ਮੈਂ ਉਰਦੂ ਸ਼ਾਹਮੁਖੀ ਦੇ ਲਿਖਾਰੀਆਂ ਨੂੰ ਖਾਸ ਕਰਕੇ ਅਤੇ ਹਰ ਭਾਸ਼ਾ ਦੇ ਲਿਖਾਰੀਆਂ ਨੂੰ ਆਮ ਕਰਕੇ ਬੇਨਤੀ ਕਰਦਾ ਹਾਂ ਕਿ ...
(2 ਅਗਸਤ 2024)


ਵਿਚਾਰ ਅਧੀਨ ਮੁੱਦਾ ਹੈ ਉਰਦੂ ਅਤੇ ਸ਼ਾਹਮੁਖੀ ਵਿੱਚ ਪੂਰੀਆਂ ਮਾਤਰਾਂ ਕਿਓਂ ਨਹੀਂ ਟਾਈਪ ਕੀਤੀਆਂ ਜਾਂਦੀਆਂ। ਪਰ ਪਹਿਲੋਂ ਲਿੱਪੀਆਂ ਵਾਰੇ ਕੁਝ ਜ਼ਰੂਰੀ ਨੁਕਤੇ ਸੰਖੇਪ ਵਿੱਚ ਵਿਚਾਰ ਲਏ ਜਾਣ ਤਾਂ ਠੀਕ ਰਹੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਭਾਸ਼ਾ ਦਾ ਹੌਲ਼ੀ-ਹੌਲ਼ੀ ਤੇ ਕੁਦਰਤੀ ਵਿਕਾਸ ਹੋਇਆ, ਪਹਿਲੋਂ ਬੋਲਣ ਲਈ ਤੇ ਫਿਰ ਲਿਖਣ ਲਈ। ਇਸ ਕਾਰਜ ਨੂੰ ਸਦੀਆਂ ਦਾ ਸਮਾਂ ਲੱਗਿਆ। ਭਾਸ਼ਾਵਾਂ ਅਤੇ ਲਿੱਪੀਆਂ ਦਾ ਵਿਕਾਸ ਅੱਜ ਵੀ ਹੋ ਰਿਹਾ ਹੈ ਅਤੇ ਅੱਗੇ ਨੂੰ ਵੀ ਹੁੰਦਾ ਰਹੇਗਾ। ਵਿਕਾਸ ਹੀ ਜੀਵਨ ਹੈ ਹਰ ਇੱਕ ਸ਼ੈ ਦਾ। ਵਿਕਾਸ ਦੀ ਗਤੀ ਉਸ ਭਾਸ਼ਾ ਜਾਂ ਲਿੱਪੀ ਵਿਸ਼ੇਸ਼ ਨੂੰ ਬੋਲਣ ਲਿਖਣ ਵਾਲ਼ਿਆਂ ਦੀ ਬੌਧਕਤਾ
, ਸੋਚ ਅਤੇ ਇੱਛਾ ਅਨੁਸਾਰ ਹੁੰਦੀ ਹੈ। ਭਾਸ਼ਾਵਾਂ ਅਤੇ ਲਿੱਪੀਆਂ ਨੂੰ, ਉਨ੍ਹਾਂ ਵਿੱਚ ਲਿਖੇ ਗਏ ਧਰਮ ਗ੍ਰੰਥਾਂ ਨੇ ਅਮਰਤਾ ਵੀ ਬਖ਼ਸ਼ੀ ਹੈ ਅਤੇ ਜੜ੍ਹ ਜੂਨੀ ਵੀ। ਸੂਝਵਾਨ ਵਿਦਵਾਨ ਅਤੇ ਮਾਹਰ ਭਾਸ਼ਾ ਅਤੇ ਲਿੱਪੀ ਨੂੰ ਸਮਿਆਂ ਦੀਆਂ ਹਾਣੀ ਬਣਾਉਣ ਦੇ ਸਦਾ ਯਤਨ ਕਰਦੇ ਰਹਿੰਦੇ ਹਨ। ਸਮਾਂ, ‘ਚੋਰ ਸਿਪਾਹੀ ਦੀ ਚਾਲ’ ਵਿਚਲੇ ਚੋਰ ਵਾਂਗ ਸਦਾ ਅੱਗੇ ਰਹਿੰਦਾ ਹੈ।

ਪੰਜਾਬੀ ਦੀਆਂ ਦੋ ਲਿੱਪੀਆਂ ਹਨ। ਗੁਰਮੁਖੀ ਅਤੇ ਸ਼ਾਹਮੁਖੀ। ਸਮੇਂ ਨੇ ਬੋਲਣ ਵਾਲ਼ਿਆਂ ਦੀ ਗਿਣਤੀ ਪੱਖੋਂ ਸ਼ਾਹਮੁਖੀ ਨੂੰ ਪਹਿਲੇ ਨੰਬਰ ਉੱਤੇ ਲੈ ਆਂਦਾ ਹੈ। ਇਨ੍ਹਾਂ ਵਿੱਚੋਂ ਵਿਰਲੇ ਹੀ ਹਨ ਜੋ ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਦੇ ਵਿਦਵਾਨ ਹਨ। ਹਰ ਇੱਕ ਵਿਅਕਤੀ ਤੋਂ ਇਹ ਆਸ ਰੱਖੀ ਵੀ ਨਹੀਂ ਜਾ ਸਕਦੀ। ਪਰ ਗੁਰਮੁਖੀ ਅਤੇ ਸ਼ਾਹਮੁਖੀ ਦੀਆਂ ਚੰਗੀਆਂ ਰਚਨਾਵਾਂ ਦਾ ਪਰਿਵਰਤਨ ਇੱਛਾਵਾਨਾਂ ਅੱਗੇ ਜ਼ਰੂਰ ਪਰੋਸਿਆ ਜਾ ਸਕਦਾ ਹੈ। ਇਸ ਕਾਰਜ ਲਈ ਅਜੋਕਾ ਕੰਪਿਊਟਰ ਅਤੇ ਪ੍ਰੋਗਰਾਮਰ, ਦੋਵੇਂ ਹੀ ਸਮਰੱਥ ਹਨ। ਪੰਜਾਬੀਆਂ ਦੇ ਇੱਕ ਦੂਜੇ ਦੇ ਜੀਵਨ ਢੰਗ ਨੂੰ ਸਮਝਣ ਲਈ ਇਨ੍ਹਾਂ ਦੋਹਾਂ ਲਿੱਪੀਆਂ ਦਾ ਆਪਸੀ ਪਰਿਵਰਤਨ ਬਹੁਤ ਜ਼ਰੂਰੀ ਹੈ ਤੇ ਸਹੀ ਢੰਗ ਤਰੀਕਾ ਹੈ।

ਲੇਖਕ 25, 30 ਸਾਲ ਤੋਂ ਗੁਰਮੁਖੀ ਸ਼ਾਹਮੁਖੀ ਪਰਿਵਰਤਨ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਯਤਨਾਂ ਵਿੱਚ ਹੈ। ਗੁਰਮੁਖੀ, ਸ਼ਾਹਮੁਖੀ ਦਾ ਦੁਪਾਸੀ ਪਰਿਵਰਤਨ ਦੋ ਵਿਧੀਆਂ ਨਾਲ਼ ਕੀਤਾ ਜਾ ਸਕਦਾ ਹੈ। 1. ਅੱਖਰ ਤੋਂ ਅੱਖਰ ਦਾ, ਜਿਨ੍ਹਾਂ ਦੀ ਕੁੱਲ ਗਿਣਤੀ ਸੌ ਕੁ ਦੇ ਕਰੀਬ ਬਣਦੀ ਹੈ। ਇਹ ਸੌਖਾ ਤਰੀਕਾ ਹੈ। ਪਰ ਇਸ ਲਈ ਚਾਹੀਦਾ ਹੈ ਕਿ ਜਿੱਥੋਂ ਤੀਕਰ ਹੋ ਸਕੇ, ਦੋਹਾਂ ਲਿੱਪੀਆਂ ਦੇ ਅੱਖਰ ਸਮਾਨਾਂਤਰ ਹੋਣ, ਜੋ ਹਨ ਨਹੀਂ ਇਸ ਲਈ ਕਿਤੇ ਨਾ ਕਿਤੇ ਸਮਝੌਤਾ ਕਰਨਾ ਪੈਂਦਾ ਹੈ। 2. ਸ਼ਬਦ ਤੋਂ ਸ਼ਬਦ ਦਾ। ਹੋ ਇਹ ਵੀ ਸਕਦਾ ਹੈ ਪਰ ਸ਼ਬਦਾਂ ਦੀ ਗਿਣਤੀ ਲੱਖਾਂ, ਕਰੋੜਾਂ ਭਾਵ ਅਸੀਮ ਹੈ ਤੇ ਪ੍ਰੋਗਰਾਮ ਸੀਮਤ ਸ਼ਬਦਾਂ ਦਾ ਹੀ ਬਣਾਇਆ ਜਾ ਸਕਦਾ ਹੈ। ਸੌਖ ਅਤੇ ਦਰੁਸਤੀ ਲਈ ਪਰਵਰਤਨ ਲਈ ਦੋਹਾਂ ਵਿਧੀਆਂ ਦਾ ਸੁਮੇਲ ਹੀ ਠੀਕ ਰਹਿੰਦਾ ਹੈ।

ਇਨ੍ਹਾਂ ਪਰਿਵਤਨਾਂ ਵਿੱਚ ਵੱਡੀ ਸਮੱਸਿਆ ਹੈ ਲਿਖਣ ਸਮੇਂ ਰਚਨਾਵਾਂ ਵਿੱਚ ਬਣਦੀਆਂ ਮਾਤਰਾਂ ਦਾ ਨਾ ਲਾਉਣਾ। ਮਾਤਰਾਂ ਦੀ ਅਣਹੋਂਦ ਵਿੱਚ ਵਾਕ ਦੇ ਸੰਦਰਭ ਵਿੱਚ ਪਾਠਕ ਸੋਝੀ ਅਨੁਸਾਰ ਸ਼ਬਦ ਨੂੰ ਆਪੇ ਹੀ ਸਮਝਦਾ ਹੈ ਤੇ ਸੋਝੀ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ। ਇਸ ਵਿਚਾਰ ਨੂੰ ਵਿਦਵਾਨਾਂ ਨੇ ਵੀ ਪਰਵਾਨ ਕਰ ਲਿਆ ਹੈ ਕਿ ਇਸ ਵਿਧੀ ਅਨੁਸਾਰ ਅਰਥਾਂ ਨਾਲ਼ ਅਨਰਥ ਹੁੰਦੇ ਦੇਖੇ ਸੁਣੇ ਗਏ ਹਨ। ਇਹ ਕਾਰਵਾਈ ਸ਼ਾਹਮੁਖੀ ਨੂੰ ਗੁਰਮੁਖੀ ਵਿੱਚ ਉਲਥਾਉਣ ਵੇਲੇ ਸਿਖਰ ਉੱਤੇ ਦੇਖੀ ਗਈ ਹੈ।

ਪਰਵਰਤਨ ਸਬੰਧੀ ਸਹੀ ਗੱਲ ਤਾਂ ਇਹ ਹੈ ਕਿ ਜੇ ਸ਼ਾਹਮੁਖੀ ਵਿੱਚ ਬਣਦੀਆਂ ਸਾਰੀਆਂ ਮਾਤਰਾਂ ਲਾਈਆਂ ਜਾਣ ਤਾਂ ਸ਼ਾਹਮੁਖੀ ਤੋਂ ਗੁਰਮੁਖੀ ਪਰਵਰਤਨ ਇੱਕ ਬੱਚਿਆਂ ਦੀ ਖੇਲ੍ਹ ਬਣ ਜਾਂਦਾ ਹੈ ਅਤੇ ਹੋਵੇਗਾ ਵੀ ਲਗਭਗ ਸੌ ਪ੍ਰਤੀਸ਼ਤ ਠੀਕ। ਇੰਨੀਆਂ ਲਾਭਦਾਇਕ ਹੋਣ ਤੇ ਵੀ ਸ਼ਾਹਮੁਖੀ ਵਿੱਚ ਸਾਰੀਆਂ ਮਾਤਰਾਂ ਕਿਓਂ ਨਹੀਂ ਲਾਈਆਂ ਜਾਂਦੀਆਂ, ਇਸ ਸਬੰਧੀ ਲੇਖਕ ਵੱਲੋਂ ਉਰਦੂ ਦੇ ਵਿਦਵਾਨਾਂ ਅੱਗੇ ਸਮੇਂ ਸਮੇਂ ਸਵਾਲ ਉਠਾਏ ਗਏ ਹਨ। ਤੇ ਉੱਤਰ ਕੁਝ ਅੱਗੇ ਲਿਖੇ ਅਨੁਸਾਰ ਮਿਲ਼ੇ ਹਨ।

1. ਧਾਰਮਕ ਗ੍ਰੰਥਾਂ ਵਿੱਚ ਮਾਤਰਾਂ ਦੀ ਬਹੁਤ ਘੱਟ ਵਰਤੋਂ ਹੈ, ਇਸ ਲਈ ਆਮ ਲਿਖਤਾਂ ਵਿੱਚ ਵੀ ਮਾਤਰਾਂ ਨਹੀਂ ਲਾਈਆਂ ਜਾਂਦੀਆਂ। (ਸੂਚਨਾ: ਲੇਖਕ ਨੇ ਸਮਰਾਲ਼ੇ ਮਸਜਿਦ ਵਿੱਚ ਜਾ ਕੇ ਆਪ ਦੇਖਿਆ ਕਿ ਕੁਰਾਨ ਸ਼ਰੀਫ ਵਿੱਚ ਪੂਰੀਆਂ ਮਾਤਰਾਂ ਲੱਗੀਆਂ ਹੋਈਆਂ ਹਨ। ਜਦੋਂ ਇਸਦੀ ਚਰਚਾ ਉਰਦੂ ਲਿਖਾਰੀਆਂ ਨਾਲ਼ ਕੀਤੀ ਤਾਂ, “ਘੱਟ ਪੜ੍ਹਿਆਂ ਨੂੰ ਕੁਰਾਨ ਸ਼ਰੀਫ ਦੀ ਸਹੀ ਸਮਝ ਦੇਣ ਲਈ ਇਹ ਲਾਈਆਂ ਗਈਆਂ ਹਨ। ਵਰਨਾ ਅਸਲੀ ਕੁਰਾਨ ਸ਼ਰੀਫ ਵਿੱਚ ਪੂਰੀਆਂ ਮਾਤਰਾਂ ਨਹੀਂ ਲਾਈਆਂ ਗਈਆਂ” ਉੱਤਰ ਮਿਲ਼ਿਆ ਸੀ। ਪਰ ਇਹ ਵਰਤਾਰਾ ਗੁਰਮੁਖੀ ਵਿੱਚ ਨਹੀਂ। ਇਸ ਦੇ ਧਾਰਮਕ ਗ੍ਰੰਥਾਂ ਵਿੱਚ ਮਾਤਰਾਂ ਪਾਉਣ ਦੀ ਆਪਣੀ ਗਰਾਮਰ ਹੈ ਅਤੇ ਆਮ ਰਚਨਾਵਾਂ ਵਿੱਚ ਹੋਰ। ਗੁਰਮੁਖੀ ਲਿੱਪੀ ਵਿੱਚ ਲੋੜ ਅਨੁਸਾਰ ਵਿਕਾਸ ਹੋ ਰਿਹਾ ਹੈ, ਜਿਸਦੀਆਂ ਸਪਸ਼ਟ ਉਦਾਹਰਣਾਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨਕੋਸ਼ ਵਿੱਚ ਅਤੇ ਪੁਰਾਣੀ ਤੇ ਅਜੋਕੀ ਪੰਜਾਬੀ ਦਾ ਮੁਕਾਬਲਾ ਕਰ ਕੇ ਦੇਖੀਆਂ ਜਾ ਸਕਦੀਆਂ ਹਨ।

2. ਲਿਖਾਰੀ ਦਾ ਸੁਸਤੀ ਮਾਰਨ ਦਾ ਸੁਭਾਅ। ਪਰ ਸੁਸਤੀ ਗੁਰਮੁਖੀ ਵਿੱਚ ਘੱਟ ਅਤੇ ਸ਼ਾਹਮੁਖੀ ਵਿੱਚ ਵੱਧ ਕਿਉਂ ਮਾਰੀ ਜਾਂਦੀ ਹੈ? ਮਾਤਰਾਂ ਘੱਟ ਪਾਉਣ ਵਾਲ਼ਿਆਂ ਦੀ ਦਲੀਲ ਹੈ ਕਿ ਜਦੋਂ ਇਨ੍ਹਾਂ ਦੇ ਪਾਉਣ ਤੋਂ ਬਿਨਾਂ ਹੀ ਸਰ ਜਾਂਦਾ ਹੈ, ਫਿਰ ਵਾਧੂ ਖੇਚਲ਼ ਕਿਉਂ ਕੀਤੀ ਜਾਵੇ?

3. ਸ਼ਾਹਮੁਖੀ (ਉਰਦੂ) ਵਿਦਵਾਨ ਪੂਰੀਆਂ ਮਾਤਰਾਂ ਲਿਖਣ ਵਾਲ਼ੇ ਨੂੰ ਅਨਾੜੀ ਸਮਝਦੇ ਹਨ ਅਤੇ ਘੱਟ ਪਾਉਣ ਵਾਲ਼ੇ ਨੂੰ ਪਹੁੰਚਿਆ ਹੋਇਆ ਵਿਦਵਾਨ। ਹਰ ਕੋਈ ਆਪਣੇ ਆਪ ਨੂੰ ਇੱਕ ਪਹੁੰਚਿਆ ਹੋਇਆ ਵਿੱਦਵਾਨ ਹੀ ਸਮਝਿਆ ਜਾਣਾ ਚਾਹੁੰਦਾ ਹੈ।

4. ਕੋਰਟ ਕਚਹਿਰੀ ਦੀ ਭਾਸ਼ਾ ਦੇ ਲਿਖਣ ਦੀ ਰੁਚੀ ਸੰਖੇਪ ਹੱਥ ਲਿਖਤ (ਸ਼ੌਰਟ ਹੈਂਡ) ਵੱਲ ਨੂੰ ਤੋਰਦੀ ਹੈ ਤਾਂ ਕਿ ਹਾਕਮ ਦੇ ਬੋਲਣ ਦੇ ਨਾਲ਼-ਨਾਲ਼ ਹੀ ਲਿਖਿਆ ਜਾਵੇ ਅਤੇ ਕੋਈ ਭਾਗ ਰਹਿ ਨਾ ਜਾਏ। ਉਰਦੂ ਭਾਸ਼ਾ, ਜੋ ਸ਼ਾਹਮੁਖੀ ਦੀ ਮਾਂ ਹੈ, ਕਈ ਸਦੀਆਂ ਤੀਕਰ ਪੰਜਾਬ ਦੀ ਸਰਕਾਰੀ ਦਰਬਾਰੀ ਭਾਸ਼ਾ ਰਹੀ ਹੈ। ਸੋ ਲਿਖਾਰੀ ਛੇਤੀ ਲਿਖਣ ਲਈ ਮਾਤਰਾਂ ਲਿਖਣੀਆਂ ਛੱਡ ਦਿੰਦੇ ਹਨ।

5. ਸ਼ਾਹਮੁਖੀ ਤੇ ਉਰਦੂ ਪਹਿਲੋਂ ਪ੍ਰਿੰਟ ਕਰਨ ਲਈ ਕੰਪੋਜ਼ ਕਰਨ ਦੇ ਯੋਗ ਨਹੀਂ ਸਨ। ਸੋ ਅਖ਼ਬਾਰ, ਕਿਤਾਬਾਂ ਪਹਿਲੋਂ ਕਾਤਿਬਾਂ ਵੱਲੋਂ ਹੱਥ ਨਾਲ਼ ਲਿਖੀਆਂ ਜਾਂਦੀਆਂ ਸਨ। ਕਾਤਿਬ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਲਿਖਣ ਲਈ ਪੂਰੀਆਂ ਮਾਤਰਾਂ ਪਾਉਣ ਦੀ ਕੁਤਾਹੀ ਕਰ ਜਾਂਦੇ ਸਨ। ਪਾਠਕਾਂ ਕੋਲ਼ ਉਦੋਂ ਵੀ ਤੇ ਅੱਜ ਵੀ ਸਿਵਾਏ ਇਸ ਕਮਜ਼ੋਰੀ ਨੂੰ ਸਵੀਕਾਰ ਕਰਨ ਦੇ ਕੋਈ ਦੂਸਰਾ ਰਾਹ ਨਹੀਂ ਰਹਿ ਜਾਂਦਾ ਸੀ। ਜੇ ਪਾਠਕ ਕਿੰਤੂ ਪ੍ਰੰਤੂ ਉਠਾਉਣ ਤਾਂ ਪ੍ਰਿੰਟਰ ਕੋਲ਼ ਵੀ ਠੀਕ ਛਾਪਣ ਤੋਂ ਬਿਨਾਂ ਕੋਈ ਹੋਰ ਰਾਹ ਬਾਕੀ ਨਾ ਹੋਵੇ। ਅਸਲ ਵਿੱਚ ਪੂਰੀਆਂ ਮਾਤਰਾਂ ਨਾ ਪਾਉਣ ਦਾ ਵੱਡਾ ਕਾਰਨ ਇਹੋ ਹੀ ਜਾਪਦਾ ਹੈ।

ਮੇਰੀ ਸੂਝ ਅਨੁਸਾਰ ਕੰਪਿਊਟਰ ਦੇ ਆ ਜਾਣ ਨਾਲ਼ ਉਪਰੋਕਤ ਕਾਰਨਾਂ ਵਿੱਚੋਂ ਜੇ ਸਾਰੇ ਨਹੀਂ ਤਾਂ ਬਹੁਤੇ ਕਾਰਨ ਅੱਜ ਅਲੋਪ ਹੋ ਚੁੱਕੇ ਹਨ। ਆਸ ਕੀਤੀ ਜਾਂਦੀ ਹੈ ਕਿ ਹੁਣ ਸ਼ਾਹਮੁਖੀ ਲਿਖਣ ਜਾਂ ਟਾਈਪ ਕਰਨ ਵਾਲ਼ਿਆਂ ਨੂੰ ਪੂਰੀਆਂ ਮਾਤਰਾਂ ਪਾਉਣ ਵੱਲ ਮੋੜਾ ਕੱਟਣਾ ਚਾਹੀਦਾ ਹੈ। ਪਰ ਕੱਟਦਾ ਦਿਖਾਈ ਨਹੀਂ ਦੇ ਰਿਹਾ। ਕਿਉਂ? ਇਹੋ ਹੀ ਅੱਜ ਦਾ ਵੱਡਾ ਮਸਲਾ ਹੈ। ਜੇ ਰੋਗ ਲੱਗ ਪਵੇ ਤਾਂ ਉਸਦਾ ਭੋਗ ਵੀ ਪਾਇਆ ਜਾ ਸਕਦਾ ਹੈ।

ਇਸਦਾ ਕਾਰਨ ਜਾਣਨ ਲਈ ਮੈਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਜੁਲਾਈ 21, 2024 ਦੀ ਮੀਟਿੰਗ ਵਿੱਚ ਇਹ ਮੁੱਦਾ ਪੇਸ਼ ਕੀਤਾ। ਕਿਉਂਕਿ ਇਸ ਵਿੱਚ ਬਹੁਤ ਸਾਰੇ ਪਾਕਿਸਤਾਨੀ ਵਿਦਵਾਨ ਜਿਵੇਂ ਕਿ ਓਰੀਐਂਟਲ ਕਾਲਜ ਲਾਹੌਰ ਦੀ ਪ੍ਰਿੰਸੀਪਲ ਤੇ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰਲ ਸਟੱਡੀਜ਼ ਦੀ ਡਾਇਰੈਕਟਰ ਡਾ. ਨਬੀਲਾ ਰਹਿਮਾਨ, ਪ੍ਰੋ. ਆਸ਼ਿਕ ਰਹੀਲ, ਹਜ਼ਰਤ ਸ਼ਾਮ ਸੰਧੂ, ਸਮੀਉੱਲਾ ਖ਼ਾਨ, ਰੋਬੀਨਾ ਨਸੀਮ, ਮਕਸੂਦ ਚੌਧਰੀ, ਰਸ਼ੀਦ ਨਦੀਮ, ਜ਼ਾਹਿਦਾ ਰਹੀਲ, ਅਹਿਮਦ ਫ਼ੈਸਲ ਸਦੀਕ, ਖ਼ਾਲਿਦ ਵਿਰਕ, ਮੁਹੰਮਦ ਉਸਮਾਨ ਖ਼ਾਨ, ਮਹੁੰਮਦ ਸਲੀਮ, ਮਹੁੰਮਦ ਉਮੈਦ ਵਿਰਕ, ਫ਼ੈਸਲ ਇਲਿਆਸ, ਸਲੀਮ ਜਾਵੇਦ ਆਦਿ ਇਸ ਹਾਜ਼ਰ ਸਨ। ਪਰ ਕਿਸੇ ਵੱਲੋਂ ਵੀ ਕੋਈ ਢੁਕਵਾਂ ਉੱਤਰ ਨਹੀਂ ਮਿਲਿਆ। ਕੇਵਲ ਪ੍ਰੋਫੈੱਸਰ ਆਸ਼ਿਕ ਰਹੀਲ ਹੋਰਾਂ ਨੇ ਕਿਹਾ, “ਇਸਦਾ ਉੱਤਰ ਮੈਂ 2008 ਵਿੱਚ ਦੇ ਚੁੱਕਿਆ ਹਾਂ” ਮੈਂ ਇਸ ਨੂੰ ਆਪਣੇ ਸਵਾਲ ਦੀ ਵਿਰੋਧਤਾ ਵਜੋਂ ਲਿਆ।

ਅਗਲੇ ਦਿਨ ਮੈਂ ਰਹੀਲ ਸਾਹਿਬ ਨੂੰ ਫੋਨ ਉੱਤੇ ਉਹ ਕਾਰਨ ਦੋਬਾਰਾ ਦੱਸਣ ਲਈ ਬੇਨਤੀ ਕੀਤੀ। ਉਨ੍ਹਾਂ ਕੋਈ ਖਾਸ ਨਹੀਂ ਦੱਸੇ। ਸਗੋਂ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਤਾਂ ਮੇਰੇ ਹੱਕ ਵਿੱਚ ਗੱਲ ਕੀਤੀ ਸੀ। ਖੈਰ ਮੈਂ ਤੇ ਰਹੀਲ ਸਾਹਿਬ ਕਈ ਦਹਾਕਿਆਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ। ਉਹ ਬਹੁਤ ਹੀ ਵਧੀਆ ਇਨਸਾਨ ਵੀ ਹਨ ਤੇ ਵਿਦਵਾਨ ਵੀ ਹਨ। ਮੈਂ ਉਨ੍ਹਾਂ ਦਾ ਦਿਲੋਂ ਸਤਕਾਰ ਕਰਦਾ ਹਾਂ, ਭਾਵੇਂ ਕਿ ਉਹ ਮੇਰੀ ਜਗਿਆਸਾ ਦੀ ਪੂਰਤੀ ਨਹੀਂ ਕਰ ਸਕੇ। ਪਰ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿੱਪੀਆਂਤਰ ਕੀਤੀਆਂ ਹਨ।

ਮੈਂ ਉਰਦੂ ਸ਼ਾਹਮੁਖੀ ਦੇ ਲਿਖਾਰੀਆਂ ਨੂੰ ਖਾਸ ਕਰਕੇ ਅਤੇ ਹਰ ਭਾਸ਼ਾ ਦੇ ਲਿਖਾਰੀਆਂ ਨੂੰ ਆਮ ਕਰਕੇ ਬੇਨਤੀ ਕਰਦਾ ਹਾਂ ਕਿ ਸੁਸਤੀਆਂ, ਲਾਪਰਵਾਹੀਆਂ ਲਿੱਪੀਆਂ ਨੂੰ ਗ਼ਲਤ ਦਿਸ਼ਾਵਾਂ ਵੱਲ ਤੋਰਦੀਆਂ ਹਨ। ਕਿਰਪਾ ਕਰਕੇ ਅਪਣੀਆਂ ਰਚਨਾਵਾਂ ਵਿੱਚ ਸਹੀ ਅਤੇ ਪੂਰੀਆਂ ਮਾਤਰਾਂ ਦੀ ਵਰਤੋਂ ਕਰੋ। ਸਹੀ ਗੱਲ ਤਾਂ ਇਹ ਵੀ ਹੈ ਕਿ ਅੱਖਰਾਂ, ਸ਼ਬਦਾਂ, ਮਾਤਰਾਂ ਦੀ ਸਹੀ ਵਰਤੋਂ ਜਿੰਨੀ ਜ਼ਰੂਰੀ ਹੈ, ਪੰਕਚੂਏਸ਼ਨ ਚਿੰਨ੍ਹਾਂ ਦੀ ਸਹੀ ਵਰਤੋਂ ਵੀ ਉੰਨੀ ਹੀ ਜ਼ਰੂਰੀ ਹੈ। ਪੰਕਚੂਏਸ਼ਨ ਦੀ ਗ਼ਲਤ ਵਰਤੋਂ ਕਈ ਪਰਮਾਣਤ ਲਿਖਾਰੀ ਵੀ ਆਮ ਹੀ ਕਰ ਜਾਂਦੇ ਹਨ। ਸਾਡੀਆਂ ਅੱਜ ਦੀਆਂ ਕਿਤਾਬਾਂ ਅਤੇ ਅਖ਼ਬਾਰਾਂ ਰਸਾਲੇ ਇਸ ਦੇ ਚਸ਼ਮਦੀਦ ਗਵਾਹ ਹਨ।

ਅੰਤ ਵਿੱਚ ਮੈਂ ਵਿਦਵਾਨਾਂ ਅੱਗੇ ਬੇਨਤੀ ਕਰਦਾ ਹਾਂ ਕਿ ਸਵਾਲ ਅਧੀਨ ਮੁੱਦੇ - ਉਰਦੂ ਸ਼ਾਹਮੁਖੀ ਲਿਖਣ ਸਮੇਂ ਬਹੁਤੀਆਂ ਮਾਤਰਾਂ ਕਿਉਂ ਛੱਡ ਦਿੱਤੀਆਂ ਜਾਂਦੀਆਂ ਹਨ - ਕੀ ਇਹ ਸਹੀ ਹਨ ਜਾਂ ਗ਼ਲਤ, ਸਬੰਧੀ ਜੋ ਵੀ ਤੁਹਾਡੇ ਵਿਚਾਰ ਹਨ, ਉਨ੍ਹਾਂ ਤੋਂ ਜਾਣੂ ਜ਼ਰੂਰ ਕਰਵਾਓ। ਤੁਹਾਡੇ ਵਿਚਾਰ ਭਵਿੱਖ ਵਿੱਚ ਲਿੱਪੀਆਂ ਦੇ ਸੁਧਾਰ, ਵਿਕਾਸ ਲਈ ਲਾਹੇਵੰਦ ਹੀ ਹੋਣਗੇ। ਧੰਨਵਾਦ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5182)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author