“ਦੂਸਰੇ ਦਿਨ ਜਦੋਂ ਮੈਂ ਆਪਣਾ ਮੋਬਾਇਲ ਫੋਨ ਲੈਣ ਵਾਸਤੇ ਜਾ ਰਿਹਾ ਸੀ ਤਾਂ ...”
(26 ਅਕਤੂਬਰ 2026)
ਪਿਛਲੇ ਦਿਨੀਂ ਮੈਂ ਸਿਹਤ ਸਬੰਧੀ ਇੱਕ ਸਪੈਸ਼ਲਿਸਟ ਕੋਲ ਮੁਲਾਕਾਤ ਲਈ ਜਾਣਾ ਸੀ। ਉਸ ਲਈ ਮੈਂ ਬਰੈਂਪਟਨ ਟਰਾਂਜ਼ਿਟ ਦੀ ਬੱਸ ਫੜ ਲਈ। ਮੇਰਾ ਸਰੀਰਕ ਅਤੇ ਮਾਨਸਿਕ ਹਾਲ ਵੀ ਓਹੋ ਜਿਹਾ ਹੀ ਹੈ ਜਿਹੋ ਜਿਹਾ ਇੱਕ 90 ਸਾਲ ਤੋਂ ਉੱਪਰ ਟੱਪੇ ਬੰਦੇ ਦਾ ਹੁੰਦਾ ਹੈ। ਠੀਕ ਸੁਣਨ ਅਤੇ ਸਮਝਣ ਲਈ ਕੰਨਾਂ ਨੂੰ ਮਸ਼ੀਨ ਦਾ ਸਹਾਰਾ ਲੈਣਾ ਪੈਂਦਾ ਹੈ। ਦੰਦ ਅੱਧੇ ਕੁ ਅਸਲੀ ਹਨ ਅਤੇ ਅੱਧੇ ਕੁ ਬਣਾਉਟੀ। ਅੱਖਾਂ ਦੇ ਵਿੱਚ ਲੈਂਜ਼ ਲਾਏ ਹੋਏ ਹਨ ਅਤੇ ਨਾਲ ਐਨਕ ਦਾ ਸਹਾਰਾ ਲੈਣਾ ਪੈਂਦਾ ਹੈ। ਤੁਰਨ ਲਈ ਵਾਕਰ ਦੀ ਸਹਾਇਤਾ ਲਈ ਜਾਂਦੀ ਹੈ। ਦਿਮਾਗ ਆਮ ਤੌਰ ਉੱਤੇ ਠੀਕ ਕੰਮ ਕਰਦਾ ਹੈ ਪਰ ਕਦੇ-ਕਦੇ ਉਹ ਵੀ ਟਪਲਾ ਖਾ ਜਾਂਦਾ ਹੈ।
ਮੈਂ ਬੱਸ ਵਿੱਚ ਬੈਠ ਕੇ ਦੂਸਰੇ ਮੁਸਾਫਰਾਂ ਦੀ ਸਹੂਲਤ ਲਈ ਆਪਣਾ ਵਾਕਰ ਆਪਣੇ ਪੱਟਾਂ ਉੱਤੇ ਰੱਖ ਲਿਆ ਤਾਂ ਕਿ ਉਹ ਬੱਸ ਵਿਚਲੇ ਰਸਤੇ ਵਿੱਚ ਘੱਟ ਤੋਂ ਘੱਟ ਰੁਕਾਵਟ ਬਣੇ। ਮੇਰਾ ਮੋਬਾਇਲ ਮੇਰੀ ਪੈਂਟ ਦੀ ਖੱਬੀ ਜੇਬ ਵਿੱਚ ਸੀ। ਮੇਰੇ ਦਿਮਾਗ ਵਿੱਚ ਵਿਚਾਰ ਘੁੰਮਿਆ ਕਿ ਮੋਬਾਇਲ ਗਿਰ ਵੀ ਸਕਦਾ ਹੈ! ਮੈਂ ਚੜ੍ਹਦੀਆਂ ਉੱਤਰਦੀਆਂ ਸਵਾਰੀਆਂ ਦੇ ਡੀਲ-ਡੌਲ, ਨੈਣ-ਨਕਸ ਅਤੇ ਰੰਗ ਰੂਪ ਨਿਹਾਰਦਾ ਰਿਹਾ ਅਤੇ ਉਨ੍ਹਾਂ ਦੇ ਮਨਾਂ ਵਿੱਚ ਵਰਤ ਰਹੇ ਵਰਤਾਰੇ ਨੂੰ ਸੋਚਣ-ਸਮਝਣ ਦਾ ਯਤਨ ਕਰਦਾ ਰਿਹਾ। ਪਤਾ ਹੀ ਨਾ ਲੱਗਿਆ ਕਿ ਬੱਸ ਤੋਂ ਉੱਤਰਨ ਦਾ ਮੇਰਾ ਟਿਕਾਣਾ ਆ ਗਿਆ।
ਮੈਂ ਫਟਾਫਟ ਵਾਕਰ ਆਪਣੇ ਪੱਟਾਂ ਤੋਂ ਥੱਲੇ ਲਾਹਿਆ, ਉਸ ਵਿੱਚ ਆਪਣਾ ਛੋਟਾ ਬੈਗ ਟਿਕਾਇਆ। ਡਰਾਈਵਰ ਨੇ ਮੇਰਾ ਵਾਕਰ ਦੇਖਕੇ ਬੱਸ ਨੂੰ ਨੀਵੀਂ ਕਰ ਲਿਆ ਅਤੇ ਮੈਂ ਸੌਖਾ ਹੀ ਥੱਲੇ ਉੱਤਰ ਗਿਆ। ਕਾਹਲੀ ਵਿੱਚ ਦੂਸਰੀ ਬੱਸ ਦੇਖੀ ਅਤੇ ਉਸ ਵਿੱਚ ਚੜ੍ਹਕੇ ਆਪਣਾ ਸੀਨੀਅਰ ਹੋਣ ਦਾ ਪਾਸ, ਸਵੈਪੜ੍ਹਨ ਵਾਲੇ ਮੀਟਰ ਨੂੰ ਦਿਖਾਇਆ ਅਤੇ ਜਾ ਕੇ ਸੀਟ ਉੱਤੇ ਬੈਠ ਗਿਆ। ਡਾਕਟਰ ਦੀ ਮੁਲਾਕਾਤ ਪਿੱਛੋਂ ਲੋੜ ਪੈਣ ਉੱਤੇ ਮੈਂ ਆਪਣਾ ਮੋਬਾਇਲ ਦੇਖਿਆ ਤਾਂ ਪੰਛੀ ਉਡਾਰੀ ਮਾਰ ਚੁੱਕਿਆ ਸੀ। ਵਿਚਾਰ ਆਇਆ ਕਿ ਜਦੋਂ ਮਨ ਨੇ ਕਿਹਾ ਸੀ ਕਿ ਇਹ ਗਿਰ ਸਕਦਾ ਹੈ, ਉਦੋਂ ਉਸਦੀ ਕਿਉਂ ਨਾ ਮੰਨੀਂ। ਸੋਚਿਆ, ਜੇ ਪੰਜ ਚਾਰ ਸੌ ਡਾਲਰ ਗੁਆਚ ਵੀ ਜਾਵੇ ਤਾਂ ਨੁਕਸਾਨ ਛੋਟਾ ਹੁੰਦਾ ਹੈ ਪਰ ਮੋਬਾਇਲ ਗੁਆਚਣ ਦਾ ਨੁਕਸਾਨ ਉਸ ਤੋਂ ਵੱਡਾ ਹੈ। ਇਸ ਨਾਲ ਇਸਦੇ ਮੁੱਲ ਤੋਂ ਇਲਾਵਾ ਹੋਰ ਵੀ ਬੜਾ ਕੁਝ ਕੀਮਤੀ ਜੁੜਿਆ ਹੁੰਦਾ ਹੈ। ਮਨ ਨੂੰ ਸਮਝਆਇਆ, ਗਿਆ ਸੋ ਗਿਆ, ਹੁਣ ਇਸਦੇ ਨਾਲ ਮਰਨਾ ਥੋੜ੍ਹੀ ਹੈ।
ਫਿਰ ਸੋਚਿਆ, ਯਤਨ ਕਰਨ ਵਿੱਚ ਕੀ ਹਰਜ਼ ਹੈ? ਬੀਤੇ ਵਿੱਚ ਇੱਕ ਨਹੀਂ, ਮੈਂ ਕਈ ਅਜਿਹੇ ਸਮੇਂ ਦੇਖੇ ਹਨ ਜਿਨ੍ਹਾਂ ਵਿੱਚ ਲੋੜ ਦੀ ਸੌ ਕੀ, ਦੋ ਸੌ ਤੋਂ ਵੀ ਵੱਧ ਪ੍ਰਤੀ ਸੈਂਕੜਾ ਆਸ ਨਹੀਂ ਸੀ ਪੂਰੇ ਹੋਣ ਦੀ ਪਰ ਨਿਰਥੱਕ ਯਤਨ ਕਰਨ ਨਾਲ ਉਹ ਪਹਾੜ ਵੀ ਸਰ ਹੁੰਦੇ ਦੇਖੇ। ਮੈਂ ਆਪਣੇ ਘਰ ਦੇ ਫੋਨ ਉੱਤੋਂ ਕਈ ਵਾਰ ਅਤੇ ਕਈ ਸਮਿਆਂ ਉੱਤੇ ਆਪਣੇ ਮੋਬਾਇਲ ਫੋਨ ਉੱਤੇ ਕਾਲਾਂ ਮਾਰੀਆਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਦਸਾਂ ਬਾਰਾਂ ਘੰਟਿਆਂ ਪਿੱਛੋਂ ਮੇਰੇ ਛੋਟੇ ਸਪੁੱਤਰ ਦੀ ਅਮਰੀਕਾ ਤੋਂ ਕਾਲ ਆਈ ਕਿ ਮੇਰਾ ਮੋਬਾਇਲ ਫੋਨ ਬਰੈਂਪਟਨ ਟਰਾਂਜ਼ਿਟ ਦੇ ਸਿਟੀ ਸੈਂਟਰ ਵਾਲੇ ਦਫਤਰ ਵਿੱਚ ਪਿਆ ਹੈ, ਮੈਂ ਉੱਥੋਂ ਜਾ ਕੇ ਲੈ ਆਵਾਂ। ਤੈਨੂੰ ਕਿਵੇਂ ਪਤਾ ਲੱਗਿਆ, ਮੈਂ ਪੁੱਛਿਆ। ਤਾਂ ਉਸਨੇ ਦੱਸਿਆ ਕਿ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀ ਪਰ ਉਸ ਦਫਤਰ ਨੇ ਮੈਨੂੰ ਇਹ ਜਾਣਕਾਰੀ ਦਿੱਤੀ।
ਦੂਸਰੇ ਹੀ ਦਿਨ ਜਦੋਂ ਮੈਂ ਆਪਣਾ ਮੋਬਾਇਲ ਫੋਨ ਲੈਣ ਵਾਸਤੇ ਜਾ ਰਿਹਾ ਸੀ ਤਾਂ ਮੇਰੇ ਮਨ ਵਿੱਚ ਕਈ ਤੌਖਲੇ ਪੈਦਾ ਹੋ ਰਹੇ ਸਨ। ਕੀ ਮੇਰਾ ਮੋਬਾਇਲ ਉੱਥੇ ਹੋਵੇਗਾ ਵੀ ਜਾਂ ਨਹੀਂ? ਉਹ ਮੇਰੇ ਕੋਲ਼ੋਂ ਕੀ ਸਬੂਤ ਮੰਗਣਗੇ? ਕੀ ਕਿਸੇ ਗਵਾਹ ਦੀ ਵੀ ਲੋੜ ਪਇਗੀ ਜਾਂ ਨਹੀਂ? ਇਤਆਦਿ। ਮੇਰੇ ਇਹ ਤੌਖਲੇ ਨਿਰਮੂਲ ਨਹੀਂ ਸਨ। ਮੇਰੇ ਅਚੇਤ ਮਨ ਵਿੱਚ ਭਾਰਤ ਦੇ ਦਫਤਰਾਂ ਵਿੱਚ ਹੋ ਰਹੀ ਬੇਲੋੜੀ ਅਤੇ ਖੁਆਰ ਕਰਨ ਵਾਲੀ ਲੋਭੀ ਮਾਨਸਿਕਤਾ ਬੈਠੀ ਹੋਈ ਸੀ। ਪਿਛਲੇ ਸਾਲ ਮੇਰੀ ਪਤਨੀ ਅਤੇ ਉਸਦੀ ਛੋਟੀ ਭੈਣ ਇੱਕ ਤੀਰਥ ਯਾਤਰਾ ਉੱਤੇ ਗਈਆਂ ਸਨ। ਛੋਟੀ ਨੇ ਗਲਤੀ ਨਾਲ ਆਪਣਾ ਮੋਬਾਇਲ ਸਾਮਾਨ ਵਿੱਚ ਰੱਖ ਕੇ ਗਠੜੀ-ਘਰ ਵਿੱਚ ਜਮ੍ਹਾਂ ਕਰਵਾ ਦਿੱਤਾ। ਅਗਲੇ ਦਿਨ ਗਠੜੀ ਤਾਂ ਮਿਲ ਗਈ ਪਰ ਮੋਬਾਇਲ ਨਹੀਂ ਮਿਲਿਆ। ਸੌ ਪਾਪੜ ਵੇਲੇ, ਸਭ ਬੇਕਾਰ ਗਏ। ਕਰ ਲਓ ਘਿਓ ਨੂੰ ਭਾਂਡਾ!
ਖੈਰ! ਮੈਂ ਦੱਸੇ ਗਏ ਦਫਤਰ ਵਿੱਚ ਪਹੁੰਚ ਗਿਆ ਅਤੇ ਆਪਣੀ ਲੋੜ ਦੱਸੀ। ਡਿਊਟੀ ਵਾਲੇ ਨੇ ਮੇਰੇ ਕੋਲ਼ੋਂ ਮੋਬਾਇਲ ਦੀ ਕੰਪਨੀ ਅਤੇ ਮੌਡਲ ਪੁੱਛਿਆ। ਮੇਰਾ ਉੱਤਰ ਸੀ ਕਿ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਉਹ ਦਫਤਰ ਦੇ ਅੰਦਰ ਗਿਆ ਤੇ ਉਸਨੇ ਇੱਕ ਮੋਬਾਇਲ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ। ਮੈਂ ਕਿਹਾ ਕਿ ਇਹ ਮੇਰਾ ਨਹੀਂ ਹੈ। ਉਹ ਇੱਕ ਹੋਰ ਲਿਆਇਆ, ਉਹ ਵੀ ਮੇਰਾ ਨਹੀਂ ਸੀ। ਮੇਰੇ ਦਿਲ ਦੀ ਧੜਕਣ ਵਧਦੀ ਜਾ ਰਹੀ ਸੀ। ਉਹ ਤੀਸਰਾ ਲੈ ਆਇਆ, ਜਿਸ ਨੂੰ ਦੇਖਦੇ ਸਾਰ ਹੀ ਮੇਰੀ ਰੂਹ ਖਿੜ ਗਈ। ਉਸਨੇ ਮੇਰੇ ਚਿਹਰੇ ਵੱਲ ਦੇਖਿਆ ਅਤੇ ਮੋਬਾਇਲ ਮੇਰੇ ਹੱਥ ਫੜਾ ਦਿੱਤਾ। ਕੋਈ ਪੁੱਛ ਪੜਤਾਲ ਨਹੀਂ, ਕੋਈ ਡਾਕੂਮੈਂਟ ਨਹੀਂ, ਕੋਈ ਗਵਾਹ ਨਹੀਂ ਅਤੇ ਕੋਈ ਦਸਤਖਤ ਨਹੀਂ।
ਮੈਂ ਮੋਬਾਇਲ ਦਾ ਬੈਕ ਕਵਰ ਖੋਲ੍ਹਿਆ, ਆਪਣੇ ਅਤੇ ਸੁਪਤਨੀ ਦੇ ਫੋਨ ਨੰਬਰ ਦਿਖਾਏ। ਉਸ ਸ਼ਖਸ ਨੇ ਦੂਰੋਂ ਹੀ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ, “ਇਨ੍ਹਾਂ ਦੀ ਲੋੜ ਨਹੀਂ।”
ਇਹ ਹੈ ਕੈਨੇਡਾ!...
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































