KirpalSPannu7ਗੁਰਮੁਖੀ ਵਿਚ ਲਿਖੇ ਸਾਹਿਤ ਨੂੰ ਲਿੱਪੀ ਦੀਆਂ ਹੱਦਾਂ ਪਾਰ ਕਰਕੇ ਸ਼ਾਹਮੁਖੀ ਅਤੇ ਦੇਵਨਾਗਰੀ ...SarwanSingh KirpalPannu
(27 ਫਰਵਰੀ 2025)

GlobalPunjabi1ਅੱਜ ਤੋਂ ਤਕਰੀਬਨ 26-27 ਸਾਲ ਪਹਿਲਾਂ ਜਦੋਂ ਮੇਰਾ ਤੀਜਾ ਬੇਟਾ ਹਰਵੰਤ ਵਾਟਰਲੂ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰ ਰਿਹਾ ਸੀ, ਅਸੀਂ ਦੋਵਾਂ ਨੇ ਚੰਗੇ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਣ ਅਤੇ ਸੰਭਾਲਣ ਦਾ ਯਤਨ ਕਰਨ ਬਾਰੇ ਸੋਚ ਵਿਚਾਰ ਕੀਤੀ। ਸ਼ੁਰੂ ਤੋਂ ਹੀ ਇਸ ਪਰੋਜੈਕਟ ਦਾ ਸਾਡੇ ਉਦੇਸ਼ਾਂ ਨਾਲ ਬਹੁਤ ਹੀ ਢੁਕਦਾ ਨਾਂ ‘ਗਲੋਬਲ ਪੰਜਾਬੀ’ ਅਤੇ ਇਸਦਾ ਮਿਸ਼ਨ ਸਲੋਗਨ ‘ਪੰਜਾਬੀ ਬਿਨਾਂ ਹੱਦਾਂ ਤੋਂ’ ਅਪਣਾ ਲਿਆ ਗਿਆ। ਨਾਂ ਦਾ ਫੈਸਲਾ ਹੁੰਦੇ ਹੀ ਵੈੱਬਸਾਈਟ ਲਈ ਗਲੋਬਲਪੰਜਾਬੀ ਡੌਟ ਕੌਮ (https://GlobalPunjabi.com) ਦਾ ਨਾਂ ਰਜਿਸਟਰ ਕਰਕੇ ਸਾਲ 2000 ਵਿਚ ਇਸਦਾ ਨਿਰਮਾਣ ਸ਼ੁਰੂ ਕੀਤਾ ਗਿਆ। ਸ਼ੁਰੂ-ਸ਼ੁਰੂ ਵਿੱਚ ਮੇਰੇ ਕਈ ਲੇਖਕ ਸਾਥੀਆਂ ਨੇ ਮਾਇਕ ਸਹਾਇਤਾ ਵਜੋਂ ਇਸ ਵਿਚ ਆਪਣਾ ਯੋਗਦਾਨ ਵੀ ਪਾਇਆ, ਜਿਸ ਲਈ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ।

PannuLipiAntar1ਗਲੋਬਲਪੰਜਾਬੀ ਸਾਈਟ ਦਾ ਮੁੱਖ ਉਦੇਸ਼ ਪੰਜਾਬੀ ਦੀਆਂ ਸੁਚੱਜੀਆਂ ਰਚਨਾਵਾਂ ਨੂੰ, ਮੁਲਕਾਂ ਅਤੇ ਲਿੱਪੀਆਂ ਦੀਆਂ ਹੱਦਾਂ ਟੱਪਕੇ, ਦੁਨੀਆਂ ਭਰ ਦੇ ਪਾਠਕਾਂ ਤੀਕਰ ਪਹੁੰਚਾਣਾ ਹੀ ਹੈ। ਪਰ ਸਮਾਂ ਲੰਘਣ ਦੇ ਨਾਲ਼ ਇਸ ਵਿੱਚ ਮਿਲ਼ਦੀਆਂ ਜੁਲ਼ਦੀਆਂ ਕੁਝ ਹੋਰ ਸੇਵਾਵਾਂ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਗਲੋਬਲ ਪੰਜਾਬੀ ਲਈ ਮੇਰੇ ਦੂਜੇ ਬੇਟੇ ਰਾਜਵੰਤ ਵਲੋਂ ਇਕ ਲਿੱਪੀਆਂਤਰ ਯੰਤਰ (ਪੰਨੂੰ ਲਿੱਪੀਆਂਤਰ) ਤਿਆਰ ਕੀਤਾ ਗਿਆ ਹੈ ਜੋ ਗੁਰਮੁਖੀ ਵਿਚ ਲਿਖੇ ਸਾਹਿਤ ਨੂੰ ਲਿੱਪੀ ਦੀਆਂ ਹੱਦਾਂ ਪਾਰ ਕਰਕੇ ਸ਼ਾਹਮੁਖੀ ਅਤੇ ਦੇਵਨਾਗਰੀ ਲਿੱਪੀਆਂ ਵਿਚ ਪੜ੍ਹਨ ਲਈ ਸਹਾਈ ਹੁੰਦਾ ਹੈ। ਪੰਨੂੰ ਲਿੱਪੀਆਂਤਰ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਕੋਈ ਵੀ ਸੰਸਥਾ ਇਸ ਨੂੰ ਵਰਤ ਸਕਦੀ ਹੈ। ਇਹ ਸਿਰਫ ‘ਗਲੋਬਲਪੰਜਾਬੀ ਡੌਟ ਕੌਮ’ ਸਾਈਟ ਤੱਕ ਹੀ ਸੀਮਤ ਨਹੀਂ ਹੈ।

PannuKeyBoard1

 

ਕੰਪਿਊਟਰ ’ਤੇ ਪੰਜਾਬੀ ਟਾਈਪ ਕਰਨ ਲਈ ਮੇਰੇ ਵਲੋਂ ਬਣਾਏ ਗਏ ਕੁਝ ਕੀਬੋਰਡ ਵੀ ਉਪਲਬਧ ਕਰਵਾਏ ਗਏ ਹਨ। ਗਲੋਬਲ ਪੰਜਾਬੀ ਕੀਅ ਬੋਰਡ ਗੁਰਮੁਖੀ, ਦੇਵਨਾਗਰੀ ਅਤੇ ਸ਼ਾਹਮੁਖੀ ਜੋ ਕਿ ਸਮੇਂ ਸਮੇਂ ਤੇ ਲੋਕਾਂ ਦੇ ਸੁਝਾਵਾਂ ਅਨੁਸਾਰ ਸੁਧਾਰੇ ਜਾਂਦੇ ਹਨ। ਪਹਿਲਾਂ ਇਹ ਕੀਬੋਰਡ ਗਲੋਬਲਪੰਜਾਬੀ ਸਾਈਟ ਤੋਂ ਡਾਊਨਲੋਡ ਕੀਤੇ ਜਾਂਦੇ ਸੀ। ਕੀਬੋਰਡ ਦੀ ਲੋੜ ਨੂੰ ਵਿਸੇਸ਼ ਧਿਆਨ ਦੇਣ ਅਤੇ ਵਰਤੋਂਕਾਰਾਂ ਦੀ ਵਧੇਰੇ ਸਹੂਲਤ ਲਈ ਇਸ ਸਾਲ (2025) ਤੋਂ ਇਹਨਾਂ ਲਈ ਪੰਜਾਬੀਕੀਬੋਰਡ ਡੌਟ ਕੌਮ (https://PunjabiKeyboard.com/) ਨਾਂ ਦੀ ਇਕ ਵੱਖਰੀ ਸਾਈਟ ਬਣਾਈ ਗਈ ਹੈ।

SarwanSingh KirpalPannuਗਲੋਬਲਪੰਜਾਬੀ ਸਾਈਟ ਉੱਤੇ ਹਰਵੰਤ ਸੁਰੂ ਤੋਂ ਹੀ ਲੱਗਿਆ ਹੋਇਆ ਹੈ। ਕਦੇ ਉਸਦਾ ਸਾਰਾ ਧਿਆਨ ਆਪਣੇ ਕੰਮ (ਜੌਬ) ਵੱਲ ਹੋ ਜਾਂਦਾ ਰਿਹਾ ਹੈ ਅਤੇ ਫਿਰ ਵਿਹਲੇ ਪਲਾਂ ਵਿੱਚ ਉਹ ਮੁੜ ਗਲੋਬਲਪੰਜਾਬੀ ਵੱਲ ਪਰਤ ਆਉਂਦਾ ਰਿਹਾ ਹੈ। ਹਰਵੰਤ ਤੋਂ ਇਲਾਵਾ, ਮੋਢੀਆਂ ਵਜੋਂ ਇਸ ਸਾਈਟ ਵਿੱਚ ਮੈਂ ਖ਼ੁਦ, ਜੋ ਕਿ ਕੰਪਿਊਟਰ ਨਾਲ਼ ਸ਼ੌਕੀਆ ਜੁੜਿਆ ਹੋਇਆ ਹਾਂ, ਅਤੇ ਰਾਜਵੰਤ (ਜਿਸ ਕੋਲ ਕੰਪਿਊਟਰ ਸਾਇੰਸ ਦੀ ਯੋਗਤਾ ਹੈ) ਹਿੱਸਾ ਪਾ ਰਹੇ ਹਾਂ। ਮੇਰੇ ਸਭ ਤੋਂ ਵੱਡੇ ਬੇਟੇ ਨਰਵੰਤ, ਜੋ ਕਿ ਇਕ ਇਲੈਕਟ੍ਰੀਕਲ ਇੰਜਨੀਅਰ ਅਤੇ ਆਟੋਮੇਸ਼ਨ ਐਕਸਪਰਟ ਹੈ, ਦਾ ਯੋਗਦਾਨ ਮੈਂ ਸਭ ਤੋਂ ਵੱਧ ਸਮਝਦਾ ਹਾਂ ਕਿਉਂਕਿ ਹਰਵੰਤ ਅਤੇ ਮੈਨੂੰ ਕੰਪਿਊਟਰ ਦੇ ਰਾਹ ਤੋਰਨ ਵਾਲ਼ਾ ਓਹੀ ਹੈ। ਉਸ ਨੇ ਸਾਲ 1991 ਵਿੱਚ ਵੀ ਆਪਣੇ ਘਰ ਕੰਪਿਊਟਰ ਰੱਖਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਮਹਿੰਗੇ ਹੁੰਦੇ ਸਨ। ਘਰ ਕੰਪਿਊਟਰ ਹੋਣਾ ਬੜੀ ਵੱਡੀ ਗੱਲ ਸੀ, ਜੋ ਅੱਜ ਵਾਂਗ ਪਰਚੱਲਤ ਨਹੀਂ ਸਨ। ਮੇਰੇ ਕੰਪਿਊਟਰ ਸਿੱਖਣ ਵਿੱਚ ਅਸਲ ਵਿੱਚ ਉਸਦੀ ਹੀ ਉਸਤਾਦੀ ਕੰਮ ਆਈ ਹੈ। ਉਸਦੇ ਕਥਨ ਕਿ ਕੰਪਿਊਟਰ ਕੋਈ ਛੂਈ-ਮੂਈ ਯੰਤਰ ਨਹੀਂ ਜੋ ਕਿਸੇ ਦੇ ਹੱਥ ਲਾਇਆਂ ਹੀ ਖਰਾਬ ਹੋ ਜਾਏਗਾ, ਮੈਨੂੰ ਅੱਜ ਵੀ ਯਾਦ ਹਨ। ਨਰਵੰਤ ਨੇ ਕਹਿਣਾ ਕਿ ਕੰਮ ਕਰਦਿਆਂ ਇਹ ਵੱਧ ਤੋਂ ਵੱਧ ਸਟੱਕ ਕਰ ਜਾਇਗਾ। ਜਦੋਂ ਬੰਦ ਕਰਕੇ ਦੁਬਾਰਾ ਚਲਾਉਗੇ, ਮੁੜਕੇ ਫਿਰ ਸਹੀ ਕੰਮ ਕਰੇਗਾ।

ਹੁਣ ਜਦੋਂ ਕਿ ਹਰਵੰਤ ਉੱਤੇ ਕੰਮ ਦਾ ਭਾਰ ਕੁਝ ਹਲਕਾ ਹੋ ਰਿਹਾ ਹੈ, ਉਸਨੇ ਇਸ ਸਾਈਟ ਵੱਲ ਹੋਰ ਵੱਧ ਧਿਆਨ ਦੇਣਾ ਆਰੰਭ ਕਰ ਦਿੱਤਾ ਹੈ। ਉਸ ਵਿੱਚ ਦ੍ਰਿੜ੍ਹਤਾ ਨਾਲ਼ ਕੰਮ ਕਰਨ ਦੀ ਰੁਚੀ ਹੈ, ਕਮਾਲ ਦੀ ਲੰਮੀ ਨਦਰਿ ਹੈ, ਪਰਪੱਕ ਇੱਛਾ ਸ਼ਕਤੀ ਹੈ, ਅਤੇ ਸਮੇਂ ਨਾਲ਼ ਆਰਥਕ ਸਮਰੱਥਾ ਵੀ ਆ ਗਈ ਹੈ। ਉਸਨੇ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਦਾ ਹੀ ਭਰਪੂਰ ਯੋਗਦਾਨ ਪਾਇਆ ਹੈ ਅਤੇ ਅੱਗੇ ਨੂੰ ਵੀ ਮੇਰੇ ਸੁਪਨਿਆਂ ਨੂੰ ਪੂਰਿਆਂ ਕਰੇਗਾ, ਇਹ ਮੈਨੂੰ ਆਸ ਹੈ। ਮੇਰੇ ਬਹੁਤੇ ਸੁਪਨੇ ਗੁਰਮੁਖੀ ਅਤੇ ਸ਼ਾਹਮੁਖੀ ਕੰਪਿਊਟਰ ਦੇ ਵਿਕਾਸ ਸਬੰਧੀ ਹੀ ਹਨ। ਜਿਵੇਂ ਕਿ:

1. ਟਾਈਪ ਕਰਤਾ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਟਾਈਪ ਕਰਨ ਨੂੰ ਇੱਕ ਔਖਾ ਕੰਮ ਨਾ ਸਮਝੇ ਸਗੋਂ ਇਨ੍ਹਾਂ ਲਿੱਪੀਆਂ ਵਿੱਚ ਟਾਈਪ ਕਰਨ ਨੂੰ ਆਪਣੇ ਘਰ ਵਾਂਗ, ਭਾਵ ਆਪਣੀ ਰੁਚੀ ਵਿੱਚ ਹੀ ਰਚਿਆ ਸਮਝੇ। ਇਸ ਕਾਰਜ ਵਿੱਚ ਢੁਕਵਾਂ ਕੀਅਬੋਰਡ ਲੇਆਊਟ ਬਹੁਤ ਸਹਾਈ ਹੋ ਸਕਦਾ ਹੈ। ਤੇ ਇਸ ਸੁਪਨੇ ਦੀ ਪੂਰਤੀ ਲਈ ਪੂਰੇ ਵਿਸਥਾਰ ਨਾਲ਼ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ (ਤਿੰਨਾਂ ਵਿੱਚ ਥੋੜੀ ਬਹੁਤੀ ਅੰਗਰੇਜ਼ੀ ਟਾਈਪ ਕਰਨ ਦੀ ਸਮਰੱਥਾ ਵੀ।) ਵਿਓਂਤੀ ਗਈ ਹੈ। ਤੁਹਾਡੀ ਇੱਛਾ ਅਨੁਸਾਰ ਇਨ੍ਹਾਂ ਕੀਅਬੋਰਡ ਲੇਆਊਟਾਂ ਵਿੱਚ ਹੋਰ ਸੁਧਾਰ ਵੀ ਹੋ ਸਕਦਾ ਹੈ ਜਾਂ ਮੂਲੋਂ ਹੀ ਨਵਿਆਂ ਦੀ ਹੋਂਦ ਦੇ ਕੇ ਤੁਹਾਡੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਕੇਵਲ ਤੁਹਾਡੀ ਇੱਛਾ ਸਾਡੇ ਕੋਲ਼ ਪਹੁੰਚਣੀ ਚਾਹੀਦੀ ਹੈ।

2. ਗੁਰਮੁਖੀ ਅਤੇ ਸ਼ਾਹਮੁਖੀ ਲਿਖਤਾਂ ਦਾ ਮਿਆਰੀਕਰਨ ਅਰੰਭਿਆ ਜਾਏ। ਲੋੜੀਂਦੇ ਮਿਆਰੀ ਕਰਨ ਦਾ ਟੀਚਾ ਪ੍ਰਾਪਤ ਕਰਨ ਲਈ ਸਮਾਂ ਲੱਗ ਸਕਦਾ ਹੈ। ਸਦੀਵੀ ਮਿਆਰੀਕਰਨ ਸੰਭਵ ਹੀ ਨਹੀਂ ਕਿਉਂਕਿ ਬ੍ਰਹਿੰਡ ਦੀ ਹਰ ਚੀਜ਼ ਬਦਲਣ ਹਾਰ ਹੈ ਤੇ ਭਾਸ਼ਾਵਾਂ ਦਾ ਮਿਆਰੀਕਰਨ ਵੀ ਤਰਲ ਵਸਤੂ ਹੈ। ਸਮਿਆਂ ਨਾਲ਼ ਇਨ੍ਹਾਂ ਵਿੱਚ ਸੋਧਾਂ ਹੁੰਦੀਆਂ ਹੀ ਰਹਿਣਗੀਆਂ। ਪਰ ਮਿਆਰੀ ਕਰਨ ਦਾ ਅਰੰਭੀਕਰਨ ਅਤੇ ਇਸਦਾ ਛੋਟਾ ਜਾਂ ਵੱਡਾ ਟੀਚਾ ਤਾਂ ਪ੍ਰਾਪਤ ਕੀਤਾ ਹੀ ਜਾ ਸਕਦਾ ਹੈ।

ਹਰ ਲਿਖਾਰੀ ਦੀ ਸੋਚ ਉਡਾਰੀ ਤੇ ਪ੍ਰਗਟਾਅ ਦੀ ਵਿਧੀ ਅਤੇ ਸਮਰੱਥਾ ਆਪੋ ਆਪਣੀ ਹੀ ਰਹੇਗੀ। ਕੋਈ ਵੀ ਤਾਕਤ ਇਸ ਨੂੰ ਮੋਤੀਆਂ ਵਾਂਗ ਇੱਕੋ ਮਾਲ਼ਾ ਵਿੱਚ ਨਹੀਂ ਪ੍ਰੋ ਸਕਦੀ। ਹਰ ਵਿਅਕਤੀ ਦਾ ਹੀ ਕੁਝ ਨਾ ਕੁਝ ਤਾਂ ਆਪਣਾ ਹੋਣਾ ਹੀ ਚਾਹੀਦਾ ਹੈ। ਆਪਣੀ ਸ਼ੈਲੀ, ਆਪਣੇ ਗਿਆਨ ਦੀ ਵਿਸ਼ਾਲਤਾ, ਆਪਣੇ ਰਹਿਣ ਸਹਿਣ ਦੀ ਮੋਹਰ, ਆਪਣੇ ਇਲਾਕੇ ਅਤੇ ਸੱਭਿਆਚਾਰ ਦੀ ਭਾਅ। ਅਗਲਾ ਕੰਮ ਕੰਪਿਊਟਰ ਦਾ ਹੈ, ਜੋ ਉਪਰੋਕਤ ਗੁਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਰਚਨਾਵਾਂ ਨੂੰ ਮਿਆਰੀਕਰਨ ਦਾ ਜੋੜਾ-ਜਾਮਾ ਪਹਿਨਾ ਸਕਦਾ ਹੈ। ਰਚਨਾ ਆਈ, ਕੰਪਿਊਟਰ ਦੀ ਕਲਾ ਦਬਾਈ, ਬੱਸ ਹੋ ਗਈ ਮਿਆਰੀਕਰਨ ਦੀ ਘੁੰਡ ਚੁਕਾਈ ਤੇ ਚੱਲ ਮੇਰੇ ਭਾਈ। ਕੰਪਿਊਟਰ ਲਈ ਇਹ ਸਭ ਕੁਝ ਸੰਭਵ ਹੈ। ਮੇਰੇ ਦਿਮਾਗ ਵਿੱਚ ਇਸਦਾ ਨਕਸ਼ਾ ਵੀ ਉਲੀਕਿਆ ਹੋਇਆ ਹੈ। ਮੈਂ ਤੇ ਕਿਸਦਾ ਪਾਣੀਹਾਰਾ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਪ੍ਰੋਗਰਾਮਰ ਧੀਂਗ ਤੋਂ ਧੀਂਗ ਪਏ ਹਨ। ਉਹ ਸਭ ਕੁਝ ਕਰ ਸਕਦੇ ਹਨ ਅਤੇ ਕਰਨਗੇ, ਇਹ ਮੇਰਾ ਯਕੀਨ ਹੈ। ਕੇਵਲ ਇਸ ਦੀ ਮੰਗ ਹੋਣੀ ਚਾਹੀਦੀ ਹੈ। ਵਪਾਰ ਮੰਗ ਦੇ ਅਧਾਰ ਉੱਤੇ ਚੱਲਦਾ ਹੈ। ਜੇ ਗਾਹਕ ‘ਚੱਲ ਹੋਊ’ ਕਹਿਕੇ ਸਾਰ ਲੈਣਗੇ, ਫਿਰ ਪੇਸ਼ ਕਰਨ ਵਾਲ਼ੇ ਨੂੰ ਕੀ ਲੋੜ ਹੈ, ਉਹ ਇੱਕ ਵੀ ਦਮੜੀ ਹੋਰ ਖਰਚੇ ਅਤੇ ਇੱਕ ਵੀ ਪਲ ਏਧਰ ਚੰਗੇ ਪਾਸੇ ਲਾਏ।

ਅੰਤ ਵਿੱਚ ਮੇਰੀ ਸਾਰੇ ਲੇਖਕਾਂ ਨੂੰ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਗਲੋਬਲਪੰਜਾਬੀ ਡੌਟ ਕਾਮ ਨੂੰ ਭੇਜਣ ਦੀ ਕਿਰਪਾਲਤਾ ਕਰੋ ਅਤੇ ਪੰਜਾਬੀ ਸ਼ਾਹਮੁਖੀ ਦੇ ਵਿਕਾਸ ਵਿੱਚ ਆਪਣਾ ਕੀਮਤੀ ਯੋਗਦਾਨ ਪਾਓ। ਤੁਹਾਡੀਆਂ ਰਚਨਾਵਾਂ ਗੁਰਮੁਖੀ ਦੇ ਨਾਲ਼-ਨਾਲ਼ ਸ਼ਾਹਮੁਖੀ ਅਤੇ ਦੇਵਨਾਗਰੀ ਵਿੱਚ ਵੀ ਪੜ੍ਹੀਆਂ ਜਾ ਸਕਣਗੀਆਂ। ਸ਼ਾਹਮੁਖੀ ਵਿੱਚ ਉਰਦੂ ਵਿੱਦਵਾਨਾਂ ਦੀ ਸੋਚ ਅਨੁਸਾਰ ਖਾਸ ਕਰਕੇ ਸਾਡਾ ਕਨਵਰਸ਼ਨ ਪਰਬੰਧ ਸ਼ਾਇਦ ਖਰਾ ਨਾ ਉੱਤਰੇ। ਪਰ ਇਹ ਤੁਹਾਡੇ ਵਿਚਾਰਾ ਦਾ ਸੰਚਾਰ ਪੂਰੀ ਯੋਗਤਾ ਨਾਲ਼ ਕਰੇਗਾ। ਅਸੀਂ ਸ਼ਾਹਮੁਖੀ ਵਿੱਚ ਬਣਦੀਆਂ ਸਾਰੀਆਂ ਮਾਤਰਾਵਾਂ ਲਾਉਣ ਦੇ ਧਾਰਨੀ ਹਾਂ। ਦਰੁਸਤੀ ਸੰਖੇਪਤਾ ਤੋਂ ਹਮੇਸ਼ਾ ਮੀਰੀ ਰਹਿੰਦੀ ਹੈ। ਹੁਣ ਤਾਂ ਸ਼ਾਹਮੁਖੀ ਵਿੱਚ ਵਰਤੀ ਜਾਂਦੀ ਸੰਖੇਪਤਾ ਦੀ ਲੋੜ ਵੀ ਨਹੀਂ, ਕਿਤਾਬਾਂ ਨੂੰ ਕਾਤਿਬ ਨਹੀਂ ਲਿਖਦੇ ਸਗੋਂ ਕੰਪਿਊਟਰ ਛਾਪਦੇ ਹਨ, ਜੋ ਜ਼ੇਰ ਜ਼ਬਰ ਨੂੰ ਅੱਗੇ ਪਿੱਛੇ ਨਹੀਂ ਹੋਣ ਦਿੰਦੇ ਸਗੋਂ ਠੀਕ ਠਿਕਾਣੇ ਸਿਰ ਪਾਉਂਦੇ ਹਨ। ਸਮੇਂ ਨਾਲ਼ ‘ਤੇ-ਤੋਏ’ ਦੀਆਂ ਲੋੜਾਂ ਕੰਪਿਊਟਰ ਨੇ ਆਪੇ ਹੀ ਸੋਧ ਲੈਣੀਆਂ ਹਨ। ਪੂਰੀ ਤਿਆਰੀ ਲਈ ਹਰ ਉਸਾਰੀ ਸਮੇਂ ਦੀ ਵਾਰੀ ਦੇ ਅਧੀਨ ਹੈ।

ਪਾਠਕਾਂ ਨੂੰ ਬੇਨਤੀ ਹੈ ਕਿ ਰਚਨਾਵਾਂ ਨੂੰ ਪੜ੍ਹਕੇ ਆਪਣੇ ਵਿਚਾਰ ਸਾਂਝੇ ਕਰੋ ਤਾਂ ਕਿ ਗਲੋਬਲਪੰਜਾਬੀ ਨੂੰ ਤੁਹਾਡੀ ਆਸ ਦੇ ਅਨੁਸਾਰ ਦਿਸ਼ਾ ਦਿੱਤੀ ਜਾ ਸਕੇ।

ਬਹੁਤ ਸਾਰੇ ਅਖ਼ਬਾਰਾਂ ਦੀ ਇਹ ਇੱਛਾ ਹੁੰਦੀ ਹੈ ਕਿ ਰਚਨਾ ਕੇਵਲ ਉਨ੍ਹਾਂ ਨੂੰ ਹੀ ਭੇਜੀ ਜਾਵੇ ਅਤੇ ਉਸ ਨੂੰ ਕੋਈ ਹੋਰ ਨਾ ਵਰਤ ਸਕੇ। ਉਹਨਾਂ ਦੀ ਮੰਗ ਵਾਜਬ ਹੈ, ਜਿਸਦਾ ਸਤਿਕਾਰ ਹੋਣਾ ਚਾਹੀਦਾ ਹੈ ਪਰ ਗਲੋਬਲਪੰਜਾਬੀ, ‘ਪਹਿਲੇ ਮੈਂ ਜਾਂ ਇਸਦਾ ਲਾਭ ਕਿਸੇ ਹੋਰ ਨੂੰ ਨਹੀਂ’ ਦੀ ਇੱਛਾ ਨਹੀਂ ਰੱਖਦਾ, ਇਹ ਤਾਂ ਬਣਿਆ ਹੀ ਸੇਵਾ ਲਈ ਹੈ। ਇਸ ਵਿਚਲੀ ਸਮੱਗਰੀ ਦਾ ਰੱਜ ਕੇ ਲਾਭ ਉਠਾਓ ਅਤੇ ਧੰਨਵਾਦੀ ਬਣਾਓ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
WhatsApp (India 91 -  76878 - 09404)

Email: (kirpal.pannu36@gmail.com)

More articles from this author