KirpalSPannu7ਹਰ ਪੰਜਾਬੀ ਟਾਈਪਕਰਤਾ ਨੂੰ ਹੁਣ ਪੰਜਾਬੀ ਯੂਨੀਕੋਡ ਫੌਂਟ ਵਿੱਚ ਹੀ ਕੰਮ ਕਰਨਾ ਚਾਹੀਦਾ ਹੈ ...
(18 ਅਪਰੈਲ 2018)

 

ਹਰ ਪੰਜਾਬੀ ਟਾਈਪਕਰਤਾ ਨੂੰ ਹੁਣ ਪੰਜਾਬੀ ਯੂਨੀਕੋਡ ਫੌਂਟ ਵਿੱਚ ਹੀ ਕੰਮ ਕਰਨਾ ਚਾਹੀਦਾ ਹੈ। ਇਸਦੇ ਅਨੇਕ ਲਾਭ ਹਨ ਅਤੇ ਮੁੱਖ ਤੌਰ ਉੱਤੇ ਇਹ ਇੰਟਰਨੈੱਟ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਜੋ ਰਚਨਾਵਾਂ ਪਹਿਲੋਂ ਹੀ ਆਸਕਾਈ ਫੌਂਟਾਂ ਵਿੱਚ ਟਾਈਪ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਪੰਜਾਬੀ ਯੂਨੀਕੋਡ ਵਿੱਚ ਬਦਲ ਦੇਣ ਦਾ ਪਰਬੰਧ ਵੀ ਇੰਟਰਨੈੱਟ ਤੋਂ ਆਮ ਮਿਲ ਜਾਂਦਾ ਹੈ।

ਪੰਜਾਬੀ ਯੂਨੀਕੋਡ ਟਾਈਪ ਕਰਨ ਲਈ ਕੋਈ ਨਾ ਕੋਈ ਛੋਟਾ ਜਿਹਾ ਕੀਅਬੋਰਡ ਪ੍ਰੋਗਰਾਮ ਆਪਣੇ ਕੰਪਿਊਟਰ ਵਿੱਚ ਪਾਉਣਾ ਜ਼ਰੂਰੀ ਹੈ। ਉਸ ਬਿਨਾਂ ਪੰਜਾਬੀ ਯੂਨੀਕੋਡ ਟਾਈਪ ਨਹੀਂ ਕੀਤੀ ਜਾ ਸਕਦੀ। ਇਹ ਪ੍ਰੋਗਰਾਮ ਵੀ ਆਮ ਹੀ ਮਿਲ ਜਾਂਦੇ ਹਨ। ਇਸ ਲੇਖ ਦਾ ਮੁੱਖ ਉਦੇਸ਼ ਇਨ੍ਹਾਂ ਕੀਅਬੋਰਡਾਂ ਸਬੰਧੀ ਵਿਚਾਰ-ਚਰਚਾ ਕਰਨਾ ਹੈ।

ਟਾਈਪ ਕਰਨ ਦੇ ਮੁੱਖ ਤੌਰ ਉੱਤੇ ਦੋ ਕਾਰਜ ਹੁੰਦੇ ਹਨ:

1. ਸਿੱਖਣ ਵਾਲੇ ਟਾਈਪਕਰਤਾ ਲਈ ਟਾਈਪ ਕਰਨ ਦਾ ਵਿਧੀ ਵਿਧਾਨ ਸਿੱਖਣਾ ਅਤੇ ਉਸ ਅਨੁਸਾਰ ਆਪਣੇ ਹੱਥਾਂ ਅਤੇ ਉਂਗਲੀਆਂ ਦਾ ਇੰਨਾ ਅਭਿਆਸ ਕਰਨਾ ਕਿ ਉਹ ਕੀਅਬੋਰਡ ਦੇਖੇ ਬਗ਼ੈਰ ਹੀ ਸਹੀ ਟਾਈਪ ਕਰੀ ਜਾਣ। ਇਹ ਕਾਰਜ ਇੱਕ ਅਭਿਆਸ ਹੈ ਅਤੇ ਸਭ ਲਈ ਇੱਕ ਸਾਮਾਨ ਹੈ।

2. ਵਿਸ਼ੇਸ਼ ਲਿੱਪੀ ਦਾ ਟਾਈਪ ਕਰਨਾ। ਇਸ ਵਿੱਚ ਉਸ ਲਿੱਪੀ ਦੇ ਨਿਯਮਾਂ ਅਨੁਸਾਰ ਟਾਈਪ ਕਰਨਾ ਅਤੇ ਪ੍ਰਾਪਤ ਕੀਅਬੋਰਡ ਦੀ ਵਰਤੋਂ ਕਰਨਾ ਸ਼ਾਮਲ ਹਨ। ਫੌਂਟਾਂ ਦੇ ਟਾਈਪ ਕਰਨ ਦੇ ਬਹੁਤੇ ਨੇਮ ਸਰਬ ਸਾਂਝੇ ਹਨ ਅਤੇ ਕੋਈ ਇੱਕਾ ਦੁੱਕਾ ਹੀ ਨਵੇਕਲਾ ਹੈ। ਹਾਂ ਇੱਕੋ ਹੀ ਫੌਂਟ ਦੇ ਕੀਅਬੋਰਡ ਅਨੇਕ ਪਰਕਾਰ ਦੇ ਹੋ ਸਕਦੇ ਹਨ। ਇੱਥੇ ਆ ਕੇ ਕੀਅਬੋਰਡ ਦੀ ਚੋਣ ਆਪਣੀ ਸੌਖ, ਆਪਣੀ ਇੱਛਾ ਜਾਂ ਸਮੁੱਚੇ ਦੇਸ ਇਲਾਕੇ ਅਨੁਸਾਰ ਕੀਤੀ ਜਾ ਸਕਦੀ ਹੈ। ਇਸ ਵਿੱਚ ਨਿੱਜੀ ਆਜ਼ਾਦੀ ਦੇ ਵਾਤਾਵਰਨ ਵਿੱਚ ਕੋਈ ਬਹੁਤਾ ਬਾਹਰੀ ਦਖਲ ਵੀ ਨਹੀਂ ਹੋਣਾ ਚਾਹੀਦਾ।

ਇੱਛਾ ਅਨੁਸਾਰ ਕੀਅਬੋਰਡ ਲੇਅਆਊਟ ਤਿਆਰ ਕਰਨਾ ਕੋਈ ਔਖਾ ਕਾਰਜ ਤਾਂ ਨਹੀਂ ਹੈ ਪਰ ਇਹ ਹਾਰੀ-ਸਾਰੀ ਦੇ ਵੱਸ ਦਾ ਰੋਗ ਵੀ ਨਹੀਂ ਹੈ। ਫਿਰ ਵੀ ਕਿਸੇ ਕੰਮ ਦਾ ਹਰ ਮਾਹਰ ਆਪਣਾ ਮੁਕਾਮ ਆਪ ਰੱਖਦਾ ਹੈ। ਹਿੰਮਤ ਕਰਨ ਵਾਲਾ ਅੱਜ ਦਾ ਅਣਜਾਣ ਵਿਅਕਤੀ ਵੀ ਕਿਸੇ ਕੰਮ ਦਾ ਕੱਲ੍ਹ ਦਾ ਮਾਹਰ ਬਣ ਸਕਦਾ ਹੈ। ਸਗੋਂ ਮਾਹਰ ਬਣਦੇ ਹੀ ਇਸ ਤਰ੍ਹਾਂ ਹਿੰਮਤ ਕਰਕੇ ਹਨ। ਕੀਅਬੋਰਡ ਲੇਅਆਊਟ ਤਿਆਰ ਕਰਨ ਲਈ ‘ਮਾਈਕਰੋਸੌਫਟ ਕੀਅਬੋਰਡ ਲੇਅਆਊਟ ਕਰੀਏਟਰ’ ਇੰਟਰਨੈੱਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਪੰਜਾਬੀ ਯੂਨੀ ਟਾਈਪ ਕਰਨ ਵਾਲਿਆਂ ਨੂੰ ਤਿੰਨਾਂ ਗਰੁੱਪਾਂ ਵਿੱਚ ਵੰਡਿਆ ਜਾ ਸਕਦਾ ਹੈ:

1. ਪੰਜਾਬ ਵਾਲੇ, 2. ਬਾਕੀ ਭਾਰਤ ਵਾਲੇ ਅਤੇ 3. ਬਾਕੀ ਸੰਸਾਰ ਵਾਲੇ।

ਇਨ੍ਹਾਂ ਤਿੰਨਾਂ ਦੀ ਕੀਅਬੋਰਡ ਦੀ ਲੋੜ ਵੱਖਰੀ-ਵੱਖਰੀ ਹੋ ਸਕਦੀ ਹੈ। ਇਸ ਨੂੰ ਵਿਸਥਾਰ ਵਿੱਚ ਅੱਗੇ ਵਿਚਾਰਿਆ ਜਾ ਰਿਹਾ ਹੈ।

1. ਪੰਜਾਬ ਵਿੱਚ- ੳ) ਜਿਸ ਨੇ ਸਰਕਾਰੀ ਟੈੱਸਟ ਪਾਸ ਕਰਨਾ ਹੈ, ਉਸ ਲਈ ਇਨਸਕਰਿਪਟ ਕੀਅਬੋਰਡ ਦੀ ਵਰਤੋਂ ਜ਼ਰੂਰੀ ਦਾ ਸਰਕਾਰੀ ਹੁਕਮ ਹੋ ਚੁੱਕਾ ਹੈ। ਇਸੇ ਕੀਅਬੋਰਡ ਨਾਲ ਹਿੰਦੀ, ਬੰਗਾਲੀ, ਮਲਿਆਲਮ, ਗੁਜਰਾਤੀ ਆਦਿ ਭਾਸ਼ਾਵਾਂ ਵੀ ਸੌਖਿਆਂ ਹੀ ਟਾਈਪ ਹੋ ਸਕਦੀਆਂ ਹਨ। ਸੋ ਉਸ ਲਈ ਉਹੋ ਹੀ ਸਿੱਖਣਾ ਲਾਹੇਵੰਦ ਰਹੇਗਾ। ਅ) ਜਿਸਨੇ ਸਰਕਾਰੀ ਟੈੱਸਟ ਨਹੀਂ ਦੇਣਾ ਹੈ ਅਤੇ ਉਸ ਕੋਲ ਆਪਣਾ ਕੰਪਿਊਟਰ ਹੈ ਜਾਂ ਜਿਸ ਵੀ ਕੰਪਿਊਟਰ ਉੱਤੇ ਉਹ ਕੰਮ ਕਰ ਰਿਹਾ ਹੈ, ਉਸ ਉੱਤੇ ਉਸਦਾ ਪੂਰਾ ਅਧਿਕਾਰ ਹੈ, ਉਹ ਆਪਣੀ ਸਿੱਖੀ ਹੋਈ ਵਿਧੀ ਦਾ ਹੀ ਪੰਜਾਬੀ ਯੂਨੀਕੋਡ ਕੀਅਬੋਰਡ ਬਣਾ/ਬਣਵਾ ਸਕਦਾ ਹੈ। ਪੰਜਾਬ ਵਿੱਚ ਬਹੁਤਾ ‘ਰਮਿੰਗਟਨ ਟਾਈਪ ਰਾਈਟਰ’ ਵਾਲਾ ਹੀ ਕੀਅਬੋਰਡ ਚੱਲਦਾ ਹੈ ਤੇ ਆਮ ਮਿਲ ਜਾਂਦਾ ਹੈ। ‘ਰਮਿੰਗਟਨ ਟਾਈਪ ਰਾਈਟਰ’ ਵਾਲੇ ਕੀਅਬੋਰਡਾਂ ਵਿੱਚ ਫੌਂਟ ਅਨੁਸਾਰ ਥੋੜ੍ਹਾ-ਥੋੜ੍ਹਾ ਅੰਤਰ ਹੈ। ਉਨ੍ਹਾਂ ਸਾਰਿਆਂ ਵਿੱਚੋਂ ਸਤਲੁਜ ਜਾਂ ਅਸੀਸ ਵਾਲਾ ਕੀਅਬੋਰਡ ਸੌਖਿਆਂ ਹੀ ਅਪਨਾਇਆ ਜਾ ਸਕਦਾ ਹੈ। ਸੋ ਜਿਹੜੇ ਪਹਿਲੋਂ ਰਮਿੰਗਟਨ ਟਾਈਪ ਰਾਈਟਰ ਅਨੁਸਾਰ ਟਾਈਪ ਕਰ ਰਹੇ ਹਨ ਉਹ ਉਸ ਅਨੁਸਾਰ ਹੀ ਪੰਜਾਬੀ ਯੂਨੀ ਕੀਅਬੋਰਡ ਪ੍ਰਾਪਤ ਕਰ ਸਕਦੇ ਹਨ।

2. ਬਾਕੀ ਭਾਰਤ ਵਿੱਚ- ਇਨਸਕਰਿਪਟ ਕੀਅਬੋਰਡ ਹੀ ਅਪਨਾਉਣਾ ਠੀਕ ਰਹੇਗਾ। ਦੇਖਣ-ਪਰਖਣ ਵਿੱਚ ਆਇਆ ਹੈ ਕਿ ਅਜੋਕੇ ਇਨਸਕਰਿਪਟ ਕੀਅਬੋਰਡ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਹਨ। ਇਨ੍ਹਾਂ ਨੂੰ ਹੁਣੇ ਹੀ ਦੂਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਖ਼ਾਮੀਆਂ ਵਾਲਾ ਕੀਅਬੋਰਡ ਹੀ ਮਿਆਰੀ ਨਾ ਬਣ ਜਾਵੇ, ਸਗੋਂ ਸਹੀ ਕੀਤਾ ਹੋਇਆ ਹੀ ਮਿਆਰੀ ਬਣੇ, ਜੋ ਸੌਖਾ ਹੀ ਬਣ ਸਕਦਾ ਹੈ। ਸੋਚ ਵਿਚਾਰ ਕਰਨ ਉੱਤੇ ਖ਼ਾਮੀਆਂ ਇਹ ਦਿਖਾਈ ਦਿੱਤੀਆਂ ਹਨ:

ੳ) ਇਹ ਕੀਅਬੋਰਡ ਦੋ (ਨਾਰਮਲ ਅਤੇ ਸ਼ਿਫਟ) ਪਰਤੀ ਦੀ ਥਾਂ ਚਾਰ (ਨਾਰਮਲ, ਸ਼ਿਫਟ, ਆਲਟ ਜੀਆਰ ਅਤੇ ਸ਼ਿਫਟ ਆਲਟ ਜੀਆਰ) ਪਰਤੀ ਹੈ। ਜਦੋਂ ਕਿ ਇਸ ਵਿੱਚ ਡੈੱਡ ਕੀਅ ਦਾ ਸੰਕਲਪ ਪਾ ਕੇ ਇਸ ਨੂੰ ਸੌਖਿਆਂ ਹੀ ਦੋ ਪਰਤੀ ਬਣਾਇਆ ਜਾ ਸਕਦਾ ਹੈ।

ਅ) ਇਹ ਕੀਅਬੋਰਡ ਹਿੰਦੀ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਇਸ ਲਈ ਪੰਜਾਬੀ ਆਦਿ ਦੇ ਕੀਅਬੋਰਡ ਵਿੱਚ ਕੁੱਝ ਕੀਆਂ ਖਾਲੀ ਬੇਅਰਥੀਆਂ ਪਈਆਂ ਹਨ। ਜਿਵੇਂ ਕਿ ਨਾਰਮਲ ਹਾਲਤ ਵਿੱਚ ਚਾਰ ਕੀਆਂ; ਟਿਲਡਾ, ਬਰਾਬਰ ਹੈ, ਸਿੰਗਲ ਕੋਟ ਅਤੇ ਜ਼ੈੱਡ, ਖਾਲੀ ਹਨ ਅਤੇ ਸ਼ਿਫਟ ਹਾਲਤ ਵਿੱਚ 11 ਕੀਆਂ; 5,6,7,8, ਅੰਡਰਸਕੋਰ, ਪਲੱਸ, ਡਬਲ ਕੋਟ, ਜ਼ੈੱਡ, ਵੀ, ਕਾਮਾ ਅਤੇ ਸਵਾਲੀਆ ਨਿਸ਼ਾਨ ਖਾਲੀ ਹਨ। ਸਾਰੀਆਂ ਕੀਆਂ ਦੀ ਵਰਤੋਂ ਵਾਲਾ ਕੀਅਬੋਰਡ ਹੀ ਬਣਨਾ ਚਾਹੀਦਾ ਹੈ।

ੲ) ਪੰਕਚੂਏਸ਼ਨ ਲਈ ਅੰਗਰੇਜ਼ੀ ਦਾ ਕੀਅਬੋਰਡ ਚਾਲੂ ਕਰਨਾ ਪਵੇਗਾ। ਉਸੇ ਦੋ ਪਰਤੀ ਕੀਅਬੋਰਡ ਵਿੱਚ ਹੀ ਸਾਰੀ ਪੰਕਚੂਏਸ਼ਨ ਪਾਈ ਜਾ ਸਕਦੀ ਹੈ।

ਸ) ਨੰਬਰ ਕੀਆਂ; 1 ਉੱਤੇ ਕ੍ਵ, 2 ਉੱਤੇ ਕ੍ਯ, 3 ਉੱਤੇ ਕ੍ਰ, 4 ਉੱਤੇ ਕੱ (ਕੱਕਾ ਕੇਵਲ ਅੱਖਰ ਪਾਉਣ ਲਈ ਹੈ) ਅਤੇ ਵਿਸ਼ਰਾਮ ਚਿੰਨ੍ਹ ਵਾਲੀ ਕੌਮਾ ਕੀਅ ਉੱਤੇ ਕ੍ਰ ਅੱਖਰ ਪਾਇਆ ਹੋਇਆ ਹੈ, ਜੋ ਕੇਵਲ ਵਿਸ਼ਰਾਮ ਚਿੰਨ੍ਹਾਂ ਲਈ ਹੀ ਵਰਤਣੀਆਂ ਚਾਹੀਦੀਆਂ ਹਨ। ਵੈਸੇ ਵੀ ਇਹ ਕੀਆਂ ਟਾਈਪ ਕਰਨ ਲਈ ਦੂਰ ਪੈਂਦੀਆਂ ਹਨ।

ਹ) ਭਾਰਤੀਆਂ ਦੇ ਵਰਤਣ ਲਈ ਅੰਗਰੇਜ਼ੀ ਕੀਅਬੋਰਡ ਵੀ ਉਪਰੋਕਤ ਅਨੁਸਾਰ ਇਨਸਕਰਿਪਟ ਕੀਅਬੋਰਡ ਵੀ ਬਣਨਾ ਚਾਹੀਦਾ ਹੈ ਤਾਂ ਕਿ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਟਾਈਪ ਕਰਨ ਵਿੱਚ ਪੂਰਾ ਤਾਲਮੇਲ ਬਣਿਆ ਰਹੇ।

3. ਬਾਕੀ ਸੰਸਾਰ ਵਿੱਚ- ਗਲੋਬਲ ਪੰਜਾਬੀ ਕੀਅਬੋਰਡ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਸੰਸਾਰ ਦਾ ਖਿਲਾਰਾ ਬੜਾ ਲੰਮਾ ਚੌੜਾ ਹੈ। ਹਰ ਦੇਸ ਲਈ ਹੀ ਆਪਣੀ ਮੁੱਖ ਭਾਸ਼ਾ ਦੇ ਕੀਅਬੋਰਡ ਨਾਲ ਸੰਧੀ ਕਰਨ ਵਾਲਾ ਪੰਜਾਬੀ ਯੂਨੀ ਕੀਅਬੋਰਡ ਹੋਣਾ ਚਾਹੀਦਾ ਹੈ। ਜੇ ਸਾਰੇ ਸੰਸਾਰ ਵਿੱਚ ਪੰਜਾਬੀ ਯੂਨੀ ਕੀਅਬੋਰਡ ਇੱਕੋ ਹੀ ਹੋਵੇਗਾ ਤਾਂ ਉਹ ਸਥਾਨਕ ਭਾਸ਼ਾਵਾਂ ਨਾਲ ਸੰਧੀ ਨਹੀਂ ਕਰ ਸਕੇਗਾ। ਜਿਵੇਂ ਕਿ ਅਗਰੇਜ਼ੀ ਭਾਸ਼ਾਈ ਦੇਸਾਂ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਵਿੱਚ ਅੰਗਰੇਜ਼ੀ ਨਾਲ ਸੰਧੀ ਕਰਨ ਵਾਲਾ ਪੰਜਾਬੀ ਯੂਨੀਕੋਡ ਕੀਅਬੋਰਡ ਠੀਕ ਰਹੇਗਾ। ਜਾਪਾਨ, ਜਰਮਨੀ ਆਦਿ ਵਿੱਚ ਉੱਥੋਂ ਦੀਆਂ ਭਾਸ਼ਾਵਾਂ ਦੇ ਕੀਅਬੋਰਡ ਨਾਲ ਸੰਧੀ ਕਰਨ ਵਾਲਾ ਪੰਜਾਬੀ ਯੂਨੀਕੋਡ ਕੀਅਬੋਰਡ ਠੀਕ ਰਹੇਗਾ। ਅੱਜ ਦੇ ਸਮਿਆਂ ਵਿੱਚ ਸਾਰਿਆਂ ਨੂੰ ਹੀ ਇੱਕੋ ਜਹਾਜ ਦੇ ਸਵਾਰ ਨਹੀਂ ਬਣਾਇਆ ਜਾ ਸਕਦਾ। ਨਿੱਜੀ ਆਜ਼ਾਦੀ ਬੜੀ ਔਖੀ ਮਿਲਦੀ ਹੈ। ਇਸ ਦਾ ਸਤਿਕਾਰ ਕਰਨਾ ਬਣਦਾ ਹੈ। ਇਸਦਾ ਵਿਰੋਧ ਨੌਜਵਾਨ ਬਿਲਕੁਲ ਹੀ ਨਹੀਂ ਸਹਾਰਨਗੇ।

ਅੰਗਰੇਜ਼ੀ ਪਰਮੁੱਖ ਵਰਤੋਂਕਾਰਾਂ ਲਈ ਇੱਕ ‘ਗਲੋਬਲ ਪੰਜਾਬੀ ਯੂਨੀ ਕੀਅਬੋਰਡ’ ਤਿਆਰ ਕੀਤਾ ਗਿਆ ਹੈ। ਜੋ ‘ਗਲੋਬਲਪੰਜਾਬੀਡਾਟਕੌਮ’ ਦੇ ਡਾਊਨਲੋਡ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਉਸ ਸਬੰਧੀ ਜੇ ਕੋਈ ਸੁਝਾ ਹੋਵੇ, ਜੋ ਕਿ ਬਹੁਤ ਹੋ ਸਕਦੇ ਹਨ, ਪਰਾਪਤ ਕਰਕੇ ਬੜੀ ਹੀ ਖ਼ੁਸ਼ੀ ਹੋਵੇਗੀ। ਇਸੇ ਤਰ੍ਹਾਂ ਨਾਲ ਗਲੋਬਲ ਹਿੰਦੀ ਅਤੇ ਗਲੋਬਲ ਉਰਦੂ ਕੀਅਬੋਰਡ ਵੀ ਉੱਥੋਂ ਹੀ ਡਾਊਨਲੋਢ ਕੀਤੇ ਜਾ ਸਕਦੇ ਹਨ। ਆਪਣੀ ਇੱਛਾ ਅਨੁਸਾਰ ਕੀਅਬੋਰਡ ਕੀਆਂ ਦੱਸ ਕੇ ਗਲੋਬਲਪੰਜਾਬੀ ਡਾਟ ਕਾਮ ਤੋਂ ਆਪਣਾ ਕੀਅਬੋਰਡ ਮੁਫ਼ਤ ਬਣਵਾਇਆ ਜਾ ਸਕਦਾ ਹੈ।

ਵੱਡੀ ਗੱਲ ਤਾਂ ਪੰਜਾਬੀ ਯੂਨੀਕੋਡ ਨਾਲ ਅੱਜ ਹੀ, ਸਗੋਂ ਹੁਣੇ ਹੀ, ਭਾਈਵਾਲੀ ਪਾਉਣ ਦੀ ਹੈ। ਜਿਸਦੇ ਲਾਭ ਘਨੇਰੇ, ਜੇ ਕੋਈ ਔਕੜ ਆਉਂਦੀ ਹੈ, ਸਹਾਇਤਾ ਕਰਨ ਵਾਲੇ ਬਥੇਰੇ।

*****

(1116)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author