KirpalSPannu7ਸਮਰਾਲ਼ੇ ਤੋਂ ਸੰਗਰੂਰ ਆਉਣ ਵਿੱਚ ਐਵੇਂ ਹੀ ਸਮਾਂ ਤੇ ਸਰਮਾਇਆ ਗੁਆਉਗੇ, ਜੋ ਕੁਝ ਪੁੱਛਣਾ ਹੈ ...13 June 2025
(13 ਜੂਨ 2025)


ਮੈਂ ਡਾ. ਅਮਰਜੀਤ ਸਿੰਘ ਮਾਨ ਹੋਰਾਂ ਨੂੰ ਫੋਨ ’ਤੇ ਮਿਲਣ ਲਈ ਸਮਾਂ ਮੰਗਿਆ।

13 June 2025“ਕਿਸ ਕੰਮ ਲਈ ਮਿਲਣ ਆਉਣਾ ਹੈ? ਉਨ੍ਹਾਂ ਦਾ ਅੱਗੋਂ ਰੁੱਖਾ ਜਿਹਾ ਸਵਾਲ ਮਿਲ਼ਿਆ, ਜੋ ਮੇਰੇ ਲਈ ਅਣ ਕਿਆਸਿਆ ਅਨੁਭਵ ਸੀ। ਮੈਂ ਸੋਚੀਂ ਪੈ ਗਿਆ ਕਿ ਕੀ ਡਾ. ਸਾਹਿਬ ਕੋਲ਼ ਬਹੁ ਮੰਤਵਾਂ ਲਈ ਮਿਲਣ ਆਉਂਦੇ ਹੋਣਗੇ ਲੋਕ? ਕੀ ਡਾ. ਸਾਹਿਬ ਦਾ ਬਹੁ ਕਾਰਜਾਂ ਵਿੱਚ ਯੋਗਦਾਨ ਹੈ? ਕੀ ਡਾ. ਸਾਹਿਬ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ? ਜਾਂ ਫਿਰ ਡਾ. ਸਾਹਿਬ ਦੇ ਰੁਝੇਵੇਂ ਹੀ ਬੜੇ ਨੇ?

“ਡਾ. ਸਾਹਿਬ, ਮੇਰੇ ਬੇਟੇ ਨੇ ਤੁਹਾਡੇ ਨਾਲ਼ ਮਿਲਣ ਲਈ ਮੈਨੂੰ ਉਤਸਾਹਿਤ ਕੀਤਾ ਹੈ। ਸੋ ਮੈਂ ਮਿਲਣਾ ਚਾਹੁੰਦਾ ਹਾਂ।” ਮੈਂ ਸਹਿਜ ਹੋ ਕੇ ਅਤੇ ਸਹਿਜ ਹੀ ਰਹਿਣ ਦਾ ਯਤਨ ਕਰਦਿਆਂ ਅੱਗੇ ਬੇਨਤੀ ਕੀਤੀ।

“ਸਮਰਾਲ਼ੇ ਤੋਂ ਸੰਗਰੂਰ ਆਉਣ ਵਿੱਚ ਐਵੇਂ ਹੀ ਸਮਾਂ ਤੇ ਸਰਮਾਇਆ ਗੁਆਉਗੇ, ਜੋ ਕੁਝ ਪੁੱਛਣਾ ਹੈ, ਫੋਨ ਉੱਤੇ ਹੀ ਪੁੱਛ ਲਵੋ।” ਉਨ੍ਹਾਂ ਦਾ ਸੰਖੇਪ ਜਿਹਾ ਉੱਤਰ ਸੀ। ਮੈਂ ਸੋਚਿਆ ਡਾ. ਸਾਹਿਬ ਦੀ ਗੱਲ ਕਿਸੇ ਹੱਦ ਤੀਕਰ ਹੈ ਤਾਂ ਸਹੀ ਸੀ ਪਰ ਮੈਂ ਕਿਹਾ, “ਜੋ ਸਮਾਂ ਇੱਕ ਦੂਜੇ ਦੇ ਸਾਹਮਣੇ ਬੈਠ ਕੇ ਚਾਹ ਦੀ ਚੁਸਕੀ ਲੈਂਦਿਆਂ ਗੱਲਬਾਤ ਨਾਲ਼ ਬੱਝਦਾ ਹੈ, ਉਹ ਫੋਨ ਉੱਤੇ ਨਹੀਂ।”

“ਆ ਜਾਓ।” ਡਾ. ਸਾਹਿਬ ਦੀ ਮਿਲਣ ਲਈ ਹਾਂ ਸੀ। ਉਨ੍ਹਾਂ ਨੇ ਸਮਾਂ ਅਤੇ ਆਪਣੇ ਕਲੀਨਿਕ ਦਾ ਪਤਾ ਦੱਸ ਦਿੱਤਾ।

ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈੱਸਰ ਰਾਜਵਿੰਦਰ ਸਿੰਘ ਢੀਂਡਸਾ ਫਗਵਾੜੇ ਤੋਂ ਮੁੜਦਾ ਹੋਇਆ ਮੈਨੂੰ ਸਮਰਾਲ਼ੇ ਤੋਂ ਪਟਿਆਲ਼ੇ ਲੈ ਗਿਆ। ਜਾਣਾ ਤਾਂ ਅਗਲੇ ਦਿਨ ਉਸ ਨੇ ਮੇਰੇ ਨਾਲ਼ ਆਪ ਸੀ ਪਰ ਬਟਾਲ਼ੇ ਉਸ ਨੂੰ ਪੰਜਾਬੀ ਕੰਪਿਊਟਰ ਸਬੰਧੀ ਇੱਕ ਪਰਚਾ ਪੜ੍ਹਨ ਲਈ ਅ-ਟਲ਼ ਸੱਦਾ ਆ ਗਿਆ। ਉਸਨੇ ਕਾਰ ਅਤੇ ਡਰਾਈਵਰ ਦੇ ਕੇ ਮੈਨੂੰ ਸੰਗਰੂਰ ਤੋਰ ਦਿੱਤਾ। ਰਸਤੇ ਵਿੱਚ ਕਈ ਅਨੋਖੇ ਅਨੁਭਵ ਹੋਏ। ਅਸਲ ਵਿੱਚ ਪੰਜਾਬ ਚੰਗੇ ਅਤੇ ਮਾੜੇ ਪਾਸੇ ਵੱਲ ਨੂੰ ਇੰਨਾ ਤੇਜੀ ਨਾਲ਼ ਬਦਲ ਰਿਹਾ ਹੈ ਕਿ ਜਦੋਂ ਵੀ ਅੱਠਾਂ ਕੁ ਮਹੀਨਿਆਂ ਪਿੱਛੋਂ ਮੈਂ ਕੈਨੇਡਾ ਤੋਂ ਪੰਜਾਬ ਆਉਂਦਾ ਹਾਂ ਮੈਨੂੰ ਮੋੜ-ਮੋੜ ਉੱਤੇ ਅਚੰਭੇ ਖੜ੍ਹੇ ਦਿਖਾਈ ਦਿੰਦੇ ਹਨ। ਹੋਰ ਨਹੀਂ ਤਾਂ ਮੇਰਾ ਆਪਣਾ ਸਮਰਾਲ਼ੇ ਵਾਲ਼ਾ ਪੰਜਾਬ ਐਂਡ ਸਿੰਧ ਬੈਂਕ ਹੀ ਮਾਣ ਨਹੀਂ। ਪੈਸੇ ਕਢਾਉਣ ਜਾਂ ਜਮ੍ਹਾਂ ਕਰਾਉਣ ਦਾ ਦਸਤੂਰ ਹਰ ਵਾਰ ਬਦਲਿਆ ਹੁੰਦਾ ਹੈ ਤੇ ਮੇਰੇ ਲਈ ਲੌਂਗੋਵਾਲ਼ ਦੀਆਂ ਅਣਜਾਣ ਗਲ਼ੀਆਂ ਬਣਿਆ ਹੁੰਦਾ ਹੈ।

ਪਤਾ ਨਹੀਂ ਡਾ. ਮਾਨ ਦੇ ਕਲਿਨਿਕ ਦਾ ਟਿਕਾਣਾ ਦੱਸਣ ਵਿੱਚ ਕੋਈ ਕਮੀ ਰਹਿ ਗਈ ਸੀ ਜਾਂ ਫਿਰ ਮੇਰੇ ਸਮਝਣ ਵਿੱਚ ਹੀ ਫਰਕ ਆ ਗਿਆ ਸੀ, ਅਸੀਂ ਭੁੱਲ ਗਏ। ਪੁੱਛ ਪੁਛਾਈ ਵੀ ਕੋਈ ਬਹੁਤਾ ਕੰਮ ਨਾ ਆਈ। ਆਖਰ ਗੂਗਲ ਹੀ ਕੰਮ ਆਇਆ ਜੋ ਸਿਆਣੇ ਰਹਿਬਰ ਵਾਂਗ ਸਾਨੂੰ ਸਹੀ ਟਿਕਾਣੇ ਉੱਤੇ ਲੈ ਗਿਆ। ਮੈਂ ਮਕਾਨ ਦੇ ਅੰਦਰ ਗਿਆ ਤਾਂ ਡਾ. ਸਾਹਿਬ ਦੇ 15/20 ਮਰੀਜ਼ ਕੁਰਸੀਆਂ ਉੱਤੇ ਬੈਠੇ ਆਪਣੀ ਵਾਰੀ ਉਡੀਕ ਰਹੇ ਸਨ। ਬਾਹਰ ਸਾਹਮਣੇ ਬੈਠੇ ਇੱਕ ਹੋਰ ਡਾਕਟਰ ਨੂੰ ਮੈਂ ਡਾ. ਮਾਨ ਨੂੰ ਮਿਲਣ ਦੀ ਇੱਛਾ ਦੱਸੀ ਤੇ ਉਸ ਨੇ ਇੱਕ ਦਰਵਾਜ਼ੇ ਵੱਲ ਸੰਕੇਤ ਕਰ ਦਿੱਤਾ। ਸੱਚੀ ਗੱਲ ਤਾਂ ਇਹ ਹੈ ਕਿ ਉਸ ਵੇਲੇ ਮਰੀਜ਼ਾਂ ਦੀ ਉਡੀਕ ਨੂੰ ਹੋਰ ਲੰਬਿਆਂ ਕਰਨ ਦਾ ਮੈਂ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਸਥਿਤੀ ਦੇ ਅਨੁਸਾਰ ਮੈਂ ਢੀਠ ਜਿਹਾ ਹੋ ਕੇ ਦਰਵਾਜ਼ਾ ਲੰਘ ਗਿਆ।

ਜਾਣ ਪਛਾਣ ਕਰਵਾਉਣ ਪਿੱਛੋਂ ਡਾ. ਮਾਨ ਨੇ ਮੈਨੂੰ ਬਣਦਾ ਸਤਿਕਾਰ ਦਿੱਤਾ ਅਤੇ ਕੁਰਸੀ ਉੱਤੇ ਬੈਠਣ ਲਈ ਕਿਹਾ। ਸਾਹਮਣੇ ਬੈਠੇ ਮਰੀਜ਼ ਨੂੰ ਭੁਗਤਾ ਕੇ ਅਤੇ ਕਾਫੀ ਦੇ ਕੱਪ ਉੱਤੇ ਲੋੜੀਂਦੀ ਵਾਰਤਾਲਾਪ ਆਰੰਭ ਹੋਈ। ਡਾ. ਮਾਨ ਦਾ ਦਰਸ਼ਣੀ ਗੋਲ਼ ਚਿਹਰਾ ਅਤੇ ਸਹਿਜ ਵਾਰਤਾਲਾਪ ਬਹੁਤ ਹੀ ਸੁਖਾਵਾਂ ਵਾਤਾਵਰਨ ਉਸਾਰ ਰਿਹਾ ਸੀ, ਜਿਸ ਵਿੱਚੋਂ ਕਮਾਏ ਗਿਆਨ, ਕੀਤੀਆਂ ਕਮਾਈਆਂ ਦਾ ਮਾਣ ਅਤੇ ਮਾਨਵਤਾ ਲਈ ਅਮੁੱਲਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਦਿਲ ਕਰਦਾ ਸੀ ਕਿ ਡਾ. ਮਾਨ ਨਾਲ਼ ਵਿਸਥਾਰ ਵਿੱਚ ਗੱਲਬਾਤ ਕੀਤੀ ਜਾਵੇ ਪਰ ਮਰੀਜ਼ਾਂ ਦੀ ਉਡੀਕ ਦਾ ਗੁਨਾਹ ਮੇਰੀ ਸੋਚ ਉੱਤੇ ਭਾਰੂ ਸੀ। ਅੱਧਾ ਕੁ ਘੰਟਾ ਨੇੜੇ ਰਹਿਣ ਦਾ ਸੁਭਾਗ ਪ੍ਰਾਪਤ ਕਰ ਕੇ ਮੈਂ ਡਾਕਟਰ ਸਾਹਿਬ ਤੋਂ ਆਗਿਆ ਲਈ ਅਤੇ ਉਡੀਕ ਰਹੇ ਮਰੀਜ਼ਾਂ ਕੋਲ਼ੋਂ ਮਾਫੀ ਮੰਗ ਕੇ ਵਾਪਸ ਆ ਗਿਆ।

ਇਸ ਸੰਖੇਪ ਜਿਹੀ ਜਾਣ ਪਛਾਣ ਨਾਲ਼ ਡਾ. ਅਮਰਜੀਤ ਸਿੰਘ ਮਾਨ ਸਬੰਧੀ ਪੂਰੀ ਤਰ੍ਹਾਂ ਜਾਣ ਲੈਣਾ ਸੰਭਵ ਨਹੀਂ। ਉਨ੍ਹਾਂ ਸਬੰਧੀ ‘ਅਜੀਤ ਬਠਿੰਡਾ’ ਦੇ 7 ਫਰਵਰੀ 2025 ਦੇ ਸੰਗਰੂਰ ਵਿਸ਼ੇਸ਼ ਸਪਲੀਮੈਂਟ ਵਿੱਚ ‘ਗੱਲ ਸੰਗਰੂਰ ਦੇ 6 ਸਿਤਾਰਿਆਂ ਦੀ’ ਦੇ ਸਿਰਲੇਖ ਥੱਲੇ ਡਾ. ਅਮਰਜੀਤ ਸਿੰਘ ਮਾਨ ਨੂੰ ਪਹਿਲੇ ਨੰਬਰ ਉੱਤੇ ਰੱਖ ਕੇ ਸੁਖਵਿੰਦਰ ਸਿੰਘ ਫੁੱਲ ਲਿਖਦਾ ਹੈ, “ਹੋਮਿਓਪੈਥੀ ਵਿੱਚ ਮੈਂ ਬਹੁਤ ਸਾਰੇ ਮਾਹਰਾਂ ਨੂੰ ਜਾਣਦਾ ਹਾਂ, ਦੇਖਦਾ ਹਾਂਬਹੁਤ ਘੱਟ ਹੋਣਗੇ, ਜਿਨ੍ਹਾਂ ਦੇ ਆਉਣ ਦੀ ਕਲੀਨਿਕ ਵਿੱਚ ਬੈਠੇ ਮਰੀਜ਼ ਇੰਤਜ਼ਾਰ ਕਰਦੇ ਹਨ। ਮੈਂ ਉਨ੍ਹਾਂ ਹੋਮਿਓਪੈਥੀ ਮਾਹਰਾਂ ਦੀ ਗੱਲ ਨਹੀਂ ਕਰਾਂਗਾ, ਜੋ ਸਾਰਾ-ਸਾਰਾ ਦਿਨ ਬੈਠੇ ਮਰੀਜ਼ਾਂ ਦੀ ਇੰਤਜ਼ਾਰ ਕਰਦੇ ਹਨ। ਡਾ. ਏ ਐੱਸ. ਮਾਨ ਸੰਗਰੂਰ ਦੀ ਉਹ ਸਖਸੀਅਤ ਹਨ, ਜਿਨ੍ਹਾਂ ਪਾਸ ਜਾ ਕੇ ਜਲਦੀ ਜਾਂਚ ਕਰਵਾਉਣ ਲਈ ਮਰੀਜ਼ ਆਪਣੀ ਵਾਰੀ ਦੀ ਉਡੀਕ ਕਰਦੇ ਹਨ ਜਾਂ ਇੱਧਰ-ਉੱਧਰ ਸਿਫਾਰਸ਼ਾਂ ਲੱਭਦੇ ਹਨ। ਉਹ ਰੱਬ ਨੂੰ ਨਹੀਂ ਮੰਨਦੇ ਪਰ ਮੇਰੀ ਸੋਚ ਇਹ ਹੈ ਕਿ ਇਹ ਉਨ੍ਹਾਂ ਉੱਤੇ ਰੱਬ ਦੀ ਮਿਹਰ ਹੈ। ਡਾ. ਮਾਨ ਕੁਦਰਤੀ ਖੇਤੀ ਦੇ ਵੱਡੇ ਸਮਰਥਕ ਅਤੇ ਤਰਕਸ਼ੀਲ ਲਹਿਰ ਦੇ ਵੱਡੇ ਵਕੀਲ ਵਾਂਗ ਵਿਚਰ ਰਹੇ ਹਨ। ਡਾ. ਮਾਨ ਇੱਕ ਵਧੀਆ ਦੋਸਤ, ਪਰਿਵਾਰਕ ਤੌਰ ਉੱਤੇ ਸੰਤੁਸ਼ਟ ਅਤੇ ਸਮਾਜਿਕ ਪਾਟਾਂ ਵਿਰੁੱਧ ਆਵਾਜ਼ ਉਠਾਉਣ ਵਾਲ਼ੇ ਸਖਸ਼ ਹਨ।”

ਮਾਣ ਯੋਗ ਮੁੱਦਾ ਇਹ ਹੈ ਕਿ ਸੰਗਰੂਰ ਨਿਵਾਸੀਆਂ ਨੇ ਇੱਕ ਗੈਰ ਸਰਕਾਰੀ, ‘ਸਾਇੰਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ’ ਨਾਂ ਦੀ ਬਹੁ ਮੰਤਵੀ ਸੰਸਥਾ ਬਣਾਈ ਹੋਈ ਹੈ, ਜਿਸਦੇ ਕਿਤਾਬਚੇ ਦੇ ਆਰੰਭ ਵਿੱਚ ‘ਉਦੇਸ਼’ ਸਿਰਲੇਖ ਹੇਠ ਪ੍ਰੋ. ਸ਼ਲਿੰਦਰ ਸਿੰਘ ਲਿਖਦਾ ਹੈ, “ਸਾਇੰਟੇਫਿਕ ਅਵੇਅਰਨੈੱਸ ਵੈੱਲਫੇਅਰ ਫੋਰਮ (ਰਜਿ:) ਦਾ ਗਠਨ ਨਵੰਬਰ 2004 ਵਿੱਚ ਸੰਗਰੂਰ ਸ਼ਹਿਰ ਦੇ ਸਮਾਜ ਸੇਵੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਵਾਲ਼ੀਆਂ ਸ਼ਖ਼ਸ਼ੀਅਤਾਂ ਦੇ ਹੰਭਲੇ ਨਾਲ਼ ਡਾ: ਅਮਰਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਉਸ ਸਮੇਂ ਤੋਂ ਇਸ ਫੋਰਮ ਵਿੱਚ ਨਾਮੀ ਅਧਿਆਪਕ, ਪ੍ਰੋਫੈੱਸਰ, ਡਾਕਟਰ, ਪੁਲਿਸ ਮੁਲਾਜ਼ਮ, ਵਕੀਲ, ਵਿਦਿਆਰਥੀ, ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮ ਅਤੇ ਹੋਰ ਕਈ ਸਖਸ਼ੀਅਤਾਂ ਸਮੇਂ-ਸਮੇਂ ਆਪਣਾ ਯੋਗਦਾਨ ਪਾਉਂਦੀਆਂ ਆ ਰਹੀਆਂ ਹਨ। ਜਿਵੇਂ ਕਿ ਇਸ ਗੈਰ ਸਰਕਾਰੀ ਸੰਸਥਾ (NGO) ਦੇ ਨਾਮ ਤੋਂ ਹੀ ਝਲਕ ਮਿਲ਼ਦੀ ਹੈ ਕਿ ਇਸ ਦਾ ਮੁੱਖ ਉੱਦੇਸ਼ ਸੰਗਰੂਰ ਇਲਾਕੇ ਦੇ ਲੋਕਾਂ ਵਿੱਚ ਵਿਗਿਆਨਕ ਸੋਚ ਨੂੰ ਉਭਾਰਨਾ, ਅੰਧ ਵਿਸ਼ਵਾਸ਼ ਖਤਮ ਕਰਨਾ ਅਤੇ ਵਿਗਿਆਨਕ ਸੋਚ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਉਹ ਮੌਜੂਦਾ ਜੀਵਨ ਦੇ ਨਾਲ਼ ਚੱਲਕੇ ਆਪਣਾ ਅਤੇ ਸਮਾਜ ਦਾ ਵਿਕਾਸ ਕਰ ਸਕਣ। ਇਸ ਦੇ ਨਾਲ਼-ਨਾਲ਼ ਹੀ ਫੋਰਮ ਕਈ ਪੱਖੋਂ ਸਮਾਜ ਕਲਿਆਣ ਲਈ ਗਤੀਵਿਧੀਆਂ ਕਰਦਾ ਰਹਿੰਦਾ ਹੈ ਜਿਵੇਂ ਕਿ ਧੀਆਂ ਦੀ ਲੋਹੜੀ ਮਨਾਉਣਾ, ਪੌਦੇ ਵੰਡਣਾ, ਪਲਾਸਟਿਕ ਲਿਫਾਫਿਆਂ ਦੀ ਵਰਤੋਂ ਰੋਕਣਾ, ਸਫ਼ਾਈ ਪ੍ਰਤੀ ਸੁਚੇਤ ਕਰਨਾ, ਕਾਨੂੰਨ ਨੂੰ ਲੋਕਾਂ ਕੋਲ਼ ਲਿਆਉਣਾ, ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਉਪਰਾਲੇ ਕਰਵਾਉਣਾ ਆਦਿ।

“ਇਸਦੇ ਪ੍ਰਧਾਨ ਵਜੋਂ ਡਾ. ਅਮਰਜੀਤ ਸਿੰਘ ਮਾਨ ਆਪਣੇ ਫਰਜ਼ ਪੂਰੇ ਕਰਨ ਲਈ ਤਨ ਮਨ ਅਤੇ ਧਨ ਨਾਲ਼ ਯਤਨਸ਼ੀਲ ਹਨ। ਚੰਗੇ ਮਾਰਗ ਉੱਤੇ ਤੁਰਨ ਦੀ ਲੋੜ ਹੈ, ਉਸਤਤੀ ਤਾਂ ਹੁੰਦੀ ਹੀ ਹੈ ਅਤੇ ਹੋਰ ਬਹੁਤ ਸਾਰੇ ਹਿੰਮਤੀ ਅਤੇ ਨੇਕ ਇਨਸਾਨ ਉਸ ਨਾਲ਼ ਆਪਣੇ ਆਪ ਹੀ ਆ ਜੁੜਦੇ ਹਨ। ਇਸ ਫੋਰਮ ਦੇ ਅਹੁਦੇਦਾਰ ਹਨ: ਪ੍ਰਿੰਸੀਪਲ ਜਗਦੇਵ ਸਿੰਘ ਸੋਹੀ ਸਕੱਤਰ, ਸਰਦਾਰ ਗੁਰਹਾਕਮ ਸਿੰਘ ਵਿੱਤ ਸਕੱਤਰ, ਪ੍ਰੋਫੈੱਸਰ (ਡਾ.) ਮਲਕੀਤ ਸਿੰਘ ਖਟੜਾ, ਪ੍ਰੋ. ਸੰਤੋਖ ਕੌਰ (ਰਿਟਾ.) ਸੀਨੀਅਰ ਵਾਈਸ ਪ੍ਰਧਾਨ, ਸ੍ਰੀ ਅਨਿੱਲ ਗੋਇਲ ਸੰਯੁਕਤ ਸਕੱਤਰ, ਸ੍ਰੀ ਜਸਵਿੰਦਰ ਕੁਮਾਰ (ਬੀ ਕਾਮ. ਐੱਮ.ਬੀ.ਏ) ਪ੍ਰੈੱਸ ਸਕੱਤਰ। ਅਤੇ ਇਸ ਫੋਰਮ ਦੇ ਕਾਰਜਕਰਾਰੀ ਮੈਂਬਰ ਹਨ: ਸ੍ਰੀ ਸ਼ਾਮ ਲਾਲ ਸਿੰਗਲਾ (ਰਿਟਾ. ਸਿੱਖਿਆ ਵਿਭਾਗ), ਸ੍ਰੀਮਤੀ ਰਾਜਿੰਦਰ ਕੌਰ ਮਾਨ (ਸਿੱਖਿਆ ਵਿਭਾਗ), ਸ੍ਰੀਮਤੀ ਪਰਮਜੀਤ ਕੌਰ ਗਾਗਾ (ਸਿੱਖਿਆ ਵਿਭਾਗ), ਪ੍ਰੋ. ਸ਼ਲਿੰਦਰ ਸਿੰਘ (ਉਚੇਰੀ ਸਿੱਖਿਆ ਵਿਭਾਗ), ਸ. ਬਹਾਦਰ ਸਿੰਘ ਰਾਓ (ਪੰਜਾਬ ਪੁਲੀਸ), ਸ੍ਰੀਮਤੀ ਪਰਮਜੀਤ ਕੌਰ (ਸਿੱਖਿਆ ਵਿਭਾਗ), ਸ. ਗੁਰਬਾਜ਼ ਸਿੰਘ (ਕੰਟਰੈੱਕਟਰ), ਸ. ਜਸਵੀਰ ਸਿੰਘ (ਸਿੱਖਿਆ ਵਿਭਾਗ), ਸ. ਪਰਲਾਦ ਸਿੰਘ (ਰੀਟਾ. ਸਿਹਤ ਵਿਭਾਗ), ਸ੍ਰੀਮਤੀ ਮੰਜੂਲਾ ਸ਼ਰਮਾ (ਸਿੱਖਿਆ ਵਿਭਾਗ), ਸ. ਕੇਵਲ ਬਾਂਸਲ (ਨਿਆਂ ਵਿਭਾਗ) ਅਤੇ ਸ. ਮੇਜਰ ਸਿੰਘ ਸੋਮਲ (ਸਮਾਜ ਸੇਵੀ)

“ਇਹ ਸੰਸਥਾ ਇੱਕ ਚੰਗੇ ਤਕੜੇ ਸਰਕਾਰੀ ਵਿਭਾਗ ਵਾਂਗ ਚੱਲ ਰਹੀ ਹੈ ਪਰ ਸਰਕਾਰ ਤੋਂ ਆਰਥਿਕ ਸਹਾਇਤਾ ਲੈਣ ਦੇ ਬਿਲਕੁੱਲ ਹੱਕ ਵਿੱਚ ਨਹੀਂ। ਪ੍ਰੋਜੈਕਟਾਂ ਉੱਤੇ ਜਿੰਨੇ ਵੀ ਖਰਚ ਹੋ ਰਹੇ ਹਨ, ਉਹ ਨਿੱਜੀ ਯਤਨਾਂ ਕਰਕੇ ਜਾਂ ਦੇਸ ਵਿਦੇਸ ਦੇ ਦਾਨੀਆਂ ਵੱਲੋਂ ਪੂਰੇ ਹੋ ਰਹੇ ਹਨ। ਇਸ ਦੇ ਦਾਨੀਆਂ ਦੀ ਅਤੇ ਇਸ ਦੀਆਂ ਪ੍ਰਾਪਤੀਆਂ ਦੀ ਇੱਕ ਲੰਮੀ ਲਿਸਟ ਹੈ। ਮੇਰੀ ਸੋਚ ਅਨੁਸਾਰ ਸੰਸਥਾ ਬਹੁਤ ਸਾਰੇ ਅਜਿਹੇ ਮਹੱਤਵਪੂਰਨ ਕੰਮ ਕਰ ਰਹੀ ਹੈ ਜੋ ਇੱਕ ਚੰਗੀ ਤੇ ਲੋਕ-ਪੱਖੀ ਸਰਕਾਰ ਤੋਂ ਆਸ ਰੱਖੀ ਜਾ ਸਕਦੀ ਹੈ। ਜਿੱਥੇ ਮੈਂ ਇਸ ਸੰਸਥਾ ਦੇ ਹੋਰ ਵੀ ਵਧਣ ਫੁੱਲਣ ਦੀ ਕਾਮਨਾ ਕਰਦਾ ਹਾਂ, ਉੱਥੇ ਇਹ ਇੱਛਾ ਵੀ ਰੱਖਦਾ ਹਾਂ ਕਿ ਅਜਿਹੀਆਂ ਸੰਸਥਾਵਾਂ ਹਰ ਸ਼ਹਿਰ ਅਤੇ ਹਰ ਪਿੰਡ ਵਿੱਚ ਹੋਣ।

“ਸੰਸਥਾ ਵੱਲੋਂ ਅੱਗੇ ਲਿਖੀ ਅਪੀਲ ਕੀਤੀ ਜਾਂਦੀ ਹੈ, ਜਿਸ ਨਾਲ਼ ਮੇਰੀ ਵੀ ਹਾਰਦਿਕ ਅਪੀਲ ਹੈ। ਫੋਰਮ ਦੇ ਸਾਰੇ ਪ੍ਰੋਜੈਕਟ ਬਿਨਾਂ ਕਿਸੇ ਸਰਕਾਰੀ ਗ੍ਰਾਂਟ ਦੇ ਕੇਵਲ ਮੈਂਬਰਾਂ ਅਤੇ ਸਹਿਯੋਗੀਆਂ ਦੀ ਹੀ ਕੀਤੀ ਵਿੱਤੀ ਸਹਾਇਤਾ ਨਾਲ਼ ਚੱਲ ਰਹੇ ਹਨ। ਇਸ ਲਈ ਫੋਰਮ ਸਭ ਸਮਾਜ ਸੇਵੀ, ਪਰਉਪਕਾਰੀ, ਮਨੁੱਖਤਾ ਅਤੇ ਵਾਤਾਵਰਣ ਪ੍ਰਤੀ ਸੇਵਾ ਦੀ ਭਾਵਨਾ ਭਰੇ ਸੱਜਣਾਂ ਨੂੰ ਅਪੀਲ ਕਰਦੀ ਹੈ ਕਿ ਆਪਣੇ ਸੰਬੰਧਤ ਪ੍ਰੋਜੈਕਟਾਂ ਅਤੇ ਮੌਕਿਆਂ ਉੱਤੇ ਫੋਰਮ ਨੂੰ ਤਨ ਮਨ ਅਤੇ ਧਨ ਨਾਲ਼ ਸਹਿਯੋਗ ਦਿਓ। ਮੈਂਬਰ ਬਣੋ ਤਾਂ ਜੋ ਪ੍ਰੋਜੈਕਟ ਹੋਰ ਸੰਵਰ ਸਕਣ ਅਤੇ ਨਵੇਂ ਪ੍ਰੋਜੈਕਟ ਚਲਾਏ ਜਾ ਸਕਣ। ਫੋਰਮ ਨੂੰ ਦਿੱਤਾ ਗਿਆ ਦਾਨ Section 80 G of Income Tax Act 1961 ਦੇ ਅਧੀਨ ਟੈੱਕਸ ਮੁਆਫ ਹੈ।”

*  *  *

ਸੰਸਥਾ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ: ਮੋਬਾਈਲ 98148-06387, www.safsangrur.org  E-mail This email address is being protected from spambots. You need JavaScript enabled to view it.

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
WhatsApp (India 91 -  76878 - 09404)

Email: (kirpal.pannu36@gmail.com)

More articles from this author