KirpalSPannu7ਹੈ ਕੋਈ ਮਾਈ ਦਾ ਲਾਲ ਜਿਹੜਾ ਇਸ ਅਤੀ ਜ਼ਰੂਰੀ ਮਸਲੇ ਨੂੰ ਹੱਥ ਪਾਵੇ! ...
(10 ਜੂਨ 2018)

ਜੇ ਕੋਈ ਵਿਦਵਾਨ ਸਵਾਲ ਉਠਾਵੇ, “ਪੰਨੂੰ ਕੌਣ ਹੁੰਦਾ ਹੈ ਇਸ ਮਸਲੇ ਉੱਤੇ ਵਿਚਾਰ ਕਰਨ ਵਾਲ਼ਾ?” ਉਸ ਵਿਦਵਾਨ ਦਾ ਕਿੰਤੂ ਕਿਸੇ ਹੱਦ ਤੀਕਰ ਠੀਕ ਹੈ। ਕਿਉਂਕਿ ਮੈਂ ਉਰਦੂ ਦਾ ਕੋਈ ਮਾਹਰ ਵਿਦਵਾਨ ਨਹੀਂ ਹਾਂ। ਅਸਲ ਵਿੱਚ ਇਸ ਮਸਲੇ ਸਬੰਧੀ ਮੇਰਾ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈ। ਹਾਂ ਤੀਬਰ ਜਗਿਆਸਾ ਜ਼ਰੂਰ ਹੈ।

ਅੱਜ ਦਾ ਵਿਚਾਰ ਸਰੋਕਾਰਵਿੱਚ ਛਪੇ 2 ਜੂਨ 2018 ਵਿੱਚ ਮੁਹੰਮਦ ਇਰਫ਼ਾਨ ਮਲਿਕਦਾ ਲੇਖ ਪੰਜਾਬ ਵਿੱਚ ਉਰਦੂ ਸਿੱਖਿਆਪੜ੍ਹਕੇ ਉਤਪਨ ਹੋਇਆ ਹੈ। ਸਾਰਾ ਲੇਖ ਇੱਥੇ ਦੇਣਾ ਤਾਂ ਔਖਾ ਹੈ। ਕੇਵਲ ਚੋਣਵੇਂ ਦੋ ਭਾਗ ਹੀ ਦਿੱਤੇ ਜਾਂਦੇ ਹਨ:

(1)

ਉਰਦੂ ਦੀਆਂ ਵਿੱਦਿਅਕ ਸੰਸਥਾਵਾਂ ਮਾਲੇਰਕੋਟਲਾ ਤੱਕ ਹੀ ਸੀਮਤ ਨਹੀਂ ਬਲਕਿ ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਸੰਗਰੂਰ, ਜੈਤੋ ਮੰਡੀ, ਪਟਿਆਲਾ, ਗੋਬਿੰਦਗੜ੍ਹ, ਕਪੂਰਥਲਾ, ਗੁਰਦਾਸਪੁਰ, ਚੰਡੀਗੜ੍ਹ, ਅੰਮ੍ਰਿਤਸਰ, ਫ਼ਤਿਹਗੜ੍ਹ ਸਾਹਿਬ, ਆਦਿ ਵਿੱਚ ਵੀ ਸਥਪਿਤ ਹਨ। ਕੌਮੀ ਕੌਂਸਲ ਬਰਾਏ ਫ਼ਰੋਗ਼ ਉਰਦੂ ਜ਼ੁਬਾਨ, ਨਵੀਂ-ਦਿੱਲੀ ਵੱਲੋਂ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਰਦੂ ਸਿੱਖਿਆ ਦੇ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸੇਂ ਤਰ੍ਹਾਂ ਪੰਜਾਬ ਵਕਫ਼ ਬੋਰਡਇੱਕ ਅਜਿਹੀ ਸੰਸਥਾ ਹੈ ਜਿਸ ਦੇ ਸਕੂਲ ਨਾ ਕੇਵਲ ਮਾਲੇਰਕੋਟਲਾ ਬਲਕਿ ਪਟਿਆਲਾ, ਲੁਧਿਆਣਾ ਅਤੇ ਰਾਜਪੁਰਾ ਵਿੱਚ ਵੀ ਸਥਾਪਿਤ ਹਨ।

(2)

ਉਰਦੂ ਭਾਸ਼ਾ ਦੀ ਜਨਮ ਭੂਮੀ ਉਸ ਜਮਾਨੇ ਦਾ ਪੰਜਾਬ ਹੀ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਦਫ਼ਤਰੀ ਭਾਸ਼ਾ ਫ਼ਾਰਸੀ ਸੀ ਪਰੰਤੂ ਅੰਗਰੇਜ਼ੀ ਰਾਜ ਵਿੱਚ ਪ੍ਰਬੰਧਕੀ ਭਾਸ਼ਾ ਉਰਦੂ ਨੂੰ ਬਣਾਇਆ ਗਿਆ। ਪੰਜਾਬ ਉਰਦੂ ਭਾਸ਼ਾ ਅਤੇ ਸਾਹਿਤ ਦਾ ਕੇਂਦਰ ਸੀ। ਸਕੂਲਾਂ, ਕਾਲਜਾਂ ਵਿੱਚ ਸਿੱਖਿਆ ਦਾ ਮਾਧਿਅਮ ਉਰਦੂ ਸੀ ਅਤੇ ਸਾਰੇ ਸਰਕਾਰੀ ਦਰਬਾਰੀ ਕੰਮ ਵੀ ਉਰਦੂ ਵਿੱਚ ਹੀ ਕੀਤੇ ਜਾਂਦੇ ਸਨ। ਇਹ ਭਾਸ਼ਾ ਰੋਜ਼ਗਾਰ ਦਾ ਮੁੱਖ ਸਾਧਨ ਸੀ। ਜ਼ਿਆਦਾਤਰ ਅਖ਼ਬਾਰ ਅਤੇ ਰਸਾਲੇ ਉਰਦੂ ਵਿੱਚ ਹੀ ਛਪਦੇ ਸਨ। ਮੌਜੂਦਾ ਸਮੇਂ ਵਿੱਚ ਪੰਜਾਬ ਦੀਆਂ ਅਦਾਲਤਾਂ ਵਿੱਚ ਪਿਆ ਸਰਕਾਰੀ ਰਿਕਾਰਡ ਵੀ ਉਰਦੂ ਭਾਸ਼ਾ ਵਿੱਚ ਹੀ ਮਿਲਦਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਉਰਦੂ ਸ਼ਬਦਾਂ ਦੀ ਭਰਮਾਰ ਤੋਂ ਉਰਦੂ ਭਾਸ਼ਾ ਦੇ ਪ੍ਰਭਾਵ ਨੂੰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

**

ਮੇਰੀ ਜਗਿਆਸਾ ਇਸ ਲਈ ਹੈ ਕਿਉਂਕਿ ਸ਼ਾਹਮੁਖੀ (ਉਰਦੂ ਸਕ੍ਰਿਪਟ) ਗੁਰਮੁਖੀ ਅਤੇ ਗੁਰਮੁਖੀ ਸ਼ਾਹਮੁਖੀ ਪ੍ਰੀਵਰਤਨ ਦਾ ਸਭ ਤੋਂ ਪਹਿਲਾ ਨਿਰਮਾਤਾ ਹੋਣ ਦਾ ਮਾਣ ਮੈਨੂੰ ਜਾਂਦਾ ਹੈ। ਸ਼ਾਹਮੁਖੀ ਭਾਵ ਉਰਦੂ ਸਕ੍ਰਿਪਟ ਨਾਲ਼ ਮੈਂ ਪੋਟਾ-ਪੋਟਾ ਜੁੜਿਆ ਹੋਇਆ ਹਾਂ। ਮੇਰਾ ਵਾਹ-ਵਾਸਤਾ ਗੁਰਮੁਖੀ, ਦੇਵਨਾਗਰੀ ਅਤੇ ਉਰਦੂ ਸਕ੍ਰਿਪਟ ਨਾਲ਼ ਹਰ ਰੋਜ਼ ਹੀ ਪੈਂਦਾ ਹੈ। ਮੈਂ ਅਨੁਭਵ ਕੀਤਾ ਹੈ ਕਿ ਸਮੇਂ ਨਾਲ਼ ਸਾਰੀਆਂ ਹੀ ਲਿੱਪੀਆਂ ਵਿੱਚ ਸੁਧਾਰ ਹੁੰਦਾ ਰਹਿੰਦਾ ਹੈ ਅਤੇ ਹੁੰਦਾ ਰਿਹਾ ਹੈ। ਗੁਰਮੁਖੀ ਅਤੇ ਦੇਵਨਾਗਰੀ ਸਕ੍ਰਿਪਟਾਂ ਵੀ ਅੱਜ ਕੁੱਝ ਹੋਰ ਸੁਧਾਰ ਮੰਗਦੀਆਂ ਹਨ। ਪਰ ਇਸ ਵੇਲੇ ਜੇ ਸਭ ਤੋਂ ਵੱਧ ਸੁਧਾਰਾਂ ਦੀ ਲੋੜ ਹੈ ਤਾਂ ਲੋੜ ਹੈ ਸ਼ਾਹਮੁਖੀ, ਉਰਦੂ ਸਕ੍ਰਿਪਟ ਨੂੰ ਹੈ।

ਮਲਿਕ ਦੇ ਉਪ੍ਰੋਕਤ ਲੇਖ ਨੂੰ ਮੈਂ ਬਹੁਤ ਹੀ ਧਿਆਨ ਨਾਲ਼ ਇੰਚ-ਇੰਚ ਕਰਕੇ ਵਾਚਿਆ ਹੈ। ਉਸ ਵਿੱਚ ਵਰਨਣ ਕੀਤੇ ਗਏ ਉਰਦੂ ਦੇ ਗੁਣਾਂ ਨਾਲ਼ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਪਰ ਲੇਖਕ ਉਰਦੂ ਸਕ੍ਰਿਪਟ ਦੀਆਂ ਕਮੀਆਂ ਖ਼ੂਬੀਆਂ ਨੂੰ ਮੂਲੋਂ ਹੀ ਅੱਖੋਂ ਉਹਲੇ ਕਰ ਗਿਆ ਹੈ। ਸ਼ਾਇਦ ਲੇਖ ਦਾ ਇਹ ਮੁੱਦਾ ਹੀ ਨਾ ਹੋਵੇ। ਮੇਰੀ ਇੱਛਾ ਹੈ ਕਿ ਉਰਦੂ, ਸ਼ਾਹਮੁਖੀ ਸਕ੍ਰਿਪਟ ਦਾ ਮੁੱਖ ਤੌਰ ਉੱਤੇ ਇਹ ਲੇਖਕ ਜਾਂ ਕੋਈ ਹੋਰ ਹਿੰਮਤੀ ਵਿਦਵਾਨ ਮਾਹਰ ਇਸ ਲਿੱਪੀ ਦੀਆਂ ਕਮੀਆਂ ਖ਼ੂਬੀਆਂ ਦੀ ਪੁਣਛਾਣ ਕਰ ਕੇ ਪਾਠਕਾਂ ਦੇ ਸਾਹਮਣੇ ਲਿਆਵੇ ਅਤੇ ਖ਼ਾਸ ਕਰਕੇ ਕਮੀਆਂ ਨੂੰ ਦੂਰ ਕਰਨ ਦੇ ਸਾਰਥਕ ਉਪਾਅ ਵੀ ਦੱਸ, ਜੋ ਅੱਗੇ ਹਿੰਮਤੀਆਂ ਵੱਲੋਂ ਪੂਰੇ ਕੀਤੇ ਜਾਣ।

ਉਰਦੂ ਸਕ੍ਰਿਪਟ ਵਿੱਚ ਮੋਟੀਆਂ-ਮੋਟੀਆਂ ਕਮੀਆਂ ਜੋ ਮੇਰੇ ਧਿਆਨ ਵਿੱਚ ਆਈਆਂ ਹਨ ਉਹ ਇਹ ਹਨ:

1. ਕਈ ਚਿੰਨ੍ਹਾਂ ਦਾ ਬਹੁਤ ਮੰਤਵੀ ਹੋਣਾ। ਜਿਵੇਂ ਅਲਫ ੳ, ਅ ਅਤੇ ੲ ਦਾ ਕੰਮ ਤਾਂ ਕਰਦੀ ਹੀ ਹੈ ਨਾਲ ਕੰਨੇ ਦਾ ਕੰਮ ਵੀ ਕਰਦੀ ਹੈ। ਨੂਨ ਨੱਨੇ, ਬਿੰਦੀ, ਟਿੱਪੀ ਅਤੇ ਣਾਣੇ ਦਾ ਕੰਮ ਕਰਦੀ ਹੈ। ਵਾਓ ਵਾਵੇ, ਔਂਕੜ, ਦੁ਼ਲੈਂਕੜ, ਹੋੜੇ ਅਤੇ ਕਨੌੜੇ ਦਾ ਕੰਮ ਕਰਦਾ ਹੈ। ਸਭ ਤੋਂ ਵੱਡੀ ਘਾਟ ਉਰਦੂ ਲਿਖਾਰੀਆਂ ਵਿੱਚ ਇਹ ਹੈ ਕਿ ਉਹ ਆਪਣੀਆਂ ਲਿਖਤਾਂ ਵਿੱਚ ਲੋੜ ਅਨੁਸਾਰ ਜ਼ੇਰ, ਜ਼ਬਰ, ਪੇਸ਼ ਆਦਿ ਦੀ ਪੂਰੀ ਵਰਤੋਂ ਨਹੀਂ ਕਰਦੇ। ਇਸ ਨੂੰ ਨਾ ਕੇਵਲ ਉਹ ਅਨਪੜ੍ਹਾਂ ਦਾ ਕੰਮ ਸਮਝਦੇ ਹਨ, ਸਗੋਂ ਇਨ੍ਹਾਂ ਦੀ ਵਰਤੋਂ ਨਾ ਕਰਨ ਕਾਰਨ ਆਪਣੇ ਆਪ ਨੂੰ ਬੜੇ ਵੱਡੇ ਵਿੱਦਮਾਨ ਹੋਣ ਦਾ ਭਰਮ ਵੀ ਪਾਲ਼ਦੇ ਹਨ। ਮਾਹਿਰ ਕਹਿੰਦੇ ਹਨ ਕਿ ਉੱਤਮ ਰਚਨਾ ਉਹ ਹੁੰਦੀ ਹੈ ਜੋ ਸਾਦਾ ਅਤੇ ਸਪਸ਼ਟ ਹੋਵੇ। ਇਸ ਸੁਹਜ ਨੂੰ ਇੱਕ ਸਮਰੱਥ ਲਿੱਪੀ ਹੀ ਪੂਰੀ ਕਰ ਸਕਦੀ ਹੈ। ਜੇ ਮਾਂ ਆਪਣੇ ਗੁੰਗੇ ਬੱਚੇ ਦੀਆਂ ਸਾਰੀਆਂ ਸੈਨਤਾਂ ਨੂੰ ਸਮਝਣ ਵਿੱਚ ਹੀ ਆਪਣੀ ਮਹਾਨਤਾ ਸਮਝੇ ਤਾਂ ਉਸਨੂੰ ਕੀ ਕਿਹਾ ਜਾਵੇ। ਕਿਸੇ ਵਾਕ ਦੇ ਸੰਦਰਭ ਵਿੱਚ ਤਾਂ ਅਧੂਰੇ ਸੰਕੇਤਾਂ ਦੀ ਫਿਰ ਵੀ ਸਮਝ ਪੈ ਜਾਂਦੀ ਹੈ, ਪਰ ਇਕੱਲੇ ਇਕਹਿਰੇ ਲਿਖੇ ਸ਼ਬਦ ਨੂੰ ਕੋਈ ਕੀ ਸਮਝੇ? ਇਸ ਸੰਖੇਪ ਲਿੱਪੀ ਵਿੱਚ ਲੜਕਿਆਂ ਤੇ ਲੜਕੀਆਂ ਨੂੰ ਲੜਕਆਂਹੀ ਲਿਖਿਆ ਜਾਂਦਾ ਹੈ। ਉਪਲਬਧ ਡਿਕਸ਼ਨਰੀਆਂ ਵਿੱਚ ਵੀ ਬਹੁਤੇ ਸ਼ਬਦਾਂ ਦਾ ਇਹੋ ਹੀ ਵਰਤਾਰਾ ਹੈ।

ਸ਼ਾਹਮੁਖੀ ਦੀ ਇਹ ਸੰਖੇਪ-ਲਿੱਪੀ ਦੀ ਕਾਲ਼ੀ-ਬੋਲ਼ੀ ਹਨੇਰੀ ਸ਼ਾਹਮੁਖੀ ਗੁਰਮੁਖੀ ਦੇ ਪਰਵਰਤਨ ਵਿੱਚ ਅਨੇਕ ਅੜਚਣਾਂ ਪੈਦਾ ਕਰਦੀ ਹੈ। ਜੇ ਸ਼ਾਹਮੁਖੀ ਵਿੱਚ ਇੱਕ ਅੱਖਰ ਇੱਕ ਆਵਾਜ਼ ਲਈ ਨਿਸਚਤ ਹੋਵੇ ਅਤੇ ਲਿਖਣ ਵੇਲੇ ਬੋਲੀਂਦੀਆਂ ਪੂਰੀਆਂ ਲਗਾਂ-ਮਾਤਰਾਂ ਲਾਈਆਂ ਜਾਣ ਫਿਰ ਪਰਵਰਤਨ ਦਾ ਹਿਮਾਲੀਆ ਪਰਬਤ ਪ੍ਰੋਗਰਾਮਰਾਂ ਲਈ ਕੇਵਲ ਰਾਈ ਦਾ ਦਾਣਾ ਹੀ ਬਣ ਕੇ ਰਹਿ ਜਾਂਦਾ, ਜਿਸ ਨੂੰ ਸੌਖਿਆਂ ਹੀ ਸਰ ਕੀਤਾ ਜਾ ਸਕਦਾ ਹੈ।

ਸ਼ਾਹਮੁਖੀ, ਉਰਦੂ ਵਰਗੀ ਸਮਰੱਥ ਭਾਸ਼ਾ ਅਧੂਰੇ ਸੰਕੇਤਾਂ ਨਾਲ਼ ਰੂਹਾਨੀ ਰਮਜ਼ਾਂ ਦਾ ਆਦਾਨ ਪਰਦਾਨ ਕਰੇ, ਕੋਈ ਬਹੁਤੀ ਮਾਣ ਵਾਲ਼ੀ ਗੱਲ ਨਹੀਂ ਹੈ, ਖਾਸ ਕਰਕੇ ਉਸਦੀ ਲਿੱਪੀ ਲਈ। ਮਾਣ ਤਾਂ, ਤਾਂ ਹੈ ਜੇ ਆਮ ਆਦਮੀ ਵੀ ਉਸਨੂੰ ਸਹੀ-ਸਹੀ ਪੜ੍ਹ ਸਕੇ, ਸਮਝ ਸਕੇ ਅਤੇ ਮਾਣ ਸਕੇਹੈ ਕੋਈ ਮਾਈ ਦਾ ਲਾਲ ਜਿਹੜਾ ਇਸ ਅਤੀ ਜ਼ਰੂਰੀ ਮਸਲੇ ਨੂੰ ਹੱਥ ਪਾਵੇ! …

*****

(1184)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author