“ਕਈ ਮਹੀਨੇ ਇਹ ਸਿਲਸਿਲਾ ਚਲਦਾ ਰਿਹਾ। ਫਿਰ ਠੰਢ ਉੱਤਰਨੀ ਸ਼ੁਰੂ ਹੋ ਗਈ। ਉਸ ਕੋਲ ਗਰਮੀ ਦੇ ਕੱਪੜਿਆਂ ...”
(6 ਅਕਤੂਬਰ 2024)
ਤਕਰੀਬਨ ਪੰਜਾਹ ਵਰ੍ਹੇ ਪਹਿਲਾਂ ਦਾ ਵਾਕਿਆ ਹੈ। ਪੱਛਮੀ ਬੰਗਾਲ ਤੋਂ ਇੱਕ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਵਿੱਚ ਠੀਕ ਇਸੇ ਤਰ੍ਹਾਂ ਜਿਵੇਂ ਹੁਣ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ, ਸਾਡੀ ਸੰਸਥਾ ਵਿੱਚ ਦਾਖਲ ਹੋਣ ਆਇਆ। ਉਸ ਨੇ ਇੱਕ ਸਾਲ ਦੇ ਬੁਣਾਈ ਕੋਰਸ ਦੇ ਸਰਟੀਫਿਕੇਟ ਲਈ ਦਾਖਲਾ ਪੱਤਰ ਭੇਜਿਆ ਹੋਇਆ ਸੀ ਅਤੇ ਹੁਣ ਉਹ ਆਪ ਆ ਕੇ ਹਾਜ਼ਰ ਹੋ ਗਿਆ ਸੀ। ਉਹ ਬੰਗਾਲੀ ਭਾਸ਼ਾ ਹੀ ਬੋਲ ਅਤੇ ਸਮਝ ਸਕਦਾ ਸੀ, ਇਸ ਲਈ ਉਸ ਨਾਲ ਵਾਰਤਾਲਾਪ ਕਰਨ ਵੇਲੇ ਔਖ ਮਹਿਸੂਸ ਹੁੰਦੀ ਸੀ। ਉਹ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਕਰਨ ਕਰਕੇ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਿਆ। ਉਸ ਲਈ ਪੰਜਾਬ ਦਾ ਲੁਧਿਆਣਾ ਸ਼ਹਿਰ ਸ਼ਾਇਦ ਇੰਗਲੈਂਡ ਦਾ ਮਨਚੈਸਟਰ ਸ਼ਹਿਰ ਸੀ ਜਿੱਥੇ ਉਹ ਥੋੜ੍ਹੀ ਬਹੁਤ ਤਕਨੀਕੀ ਜਾਣਕਾਰੀ ਤੋਂ ਬਾਅਦ ਗੁਜ਼ਾਰੇ ਜੋਗਾ ਰੁਜ਼ਗਾਰ ਲੱਭ ਸਕਦਾ ਸੀ।
ਫੀਸ ਭਰਨ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਕੋਲ ਸਿਰਫ ਇੱਕ ਰੁਪਇਆ ਬਚਿਆ ਹੈ। ਇਹ ਪੰਜਾਬ ਦਾ ਸਭ ਤੋਂ ਵੱਧ ਮਹਿੰਗਾ ਸ਼ਹਿਰ ਸੀ। ਅਸੀਂ ਸਮਝਦੇ ਸੀ ਕਿ ਇੱਕ ਰੁਪਇਆ ਤਾਂ ਉਸ ਦੀ ਰਾਤ ਦੇ ਮਛਲੀ-ਚਾਵਲ ਲਈ ਵੀ ਕਾਫੀ ਨਹੀਂ ਸੀ, ਇਸ ਸ਼ਹਿਰ ਵਿੱਚ ਅਜਨਬੀ ਨੂੰ ਕੌਣ ਨੇੜੇ ਲਾਵੇਗਾ। ਕਈ ਕਹਿਣ ਲੱਗੇ ਕਿ ਯਾਰ ਇਸ ਨੂੰ ਦਾਖਲਾ ਦੇ ਕੇ ਮੁਸੀਬਤ ਗੱਲ ਪਾ ਲਈ ਹੈ। ਉਸਦਾ ਨਾਂ ਸੁਣਦੇ ਹੀ ਬਹੁਤੇ ਲੋਕ ਉਸ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਸਨ। ਉਹ ਦੇਸ਼ ਦੀ ਸਭ ਤੋਂ ਵੱਧ ਗਿਣਤੀ ਵਾਲੀ ਘੱਟ-ਗਿਣਤੀ ਸਮੁਦਾਇ ਵਿੱਚੋਂ ਸੀ। ਹਰ ਮੁਸ਼ਿਕਲ ਹੱਲ ਹੋ ਸਕਦੀ ਹੈ ਜੇਕਰ ਹੱਲ ਕਰਨ ਦੀ ਇੱਛਾ ਸ਼ਕਤੀ ਹੋਵੇ।
ਦੋਂਹ ਤਿੰਨਾਂ ਮਿੱਤਰਾਂ ਦੀ ਸਾਡੀ ਚੰਗੀ ਬਣਦੀ ਸੀ। ਸਾਡੇ ਵਿੱਚੋਂ ਇੱਕ ਹੋਸਟਲ ਇੰਚਾਰਜ ਸੀ। ਹੋਸਟਲ ਦੇ ਖਰਚੇ ਇੱਕ ਰੁਪਏ ਨਾਲ ਕਿਵੇਂ ਵੀ ਪੂਰੇ ਨਹੀਂ ਕੀਤੇ ਜਾ ਸਕਦੇ ਸਨ। ਉਸ ਨੇ ਕਿਵੇਂ ਨਾ ਕਿਵੇਂ ਉਸਦੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਇੱਕ ਕਮਰੇ ਵਿੱਚ ਵਾਧੂ ਅਣ-ਅਧਿਕਾਰਤ ਚਾਰਪਾਈ ਲਗਵਾ ਦਿੱਤੀ। ਹੋਸਟਲ ਵਿੱਚ ਖਾਣੇ ਦਾ ਪ੍ਰਬੰਧ ਨਹੀਂ ਸੀ, ਉਸ ਰਾਤ ਸ਼ਾਇਦ ਉਨ੍ਹਾਂ ਨੇ ਆਪਣੇ ਘਰੋਂ ਉਸ ਨੂੰ ਖੁਆ ਦਿੱਤਾ ਸੀ। ਮੈਂ ਅਤੇ ਦੂਸਰੇ ਦੋਸਤ ਨੇ ਸਲਾਹ ਕੀਤੀ ਕਿ ਦੁਪਹਿਰ ਦੀ ਰੋਟੀ ਵਿੱਚ ਘਰੋਂ ਉਸ ਲਈ ਇੱਕ ਇੱਕ ਦੋ ਦੋ ਫੁਲਕੇ ਵਾਧੂ ਲਿਆਇਆ ਕਰਾਂਗੇ ਅਤੇ ਜਦੋਂ ਅਸੀਂ ਚਾਹ ਪੀਆ ਕਰਾਂਗੇ ਤਾਂ ਉਸ ਲਈ ਵੀ ਕੱਪ ਬਣਵਾ ਦਿਆ ਕਰਾਂਗੇ।
ਕਈ ਮਹੀਨੇ ਇਹ ਸਿਲਸਿਲਾ ਚਲਦਾ ਰਿਹਾ। ਫਿਰ ਠੰਢ ਉੱਤਰਨੀ ਸ਼ੁਰੂ ਹੋ ਗਈ। ਉਸ ਕੋਲ ਗਰਮੀ ਦੇ ਕੱਪੜਿਆਂ ਦੀ ਇੱਕ ਜੋੜੀ ਹੀ ਸੀ। ਐੱਨ ਸੀ ਸੀ ਵਿੱਚ ਉਹ ਭਰਤੀ ਨਹੀਂ ਕੀਤਾ ਜਾ ਸਕਦਾ ਸੀ, ਫਿਰ ਵੀ ਮੈਂ ਬਤੌਰ ਐੱਨ ਸੀ ਸੀ ਅਫਸਰ ਸਟੋਰ ਵਿੱਚੋਂ ਉਸ ਨੂੰ ਇੱਕ ਵਰਦੀ ਅਤੇ ਦੋ ਜਰਸੀਆਂ ਦੇ ਦਿੱਤੀਆਂ। ਕਿਸੇ ਦੀ ਰਿਫਰੈਸ਼ਮੈਂਟ ਵੀ ਉਸ ਦੇ ਲੇਖੇ ਲਾ ਛੱਡਣਾ। ਉਹ ਜਰਸੀ ਅਤੇ ਵੱਡੇ ਬੂਟ ਪਾ ਕੇ ਠੰਢ ਤੋਂ ਬਚਿਆ ਰਹਿੰਦਾ। ਕਦੇ ਕਦੇ ਉਹ ਪੂਰੀ ਵਰਦੀ ਪਾ ਕੇ ਹੀ ਆ ਜਾਂਦਾ। ਮੈਂ ਆਪਣੀ ਸ਼ਿਕਾਇਤ ਹੋਣ ਦੀ ਪ੍ਰਵਾਹ ਵੀ ਨਾ ਕਰਦਾ। ਅਜਿਹੇ ਵੇਲੇ ਮੈਨੂੰ ਕਾਲਜ ਦੇ ਉਹ ਦਿਨ ਯਾਦ ਆ ਜਾਂਦੇ ਜਦੋਂ ਐੱਨ ਸੀ ਸੀ ਟਰੇਨਿੰਗ ਦੇ ਤਿੰਨ ਸਾਲ ਪੂਰੇ ਕਰਨੇ ਜ਼ਰੂਰੀ ਸਨ ਅਤੇ ਮੈਂ ਖੁਦ ਵੀ ਗਰਮ ਕੱਪੜਿਆਂ ਦੀ ਘਾਟ ਕਰਕੇ ਵਰਦੀ ਉੱਤੇ ਜਰਸੀ ਪਾ ਆਉਂਦਾ ਸੀ। ਸਾਰੇ ਮੈਨੂੰ ਘੂਰ ਘੂਰ ਦੇਖਦੇ ਹੁੰਦੇ ਸਨ। ਉਸ ਨੂੰ ਵੀ ਦੇਖਦੇ ਹੋਣਗੇ ਅਤੇ ਉਹ ਵੀ ਮੇਰੇ ਵਾਂਗ ਨੀਵੀਂ ਜਿਹੀ ਪਾ ਕੇ ਨਿਮੂਝਣਾ ਜਿਹਾ ਹੋਇਆ ਤੁਰਦਾ ਫਿਰਦਾ ਰਹਿੰਦਾ ਹੋਵੇਗਾ। ਉਸ ਲਈ ਮੇਰਾ ਵਿਸ਼ਾ ਭੌਤਿਕ ਵਿਗਿਆਨ ਪੜ੍ਹਨਾ ਜ਼ਰੂਰੀ ਨਹੀਂ ਸੀ, ਫਿਰ ਵੀ ਮੈਂ ਉਸ ਨੂੰ ਬੁਲਾ ਕੇ ਇਸ ਨਮੋਸ਼ੀ ਤੋਂ ਵੀ ਬਚਾਉਣ ਦੀ ਕੋਸ਼ਿਸ਼ ਕਰਦਾ, ਹੱਲਾ ਸ਼ੇਰੀ ਦਿੰਦਾ ਰਹਿੰਦਾ।
ਕੋਈ ਚਾਰ ਕੁ ਮਹੀਨਿਆਂ ਵਿੱਚ ਉਸ ਦਾ ਹੱਥ ਬੁਣਾਈ-ਕਢਾਈ ਮਸ਼ੀਨ ’ਤੇ ਚੱਲਣ ਲੱਗ ਪਿਆ। ਇੱਕ ਹੋਰ ਸੱਜਣ ਨੇ ਉਸ ਨੂੰ ਕਿਸੇ ਹੌਜਰੀ ਵਿੱਚ ਥੋੜ੍ਹੇ ਬਹੁਤੇ ਕੰਮ ’ਤੇ ਰਖਾ ਦਿੱਤਾ। ਉਹ ਕੁਝ ਕਮਾਉਣ ਦੇ ਕਾਬਲ ਹੋ ਗਿਆ।
ਉਹ ਆਪਣਾ ਰੋਟੀ ਪਾਣੀ ਖਾ ਸਕਦਾ ਸੀ। ਪਰ ਹੁਣ ਉਹ ਸਾਡੇ ਕੋਲ ਦੀ ਇਉਂ ਲੰਘਣ ਲੱਗਾ, ਜਿਵੇਂ ਉਹ ਸਾਨੂੰ ਜਾਣਦਾ ਹੀ ਨਾ ਹੋਵੇ, ਨਮਸਤੇ ਤਾਂ ਕੀ ਕਰਨੀ ਸੀ। ਪਹਿਲਾਂ ਪਹਿਲਾਂ ਅਸੀਂ ਬਹੁਤ ਦੁਖੀ ਹੋਏ। ਫਿਰ ਇੱਕ ਸਿਆਣਾ ਬੰਦਾ ਕਹਿਣ ਲੱਗਾ, ਅਸੀਂ ਸਰਬੱਤ ਦਾ ਭਲਾ ਚਾਹੁਣ ਵਾਲੇ ਗੁਰੂਆਂ ਦੇ ਪੈਰੋਕਾਰ ਹਾਂ, ਦੁਖੀ ਨਾ ਹੋਇਆ ਕਰੋ, ਭਾਈ ਘਨਈਆ ਨੂੰ ਯਾਦ ਕਰ ਲਿਆ ਕਰੋ। ਉਹ ਜੰਗ ਵਿੱਚ ਦੁਸ਼ਮਣ ਨੂੰ ਵੀ ਪਾਣੀ ਪਿਆਉਂਦਾ ਸੀ। ਉਸ ਨੌਜਵਾਨ ਦਾ ਵਿਵਹਾਰ ਜਦੋਂ ਵੀ ਯਾਦ ਆਉਂਦਾ ਹੈ ਤਾਂ ਫਿਰ ਉਸ ਸਿਆਣੇ ਬੰਦੇ ਨੂੰ ਯਾਦ ਕਰਕੇ ਉਸ ਦਾ ਧੰਨਵਾਦ ਕਰੀਦਾ ਹੈ ਕਿ ਉਸ ਨੇ ਸਾਨੂੰ ਕਿਸੇ ਲੋੜਵੰਦ ਦੀ ਮਦਦ ਕਰਨ ਦੇ ਅਭਿਮਾਨ ਤੋਂ ਹਮੇਸ਼ਾ ਲਈ ਬਚਾ ਲਿਆ ਸੀ। ਜਦੋਂ ਕਦੇ ਅਜਿਹਾ ਵਰਤਾਰਾ ਸਾਹਮਣੇ ਆਉਂਦਾ ਹੈ ਤਾਂ ਇਹ ਕਹਿਕੇ ਵੀ ਹੱਸ ਛੱਡਦੇ ਹਾਂ ਕਿ ਇਸ ਤਰ੍ਹਾਂ ਵੀ ਹੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5339)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.