਸ ਥੇ?”
ਮੈਂ ਨੰਬਰ ਦੱਸੇ, 413/ 600 । ਉਨ੍ਹਾਂ ਚੁੱਪ ਕਰਕੇ ਦਸਤਖ਼ਤ ਕਰ ਦਿੱਤੇ। ਰਿਪੋਰਟ ਹੱਥ ਦਿੰਦੇ ਵਕਤ ਉਨ੍ਹਾਂ ਦੀ ਤੱਕਣੀ ਬਹੁਤ ਦੇਰ ਪ੍ਰੇਸ਼ਾਨ ਕਰਦੀ ਰਹੀ। ਉਨ੍ਹਾਂ ਨੂੰ ਮੇਰੇ ਬਾਰੇ ਨਿੱਜੀ ਰਾਏ ਬਣਾਉਣ ਦਾ ਪੂਰਾ ਹੱਕ ਸੀ ਕਿਉਂਕਿ ਉਹ ਮੇਰੇ ਉਸਤਾਦ ਸਨ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਇੱਕ ਵਿਦਿਆਰਥੀ ਯੂਨੀਵਰਸਟੀ ਦੀ ਭੱਲ ਬਣਾਉਂਦਾ ਹੈ ਫਿਰ ਭੀ ਉਸ ਨੂੰ ਅਜਿਹਾ ਕੁਝ ਸੁਣਨ ਨੂੰ ਮਿਲਦਾ ਹੈ। ਐੱਮ ਐੱਸ ਸੀ (ਫਿਜ਼ਿਕਸ) ਦੇ ਪਹਿਲੇ ਸਾਲ ਮੈਂ ਹੀ ਇਕੱਲਾ ਵਿਦਿਆਰਥੀ ਸੀ ਜਿਸ ਨੇ ‘ਪ੍ਰਯੋਗ ਪ੍ਰੀਖਿਆ’ ਵੇਲੇ ਜ਼ੁਬਾਨੀ ਪ੍ਰੀਖਿਆ ਵਿੱਚ ਸੱਤ ਪ੍ਰਤੀ ਸੱਤ ਸਹੀ ਜਵਾਬ ਦਿੱਤੇ ਸਨ ਅਤੇ ਬਾਹਰਲੇ ਅਗਜ਼ਾਮੀਨਰ ਨੇ ਮੈਨੂੰ ਸਾਬਾਸ਼ ਦਿੰਦਿਆਂ ਅੰਦਰਲੇ ਅਗਜ਼ਾਮਿਨਰ ਨੂੰ ਕਿਹਾ ਸੀ, “ਬੱਚੇ ਦਾ ਖਿਆਲ ਰੱਖਣਾ, ਇਸ ਨੂੰ ਫਿਜ਼ਿਕਸ ਆਉਂਦੀ ਹੈ।”
ਹੜਤਾਲ ਦਾ ਉਦੇਸ਼ ‘ਅੰਦਰੂਨੀ ਸਮੀਖਿਆ’ ਖਤਮ ਕਰਾਉਣਾ ਸੀ ਅਤੇ ਇਸ ਵਾਕੇ ਦੇ ਮੱਦੇ ਨਜ਼ਰ ਮੇਰੇ ਲਈ ਹੜਤਾਲ ਸ਼ਾਇਦ ਲਾਹੇਵੰਦ ਹੀ ਸਾਬਿਤ ਹੁੰਦੀ। ਪੰਜਾਹ ਸਾਲ ਬਾਅਦ ਮਹਿਸੂਸ ਹੁੰਦਾ ਹੈ ਕਿ ਵਿਭਾਗ ਦੇ ਮੁਖੀ ਦੀ ਨਜ਼ਰ ਸ਼ਾਇਦ ਇਹ ਕਹਿ ਰਹੀ ਸੀ ਕਿ ਤੁਹਾਨੂੰ ਬਰਾਬਰ ਦੀ ਵਿੱਦਿਆ ਦੇਣ ਦਾ ਕਰਵਾਇਆ ਜਾ ਰਿਹਾ ਅਹਿਸਾਸ ਪੇਤਲਾ ਹੈ। ਉਹ ਸਮਾਜ ਦੀ ਨਬਜ਼ ਪਹਿਚਾਣਦੇ ਸਨ ਅਤੇ ਮੈਂ ਇਸ ਪੱਖੋਂ ਅਨਾੜੀ ਸੀ ਕਿਉਂਕਿ ਸਾਨੂੰ ਇਹ ਭਾਵਨਾ ਦਿਖਾਈ ਦੇਣ ਲੱਗ ਪਈ ਸੀ ਕਿ ਸਰਕਾਰਾਂ ਅਤੇ ਸਮਾਜ ਮਹਿਸੂਸ ਕਰਨ ਲੱਗੇ ਹਨ ਕਿ ਸਦੀਆਂ ਤੋਂ ਦੱਬੇ ਕੁਚਲੇ ਤਬਕਿਆਂ ਨੂੰ ਵੀ ਉੱਚ ਸਿੱਖਿਆ ਦੇਣੀ ਬਣਦੀ ਹੈ। ਆਜ਼ਾਦ ਭਾਰਤ ਵਿੱਚ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦਾ ਸੰਕਲਪ ਆਪਣੇ ਆਪ ਨਹੀਂ ਉਗਮਿਆ ਸੀ ਅਤੇ ਨਾ ਹੀ ਕਿਸੇ ਦੀ ਅਜਿਹੀ ਮਨਸ਼ਾ ਸੀ। ਇਹ ਜੱਦੋਜਹਿਦ ਤੋਂ ਉੱਭਰੇ ਕਾਨੂੰਨ ਦੀ ਉਪਜ ਸੀ ਅਤੇ ਕਾਨੂੰਨ ਉਨ੍ਹਾਂ ਨੇ ਹੀ ਲਾਗੂ ਕਰਨਾ ਸੀ। ਉਂਝ ਹੜਤਾਲ ਦੌਰਾਨ ਗਲ਼ਾ ਫਾੜ ਕੇ ਲਗਾਏ ਅਸ਼ਲੀਲ ਨਾਅਰਿਆਂ ਤੋਂ ਲਗਦਾ ਸੀ ਕਿ ਸਰਦੇ-ਪੁੱਜਦੇ ਘਰਾਂ ਦੇ ਮੁੰਡੇ ਆਪਣੀ ਮੌਜ-ਮਸਤੀ ਅਤੇ ਅਧਿਆਪਕਾਂ ਵੱਲੋਂ ਮਾਰੇ ਜਾਂਦੇ ਡਾਕੇ ਦਾ ਵਿਰੋਧ ਹੀ ਕਰ ਰਹੇ ਦਿਖਾਈ ਦਿੰਦੇ ਸਨ। ਹੜਤਾਲ 1968 ਦਾ ਅਕਾਦਮਿਕ ਵਰ੍ਹਾ ਸ਼ੁਰੂ ਹੁੰਦੇ ਹੀ ਹੋਈ ਸੀ ਅਤੇ ਕਾਮਯਾਬ ਰਹੀ ਸੀ।
ਮੇਰਾ ਜਮਾਤੀ ਕਾਮਰੇਡ, ਜਿਹੜਾ ਮੇਰਾ ਪ੍ਰੈਕਟਿਕਲ ਦਾ ਜੋਟੀਦਾਰ ਵੀ ਸੀ, ਹੜਤਾਲ ਦੇ ਮੋਹਰੀਆਂ ਦੀ ਪਹਿਲੀ ਕਤਾਰ ਵਿੱਚ ਸੀ। ਉਹ ਮੇਰੇ ਨਾਲ ਦੋਸਤੀ ਦਾ ਫੋਕਾ ਦਮ ਭਰਦਾ ਸੀ। ਜੋਟੀ ਅਤੇ ਦੋਸਤੀ ਦਾ ਕਾਰਨ ਸ਼ਾਇਦ ਮੇਰੀ ਯੋਗਤਾ ਨਹੀਂ ਸੀ ਬਲਕਿ ਆਪਣੇ ਲਈ ਵੇਲੇ-ਕੁਵੇਲੇ ਪ੍ਰੈਕਟਿਕਲ ਕਰਵਾਉਣਾ ਸੀ। ਅਕਾਦਮਿਕ ਵਰ੍ਹੇ ਦੇ ਅੰਤ ਦੇ ਨਜ਼ਦੀਕ ਸਾਡੀ ਹਮ ਜਮਾਤਣ ਕੁੜੀ ਨੇ, ਜਿਸ ’ਤੇ ਉਹ ਅੱਖ ਰੱਖਦਾ ਸੀ, ਮੇਰੇ ਰਾਹੀਂ ਉਸ ਨੂੰ ਆਪਣੀ ਨਾਂਹ ਅਤੇ ਪੀੜਾ ਦਾ ਸੁਨੇਹਾ ਦਿੱਤਾ। ਸੁਣਦੇ ਸਾਰ ਹੀ ਉਹ ਕਾਮਰੇਡ ਗਰੀਬ ’ਤੇ ਵਰ੍ਹ ਪਿਆ। ਉਸ ਦੀ ਉਜੱਡਤਾ ਅਤੇ ਅਸ਼ਲੀਲਤਾ ਤੋਂ ਮੈਨੂੰ ਡਰ ਲੱਗਣ ਲੱਗਾ ਕਿ ਉਹ ਮੈਨੂੰ ਕੁੱਟੇਗਾ। ਪੜ੍ਹਨ ਵਿੱਚ ਦਿਲ ਹੀ ਨਾ ਲਗਦਾ। ਮੈਂ ਆਪਣਾ ਦਰਦ ਇੱਕ ਹੋਰ ਮਿੱਤਰ ਕੋਲ ਦੱਸਿਆ, ਜਿਹੜਾ ਹੜਤਾਲ ’ਤੇ ਗਿਆ ਸੀ। ਇਸ ਵਿਰੋਧ ਕਰਕੇ ਉਸ ਨੇ ਬਹੁਤ ਕੁੱਟ ਖਾਧੀ ਸੀ। ਉਸ ਨੇ ਕਾਮਰੇਡ ਦੀ ਕਾਮਰੇਡੀ ਕੱਢੀ ਤੇ ਮੈਨੂੰ ਸੁਖ ਦਾ ਸਾਹ ਆਇਆ। ਉਹ 2016 ਨਹੀਂ ਬਲਕਿ 1969 ਸੀ। ਸਮਾਂ ਤੇ ਸਥਾਨ ਵੱਖ ਹੋਣ ਕਰਕੇ ਮੈਂ ਨਿਲੰਬਤ (ਮੁਅੱਤਲ) ਵੀ ਨਾ ਹੋਇਆ ਅਤੇ ਆਤਮ-ਹੱਤਿਆ ਦੀ ਹੱਦ ਤਕ ਵੀ ਨਾ ਪਹੁੰਚਿਆ। ਮੈਂ ਹਾਈ ਫਸਟ ਡਵੀਜ਼ਨ ਮਾਰਕਸ ਨਾਲ ਮਾਸਟਰ ਆਫ ਫਿਜ਼ਿਕਸ ਹੋ ਗਿਆ ਸੀ।
2000 ਦੇ ਆਸ-ਪਾਸ ਮੈਂ ਅਜਿਹੀ ਜਗ੍ਹਾ ਤਾਇਨਾਤ ਸੀ ਜਿੱਥੇ ਪ੍ਰਾਈਵੇਟ ਮੈਡੀਕਲ ਕਾਲਜ ਵੀ ਸੀ। ਅਖੌਤੀ ਨੀਵੀਂਆਂ ਜਾਤਾਂ ਦੇ ਵਿਦਿਆਰਥੀਆਂ ਨੇ ਮੇਰੇ ਕੋਲ ਆਪਣੀ ਪੀੜਾ ਪਹੁੰਚਦੀ ਕੀਤੀ - ਇਹ ਰੁੜਕੀ ਆਈ ਆਈ ਟੀ (2016) ਦੇ ਵਾਕਿਆ ਵਰਗੀ ਸੀ। ਅੰਤਲੇ ਸਾਲ ਉਨ੍ਹਾਂ ਨੂੰ ਅਯੋਗ ਠਹਿਰਾ ਦਿੱਤਾ ਜਾਂਦਾ। ਕਾਲਜ ਪ੍ਰਬੰਧਕਾਂ ਨੂੰ ਐਨਾ ਕਹਿਣ ਦੀ ਜ਼ਰੂਰਤ ਪਈ ਕਿ ਟੈਕਸ ਚੋਰਾਂ ਨੂੰ ਸੀਨਾਜ਼ੋਰੀ ਦਾ ਹੱਕ ਨਹੀਂ ਹੈ। ਇਹ ਕੋਈ ਇਲਾਜ ਵੀ ਨਹੀਂ ਸੀ, ਦਵਾਈ ਵੀ ਨਹੀਂ ਸੀ। ਹਰ ਵੇਲੇ ਸੋਚੀਂ ਪਏ ਰਹੀਦਾ ਹੈ ਕਿ- ਆਖਿਰ ਇਸ ਮਰਜ਼ ਕੀ ਦਵਾ ਕਿਆ ਹੈ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3967)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)