“ਮੁੱਖ-ਹਾਲ ਹਾਸਿਆਂ, ਹੌਸਲਿਆਂ ਅਤੇ ਤਾੜੀਆਂ ਨਾਲ ਸਦਾ ਗੂੰਜਦਾ ਰਹਿੰਦਾ ਹੈ। ਭਰ ਵਗਦੇ ਦਰਿਆ ਵਾਂਗ ...”
(19 ਦਸੰਬਰ 2023)
ਇਸ ਸਮੇਂ ਪਾਠਕ: 290.
ਸੋਚੀਏ ਤਾਂ ਫੀਜ਼ੀਓਥੈਰਪੀ ਸੰਸਾਰ ਵਿਆਪੀ ਆਦਿ ਜੁਗਾਦੀ ਵਰਤਾਰਾ ਹੈ। ਸਮੇਂ ਅਤੇ ਸਮਰੱਥਾ ਅਨੁਸਾਰ ਇਸ ਨੇ ਵੀ ਆਪਣੇ ਰੰਗ ਢੰਗ ਬਦਲੇ ਹਨ। ਪਹਿਲਿਆਂ ਸਮਿਆਂ ਵਿੱਚ ਲੱਤਾਂ, ਬਾਹਾਂ, ਸਿਰ ਆਦਿ ਕਿਸੇ ਦੂਜੇ ਵੱਲੋਂ ਆਪਣੇ ਹੱਥਾਂ ਨਾਲ ਘੁੱਟਣ ਤਕ ਸੀਮਤ ਸੀ। ਅਜੋਕੇ ਸਮਿਆਂ ਵਿੱਚ ਇਹ ਸਰਬਵਿਆਪੀ ਅਤੇ ਤਕਨਾਲੋਜੀ ਭਰਪੂਰ ਬਣ ਗਈ ਹੈ। ਕਈਆਂ ਰੂਪਾਂ ਵਿੱਚ ਤਾਂ ਹੁਣ ਇਹ ਬਾਕੀ ਸਾਰੀਆਂ ਸਿਹਤ ਪਰਣਾਲੀਆਂ ਤੋਂ ਮੀਰੀ ਬਣਦੀ ਜਾ ਰਹੀ ਹੈ ਤੇ ਉਹ ਵੀ ਇਸਦਾ ਸਿੱਕਾ ਮੰਨਦੀਆਂ ਹਨ। ਸਿਆਣੇ ਕਹਿੰਦੇ ਹਨ ਕਿ ਸੌਂਹ ਖਾਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ।
ਕੁਝ ਦਿਨ ਪਹਿਲੋਂ ਸਮਰਾਲ਼ਾ ਵਿਖੇ ਮੈਂ ‘ਆਧਾਰ ਸਟੋਰ’ ਤੋਂ ਗ੍ਰੌਸਰੀ ਲੈਣ ਗਿਆ। ਪਹਿਲਿਆਂ ਸਾਲਾਂ ਵਿੱਚ ਮੈਂ ਉੱਥੋਂ ਇਹ ਖਰੀਦਦਾ ਰਿਹਾ ਸਾਂ। ਅੱਠ ਕੁ ਪੌੜੀਆਂ ਉੱਤਰ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਸਾਮਾਨ ਦੇ ਰੈਕਾਂ ਦੀ ਥਾਂ ਦੋ ਤਿੰਨ ਸੌ ਵਿਅਕਤੀਆਂ ਦੀ ਬੈਠੀ ਭੀੜ ‘ਹੂ ਹਾ’ ਕਰਦੀ ਦੇਖੀ। ਮੈਂ ਭਮੱਤਰ ਗਿਆ। ਜਿਵੇਂ ਵੱਗ ਵਿੱਚ ਗੁਆਚੀ ਗਾਂ ਜਾਂ ਮੇਲੇ ਵਿੱਚ ਗੁਆਚਿਆ ਬੱਚਾ ਭੰਬਲਭੂਸੇ ਵਿੱਚ ਪੈ ਜਾਂਦਾ ਹੈ। ਪਰੀ ਕਹਾਣੀਆਂ ਵਿੱਚ ਫਰਿਸਤੇ ਦੇ ਆਉਣ ਵਾਂਗ, ਉਦੋਂ ਹੀ ਖੱਬੀ ਵੱਖੀ ਵੱਲੋਂ ਇੱਕ ਬੰਦ ਦਰਵਾਜ਼ਾ ਖੁੱਲ੍ਹਿਆ ਤੇ ਬੀਬਾ ਨੇਹਾ ਸ਼ਰਮਾ ਨੇ ਬਾਪੂ ਜੀ, ਬਾਪੂ ਜੀ ਕਹਿਕੇ ਮੇਰੇ ਕੰਨਾਂ ਵਿੱਚ ਮਿਠਾਸ ਘੋਲ਼ ਦਿੱਤੀ। ਉਸਨੇ ਮੇਰੀ ਜਗਿਆਸਾ ਉੱਤੇ ਪੂਰਤੀ ਦਾ ਨਰਮ ਤੇ ਨਿੱਘਾ ਫੈਹਾ ਧਰਿਆ। ਮੈਂ ਬੀਬਾ ਦੀ ਅਪਣੱਤ ਤੋਂ ਪੂਰਾ ਪਰਭਾਵਤ ਹੋਇਆ। ਉਸ ਥਾਂ ਉੱਤੇ ਗਰੌਸਰੀ ਸਟੋਰ ਦੀ ਥਾਂ ਹੁਣ ਕਈ ਸਾਲਾਂ ਤੋਂ ‘ਹੰਗੂ ਫੀਜ਼ੀਓਥੈਰਪੀ ਕੇਂਦਰ’ ਚੱਲ ਰਿਹਾ ਹੈ। ਸਹੀ ਗੱਲ ਤਾਂ ਇਹ ਵੀ ਹੈ ਕਿ ਮੇਰੇ ਲਈ ਨਾ ਤਾਂ ਬਿਮਾਰਾਂ ਦੀਆਂ ਭੀੜਾਂ ਅਨੋਖੀਆਂ ਹਨ ਅਤੇ ਨਾ ਹੀ ਫੀਜ਼ੀਓਥੈਰਪੀ ਵਰਗੇ ਇਲਾਜ।
ਟੋਰਾਂਟੋ ਵਿੱਚ ਮੈਂ ਤੇ ਮੇਰੀ ਪਤਨੀ ਕਈ ਸਾਲ ਡਾ. ਗੁਰਮੀਤ ਸਿੰਘ ਮਿਨਹਾਸ ਬਰੈਂਪਟਨ ਦੀਆਂ ਫੀਜ਼ੀਓਥੈਰਪੀ ਦੀਆਂ ਸੇਵਾਵਾਂ ਦਾ ਲਾਹਾ ਲੈਂਦੇ ਰਹੇ ਹਾਂ। ਪੰਜਾਬ ਵਿੱਚ ਉਸ ਦੇ ਮੁਫਤ ਸੇਵਾ ਕੈਂਪਾਂ ਦਾ ਕਈ ਸਾਲ ਮੈਂ ਮੁੱਖ ਪ੍ਰਬੰਧਕ ਵੀ ਰਿਹਾ ਹਾਂ। ਹੁਣ ਮੇਰੀ ਉਮਰ ਨੱਬੇ ਦੇ ਨੇੜੇ ਢੁੱਕ ਗਈ ਹੈ ਅਤੇ ਮੇਰਾ ਸਰੀਰ ਅੱਗੇ ਨੂੰ ਬਹੁਤਾ ਹੀ ਝੁਕਣ ਲੱਗ ਪਿਆ ਹੈ। ਸਿੱਧੇ ਖੜ੍ਹੇ ਹੋਣ ਵਿੱਚ ਔਕੜ ਆ ਰਹੀ ਹੈ। ਬਰੈਂਪਟਨ ਵਿੱਚ ਮੈਂ ਸਰਕਾਰੀ ਫੀਜ਼ੀਓਥੈਰਪੀ ਦੀਆਂ 6 ਕੁ ਸਿਟਿੰਗ ਲਈਆਂ। ਪਰ ਉਮਰ ਦੇ ਸਾਲਾਂ ਨਾਲ ਸਮੱਸਿਆ ਵਧਦੀ ਹੀ ਜਾ ਰਹੀ ਹੈ। ਹੁਣ ਮੈਂ ਘਰ ਤੋਂ ਬਾਹਰ ਜਾਣਾ ਕਾਫੀ ਘੱਟ ਕਰ ਦਿੱਤਾ ਹੈ।
ਬੀਬਾ ਨੇਹਾ ਸ਼ਰਮਾ ਦੇ ਨਿੱਘੇ ਅਤੇ ਮਿੱਠੇ ਉਸਾਰੇ ਵਾਤਾਵਰਣ ਕਾਰਨ ਮੈਂ ਸਮਰਾਲ਼ੇ ਵਾਲ਼ੇ ਇਸ ‘ਹੰਗੂ ਥੈਰਪੀ ਕੇਂਦਰ’ ਵਿੱਚ ਸੇਵਾਵਾਂ ਲੈਣੀਆਂ ਆਰੰਭ ਕਰ ਦਿੱਤੀਆਂ, ਜਦੋਂ ਕਿ ਬਰੈਂਪਟਨ ਵਿੱਚ ਫੈਮਲੀ ਡਾਕਟਰ ਦੇ ਕਹਿਣ ਉੱਤੇ ਇਹ ਸੇਵਾਵਾਂ ਮੁਫਤ ਮਿਲਦੀਆਂ ਹਨ। ਉੱਥੇ ਕੇਂਦਰ ਵਿੱਚ ਇੱਕ ਮਰਿਆਦਾ ਹੁੰਦੀ ਹੈ। ਕਮਾਲ ਦੀ ਸਾਫ ਸਫਾਈ ਹੁੰਦੀ ਹੈ। ਹੋਰ ਤਾਂ ਹੋਰ ਸੀਨੀਅਰ ਹੋਣ ਦੇ ਨਾਤੇ ਆਉਣ ਜਾਣ ਦਾ ਬੱਸ ਦਾ ਕਰਾਇਆ ਵੀ ਕੋਈ ਨਹੀਂ ਲਗਦਾ। ਠਾਠ ਨਾਲ ਘਰੋਂ ਜਾਓ ਤੇ ਨਿਸ਼ਚਿਤ ਸਮੇਂ ਉੱਤੇ ਸੇਵਾਵਾਂ ਪਾਓ। ਪਰ ਉੱਥੇ ਸੇਵਾ ਹੁੰਦੀ ਹੈ ਇੱਕ ਸਮੇਂ ਸਰੀਰ ਦੇ ਕੇਵਲ ਇੱਕੋ ਭਾਗ ਦੀ।
ਇੱਧਰ ਸਮਰਾਲ਼ੇ ਕੇਂਦਰ ਵਿੱਚ ਸੇਵਾ-ਪ੍ਰਾਪਤੀ ਨੂੰ ਲੈਕਚਰ ਦੇ ਕੇ ਪਹਿਲੋਂ ਦਿਮਾਗੀ ਤੌਰ ਉੱਤੇ ਤਿਆਰ ਕੀਤਾ ਜਾਂਦਾ ਹੈ। ਉਸ ਨੂੰ ਮੱਥੇ ਅਤੇ ਮਨ ਦੀ ਅਸੀਮ ਸਮਰੱਥਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥’ ਦੇ ਅਰਥਾਂ ਦਾ ਸਾਰ ਸਮਝਾਇਆ ਜਾਂਦਾ ਹੈ। ਬਿਮਾਰੀ ਦੇ ਪੂਰਨ ਇਲਾਜ ਦਾ ਭਰੋਸਾ ਦੇ ਕੇ ਤਨ ਮਨ ਵਿੱਚ ਆਸ਼ਾ ਦੀ ਨਵੀਂ ਜੋਤ ਜਗਾਈ ਜਾਂਦੀ ਹੈ। ‘ਹੰਗੂਥੈਰਪੀ ਕੇਂਦਰ’ ਵਿੱਚ ਹਰ ਰੋਜ਼ 40-50 ਮਿੰਟਾਂ ਲਈ ਮੇਰਾ ਇਲਾਜ 25 ਦਿਨ ਚਲਦਾ ਰਿਹਾ। ਸਮੇਂ-ਸਮੇਂ ਐੱਮ.ਡੀ ਸਾਹਿਬ ਆ ਕੇ ਮਰੀਜ਼ਾਂ ਦਾ ਹਾਲ ਪੁੱਛਦੇ ਰਹਿੰਦੇ ਅਤੇ ਅੱਜ ਦੇ ਸਮੇਂ ਦੀਆਂ ਸਰੀਰਕ ਤਕਲੀਫਾਂ ਅਤੇ ਉਨ੍ਹਾਂ ਦੇ ਹਾਣੀ ਇਲਾਜਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ। ਡਾਕਟਰ ਸਾਹਿਬ ਮਰੀਜ਼ਾਂ ਦੇ ਦਿਲ ਦੀ ਗੱਲ ਸੁਣਦੇ-ਸੁਣਦੇ ਆਪਣੀ ਨਵੀਨਤਮ ਜਾਣਕਾਰੀ ਵੀ ਵੰਡੀ ਜਾਂਦੇ। ਉਹ ਆਪਣੇ ਹੱਥੀਂ ਮਰੀਜ਼ਾਂ ਦੀ ਮਸ਼ੀਨੀ ਮਾਲਸ਼ ਵੀ ਕਰਦੇ ਰਹਿੰਦੇ।
ਇਸ 25 ਦਿਨਾਂ ਦੇ ਸਮੇਂ ਅੰਦਰ ਮੈਂ ਅਨੁਭਵ ਕੀਤਾ ਕਿ ਇੱਥੋਂ ਦਾ ਸਾਰਾ ਸਟਾਫ ਹੀ ਸੁਖਾਵੀਂ ਅਤੇ ਸਨੇਹ ਭਰਪੂਰ ਸੇਵਾ ਪ੍ਰਦਾਨ ਕਰਨ ਲਈ ਪੱਬਾਂ ਭਾਰ ਹੋਇਆ ਰਹਿੰਦਾ ਹੈ। ਹਰ ਇੱਕ ਨੂੰ ਉਹ ਸਕੇ ਭੈਣਾਂ ਭਰਾਵਾਂ ਵਾਂਗ ਖਿੜੇ ਮੱਥੇ ਮਿਲ਼ਦਾ ਹੈ। ਮੁੱਖ-ਹਾਲ ਹਾਸਿਆਂ, ਹੌਸਲਿਆਂ ਅਤੇ ਤਾੜੀਆਂ ਨਾਲ ਸਦਾ ਗੂੰਜਦਾ ਰਹਿੰਦਾ ਹੈ। ਭਰ ਵਗਦੇ ਦਰਿਆ ਵਾਂਗ ਬਹੁਤ ਹੀ ਮੋਹ ਭਰਪੂਰ ਵਾਤਾਵਰਣ ਵਿੱਚ ਇਲਾਜ ਵੀ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ। ਔਖਧੀ-ਜਲ ਅਤੇ ਕਾਹਵਾ ਵੀ ਹਰ ਮਰੀਜ਼ ਨੂੰ ਮੁਫ਼ਤ ਪ੍ਰੋਸਿਆ ਜਾਂਦਾ ਹੈ।
ਇਸ ਕੇਂਦਰ ਵਿੱਚ ਇਲਾਜ ਮੁੱਖ ਤੌਰ ਉੱਤੇ ਕੰਪਿਊਟਰ-ਮਸ਼ੀਨ ਨਾਲ, ਜਿਸ ਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ ਹੈ, ਅਤੇ ਗਰਮ-ਮੈਟ ਨਾਲ ਕੀਤਾ ਜਾਂਦਾ ਹੈ। ਮਸ਼ੀਨ ਇੱਕੋ ਸਮੇਂ ਸਰੀਰ ਦੇ ਚਾਰ ਭਾਗਾਂ, ਪੈਰ, ਲੱਕ, ਮੋਢੇ ਅਤੇ ਹੱਥਾਂ ਉੱਤੇ ਇਲਾਜ ਕਰਦੀ ਹੈ। ਪਰ ਇਹ ਚਾਰੇ ਥਾਂ ਕੋਈ ਪੱਥਰ ’ਤੇ ਲਕੀਰ ਨਹੀਂ। ਰੋਗ ਅਨੁਸਾਰ ਇਨ੍ਹਾਂ ਦੀ ਥਾਂ ਬਦਲ ਕੇ ਗਿੱਟੇ, ਗੋਡੇ, ਪੇਟ ਆਦਿ ਕਿਸੇ ਥਾਂ ਵੀ ਕੀਤੀ ਜਾਂਦੀ ਹੈ। ਸਾਰੇ ਸਰੀਰ ਦੇ ਰੋਗਾਂ ਨੂੰ ਮਸ਼ੀਨੀ ਕੋਡਾਂ ਵਿੱਚ ਵਰਗੀਕਰਨ ਕੀਤਾ ਗਿਆ ਹੈ। ਜੋ ਕੱਲ੍ਹ 25 ਸਨ ਤੇ ਅੱਜ 30 ਹਨ, ਕੱਲ੍ਹ ਨੂੰ 35 ਜਾਂ ਇਸ ਤੋਂ ਵੀ ਵੱਧ ਕੋਡਾਂ ਵਿੱਚ ਰੱਖਿਆ ਜਾ ਸਕਦਾ ਹੈ। ਇਲਾਜ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹੁੰਆਂ ਤੀਕਰ ਕੀਤਾ ਜਾਂਦਾ ਹੈ।
ਐੱਮ.ਡੀ ਸਾਹਿਬ ਨੇ ਮੈਨੂੰ ਦੋ ਕਿਤਾਬਾਂ ਵੀ ਪੜ੍ਹਨ ਲਈ ਦਿੱਤੀਆਂ। ਪਹਿਲੀ ‘Quantem Medicine by Pau। Yanick, Jr.’ ਦੂਸਰੀ ‘The Vaccine Crime Report by Dr. Kamalpreet Singh MD.’ ਦੋਵੇਂ ਕਿਤਾਵਾਂ ਹੀ ਮਾਨਵਵਾਦੀ ਸੋਚ ਨੂੰ ਪਰਨਾਏ ਅਤੇ ਵਰੋਸਾਏ ਡਾਕਟਰਾਂ ਨੇ ਆਪਣੀ ਸਾਲਾਂ ਬੱਧੀ ਨਿਰਪੱਖ ਖੋਜ ਪਿੱਛੋਂ ਲਿਖੀਆਂ ਹਨ। ਦੋਹਾਂ ਨੇ ਕੁਦਰਤੀ ਜੀਵਨ, ਖਾਣ ਪੀਣ ਅਤੇ ਦੁਆਈ ਦਰਮਲ ਨੂੰ ਚੰਗੀ ਸਿਹਤ ਦਾ ਆਧਾਰ ਦਰਸਾਇਆ ਹੈ ਅਤੇ ਕੁਦਰਤੀ ਜੀਵਨ ਸ਼ੈਲੀ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਰੀਰਕ ਸਵੈ-ਸੋਧ/ਮੁਰੰਮਤ ਨੂੰ ਹੀ ਉੱਤਮ ਮੰਨਿਆ ਅਤੇ ਸਿੱਧ ਕੀਤਾ ਹੈ। ਦੋਵੇਂ ਕਿਤਾਬਾਂ ਮਨ ਦੇ ਨਵੇਂ ਕਿਵਾੜ ਖੋਲ੍ਹਣ ਵਾਲ਼ੀਆਂ ਹਨ। ਇਹ ਕਿਤਾਬਾਂ ਮੈਂ ਆਪਣੇ ਸਾਰੇ ਮਿੱਤਰ ਪਿਆਰਿਆਂ ਨੂੰ ਪੜ੍ਹਨ ਲਈ ਪ੍ਰੇਰਿਆ ਹੈ ਤੇ ਇਨ੍ਹਾਂ ਕਿਤਾਬਾਂ ਦੀ ਸੰਗਤ ਕਰਵਾਉਣ ਲਈ ਮੈਂ ਐੱਮ.ਡੀ ਸਾਹਿਬ ਦਾ ਰਿਣੀ ਹਾਂ। ਸਮਰਾਲ਼ੇ ਫਿਜ਼ੀਓਥੈਰਪੀ ਮੁੱਖ ਤੌਰ ਉੱਤੇ ਚਾਰ ਕੰਮ ਕਰਦੀ ਹੈ। ਜਿਵੇਂ ਪੱਠਿਆਂ ਨੂੰ ਮਜ਼ਬੂਤ ਕਰਨਾ, ਨਰਵ ਸਿਸਟਮ ਦੇ ਰੁਕੇ ਕੁਨੈਕਸ਼ਨ ਤੋਰ ਕੇ ਮੁੜ ਸਤਰਕ ਕਰਨਾ, ਖੂਨ ਦੇ ਬਹਾਓ ਦੀਆਂ ਰੁਕਾਵਟਾਂ ਹਟਾਕੇ ਉਸ ਨੂੰ ਵਧਾਉਣਾ ਅਤੇ ਸਰੀਰ ਨੂੰ ਆਰਾਮ ਦੇ ਕੇ ਤਣਾਓ ਮੁਕਤ ਕਰਨਾ। ਥੈਰਪੀ ਲੈਣ ਪਿੱਛੋਂ ਮੈਂ ਇਸ ਤਰ੍ਹਾਂ ਅਨੁਭਵ ਕਰਦਾ ਰਿਹਾ ਹਾਂ ਜਿਵੇਂ ਸਰੀਰ ਦੇ ਕੱਲ ਪੁਰਜ਼ਿਆਂ ਅਤੇ ਜੋੜਾਂ-ਮੋੜਾਂ ਨੂੰ ਲੁਬਰੀਕੇਸ਼ਨ ਦਾ 24 ਘੰਟੇ ਲਈ ਰਾਸ਼ਨ ਮਿਲ਼ ਗਿਆ ਹੋਵੇ। ਕੁਝ ਮਰੀਜ਼ਾਂ ਨੇ ਨਿੱਜੀ ਗੱਲਬਾਤ ਵੇਲੇ ਦੱਸਿਆ ਕਿ ਉਨ੍ਹਾਂ ਨੂੰ ਥੈਰਪੀ ਦੇ ਚਮਤਕਾਰੀ ਸਿੱਟੇ ਪ੍ਰਾਪਤ ਹੋਏ ਹਨ।
ਇੱਕ 35 ਕੁ ਸਾਲ ਦੀ ਬੀਬੀ ਨੇ ਆਪ ਜਾਣਕਾਰੀ ਦਿੱਤੀ ਕਿ ਉਸਦਾ ਵਾਲ਼-ਵਾਲ਼ ਰੋਗੀ ਸੀ। ਸਿਵਾਏ ਕੈਂਸਰ ਦੇ ਉਸ ਨੂੰ ਸਾਰੇ ਰੋਗ ਸਨ। ਦਿਨ ਵਿੱਚ ਉਹ 17 ਗੋਲ਼ੀਆਂ ਲੈਂਦੀ ਸੀ। ਡਾਕਟਰਾਂ ਨੇ ਉਸ ਨੂੰ 5 ਸਾਲ ਦੀ ਬੈੱਡ ਰੈੱਸਟ ਦੀ ਸਲਾਹ ਦਿੱਤੀ ਸੀ। ਇਸ ਕੇਂਦਰ ਤੋਂ ਇੱਕ ਸਾਲ ਥੈਰਪੀ ਲੈਣ ਪਿੱਛੋਂ ਉਹ ਹੁਣ ਬਿਲਕੁਲ ਠੀਕ ਹੋ ਗਈ ਹੈ ਅਤੇ ਹੁਣ ਉਹ ਕੋਈ ਗੋਲ਼ੀ ਨਹੀਂ ਲੈਂਦੀ। ਹੁਣ ਉਸਨੇ ਇੱਥੋਂ ਵਾਲੀ ਥੈਰਪੀ ਮਸ਼ੀਨ ਆਪਣੇ ਘਰ ਹੀ ਰੱਖੀ ਹੋਈ ਹੈ। ਉਹ, ਉਸਦੇ ਮਾਤਾ ਪਿਤਾ ਅਤੇ ਬੇਟੀ ਜਦੋਂ ਚਾਹੁਣ ਮਸ਼ੀਨ ਦੀ ਸੇਵਾ ਲੈ ਲੈਂਦੇ ਹਨ ਅਤੇ ਹਰ ਰੋਜ਼ ਲੈਂਦੇ ਹਨ। ਮੇਰੀਆਂ ਅੱਖਾਂ ਸਾਰਾ ਸੱਚ ਸਾਫ ਦੇਖ ਰਹੀਆਂ ਸਨ ਪਰ ਕਈ ਵੇਰ ਸੱਚ ਸਾਹਮਣੇ ਦੇਖ ਕੇ ਵੀ ਇਹ ਮਰਜਾਣਾ ਮਨ ਵਿਸ਼ਵਾਸ ਕਿਉਂ ਨਹੀਂ ਕਰਦਾ?
ਦੂਸਰੀ 40 ਕੁ ਸਾਲ ਦੀ ਬੀਬੀ ਨੇ ਦੱਸਿਆ ਕਿ ਉਸਦੇ ਦੋ ਬੇਟੇ ਦੋ ਬੇਟੀਆਂ ਹਨ। ਜਦੋਂ ਸਭ ਤੋਂ ਛੋਟੀ ਬੇਟੀ ਪੈਦਾ ਹੋਈ ਉਸਦੇ ਨਾਲ ਹੀ ਉਸਦੀ ਮਾਤਾ ਸੁਰਗਵਾਸ ਹੋ ਗਈ। ਇਹ ਬੀਬੀ ਇਸ ਸਦਮੇ ਨਾਲ ਬੇਹੋਸ਼ ਹੋ ਗਈ ਅਤੇ ਸਾਰਾ ਸਰੀਰ ਪਾਰਕਿਨਸਨ ਦੇ ਰੋਗ ਨਾਲ ਗ੍ਰਸਿਆ ਗਿਆ। ਢਾਈ ਮਹੀਨੇ ਦੇ ਥੈਰਪੀ ਨਾਲ ਹੁਣ ਉਸਦੀ ਪਾਰਕਿਨਸਨ ਦੀ ਬਿਮਾਰੀ ਰੁਪਏ ਵਿੱਚੋਂ 75 ਪੈਸੇ ਠੀਕ ਹੋ ਗਈ ਹੈ। ਜਦੋਂ ਵੀ ਉਹ ਮੈਨੂੰ ਮਿਲ਼ਦੀ ਹੈ ਬੜੇ ਖੁਸ਼ੀ ਭਰੇ ਰੌਂ ਵਿੱਚ ਅਪਣੱਤ ਭਰੀ ਫਤਿਹ ਬਲਾਉਂਦੀ ਹੈ। ਜੋ ਉਸਦੇ ਮਨ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਹੈ।
ਬੀਬਾ ਨੇਹਾ ਸ਼ਰਮਾ ਨੇ ਸਾਡੇ ਗਰੁੱਪ ਨੂੰ ਆਪਣੇ ਮੋਬਾਇਲ ਉੱਤੇ ਇੱਕ ਮੂਵੀ ਦਿਖਾਈ (ਜਿਸ ਨੂੰ ਟੀਵੀ ਉੱਤੇ ਦਿਖਾਏ ਜਾਣ ਦੀ ਸਾਰਿਆਂ ਨੇ ਇੱਛਾ ਪ੍ਰਗਟਾਈ)। ਉਸ ਵਿੱਚ ਇੱਕ 50/60 ਸਾਲ ਦਾ ਵਿਅਕਤੀ, ਜੋ ਇੱਕ ਐਕਸੀਡੈਂਟ ਵਿੱਚ ਬੁਰੀ ਤਰ੍ਹਾਂ ਲਪੇਟਿਆ ਗਿਆ ਸੀ, ਪੀ.ਜੀ.ਆਈ ਦੀ ਸਲਾਹ ਨਾਲ ਮਾਜੂਸ, ਮਜਬੂਰ, ਸਿਰ ਦੇ ਵਾਲ਼ ਝੜੇ ਹੋਏ, ਵੀਲ ਚੇਅਰ ਉੱਤੇ ਥੈਰਪੀ ਕੇਂਦਰ ਵਿੱਚ ਆਉਂਦਾ ਹੈ। ਤਿੰਨ ਕੁ ਮਹੀਨੇ ਦੀ ਥੈਰਪੀ ਪਿੱਛੋਂ ਉਹ ਖਿੜੇ ਚਿਹਰੇ ਨਾਲ ਇੱਕ ਆਮ ਤੰਦਰੁਸਤ ਵਿਅਕਤੀ ਵਾਂਗ ਭਰੇ ਹਾਲ ਵਿੱਚ ਬਿਨਾ ਸਹਾਰੇ ਦੇ ਤੁਰ ਕੇ ਦਿਖਾਉਂਦਾ ਹੈ ਤੇ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ। ਇਹ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਖੁਸ਼ੀ ਨਾਲ ਨਮ ਹੋ ਗਈਆਂ।
ਸੱਚੀ ਗੱਲ ਤਾਂ ਇਹ ਹੈ ਕਿ ਇਲਾਜ ਦੀ ਇਸ ਨਵੀਂ ਤਕਨੀਕ ਬਾਰੇ ਹੋਰ ਵੀ ਬੜਾ ਕੁਝ ਲਿਖਣਯੋਗ ਭਾਵ ਸਮਝਣ ਸਮਝਾਉਣਯੋਗ ਹੈ। ਜੋ ਕੋਈ ਸਮਰੱਥਾਵਾਨ ਡਾਕਟਰ ਹੀ ਲਿਖ ਸਕਦਾ ਹੈ। ਹਾਂ, ਮੈਨੂੰ ਇਸ ਥੈਰਪੀ ਪ੍ਰਬੰਧ ਉੱਤੇ ਪੂਰਾ ਭਰੋਸਾ ਹੈ। ਮੇਰੀ ਇਹ ਇੱਛਾ ਹੈ ਕਿ ਇਹ ਥੈਰਪੀ ਮਸ਼ੀਨ ਮੇਰੇ ਸਮੇਤ ਹਰ-ਘਰ ਹੋਵੇ। ਆਮੀਨ!
**
ਥ੍ਰੈਪੀ ਕੇਂਦਰ ਦਾ ਪਤਾ: ਢਿੱਲੋਂ ਮਾਰਕੀਟ, ਐੱਮ.ਜੀ ਕੰਪਲੈੱਕਸ, ਖੰਨਾ ਰੋਡ, ਸਮਰਾਲ਼ਾ (ਲੁਧਿਆਣਾ) ਸੰਪਰਕ: 01628-505962, 95929-82398. ਈਮੇਲ: hangutherapy999@gmail.com
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4556)
(ਸਰੋਕਾਰ ਨਾਲ ਸੰਪਰਕ ਲਈ: (