KirpalSPannu7ਉਹ ਸਵਰਗਵਾਸ ਹੋਇਆ ਨਵੰਬਰ 2022 ਵਿੱਚ ਅਤੇ ਮੈਨੂੰ ਪਤਾ ਲੱਗਿਆ ਮਾਰਚ 2024 ਨੂੰਮੇਰੇ ਲਈ ...SudagarBrarLande1
(24 ਮਾਰਚ 2024)
ਇਸ ਸਮੇਂ ਪਾਠਕ: 435.


SudagarBrarLande1ਮਾਰਚ
18, 2024 ਦੀ ਫੇਸਬੁੱਕ ਉੱਤੇ ਕੁਲਵਿੰਦਰ ਖਹਿਰਾ ਵੱਲੋਂ ਦਿੱਤੀ ਸੂਚਨਾ ਪੜ੍ਹਕੇ ਤਨ ਮਨ ਡੂੰਘੇ ਸਦਮੇ ਵਿੱਚ ਚਲਾ ਗਿਆਸੁਦਾਗਰ ਬਰਾੜ ਲੰਡੇ ਨੂੰ ਯਾਦ ਕਰਨਾ ਮੇਰੀ ਰੂਹ ਦਾ ਹੁਲਾਰਾ ਸੀ ਬਿਨਾਂ ਪਤੇ ਉਸਦਾ ਤੁਰ ਜਾਣਾ ਮੇਰੇ ਲਈ ਡੁੱਬ ਕੇ ਮਰ ਜਾਣ ਵਾਲੀ ਗੱਲ ਹੈਉਹ ਸਵਰਗਵਾਸ ਹੋਇਆ ਨਵੰਬਰ 2022 ਵਿੱਚ ਅਤੇ ਮੈਨੂੰ ਪਤਾ ਲੱਗਿਆ ਮਾਰਚ 2024 ਨੂੰ, ਮੇਰੇ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਹੈਅਗਲੇ ਦਿਨ ਮੈਂ ਸੁਦਾਗਰ ਦੀ ਸੁਪਤਨੀ ਸਰਦਾਰਨੀ ਗੁਰਚਰਨ ਕੌਰ ਨਾਲ ਦਰਦ ਸਾਂਝਾ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਦੀ ਬੇਟੀ ਨਿਰਮਲਜੀਤ ਕੌਰ ਨੇ ਦੱਸਿਆ ਕਿ ਉਹ ਤਾਂ ਇੰਡੀਆ ਗਏ ਹੋਏ ਨੇਉਸਨੇ ਇਹ ਵੀ ਦੱਸਿਆ ਕਿ ਬਰਾੜ ਦੇ ਸੁਰਗਵਾਸ ਹੋਣ ਦੀ ਜਾਣਕਾਰੀ ਸਮੇਂ ਸਿਰ ਪੂਰਨ ਸਿੰਘ ਪਾਂਧੀ ਨੂੰ ਦੇ ਦਿੱਤੀ ਗਈ ਸੀਇਹ ਸੁਣਕੇ ਸਦਮੇ ਦਾ ਦੂਹਰਾ ਝਟਕਾ ਲੱਗਿਆ

ਪਾਂਧੀ ਵੀ ਮੇਰੇ ਪੂਰਾ ਨੇੜੇ ਹੈ ਅਤੇ ਕਿਤੇ ਵੀ ਹੋਈਏ, ਉਹ ਮੇਰੇ ਨਾਲ ਪਲ ਪਲ ਦੀ ਜਾਣਕਾਰੀ ਦਾ ਆਦਾਨ ਪਰਦਾਨ ਕਰਦਾ ਰਹਿੰਦਾ ਹੈਪੁੱਛਣ ਉੱਤੇ ਪਾਂਧੀ ਨੇ ਦੱਸਿਆ ਕਿ ਇਹ ਭਿਅੰਕਰ ਗਲਤੀ ਪਤਾ ਨਹੀਂ ਕਿਵੇਂ ਹੋ ਗਈਮੈਂ ਉਨ੍ਹਾਂ ਦਿਨਾਂ ਵਿੱਚ ਚਾਰ ਕੁ ਮਹੀਨੇ ਇੰਡੀਆ ਗਿਆ ਹੁੰਦਾ ਹਾਂਸ਼ਾਇਦ ਇਹ ਖ਼ਬਰ ਇਨ੍ਹਾਂ ਚਾਰ ਮਹੀਨਿਆਂ ਵਿੱਚ ਹੀ ਉਡ ਪੁਡ ਗਈਪਰ ਮੇਰੇ ਲਈ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ

ਮੇਰਾ ਸੁਦਾਗਰ ਬਰਾੜ ਲੰਡੇ ਨਾਲ ਪਹਿਲਾ ਮੇਲ ‘ਕਲਮਾਂ ਦੇ ਕਾਫ਼ਲੇ’ ਦੀ ਇੱਕ ਮਹੀਨੇਵਾਰ ਮੀਟਿੰਗ ਵਿੱਚ ਹੋਇਆਪਹਿਲੇ ਮੇਲ ਵਿੱਚ ਹੀ ਸੁਦਾਗਰ ਨੇ ਮੇਰੀ ਰੂਹ ਦਾ ਹਰ ਕੋਨਾ ਮੱਲ ਲਿਆ

“ਬਰਾੜ ਕੀ ਤੇ ਲੰਡੇ ਕੀ, ਇਹ ਕੁਮੇਲ ਕਿਉਂ?” ਮੈਂ ਉਸ ਨੂੰ ਪੁੱਛਿਆ

“ਆਪੋ ਆਪਣੀ ਸੋਚ ਹੁੰਦੀ ਹੈ”, ਉਹ ਬੋਲਿਆ, “ਚੰਗੀਆਂ ਚੀਜ਼ਾਂ ਦਾ ਮੇਲ ਕਦੇ ਵੀ ਕੁਮੇਲ ਨਹੀਂ ਹੁੰਦਾਆਪਣੇ ਨਾਂ ਤੋਂ ਪਿੱਛੋਂ ਮਾਂ-ਬਾਪ, ਕਬੀਲੇ ਦਾ ਨਾਂ ਅਤੇ ਪਿੰਡ ਦਾ ਨਾਂ ਸਦਾ ਹੀ ਮਾਣਯੋਗ ਹੋਇਆ ਕਰਦੇ ਨੇ।” ਉਸ ਨੇ ਵਿਆਖਿਆ ਦਿੱਤੀਉਹ ਪਲ ਤੇ ਇਹ ਪਲ ਸੁਦਾਗਰ ਮੇਰੇ ਹੋਰ ਨੇੜੇ ਹੋਰ ਨੇੜੇ ਹੁੰਦਾ ਚਲਾ ਗਿਆ

ਸੱਚੀ ਗੱਲ ਤਾਂ ਇਹ ਹੈ ਕਿ ਉਹ ਸਦੀਵੀ ਦੂਰ ਜਾ ਕੇ ਵੀ ਮੇਰੇ ਜਿਊਂਦੇ ਜੀਅ ਮੇਰੇ ਤੋਂ ਦੂਰ ਹੋਣ ਵਾਲ਼ਾ ਨਹੀਂਉਹ ਇੱਕ ਬਹੁ ਗੁਣੀ ਇਨਸਾਨ ਸੀਅਧਿਆਪਕਾਂ ਦੀ ਯੂਨੀਅਨ ਵਿੱਚ ਉਹ ਸਦਾ ਸਰਗਰਮ ਰਿਹਾਮਹਾਨ ਇਨਕਲਾਬੀ ਤੇਜਾ ਸਿੰਘ ਸੁਤੰਤਰ ਦੇ ਕਈ ਵਾਰ ਰੂਬਰੂ ਹੋ ਕੇ ਉਹ ਆਪਣੇ ਸ਼ੰਕੇ ਦੂਰ ਕਰਦਾ ਰਿਹਾਉਸਦੇ ਪੁਰਖੇ ਮਹਿਕਮਾ ਮਾਲ ਵਿੱਚ ਰਹੇ ਅਤੇ ਉਸ ਕੋਲ਼ ਮਾਲ ਮਹਿਕਮੇ ਦੀ ਜਾਣਕਾਰੀ ਦਾ ਇੱਕ ਵਿਸ਼ਾਲ ਭੰਡਾਰ ਸੀ ਇਤਿਹਾਸ ਵਿੱਚ ਉਸਦੀ ਪੂਰੀ ਰੁਚੀ ਅਤੇ ਮੁਹਾਰਤ ਸੀਸਿਹਤ ਕਦੀ ਵੀ ਵਧੀਆ ਨਾ ਰਹਿਣ ’ਤੇ ਵੀ ਉਹ ਕਬੱਡੀ ਦਾ ਇੱਕ ਤਿੱਖਾ ਖਿਡਾਰੀ ਸੀਜਿਸ ਇਨਸਾਨ ਦੀਆਂ ਅੱਖਾਂ ਅਤੇ ਕੰਨ ਸਦਾ ਖੁੱਲ੍ਹੇ ਹੋਣ ਅਤੇ ਉਹ ਤਰਕ ਬਿਤਰਕ ਬਿਰਤੀ ਦਾ ਮਾਲਕ ਹੋਵੇ, ਉਸਦੇ ਗਿਆਨ ਵਸੀਲੇ ਸਦਾ ਸਤਰਕ ਰਹਿੰਦੇ ਹਨਵਿਚਾਰਾਂ ਦੇ ਮੋਤੀ ਚੁਣਦਿਆਂ-ਚੁਣਦਿਆਂ ਉਸ ਕੋਲ਼ ਜਾਣਕਾਰੀ ਦਾ ਅਸੀਮ ਖ਼ਜ਼ਾਨਾ ਇਕੱਠਾ ਹੋ ਜਾਂਦਾ ਹੈਮੈਂ ਤੇ ਮੇਰੀ ਪਤਨੀ ਨੇ ਉਸ ਕੀਮਤੀ ਭੰਡਾਰ ਦੇ ਅਨੇਕ ਵਾਰ ਦਰਸ਼ਣ ਕੀਤੇ ਹਨਉਸਦਾ ਸਾਡੇ ਘਰ ਅਤੇ ਸਾਡਾ ਉਸਦੇ ਘਰ ਆਉਣਾ ਜਾਣਾ ਵਗਦੀ ਵਾ ਦੇ ਨਿੱਘੇ-ਮਹਿਕਦੇ ਬੁੱਲੇ ਸਮਾਨ ਬਣਿਆ ਰਿਹਾ ਹੈਜਦੋਂ ਅਸੀਂ ਕੇਵਲ ਦੋਵੇਂ ਹੀ ਹੁੰਦੇ ਤਾਂ ਬਹੁਤੀ ਵੇਰਾਂ ਆਪਣੀਆਂ ਢਕੀਆਂ ਰਿੱਝਦੀਆਂ ਦੇ ਢੱਕਣ ਚੁੱਕਦੇ ਤੇ ਮਲੂਕ ਜਾਣਕਾਰੀ ਦਾ ਆਦਾਨ ਪਰਦਾਨ ਭਰੋਸੇ ਦੇ ਰੇਸ਼ਮੀ ਪੜਦਿਆਂ ਪਿੱਛੇ ਮੁੜ ਢਕਿਆ ਜਾਂਦਾ

ਸੁਦਾਗਰ ਨੇ ਮੈਨੂੰ ਆਪਣੇ ਅਨਗਿਣਤ ਸੁਹਿਰਦ ਜਾਣਕਾਰਾਂ ਨਾਲ ਮਿਲ਼ਾ ਕੇ ਮੇਰੀਆਂ ਬਾਹਾਂ ਹੋਰ ਲੰਬੀਆਂ ਕੀਤੀਆਂ, ਮੇਰੇ ਵਿਅਕਤੀਤਵ ਨੂੰ ਹੋਰ ਪਾਸਾਰ ਦਿੱਤਾਕਲਾਕਾਰ ਮਲਕੀਤ ਸਿੰਘ, ਲਾਲ ਸਿੰਘ ਢਿੱਲੋਂ, ਪ੍ਰੋਫੈੱਸਰ ਕੰਵਲਜੀਤ ਢਿੱਲੋਂ ਆਦਿ ਦਾ ਮੈਂ ਸਦਾ ਮਾਣਮੱਤਾ ਸਾਥ ਮਾਣਦਾ ਰਿਹਾ ਹਾਂ ਮੈਨੂੰ ਤੇ ਮੇਰੀ ਪਤਨੀ ਨੂੰ ਐਡਮਿੰਟਨ ਅਤੇ ਕੈਲਗਰੀ ਦੀ ਯਾਦਗਾਰੀ ਸੈਰ ਕਰਾਉਣ ਦਾ ਮਾਣ ਵੀ ਸੁਦਾਗਰ ਨੂੰ ਹੀ ਜਾਂਦਾ ਹੈਗੱਲ ਕੀ, ਉਸਦੀ ਇਹ ਸਮੁੱਚੀ ਦੇਣ ਵਰਨਣੋ ਬਾਹਰੀ ਹੈ

ਮੇਰੀ ਪਤਨੀ ਨੂੰ ਆਪਣਾ ਨਵਾਂ ਘਰ ਖਰੀਦਣ ਲਈ 25 ਕੁ ਹਜ਼ਾਰ ਕੈਨੇਡੀਅਨ ਡਾਲਰਾਂ ਦੀ ਲੋੜ ਪਈ ਤਾਂ ਪੂਰਨ ਸਿੰਘ ਪਾਂਧੀ ਨੇ ਅਤੇ ਸੁਦਾਗਰ ਨੇ ਅੱਧ ਬੋਲ ਪੂਰੀ ਕਰ ਦਿੱਤੀਸਮੇਂ ਪਿੱਛੋਂ ਮੈਂ ਪੁੱਛਿਆ ਕਿ ਉਧਾਰ ਕਿੱਥੇ ਅਤੇ ਕਿਵੇਂ ਮੋੜਾਂ? ਤਾਂ ਸੁਦਾਗਰ ਦਾ ਕਹਿਣਾ ਸੀ ਕਿਤੇ ਵੀ ਤੇ ਕਿਵੇਂ ਵੀ ਮੋੜ ਦੇਵੀਂ ਤੇ ਕੋਈ ਕਾਹਲ਼ੀ ਨਹੀਂ ਹੈਇੰਡੀਆ ਤੋਂ ਮੈਂ ਆਪਣੀ ਨਵੀਂ ਛਪੀ ਕਿਤਾਬ ਕੈਨੇਡਾ ਲੈ ਕੇ ਆਉਣੀ ਸੀਬਰਾੜ ਨੂੰ ਮੈਂ ਪੁੱਛਿਆ ਕਿ ਉਹ ਕਿੰਨੀਆਂ ਕੁ ਕਿਤਾਬਾਂ ਲਿਜਾ ਸਕਦਾ ਹੈ?”

“ਇੱਕ ਪੂਰਾ ਸੂਟਕੇਸ ਤੇਰੀਆਂ ਕਿਤਾਬਾਂ ਲਈ ਹੈ।” ਉਸਦੀ ਉਦਾਰਤਾ ਬੋਲੀ ਸੁਦਾਗਰ ਨੇ ਜੋ ਵੀ ਕਿਹਾ, ਉਹ ਸਦਾ ਪੂਰਾ ਨਿਭਾਇਆ

ਕਿਸ ਘਰ ਵਿੱਚ ਸਮੱਸਿਆਵਾਂ ਨਹੀਂ ਹੁੰਦੀਆਂ? ਸੁਦਾਗਰ ਉੱਤੇ ਵੀ ਸਿਰੇ ਦੀਆਂ ਸਮੱਸਿਆਵਾਂ ਝੁੱਲੀਆਂਮੈਂ ਉਨ੍ਹਾਂ ਦਾ ਵਰਣਨ ਕਰ ਕੇ ਉਨ੍ਹਾਂ ਨੂੰ ਮੁੜ ਹਰੀਆਂ ਨਹੀਂ ਕਰਨਾ ਚਾਹੁੰਦਾਬਰਾੜ ਨੇ ਆਪਣਾ ਸਨਮਾਨ ਬਰਕਰਾਰ ਰੱਖਦਿਆਂ ਸਿਆਣਪ, ਧੀਰਜ ਅਤੇ ਭਵਿੱਖ ਦੀ ਅੱਖ ਵਿੱਚ ਦੇਖਦਿਆਂ ਉਨ੍ਹਾਂ ਨਾਲ ਸਮੇਂ ਸਿਰ ਠੀਕ-ਠੀਕ ਸਿੱਝਿਆਸੁਦਾਗਰ ਸਿੰਘ ਬਰਾੜ ਮੇਰਾ ਸਹਾਰਾ ਸੀ, ਪ੍ਰੇਰਨਾ ਸ੍ਰੋਤ ਸੀ ਤੇ ਰਹਿਬਰ ਸੀਮੇਰੇ ਵੱਲੋਂ ਉਸਦੀ ਸ਼ਰਧਾ ਵਿੱਚ ਬੋਲਣ ਲਈ ਅਜੇ ਬੜਾ ਕੁਝ ਬਾਕੀ ਹੈ

ਸੁਦਾਗਰ ਨੂੰ ਇਸ਼ਨਾਨ ਕਰਨ ਵੇਲੇ (ਭਾਰਤ ਵਿੱਚ) ਦਿਮਾਗੀ ਹੱਲਾ ਹੋਇਆਸਮੇਂ ਸਿਰ ਸੰਭਾਲ਼ਿਆ ਵੀ ਗਿਆ ਤੇ ਬਠਿੰਡੇ ਚੰਗੇ ਹਸਪਤਾਲ਼ ਪਹੁੰਚਾਇਆ ਵੀ ਗਿਆ ਪਰ ਉਸਦੀ ਪੂਰੀ ਸਿਹਤ ਵਾਪਸੀ ਨਾ ਹੋ ਸਕੀ ਅਤੇ ਲੰਮੇ ਸਮੇਂ ਲਈ ਉਹ ਵੀਲ ਚੇਅਰ ਨਾਲ ਜੁੜਿਆ ਰਿਹਾਉਸਦੀ ਪਤਨੀ ਸ੍ਰੀਮਤੀ ਗੁਰਚਰਨ ਕੌਰ ਨੇ ਅਥੱਕ ਸ਼ਰਧਾ ਨਾਲ ਪੂਰੀ ਸਾਂਭ ਸੰਭਾਲ਼ ਕੀਤੀਇਸ ਵਡਮੁੱਲੇ ਯੋਗਦਾਨ ਲਈ ਉਸਦੇ ਸਤਿਕਾਰ ਵਿੱਚ ਮੇਰਾ ਸਿਰ ਸਦਾ ਝੁਕਿਆ ਰਹੇਗਾਸਰਦਾਰਨੀ ਬਰਾੜ ਨੇ ਸੁਦਾਗਰ ਦੀ ਅਧੂਰੀ ਪਈ ਪੁਸਤਕ ਦਾ ਖਰੜਾ ਕੰਪਿਊਟਰ ਵਿੱਚੋਂ ਲੱਭ ਕੇ ਆਪ ਤਿਆਰ ਕਰਵਾਇਆ ਅਤੇ ਵਧੀਆ ਛਪਵਾਇਆਬਰਾੜ ਦੀ ਬਿਮਾਰੀ ਸਮੇਂ ਸਾਰੇ ਪਰਿਵਾਰ ਨੇ ਹੀ ਸਮੇਤ ਉਸਦੇ ਪੁੱਤਰ, ਪੁੱਤਰੀ ਅਤੇ ਜੁਆਈ ਨੇ ਪੂਰੀ ਸੇਵਾ ਨਾਲ ਸਾਂਭ ਸੰਭਾਲ਼ ਕੀਤੀਸੁਦਾਗਰ ਦੀ ਨੂੰਹ ਰਾਣੀ ਤੇਜ਼ ਬੁੱਧੀ ਦੀ ਮਾਲਕ ਹੈਹਰ ਪੜ੍ਹਾਈ ਵਿੱਚ ਹੀ ਉਹ ਚੰਗੇ ਗ੍ਰੇਡ ਵਿੱਚ ਪਾਸ ਹੋਈ ਹੈਪਰ ਦੁੱਖ ਦੀ ਗੱਲ ਇਹ ਹੈ ਕਿ ਉਸਦੀ ਬੁੱਧੀ ਪਰਿਵਾਰਕ ਜੀਵਨ ਵਿੱਚ ਸਹਾਈ ਨਹੀਂ ਹੋ ਸਕੀਕਈ ਵਾਰ ਬਹੁਤੀ ਸਿਆਣਪ ਹੀ ਸਿਖਰ ਦੀ ਵਿਰੋਧਤਾ ਦਾ ਕਾਰਨ ਬਣ ਜਾਂਦੀ ਹੈ

ਇੱਥੇ ਸੁਦਾਗਰ ਦੇ ਕੁਝ ਸੱਜਣਾਂ ਮਿੱਤਰਾਂ ਵੱਲੋਂ ਭੇਟ ਕੀਤੀ ਗਏ ਸ਼ਰਧਾ ਦੇ ਫੁੱਲ ਪੇਸ਼ ਕੀਤੇ ਜਾਂਦੇ ਹਨ:

“ਕਿੰਝ ਧੋਵਾਂਗੇ ਇਹ ਨਮੋਸ਼ੀ? - ਅੱਜ ਦਿਲ ਉਸ ਵੇਲੇ ਸ਼ਰਮ ਅਤੇ ਅਫ਼ਸੋਸ ਨਾਲ ਛਲਣੀ ਹੋ ਗਿਆ ਜਦੋਂ ਸਾਡੇ ਸਤਿਕਾਰਯੋਗ ਕਹਾਣੀਕਾਰ ਅਤੇ ਅਧਿਆਪਕ ਯੂਨੀਅਨ ਵਿੱਚ ਰਹੇ ਧੜੱਲੇਦਾਰ ਘੁਲਾਟੀਏ ਸੁਦਾਗਰ ਬਰਾੜ ਸਾਹਿਬ ਦੀ ਬੇਟੀ ਨੂੰ ਮੈਸਜ ਕਰਕੇ ਬਰਾੜ ਸਾਹਿਬ ਦੀ ਸਿਹਤ ਦਾ ਪਤਾ ਕਰਨ ਅਤੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਭੈਣ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿੱਛੜਿਆਂ ਤਾਂ ਸਵਾ ਸਾਲ ਤੋਂ ਵੱਧ ਹੋ ਗਿਆ ਹੈਦਿਲ ਸ਼ਰਮਸਾਰ ਹੈ ਕਿ ਅਸੀਂ ਆਪਣੇ ਬਿਮਾਰ ਪਏ ਸਾਥੀ ਦਾ ਪਤਾ ਤਾਂ ਕੀ ਲੈਣਾ ਸੀ, ਉਸਦੇ ਤੁਰ ਜਾਣ ਦੀ ਖ਼ਬਰ ਵੀ ਨਹੀਂ ਰੱਖ ਸਕੇ-ਕੁਲਵਿੰਦਰ ਖਹਿਰਾ

“ਬਹੁਤ ਅਫ਼ਸੋਸ ਵਾਲੀ ਗੱਲ! ਸੁਣ ਕੇ ਬਹੁਤ ਦੁੱਖ ਹੋਇਆਜਦੋਂ ਮੈਂ ਕਰੋਨਾ ਤੋਂ ਪਹਿਲਾਂ ਉੁਨਾਂ ਨੂੰ ਮਿਲਣ ਗਈ ਸੀ ਤਾਂ ਉਨ੍ਹਾਂ ਦੀ ਵਾਈਫ ਨੇ ਪੁੱਛਿਆ, ਕੀ ਤੁਸੀਂ ਇਨ੍ਹਾਂ ਨੂੰ ਪਛਾਣਿਆ? ਧੀਮੀ ਜਿਹੀ ਅਵਾਜ਼ ਵਿੱਚ ਕਹਿਣ ਲੱਗੇ, “ਹਾਂ ਅਸੀਂ ਇਕੱਠੇ ਕਹਾਣੀ ਮੀਟਿੰਗਾਂ ਵਿੱਚ ਜਾਂਦੇ ਹੁੰਦੇ ਸੀ।” ਭਾਵੇਂ ਮੁਸ਼ਕਲ ਨਾਲ ਬੋਲ ਹੁੰਦਾ ਸੀ, ਸਰੀਰ ਦਾ ਇੱਕ ਪਾਸਾ ਕੰਮ ਨਹੀਂ ਸੀ ਕਰ ਰਿਹਾ ਇੰਨੇ ਨੂੰ ਜਦੋਂ ਨਰਸ ਆਈ ਤਾਂ ਉਸ ਨੂੰ ਮੇਰੇ ਬਾਰੇ ਦੱਸਣ ਦੀ ਤੇ ਆਪਣੀਆਂ ਲਿਖਤਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਲੱਗੇਉਹ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ, “O you are a great writerਸੁਣ ਕੇ ਉਸਦੇ ਚਿਹਰੇ ’ਤੇ ਮੁਸਕਰਾਹਟ ਫੈਲ ਗਈਨਰਸ ਨੇ ਉਸ ਨੂੰ ਨਹਾਉਣਾ ਕਰਕੇ ਮੈਂ ਬਹੁਤਾ ਚਿਰ ਠਹਿਰ ਨਾ ਸਕੀਬਹੁਤ ਅਫ਼ਸੋਸ!- ਰਛਪਾਲ ਕੌਰ ਗਿੱਲ

“ਯਾਰ, ਖ਼ਬਰ ਕਲੇਜੇ ਵਿੱਚ ਬਰਛੀ ਵਾਂਗ ਵੱਜੀਮੈਂ ਤੈਨੂੰ ਕਹਿੰਦਾ ਵੀ ਰਿਹਾ ਕਿ ਉਹਨਾਂ ਨੂੰ ਮਿਲਣ ਚੱਲੀਏ, ਪਰ ਆਪਾਂ ਜਾ ਹੀ ਨਾ ਸਕੇਗੁਨਾਹਗਾਰ ਮਹਿਸੂਸ ਕਰ ਰਿਹਾ ਸੀ- ਵਰਿਆਮ ਸਿੰਘ ਸੰਧੂ

“ਬਹੁਤ ਅਫਸੋਸ ਹੈ ਕਾਫਲੇ ਦੇ ਅਹਿਮ ਮੈਂਬਰ ਸੁਦਾਗਰ ਬਰਾੜ ਦੇ ਟੁਰ ਜਾਣ ਦਾਮੈਂ ਦੋ ਵਾਰ ਮਿਲਣ ਲਈ ਗਿਆ ਸਾਂ, ਉਹ ਪਛਾਣ ਲੈਂਦਾ ਸੀਇਹ ਪਤਾ ਲੱਗਣ ’ਤੇ ਕਿ ਉਹ ਪਛਾਣਦਾ ਨਹੀਂ, ਫਿਰ ਨਹੀਂ ਗਿਆ- ਜਰਨੈਲ ਸਿੰਘ ਕਹਾਣੀਕਾਰ

2011 ਵਿੱਚ ਕੈਲਗਰੀ ਆਏ ਸਨ ਸੁਦਾਗਰ ਬਰਾੜ ਜੀ, ਉਦੋਂ ਮਿਲੇ ਸਨਅਫ਼ਸੋਸ ਕਿ ਇਹ ਪਤਾ ਨਹੀਂ ਲੱਗਾ ਕਿ ਉਹਨਾਂ ਨੂੰ ਦੁਨੀਆਂ ਤੋਂ ਗਿਆ ਵੀ ਸਵਾ ਸਾਲ ਹੋ ਗਿਆ ਹੈ- ਬਲਜਿੰਦਰ ਸੰਘਾ

“ਸੁਦਾਗਰ ਸਿੰਘ ਦੀ ਮੌਤ ਹੋ ਜਾਣ ’ਤੇ ਸੋਸ਼ਲ ਮੀਡੀਏ ਰਾਹੀਂ ਉਨ੍ਹਾਂ ਦੇ ਬੇਟੇ ਵੱਲੋਂ ਜਾਣਕਾਰੀ ਦਿੱਤੀ ਗਈ ਸੀਕੁਝ ਸਮੇਂ ਬਾਦ ਉਨ੍ਹਾਂ ਦੇ ਜੱਦੀ ਪਿੰਡ ਲੰਡੇ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਦੀਆਂ ਖਬਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨਕਈ ਵਾਰ ਜਾਣਕਾਰੀ ਸਾਂਝੀ ਕਰਨ ਵਾਲੇ ਨਾਲ ਸਿੱਧੇ ਤੌਰ ’ਤੇ ਜੁੜੇ ਨਾ ਹੋਣ ਕਾਰਨ ਕਰਕੇ ਅਜਿਹਾ ਵਾਪਰ ਜਾਂਦਾ ਹੈ” - ਗੁਰਬਚਨ ਬਰਾੜ, ਕੈਲਗਰੀ

“ਸੁਦਾਗਰ ਸਿੰਘ ਬਰਾੜ ਪੰਜਾਬ ਦੀ ਅਧਿਆਪਕ ਯੂਨੀਅਨ ਤੇ ਕੈਨੇਡਾ ਦੇ ‘ਕਲਮਾਂ ਦੇ ਕਾਫ਼ਲੇ’ ਦੀ ਜਿੰਦ ਜਾਨ ਸੀਕਈ ਵਰ੍ਹੇ ਪਹਿਲਾਂ ਉਸ ਨੂੰ ਪਿੰਡ ਗਏ ਨੂੰ ਸਟਰੋਕ ਹੋ ਗਿਆ ਸੀਫਿਰ ਪਰਿਵਾਰ ਉਸ ਨੂੰ ਕੈਨਡਾ ਲੈ ਆਇਆ ਸੀਵਰ੍ਹਿਆਂ ਬੱਧੀ ਸੇਵਾ ਸੰਭਾਲ ਕੀਤੀ ਗਈਬੜੇ ਦੁੱਖ ਝੱਲੇ ਗਏ ਜਦੋਂ ਜਾਂਦੀ ਵਾਰ ਦਾ ਸੱਦਾ ਆਇਆ ਤਾਂ ਕਲਮਾਂ ਦੇ ਕਾਫਲੇ ਵਿੱਚੋਂ ਕਿਸੇ ਨੂੰ ਵੀ ਪਤਾ ਨਾ ਲੱਗਾਕੇਹੀ ਤਰਾਸਦੀ ਹੈ ਸਰਗਰਮ ਘੁਲਾਟੀਏ ਤੇ ਪੰਜਾਬੀ ਲੇਖਕ ਦੀ! ਫੇਸਬੁੱਕ ਦੇ ਜ਼ਮਾਨੇ ਵਿੱਚ ਵੀ ਕਿੰਨੀ ਦੇਰ ਬਾਅਦ ਪਤਾ ਲੱਗਾ! ਆਓ ਕਲਮਾਂ ਦੇ ਕਾਫ਼ਲੇ ਦੀ ਅਗਲੀ ਮੀਟਿੰਗ ਸੁਦਾਗਰ ਸਿੰਘ ਨਮਿੱਤ ਰੱਖੀਏ ਤੇ ਤੁਰ ਗਏ ਰਾਂਗਲੇ ਸੱਜਣ ਨੂੰ ਯਾਦ ਕਰੀਏ- ਪ੍ਰਿੰਸੀਪਲ ਸਰਵਣ ਸਿੰਘ ਸੰਧੂ

“ਕੁਲਵਿੰਦਰ! ਤੁਹਾਡੀ ਪੋਸਟ ਪੜ੍ਹ ਕੇ ਅਫ਼ਸੋਸ ਅਤੇ ਤੁਅਜਬ ਹੋਇਆ ਕਿ ਅੰਕਲ ਦੇ ਸਰੀਰਕ ਤੌਰ ’ਤੇ ਸਾਡੇ ਕੋਲੋਂ ਵਿਦਾ ਹੋਣ ਦਾ ਕਿਸੇ ਵੀ ਲੇਖਕ ਨੂੰ ਪਤਾ ਹੀ ਨਹੀਂ ਸੀ ਲੱਗਾਸਾਡੀਆਂ ਪਰਿਵਾਰਕ ਸਾਝਾਂ ਹੋਣ ਕਰਕੇ ਅਸੀਂ ਬਰੈਂਪਟਨ ਅਤੇ ਸਾਰਨੀਆ ਕਈ ਵਾਰ ਆਪਣੇ ਪਾਪਾ ਜੀ ਨੂੰ, ਬਿਮਾਰੀ ਸਮੇਂ ਉਹਨਾਂ ਨੂੰ ਮਿਲਾਉਣ ਲਿਜਾਂਦੇ ਰਹੇ ਸੀਸਸਕਾਰ ਉੱਤੇ ਵੀ ਗਏ ਅਤੇ ਭੋਗ ਉੱਤੇ ਵੀਉਹ ਮੇਰੇ ਪਾਪਾ ਦੇ ਸੰਗਰਾਮੀ ਸਾਥੀ ਰਹੇ ਸਨਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਦੀ ਵੀ ਸਾਂਝ ਬਣੀ ਹੋਈ ਹੈਮੇਰੇ ਪਿਤਾ ਨੂੰ ਅੰਕਲ ਨੇ ਹੀ ਟੀਚਰ ਯੂਨੀਅਨ ਦਾ ਇਤਿਹਾਸ ਲਿਖਣ ਬਾਰੇ ਪਰੇਰਿਆ ਹੀ ਨਹੀਂ ਸਗੋਂ ਮਜਬੂਰ ਕੀਤਾ ਕਿਉਂਕਿ ਮੇਰੇ ਪਿਤਾ ਪੰਜਾਬ ਵਿੱਚ ਟਰੇਡ/ਟੀਚਰ ਯੂਨੀਅਨ ਦਾ ਮੁੱਢ ਬੰਨ੍ਹਣ ਵਾਲਿਆਂ ਵਿੱਚੋਂ ਸਨ/ਹਨਸੁਦਾਗਰ ਅੰਕਲ ਬਹੁਤ ਬਾਅਦ ਵਿੱਚ ਕਾਫਲੇ ਵਿੱਚ ਸ਼ਾਮਿਲ ਹੋਏ ਮੈਨੂੰ ਮਾਣ ਹੈ ਕਿ ਇਸ ਕਰਕੇ ਉਹ ਮੇਰੇ ਪਾਪਾ ਜੀ ਨੂੰ ਆਪਣੇ ਆਗੂ/ਰਹਿਬਰ ਵਾਲਾ ਸਤਿਕਾਰ ਦਿੰਦੇ ਰਹੇ ਅਤੇ ਸਾਨੂੰ ਪਿਆਰ ਨਾਲ ਨਿਵਾਜਦੇ ਰਹੇ ਮੈਂ ਉਨ੍ਹਾਂ ਦੇ ਸਸਕਾਰ ਅਤੇ ਭੋਗ ਵੇਲੇ ਦੋਨਾਂ ਮੌਕਿਆਂ ਉੱਤੇ ਸੰਗਰਾਮੀ ਸਾਥੀਆਂ ਅਤੇ ਅਦੀਬਾਂ ਦੀ ਗੈਰ ਹਾਜ਼ਰੀ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਸੀਸੁਦਾਗਰ ਅੰਕਲ ਨੂੰ ਬਹੁਤ ਸਤਿਕਾਰ-ਕੰਵਲਜੀਤ ਢਿੱਲੋਂ

ਸੁਦਾਗਰ ਬਰਾੜ ਭਾਵੇਂ ਕਈ ਸਾਲ ਦੂਜੇ ਬੱਸ ਪਿਆ ਰਿਹਾ ਪਰ ਉਸਦੇ ਠੀਕ ਹੋ ਜਾਣ ਦੀ ਮੈਨੂੰ ਸਦਾ ਹੀ ਆਸ ਬਣੀ ਰਹੀਜਦੋਂ ਵੀ ਮੈਂ ਤੇ ਗੁਰਬਚਨ ਚਿੰਤਕ ਨੇ ਉਸ ਨੂੰ ਮਿਲਣਾ ਬੀਤੇ ਦੀਆਂ ਪਰਾਪਤੀਆਂ ਦੀਆਂ ਬਾਤਾਂ ਚੱਲਣੀਆਂ, ਖੁਸ਼ਗਵਾਰ ਵਾਤਾਵਰਣ ਬਣਿਆ ਰਹਿਣਾਦੂਰ ਜਾ ਕੇ ਵੀ ਉਹ ਮੇਰੇ ਮਨ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾਉਸਦੇ ਇਸ ਸਦੀਵੀ ਸਾਥ ਨੂੰ ਲੱਖ-ਲੱਖ ਪਰਣਾਮ! - ਕਿਰਪਾਲ ਸਿੰਘ ਪੰਨੂੰ

*  *  *

ਸੁਦਾਗਰ ਬਰਾੜ ਲੰਡੇ ਜੀ ਦੀ ਘਾਲਣਾ ਬਾਰੇ ਵਿਸਥਾਰ ਵਿੱਚ ਜਾਣਨ ਲਈ ਹੇਠ ਦਿੱਤੇ ਲਿੰਕ ਉੱਤੇ ਕਲਿੱਕ ਕਰੋ --- ਅਵਤਾਰ ਗਿੱਲ।)

ਜਗਿਆਸੂ ਸੁਭਾਅ ਦੇ ਮਾਲਕ ਹਨ ਮਾਸਟਰ ਸੁਦਾਗਰ ਸਿੰਘ ਬਰਾੜ ‘ਲੰਡੇ’ --- ਜੱਗੀ ਬਰਾੜ ਸਮਾਲਸਰ

https://www.sarokar.ca/2015-04-08-03-15-11/2015-05-04-23-41-51/3824-2022-06-15-15-46-10

  *  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4832)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
WhatsApp (India 91 -  76878 - 09404)

Email: (kirpal.pannu36@gmail.com)

More articles from this author