“ਲਾਲ ਬੱਤੀ: ਭੁੱਲ ਕੇ ਵੀ ‘ਰੀਸੈੱਟ ਆਲ …’ ਕਮਾਂਡ ਨੂੰ ਕਲਿੱਕ ਨਹੀਂ ਕਰਨਾ। ਇਹ ਤੁਹਾਡੀਆਂ ਬਣਾਈਆਂ ਸਾਰੀਆਂ ...”
(22 ਫਰਵਰੀ 2022)
ਇਸ ਸਮੇਂ ਮਹਿਮਾਨ: 179.
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 11 - ਟੇਬਲ 3
(ਨੋਟ: ਇਨ੍ਹਾਂ ਲੜੀਆਂ ਨਾਲ ਸੰਬੰਧਤ ਤਸਵੀਰਾਂ ਛਾਪ ਸਕਣਾ ਸਾਡੇ ਲਈ ਸੰਭਵ ਨਹੀਂ। ਲੋੜਵੰਦ ਪਾਠਕ ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰ ਲੈਣ।)
ਸਿਲੈਕਟ ਕਰਨਾ: ਕਿਸੇ ਨਾ ਕਿਸੇ ਲੋੜ ਲਈ ਪੂਰੇ ਟੇਬਲ ਜਾਂ ਇਸਦੇ ਕੁਝ ਭਾਗ ਨੂੰ ਸਿਲੈਕਟ ਕਰਨਾ ਪੈਂਦਾ ਹੈ। ਉਸ ਲਈ ਕਮਾਂਡ ਪਾਥ ਹੈ; ਕਰਸਰ ਨੂੰ ਲੋੜੀਂਦੇ ਮੂਲ ਤੱਤ ਵਿੱਚ ਲੈ ਜਓ। ‘ਟੇਬਲ ਟੂਲਜ਼’ ਦੀ ਲੇਆਊਟ ਕਮਾਂਡ ਟੈਬ ਪਹਿਲੇ ਕਮਾਂਡ ਸੈੱਟ ‘ਟੇਬਲ’ ਵਿੱਚ ‘ਸਿਲੈਕਟ’ ਹੇਠਾਂ ਵਾਲੀ ਵਿੰਡੋ ਖੁੱਲ੍ਹ ਜਾਏਗੀ। ਉਸ ਵਿੱਚ ਸਿਲੈਕਟ ਸੈੱਲ, ਕੌਲਮ, ਰੋਅ ਅਤੇ ਟੇਬਲ ਦੀਆਂ ਚਾਰ ਕਮਾਂਡਾਂ ਹਨ। ਜਿਸ ਵੀ ਕਮਾਂਡ ਨੂੰ ਕਲਿੱਕ ਕੀਤਾ ਜਾਏਗਾ, ਟੇਬਲ ਦਾ ਓਹੋ ਹੀ ਮੂਲ ਤੱਤ ਸਿਲੈਕਟ ਹੋ ਜਾਏਗਾ। ਸਿਲੈਕਟ ਕੀਤੇ ਏਰੀਏ ਨੂੰ ਡੀਸਿਲੈਕਟ ਕਰਨ ਲਈ, ਮਾਊਸ ਨੂੰ ਕਿਤੇ ਵੀ ਕਲਿੱਕ ਕਰੋ।
ਸਿਲੈਕਟ ਵਿੰਡੋ ਵਿੱਚ ਜੇ ‘ਵਿਊ ਗ੍ਰਿੱਡ ਲਾਈਨਜ਼’ ਨੂੰ ਕਲਿੱਕ ਕੀਤਾ ਜਾਵੇਗਾ ਤਾਂ ਟੇਬਲ ਦੇ ਬਾਰਡਰਾਂ ਤੇ ਗ੍ਰਿੱਡ ਲਾਈਨਾਂ ਦਿਖਾਈ ਦੇਣਗੀਆਂ। ਦੋਬਾਰਾ ਕਲਿੱਕ ਕਰਨ ਨਾਲ ਉਹ ਹਟ ਜਾਣਗੀਆਂ। ਯਾਦ ਰਹੇ ਕਿ ਇਹ ਕਾਰਵਾਈ ਕਰਨ ਵੇਲੇ ਟੇਬਲ ਦੀਆਂ ਬਾਰਡਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਗ੍ਰਿੱਡ ਲਾਈਨਾਂ ਉਨ੍ਹਾਂ ਥੱਲੇ ਛੁਪ ਕੇ ਰਹਿ ਜਾਣਗੀਆਂ।
ਜੇ ਪਰੌਪਰਟੀਜ਼ ਕਮਾਂਡ ਨੂੰ ਕਲਿੱਕ ਕੀਤਾ ਜਾਏਗਾ ਤਾਂ ਸੱਜੇ ਪਾਸੇ ਵਾਲੀ ਵੱਡੀ ਵਿੰਡੋ ਖੁੱਲ੍ਹ ਜਾਏਗੀ। ਇਸ ਵਿੱਚ ਚਾਰੇ ਮੂਲ ਤੱਤਾਂ ਵਿੱਚੋਂ ਜਿਸ ਤੱਤ ਦੀ ਟੈਬ ਨੂੰ ਵੀ ਕਲਿੱਕ ਕੀਤਾ ਜਾਏਗਾ ਉਸਦੀਆਂ ਹੀ ਪਰੌਪਰਟੀਜ਼ ਖੁੱਲ੍ਹ ਜਾਣਗੀਆਂ, ਜਿਨ੍ਹਾਂ ਵੱਚੋਂ ਆਪਣੀ ਲੋੜ ਅਨੁਸਾਰ ਕਲਿੱਕ ਕਰਕੇ ਓਕੇ ਕੀਤਾ ਜਾ ਸਕਦਾ ਹੈ।
ਅਲਾਈਨਮੈਂਟ: ਲੇਆਊਟ ਕਮਾਂਡ ਟੈਬ ਵਿੱਚ ਅਗਲਾ ਮਹੱਤਵਪੂਰਨ ਕਮਾਂਡ ਸੈੱਟ ਹੈ ਛੇਵਾਂ, ਅਲਾਈਨਮੈਂਟ। ਇਸ ਵਿੱਚ ਸੈੱਲ ਅੰਦਰ ਟੈਕਸਟ ਦੀ ਅਲਾਈਨਮੈਂਟ ਦਾ ਪ੍ਰਬੰਧ ਹੈ। ਇੱਕ ਸੈੱਲ ਵਿੱਚ 3 ਗੁਣਾ 3, ਕੁਲ 9 ਤਰ੍ਹਾਂ ਨਾਲ ਟੈਕਸਟ ਨੂੰ ਪਾ ਸਕਦੇ ਹਾਂ। ਖੱਬਿਓਂ ਸੱਜੇ ਨੂੰ; ਖੱਬੇ, ਸੈਂਟਰ ਅਤੇ ਸੱਜੇ, ਉੱਪਰੋਂ ਥੱਲੇ ਨੂੰ; ਉੱਪਰ, ਸੈਂਟਰ ਅਤੇ ਥੱਲੇ। ਇਸ ਸੈੱਟ ਵਿੱਚ ਸੈੱਲ ਦੇ ਚਾਰੇ ਮਾਰਜਨ ਵੀ ਸੈੱਟ ਕੀਤੇ ਜਾ ਸਕਦੇ ਹਨ। ਇਸ ਵਿੱਚ ਜ਼ਰੂਰੀ ਕਮਾਂਡ ਹੈ ਟੈਕਸਟ ਡਾਇਰੈਕਸ਼ਨ ਦੀ, ਜਿਸਨੂੰ ਬਾਰ-ਬਾਰ ਕਲਿੱਕ ਕਰਕੇ ਟੈਕਸਟ ਨੂੰ ਖੱਬੇ ਤੋਂ ਸੱਜੇ, ਉੱਪਰੋਂ ਥੱਲੇ ਅਤੇ ਥੱਲਿਓਂ ਉੱਪਰ ਨੂੰ ਲਿਖਿਆ ਜਾ ਸਕਦਾ ਹੈ। ਇਹ ਪ੍ਰਬੰਧ ਖਾਸ ਕਰਕੇ ਲੰਮੇ ਹੈਡਿੰਗਾਂ ਵਿੱਚ ਕੰਮ ਆਉਂਦਾ ਹੈ।
ਕਮਾਂਡ ਸੈੱਟ ਡੈਟਾ: ਅਗਲਾ ਜ਼ਰੂਰੀ ਕਮਾਂਡ ਸੈੱਟ ਹੈ ਡੈਟਾ ਦਾ। ਇਸ ਵਿੱਚ ਪਹਿਲੀ ਕਮਾਂਡ ਹੈ ‘ਸੌਰਟ।’ ਇਹ ਏ ਤੋਂ ਜ਼ੈੱਡ ਅਤੇ ਜ਼ੈੱਡ ਤੋਂ ਏ ਦੀ ਤਰਤੀਬ ਵਿੱਚ ਡੈਟੇ ਦੀ ਤਰਤੀਬ ਦੇਣ ਦੇ ਕੰਮ ਆਉਂਦੀ ਹੈ। ਦੂਜੀ ਉੱਪਰਲੀ ਕਮਾਂਡ ‘ਰਿਪੀਟ ਹੈਡਰ ਰੋਅਜ਼’ ਹੈ। ਬਹੁਤੇ ਪੰਨਿਆਂ ਦੇ ਡੈਟੇ ਵਿੱਚ ਉੱਪਰਲੀ ਹੈਡਰ ਰੋਅ ਨੂੰ ਹਰ ਪੇਜ ਉੱਤੇ ਦਰਸਾਉਣ ਦੇ ਕੰਮ ਆਉਂਦੀ ਹੈ। ਉਸ ਤੋਂ ਹੇਠਲੀ ਭਾਵ ਵਿਚਕਾਰਲੀ ਕਮਾਂਡ ‘ਕਨਵਰਟ ਟੂ ਟੈਕਸਟ’ ਟੇਬਲ ਨੂੰ ਟੈਕਸਟ ਵਿੱਚ ਬਦਲਣ ਦੇ ਕੰਮ ਆਉਂਦੀ ਹੈ। ਸਭ ਤੋਂ ਹੇਠਲੀ ਕਮਾਂਡ ‘ਫਾਰਮੂਲਾ’ ਹਿਸਾਬ ਕਿਤਾਬ ਕਰਨ ਦੇ ਕੰਮ ਆਉਂਦੀ ਹੈ। ਡੈਟਾ ਕਮਾਂਡ ਸੈੱਟ ਦੇ ਪ੍ਰਬੰਧਾਂ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ:
ਸੌਰਟ: ਕੋਈ ਵੀ ਸੂਚੀ ਜੇ ਡਿਕਸ਼ਨਰੀ ਅਨੁਸਾਰ ਨਾ ਹੋਵੇ ਤਾਂ ਉਸ ਵਿੱਚੋਂ ਵਿਸ਼ੇਸ਼ ਨਾਂ ਲੱਭਣਾ ਘਾਅ ਦੇ ਢੇਰ ਵਿੱਚੋਂ ਸੂਈ ਲੱਭਣ ਦੇ ਬਰਾਬਰ ਹੁੰਦਾ ਹੈ। ਟੇਬਲ ਵਿੱਚ ਸੌਰਟਿੰਗ ਦਾ ਖਾਸ ਪ੍ਰਬੰਧ ਹੈ। ਜਿਸ ਟੈਕਸਟ ਨੂੰ ਸੌਰਟ ਕਰਨਾ ਹੈ, ਉਸਦੀਆਂ ਪੂਰੀਆਂ ਰੋਆਂ ਨੂੰ ਸਿਲੈਕਟ ਕਰ ਲਵੋ। ਜਿਸ ਕੌਲਮ ਨੂੰ ਮੁੱਖ ਰੱਖਣਾ ਹੈ ਉਸ ਨੂੰ ਕਲਿੱਕ ਕਰ ਲਵੋ। ਦੂਜੇ ਅਤੇ ਤੀਜੇ ਨੰਬਰ ਉੱਤੇ ਚੋਣ ਵਿੱਚ ਆਉਣ ਵਾਲਿਆਂ ਕੌਲਮਾਂ ਨੂੰ ਵੀ ਕਲਿੱਕ ਕਰ ਲਵੋ। ਨਾਲ-ਨਾਲ ਘਟਦੇ-ਵਧਦੇ ਕ੍ਰਮ ਨੂੰ ਵੀ ਕਲਿੱਕ ਕਰ ਲਵੋ। ਲਿਸਟ ਵਿੱਚ ਹੈਡਰ ਹੈ ਕਿ ਨਹੀਂ ਕਲਿੱਕ ਕਰ ਲਵੋ। ਓਕੇ ਕਰਨ ਨਾਲ ਸਾਰੀ ਲਿਸਟ ਇੱਛਾ ਅਨੁਸਾਰ ਸੌਰਟ ਹੋ ਜਾਏਗੀ।
ਕਨਵਰਟ ਟੇਵਲ ਟੂ ਟੈਕਸਟ: ਟੇਬਲ ਨੂੰ ਟੈਕਸਟ ਵਿੱਚ ਬਦਲਣ ਲਈ ਸੈਪਰੇਟਰ ਵਾਸਤੇ ਸਭ ਤੋਂ ਵੱਧ ਢੁਕਵੀਂ ਕਮਾਂਡ ‘ਟੈਬ’ ਹੀ ਹੈ। ਲੋੜ ਅਨੁਸਾਰ ਕਿਸੇ ਕਮਾਂਡ ਦੀ ਵੀ ਚੋਣ ਕੀਤੀ ਜਾ ਸਕਦੀ ਹੈ। ਅਦਰ ਕਮਾਂਡ ਵਿੱਚ ਹਾਈਫਨ, ਸਟਾਰ, ਪਰਸੈਂਟ ਆਦਿ ਵਿੱਚੋਂ ਕੋਈ ਵੀ ਚੁਣ ਸਕਦੇ ਹੋ।
ਫਾਰਮੂਲਾ: ਇਸ ਵਿੱਚ ਜੋੜ ਘਟਾਓ ਦੇ ਨਾਲ-ਨਾਲ ਐਵਰੇਜ ਆਦਿ ਕਈ ਫਾਰਮੂਲਿਆਂ ਦਾ ਪ੍ਰਬੰਧ ਹੈ। ਅਗਾਂਹਵਧੂ ਇਨਸਾਨ ਵਿੱਚ ਫੋਲਾਫਾਲੀ ਦੀ ਰੁਚੀ ਹੋਣੀ ਚਾਹੀਦੀ ਹੈ, ਉਹ ਥੋੜ੍ਹੀ ਜਿਹੀ ਸੇਧ ਮਿਲ਼ ਜਾਣ ਪਿੱਛੋਂ ਬਾਕੀ ਦੀ ਫੋਲਾਫਾਲੀ ਆਪ ਕਰਕੇ ਹਰ ਚੀਜ਼ ਦੀ ਤਹਿ ਤੀਕਰ ਪਹੁੰਚ ਜਾਂਦਾ ਹੈ। ਕੰਪਿਊਟਰ ਵਿੱਚ ਤਾਂ ਹਰ ਪਾਸੇ ਹੀ ਬਦਲਵੇਂ ਪ੍ਰਬੰਧ ਅਤੇ ਅੱਗੇ ਹੋਰ ਅੱਗੇ ਬੇਅੰਤ ਹੈ।
***
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 12 - ਸ਼ੌਰਟ ਕੱਟ ਕੀਆਂ (1)
ਸ਼ੌਰਟ ਕੱਟ ਕੀਆਂ ਪਗਡੰਡੀ ਵਾਂਗ ਹੁੰਦੀਆਂ ਹਨ, ਵਲ-ਵਲੇਵੇਂ ਖਾਂਦੇ ਵੱਡੇ ਰਾਹ ਦੀ ਥਾਂ ਨੱਕ ਦੀ ਸੇਧ ਬਣਾਈ ਪਗਡੰਡੀ ਵਾਂਗ, ਮਿਥੇ ਨਿਸ਼ਾਨੇ ਉੱਤੇ ਠਾਹ ਬੱਜਣ ਲਈ। ਜਿਹੜੀ ਕਮਾਂਡ ਕਈ ਪਾਪੜ ਵੇਲ ਕੇ ਦਿੱਤੀ ਜਾ ਸਕਦੀ ਹੈ, ਉਹੀ ਕਮਾਂਡ ਦੋ ਕੁ ਕੀਆਂ ਦਬਾਕੇ ਦਿੱਤੀ ਜਾਂਦੀ ਹੈ। ਇਹੋ ਹੀ ਸ਼ੌਰਟ ਕੱਟ ਕੀਅ ਹੈ। ਸਰਬ-ਪਰਵਾਣਿਤ ਸ਼ੌਰਟ ਕੱਟ ਕੀਆਂ ਦੀ ਪੂਰੀ ਸੂਚੀ ਬੜੀ ਲੰਮੀ ਹੈ, ਜੋ ਗੂਗਲ ’ਤੇ ਸਰਚ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਆਮ ਵਰਤੋਂ ਵਿੱਚ ਆਉਣ ਵਾਲ਼ੀਆਂ ਸ਼ੌਰਟ ਕੱਟ ਕੀਆਂ ਦੀ ਸਾਰਣੀ ਨਾਲ ਦਿੱਤੀ ਗਈ ਹੈ। ਇਨ੍ਹਾਂ ਨੂੰ ਯਾਦ ਕਰ ਲੈਣਾ ਬਹੁਤ ਹੀ ਆਸਾਨ ਹੈ।
ਸ਼ੌਰਟ ਕੱਟ ਕੀਆਂ ਬਣਾਉਣੀਆਂ: ਆਪਣੀ ਲੋੜ ਅਨੁਸਾਰ ਕਈ ਵੇਰ ਸ਼ੌਰਟ ਕੱਟ ਕੀਆਂ ਆਪ ਵੀ ਬਣਾਉਣੀਆਂ ਪੈਂਦੀਆਂ ਹਨ। ਹੈ ਇਹ ਵੀ ਬਣਾਉਣੀਆਂ ਬਹੁਤ ਹੀ ਸੌਖੀਆਂ। ਜਿਸ ਕਾਰਜ ਲਈ ਵੀ ਇਹ ਬਣਾਉਣੀਆਂ ਹੋਣ, ਬਣਾਉਣ ਦਾ ਪ੍ਰਬੰਧ ਵੀ ਉੱਥੇ ਹੀ ਦਿੱਤਾ ਹੋਇਆ ਹੁੰਦਾ ਹੈ।
ਸਿੰਬਲ ਬਣਾਉਣ ਲਈ: ਕੀਅਬੋਰਡ ਰਾਹੀਂ ਆਮ ਹਾਲਤ ਵਿੱਚ ਅਸੀਂ 96 ( 26+22 = 48 * 2 = 96) ਕੁ ਚਿੰਨ੍ਹ ਟਾਈਪ ਕਰ ਸਕਦੇ ਹਾਂ। ਪਰ ਇਸ ਤੋਂ ਵੱਧ ਚਿੰਨ੍ਹ ਟਾਈਪ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਇਸ ਹਾਲਤ ਵਿੱਚ ਲੋੜੀਂਦੇ ਸਿੰਬਲ ਦੀ ਸ਼ੌਰਟ ਕੱਟ ਕੀਅ ਬਣਾ ਲਈ ਜਾਂਦੀ ਹੈ। ਜਿਵੇਂ ਕਿ ਧਾਰਮਕ ਐਡਾਂ ਵਿੱਚ ‘ਖੰਡਾ-ਕਿਰਪਾਨ’ ਜਾਂ ਕਿਸੇ ਵੀ ਹੋਰ ਧਾਰਮਕ ਚਿੰਨ੍ਹ ਦੀ ਲੋੜ ਪੈ ਸਕਦੀ ਹੈ।
ਜਿਸ ਵੀ ਫੌਂਟ ਦੀ ਸਮਰੱਥਾ ਤੇ ਸੀਮਾ ਦੇਖਣੀ ਹੋਵੇ ਤਾਂ ਉਸਦੇ ਸਿੰਬਲ ਚਾਰਟ ਵਿੱਚ ਜਾ ਕੇ ਦੇਖ ਸਕੀਦਾ ਹੈ। ਉਸ ਵਿੱਚ ਦਰਸਾਏ ਗਏ ਸਾਰੇ ਸਿੰਬਲ ਟਾਈਪ ਕੀਤੇ ਜਾ ਸਕਦੇ ਹਨ। ਉਸ ਫੌਂਟ ਵਿੱਚ, ਉਸ ਤੋਂ ਬਾਹਰਾ ਕੋਈ ਵੀ ਸਿੰਬਲ ਟਾਈਪ ਨਹੀਂ ਕੀਤਾ ਜਾ ਸਕਦਾ। ਹਾਂ, ਦੂਸਰੀ ਕਿਸੇ ਵੀ ਫੌਂਟ ਦਾ ਕੋਈ ਵੀ ਸਿੰਬਲ ਟਾਈਪ ਕੀਤਾ ਜਾ ਸਕਦਾ ਹੈ। ਇਸਦਾ ਭਾਵ ਹੈ ਕਿ ਕੰਪਿਊਟਰ ਵਿੱਚ ਹਾਜ਼ਰ ਸਾਰੀਆਂ ਫੌਂਟਾਂ ਦੇ ਬੇਅੰਤ ਸਿੰਬਲ ਟਾਈਪ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀਆਂ ਸ਼ੌਰਟ ਕੱਟ ਕੀਆਂ ਬਣਾਈਆਂ ਜਾ ਸਕਦੀਆਂ ਹਨ। ਸਿੰਬਲ ਚਾਰਟ ਖੋਲ੍ਹਣ ਦੀ ਵਿਧੀ ਹੈ; ਕਮਾਂਡ ਟੈਬ ‘ਇਨਸਰਟ’ ਕਲਿੱਕ, ਰਿਬਨ ਦੇ ਸੱਜੇ ਅਖੀਰ ਸਿੰਬਲ ਕਮਾਂਡ ਸੈੱਟ, ਸਿੰਬਲ-ਤੀਰ ਕਲਿੱਕ, ਹੇਠਾਂ ਮੋਰ ਸਿੰਬਲਜ ਕਲਿੱਕ। ਅੱਗੇ ਬਣਿਆ ਸਿੰਬਲ ਚਾਰਟ ਖੁੱਲ੍ਹ ਜਾਏਗਾ।
ਲੰਮੀਆਂ ਵਾਟਾਂ: ਕਰਸਰ ਵਾਲੀ ਥਾਂ ਉੱਤੇ ਸ਼ਾਹ-ਰਾਹ ਰਾਹੀਂ ਸਿੰਬਲ ਟਾਈਪ ਕਰਨ ਦੀਆਂ ਤਿੰਨ ਵਿਧੀਆਂ ਹਨ। ਪਹਿਲੀ ਵਿਧੀ; ਲੋੜੀਂਦੀ ਫੌਂਟ ਦਾ ਸਿੰਬਲ ਚਾਰਟ ਖੋਲ੍ਹੋ। ਸਿੰਬਲ ਕਲਿੱਕ, ਇਨਸਰਟ ਕਮਾਂਡ ਕਲਿੱਕ। ਦੂਸਰੀ ਵਿਧੀ; ਲੋੜੀਂਦੇ ਸਿੰਬਲ ਨੂੰ ਡਬਲ ਕਲਿੱਕ ਕਰੋ। ਤੀਸਰੀ ਵਿਧੀ; ਪਹਿਲੋਂ ਚੈੱਕ ਕਰ ਲਵੋ ਕਿ ਕੀ ਨਿਊਮੈਰੀਕਲ ਕੀਅ ਭਾਗ ਵਿੱਚ ‘ਨੰਬ ਲੌਕ’ ਔਨ ਹੈ। ਇਸ ਹਾਲਤ ਵਿੱਚ ਜੇ ਨੰਬਰ ਕੀਅ 0 ਤੋਂ 9 ਤਕ ਕੋਈ ਵੀ ਦਬਾਈ ਜਾਏਗੀ ਤਾਂ ਉਹ ਨੰਬਰ ਟਾਈਪ ਹੋ ਜਾਏਗਾ। ਫਿਰ ਖੱਬੇ ਹੱਥ ਨਾਲ ਆਲਟ ਕੀਅ ਦਬਾਈ ਰੱਖੋ ਅਤੇ ਸੱਜੇ ਹੱਥ ਨਾਲ ਨਿਊਮੈਰੀਕਲ ਕੀਆਂ ਵਿੱਚੋਂ 0 ਤੇ ਸਿੰਬਲ ਦਾ ਕੋਡ ਟਾਈਪ ਕਰੋ ਅਤੇ ਆਲਟ ਕੀਅ ਛੱਡ ਦਿਓ। ਸਿੰਬਲ ਟਾਈਪ ਹੋ ਜਾਏਗਾ। ਖੰਡਾ ਕਿਰਪਾਨ ਦਾ ਅਨਮੋਲ, ਚਾਤ੍ਰਿਕ ਆਦੀ ਫੌਂਟਾਂ ਵਿੱਚ ਕੋਡ 199 ਹੈ ਸੋ ਇਸ ਨੂੰ ਟਾਈਪ ਕਰਨ ਲਈ ਕਮਾਂਡ ਹੈ; ਆਲਟ + 0199.
ਸ਼ੌਰਟ ਕੱਟ ਕੀਅ ਬਣਾਉਣ ਦੀ ਵਿਧੀ: ਸਿੰਬਲ ਚਾਰਟ ਵਿੱਚ ਸਿੰਬਲ ਦੇਖਣ ਦੀਆਂ ਦੋ ਔਪਸ਼ਨਾਂ ਹਨ। ਪਹਿਲੀ ਸਿੰਬਲਜ਼, ਦੂਸਰੀ ਸਪੈਸ਼ਲ ਕਰੈਕਟਰਜ਼। ਪਹਿਲੀ ਸਿੰਬਲਜ਼ ਕਲਿੱਕ, ਫੌਂਟ ਲਾਈਨ ਵਿੱਚ ਆਪਣੀ ਇੱਛਾ ਦੀ ਫੌਂਟ ਸਿਲੈਕਟ ਕਰੋ, ਉਸ ਫੌਂਟ ਦਾ ਸਿੰਬਲਜ਼ ਚਾਰਟ ਖੁੱਲ੍ਹ ਜਾਏਗਾ। ਜੇ ਸਾਰੇ ਸਿੰਬਲ ਦਿਖਾਈ ਨਾ ਦੇਣ ਤਾਂ ਸੱਜੇ ਪਾਸੇ ਹੇਠਲੀ ਲਾਲ ਲਕੀਰ ਵਿੱਚ ਫਰੌਮ - ਤੀਰ ਕਲਿੱਕ ਕਰਕੇ ਹਲਕਾ ਪੀਲ਼ਾ ਬੌਕਸ ਖੁੱਲ੍ਹ ਜਾਏਗਾ। ਫੌਂਟ ਅਨੁਸਾਰ ਯੂਨੀਕੋਡ ਜਾਂ ਆਸਕੀ ਡੈਸੀਮਲ ਕਲਿੱਕ ਕਰੋ, ਫੌਂਟ ਦੇ ਪੂਰੇ ਸਿੰਬਲ ਉਜਾਗਰ ਹੋ ਜਾਣਗੇ। ਆਪਣੀ ਇੱਛਾ ਦਾ ਸਿੰਬਲ (ਖੰਡਾ-ਕਿਰਪਾਨ) ਲੱਭਕੇ ਕਲਿੱਕ ਕਰੋ, ਉਹ ਸਿਲੈਕਟ ਹੋ ਜਾਏਗਾ। ਹੇਠਾਂ ਸ਼ੌਰਟ ਕੱਟ ਕੀਅ ਕਲਿੱਕ ਕਰੋ ਇੱਕ ਨਵੀਂ ‘ਕਸਟੋਮਾਈਜ਼ ਵਿੰਡੋ’ ਦਾ ਬੌਕਸ ਖੁੱਲ੍ਹ ਜਾਏਗਾ।
ਇਸ ਵਿੱਚ ਪ੍ਰੈੱਸ ਨਿਊ ਸ਼ੌਰਟ ਕੱਟ ਕੀਅ ਦੇ ਘਰ ਨੂੰ ਜੇ ਧਿਆਨ ਨਾਲ ਦੇਖੋ ਤਾਂ ਇਸ ਵਿੱਚ ਕਰਸਰ ਬਲਿੰਕ ਕਰਦਾ ਦਿਖਾਈ ਦੇਵੇਗਾ ਅਤੇ ਉਸਦੇ ਥੱਲੇ ਚੁਣੇ ਗਏ ਸਿੰਬਲ ਦਾ ਚਿੱਤਰ ਹੋਵੇਗਾ। ਆਲਟ ਕੀਅ ਦੱਬੀ ਰੱਖ ਕੇ ‘ਕੇ ਅੱਖਰ’ ਟਾਈਪ ਕਰੋ ਤਾਂ ਆਲਟ + ਕੇ ਟਾਈਪ ਹੋ ਜਾਏਗਾ। ਹੁਣ ਕੰਰਟਲੀ ਅਸਾਈਂਡ ਟੂ ਦੇ ਸਾਹਮਣੇ ਦੇਖ ਲਵੋ ਕਿ ਕਿਧਰੇ ਇਹ ਕੀਅ ਪਹਿਲੋਂ ਹੀ ਕਿਸੇ ਸਿੰਬਲ ਜਾਂ ਕਾਰਜ ਨੂੰ ਨਾ ਅਸਾਈਨ ਹੋਵੇ। ਜੇ ਨਹੀਂ ਤਾਂ ਹੇਠਲੇ ਖੱਬੇ ਕੋਨੇ ਵਿੱਚ ਅਸਾਈਨ ਕਮਾਂਡ ਕਲਿੱਕ ਕਰੋ ਅਤ ਕਲੋਜ਼ ਕਰੋ। ਹੁਣ ਜਦੋਂ ਵੀ, ਜਿੱਥੇ ਵੀ ਆਲਟ + ਕੇ ਸ਼ੌਰਟ ਕੱਟ ਕਮਾਂਡ ਦੇਵੋਗੇ ਕਰਸਰ ਵਾਲੀ ਥਾਂ ਉੱਤੇ ਖੰਡਾ-ਕਿਰਪਾਨ ਟਾਈਪ ਹੋ ਜਾਏਗਾ।
ਲਾਲ ਬੱਤੀ: ਭੁੱਲ ਕੇ ਵੀ ‘ਰੀਸੈੱਟ ਆਲ …’ ਕਮਾਂਡ ਨੂੰ ਕਲਿੱਕ ਨਹੀਂ ਕਰਨਾ। ਇਹ ਤੁਹਾਡੀਆਂ ਬਣਾਈਆਂ ਸਾਰੀਆਂ ਸ਼ੌਰਟ ਕੱਟ ਕੀਆਂ ਅਤੇ ਮੈਕਰੋ ਨੂੰ ਸਾਫ ਕਰ ਦੇਵੇਗੀ, ਜੋ ਫਿਰ ਅਨਡੂ ਕਰਨ ਨਾਲ ਵੀ ਹੱਥ ਨਹੀਂ ਆਉਣਗੀਆਂ, ਮੁੜਕੇ ਸਾਰੀਆਂ ਦੋਬਾਰਾ ਬਣਾਉਣੀਆਂ ਪੈਣਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3382)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)