KirpalSPannu7ਕੰਪਿਊਟਰ ਸਿੱਖਣਾ ਬੱਚਿਆਂ ਦੀ ਖੇਡ ਹੈਲੋੜ ਹੈ ਇਸਦਾ ਹਊਆ ਦੂਰ ਕਰਨ ਦੀ ਅਤੇ ਆਪਣੇ ਮਨ ਵਿੱਚ ...RajwinderSinghDr3
(11 ਜਨਵਰੀ 2022)

 

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1

ਪੰਜਾਬੀ ਸੰਸਾਰ ਵਿੱਚ ਕੰਪਿਊਟਰ ਦੀ ਵਰਤੋਂ ਦਿਨੋਂ ਦਿਨ ਵਧ ਰਹੀ ਹੈ। ਇਸਦੀ ਨਾ ਕੋਈ ਸੀਮਾ ਨਹੀਂ ਹੈ। ਕੰਪਿਊਟਰ ਉੱਤੇ ਹੋਣ ਵਾਲ਼ੇ ਕਈ ਕੰਮ ਹੁਣ ਮੋਬਾਈਲ ਨੇ ਵੀ ਸੰਭਾਲ਼ ਲਏ ਹਨ। ਅੱਜ ਗੁਰਮੁਖੀ ਲਿੱਪੀ, ਜੋ ਕੰਪਿਊਟਰ ਅਤੇ ਮੋਬਾਈਲ ਦੋਹਾਂ ਉੱਤੇ ਲਿਖੀ ਜਾ ਸਕਦੀ ਹੈ, ਦੀ ਵਰਤੋਂ ਨੇ ਪੰਜਾਬੀ ਬੋਲੀ ਦੀਆਂ ਸੰਭਾਵਨਾਵਾਂ ਵੀ ਅਸੀਮ ਬਣਾ ਦਿੱਤੀਆਂ ਹਨ। ਇਸ ਮੁੱਦੇ ਨੂੰ ਹੋਰ ਵਿਸਥਾਰ ਨਾ ਦਿੰਦੇ ਹੋਏ ਇਹੋ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਲੋੜ ਅਨੁਸਾਰ ਹਰ ਪੰਜਾਬੀ ਨੂੰ ਕੰਪਿਊਟਰ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਹ ਜਾਣਕਾਰੀ ਉਸ ਲਈ ਸਦਾ ਸਹਾਈ ਹੋਵੇਗੀ। ਇਹ ਜਾਣਕਾਰੀ ਦੇਣ ਲਈ ਲੇਖਾਂ ਦੀ ਇੱਕ ਲੜੀ ਆਰੰਭ ਕੀਤੀ ਜਾ ਰਹੀ ਹੈ। ਆਸ ਹੈ ਕਿ ਲਾਹੇਵੰਦ ਰਹੇਗੀ।

ਭਾਗ ਪਹਿਲਾ - ਕੰਪਿਊਟਰ ਚਲਾਉਣਾ

ਇਹ ਗ੍ਰੰਟੀ ਨਾਲ਼ ਕਿਹਾ ਜਾ ਸਕਦਾ ਹੈ ਕਿ ਕੰਪਿਊਟਰ ਸਿੱਖਣਾ ਬੱਚਿਆਂ ਦੀ ਖੇਡ ਹੈ, ਲੋੜ ਹੈ ਇਸਦਾ ਹਊਆ ਦੂਰ ਕਰਨ ਦੀ ਅਤੇ ਆਪਣੇ ਮਨ ਵਿੱਚ ਪਰਬਲ ਇੱਛਾ ਬਣਾ ਲੈਣ ਦੀ। ਮੈਂ ਆਪਣੇ ਅਨੁਭਵ ਤੋਂ ਕਹਿ ਸਕਦਾ ਹਾਂ ਕਿ 1000 ਵਿੱਚੋਂ 999 ਵਿਅਕਤੀ ਆਪਣੀ ਲੋੜ ਪੂਰੀ ਕਰ ਸਕਣ ਜੋਗਾ ਕੰਪਿਊਟਰ ਸੌਖਿਆਂ ਹੀ ਸਿੱਖ ਸਕਦੇ ਹਨ। ਸੋ ਆਓ ਅੱਗੇ ਵਧੀਏ, ਸਮੇਂ ਨਾਲ਼ ਕਦਮ ਮੇਲ ਸਕੀਏ।

ਸਹੀ ਗੱਲ ਗੱਜ ਬੱਜਕੇ ਆ ਜਾ ਕਹੀਏ ਹਾਣੀਆਂ।
ਬਣਕੇ ਸਮੇਂ ਦੇ ਹਾਣ ਦੇ ਸਦਾ ਰਹੀਏ ਹਾਣੀਆਂ।

ਸਟਾਰਟ ਕਰਨਾ: ਕੰਪਿਊਟਰ ਸਟਾਰਟ ਕਰਨ ਲਈ ਉਸ ਉੱਤੇ ਇੱਕ ਔਨ ਬਟਨ ਬਣਿਆ ਹੁੰਦਾ ਹੈ, ਜਿਸਦਾ ਆਈਕੌਨ (ਚਿੰਨ੍ਹ ਤਸਵੀਰ) ਗੋਲ਼ ਚੱਕਰ ਵਿੱਚ ਡੰਡੀ ਹੁੰਦਾ ਹੈ। ਉਸਨੂੰ ਦਬਾਉਣ ਨਾਲ਼ ਕੰਪਿਊਟਰ ਨੂੰ ਬਿਜਲੀ ਦੀ ਸਪਲਾਈ ਆਰੰਭ ਹੋ ਜਾਂਦੀ ਹੈ ਅਤੇ ਬੰਦ ਪਿਆ ਕੰਪਿਊਟਰ ਸਤਰਕ ਹੋ ਜਾਂਦਾ ਹੈ, ਇਸ ਨਾਲ਼ ਔਨ ਲਾਈਟ ਵੀ ਜਗ ਪੈਂਦੀ ਹੈ। ਜੇ ਕੰਪਿਊਟਰ ਔਨ ਨਹੀਂ ਹੁੰਦਾ ਤਾਂ ਕੰਪਿਊਟਰ ਤੋਂ ਲੈ ਕੇ ਮੇਨ ਪਾਵਰ ਤੱਕ ਕੁਨੈੱਕਸ਼ਨ ਚੈੱਕ ਕਰ ਲਵੋ ਕਿ ਕਿਧਰੇ ਵਿਚਕਾਰ ਕੋਈ ਸਵਿੱਚ ਔਫ ਤਾਂ ਨਹੀਂ ਜਾਂ ਤੁਹਾਡਾ ਮੇਨ ਪਲੱਗ ਹੀ ਖਰਾਬ ਤਾਂ ਨਹੀਂ।

ਪਾਵਰ ਕੰਪਿਊਟਰ ਦੇ ਸਿਸਟਮ ਵਿੱਚ ਜਾਣ ਨਾਲ਼ ਪਹਿਲੋਂ ਕੰਪਿਊਟਰ ਦੀ ਹਾਰਡ ਡਿਸਕ ਸਟਾਰਟ ਕਰਨ ਦਾ ਕੰਮ ਕਰਦੀ ਹੈ, ਕੰਮ ਮੁਕਾ ਲੈਣ ਪਿੱਛੋਂ ਉਹ ਅਗਲੀ ਕਾਰਵਾਈ ਓਪਰੇਟਿੰਗ ਸਿਸਟਮ (ਵਿੰਡੋ) ਨੂੰ ਸੌਂਪ ਦਿੰਦੀ ਹੈ। ਜੋ ਆਪਣੀ ਲੋੜੀਂਦੀ ਤਿਆਰੀ ਕਰਕੇ ਤੁਹਾਤੋਂ ਪਾਸ ਵਰਡ (ਗੁਪਤ ਸ਼ਬਦ) ਪੁੱਛਦੀ ਹੈ। ਉੱਤਰ ਸਹੀ ਮਿਲ ਜਾਣ ਉੱਤੇ ਤੁਹਾਡੇ ਸਾਹਮਣੇ ‘ਡੈਸਕ ਟਾਪ’ ਖੋਲ੍ਹ ਦਿੰਦੀ ਹੈ। ਅੱਗੇ ਤੁਸੀਂ ਲੋੜੀਂਦੀ ਐਪਲੀਕੇਸ਼ਨ (ਐਪ) ਚਲਾ ਕੇ ਆਪਣਾ ਇੱਛਤ ਕੰਮ ਕਰ ਸਕਦੇ ਹੋ। ਯਾਦ ਰਹੇ ਪਾਵਰ ਔਨ ਕਰਨ ਤੋਂ ਲੈ ਕੇ ਪਾਸਵਰਡ ਪੁੱਛਣ ਤੱਕ ਕੰਪਿਊਟਰ ਜੋ ਕਾਰਵਾਈ ਕਰਦਾ ਹੈ, ਉਸ ਨੂੰ ਬੂਟ ਕਰਨਾ ਕਹਿੰਦੇ ਹਨ। ਇਹ ਕਾਰਵਾਈ ਕੰਪਿਊਟਰ ਦੀ ਸਮਰੱਥਾ ਅਤੇ ਸਪੀਡ ਅਨੁਸਾਰ ਵੱਖੋ ਵੱਖਰਾ ਸਮਾਂ ਲੈਂਦੀ ਹੈ। ਇਸ ਸਮੇਂ ਕੰਪਿਊਟਰ ਨਾਲ਼ ਬੇਲੋੜੀ ਛੇੜਾ ਛੇੜੀ ਨਹੀਂ ਕਰਨੀ ਚਾਹੀਦੀ। ਧੀਰਜ ਰੱਖਣੀ ਚਾਹੀਦੀ ਹੈ। ਕਾਹਲ਼ੀ ਅੱਗੇ ਟੋਏ ਹੀ ਹੁੰਦੇ ਹਨ। ਕੰਪਿਊਟਰ ਸਟੱਕ ਹੋ ਸਕਦਾ ਹੈ। ਉਸਨੂੰ ਦੋਵਾਰਾ ਸਟਾਰਟ ਕਰਨਾ ਪੈ ਸਕਦਾ ਹੈ, ਜਿਸ ਨਾਲ਼ ਸਮਾਂ ਹੋਰ ਵੱਧ ਲੱਗੇਗਾ।

ਕੰਪਿਊਟਰ ਬੰਦ ਕਰਨਾ:

ਯਾਦ ਰਹੇ ਕਿ ਜਿਸ ਬਟਨ ਨਾਲ਼ ਕੰਪਿਊਟਰ ਔਨ ਕੀਤਾ ਗਿਆ ਸੀ ਉਸੇ ਹੀ ਬਟਨ ਨਾਲ਼ ਔਫ ਨਹੀਂ ਕੀਤਾ ਜਾਂਦਾ। ਇਸ ਨੂੰ ਬੰਦ ਕਰਨ ਦੀ ਹੋਰ ਅਤੇ ਸਹੀ ਵਿਧੀ ਹੈ। ਜੇ ਸਬੱਬ ਨਾਲ਼ ਸਾਰੀਆਂ ਸਹੀ ਵਿਧੀਆਂ ਵਰਤਣ ਤੇ ਵੀ ਕੰਪਿਊਟਰ ਬੰਦ ਨਹੀਂ ਹੁੰਦਾ ਤਾਂ ਅਖੀਰਲੇ ਹਥਿਆਰ ਵਜੋਂ ਔਨ ਬਟਨ ਨੂੰ ਦੱਬਕੇ ਔਫ ਕਰਨਾ ਪੈਂਦਾ ਹੈ, ਜਿਸਦੀ ਸੰਭਾਵਨਾ ਕੰਪਿਊਟਰ ਸਟੱਕ ਹੋ ਜਾਣ ਉੱਤੇ ਕਦੇ-ਕਦੇ ਹੀ ਬਣਦੀ ਹੈ। ਇਹ ਵੀ ਯਾਦ ਰਹੇ ਕਿ ਕੰਪਿਊਟਰ ਬੰਦ ਕਰਨ ਤੋਂ ਪਹਿਲਾਂ ਇੱਕ-ਇੱਕ ਕਰਕੇ ਆਪਣੇ ਸਾਰੇ ਖੁੱਲ੍ਹੇ ਡਾਕੂਮੈਂਟ, ਫਾਈਲਾਂ, ਫੋਲਡਰ ਅਤੇ ਐਪਸ ਬੰਦ ਕਰ ਲੈਣੇ ਚਾਹੀਦੇ ਹਨ। ਮਾਨੀਟਰ ਨੂੰ ਡੈਸਕ ਟੌਪ ਦੀ ਸਥਿਤੀ ਵਿੱਚ ਲੈ ਜਾ ਕੇ ਹੀ ਕੰਪਿਊਟਰ ਨੂੰ ਬੰਦ ਕਰਨਾ ਚਾਹੀਦਾ ਹੈ। ਜੇ ਕਦੀ ਕੋਈ ਐਪ ਜਾਂ ਫਾਈਲ ਕਿਸੇ ਅਨਜਾਣੇ ਕਾਰਨ ਕਰਕੇ ਬੰਦ ਹੋਵੇ ਹੀ ਨਾ ਤਾਂ ਹੁਕਮੀਆਂ ਕਮਾਂਡ, ਥ੍ਰੀ ਫਿੰਗਰ ਸਲਿਊਟ (ਕੰਟਰੌਲ + ਆਲਟ + ਡੀਲੀਟ) ਦੇ ਕੇ ਬੰਦ ਕਰ ਦੇਣਾ ਚਾਹੀਦਾ ਹੈ।

ਕੰਪਿਊਟਰ ਬੰਦ ਕਰਨ ਦੀ ਵਿਧੀ:

ਕੀ ਬੋਰਡ ਉੱਤੇ ਵਿੰਡੋ ਦੀ ਸ਼ਕਲ (ਤਸਵੀਰ 2) ਵਾਲ਼ੀ ਕੀਅ (ਇਹ ਕੀਅ ਕੀਬੋਰਡ ਉੱਤੇ ਤੁਹਾਡੇ ਖੱਬੇ ਪਾਸੇ ਕੰਟ੍ਰੋਲ ਅਤੇ ਆਲਟ ਕੀਆਂ ਦੇ ਵਿਚਕਾਰ ਹੈ) ਨੂੰ ਇੱਕ ਵੇਰ ਦਬਾਓ (ਦੱਬੀ ਨਹੀਂ ਰੱਖਣੀ) ਸੂਚਨਾ: ਇਹ ਕਮਾਂਡ ਬਟਨ ‘ਸਟਾਰਟ’ ਮਾਨੀਟਰ ਦੇ ਖੱਬੇ ਅਤੇ ਥੱਲੇ ਵੀ ਬਣਿਆ ਹੋਇਆ ਹੈ, ਇਸ ਨੂੰ ਵੀ ਮਾਊਸ ਨਾਲ਼ ਕਲਿੱਕ ਕੀਤਾ ਜਾ ਸਕਦਾ ਹੈ। ਮਾਨੀਟਰ ਉੱਤੇ ਕੁਝ ਕੁ ਕਮਾਂਡਾਂ ਉਜਾਗਰ ਹੋ ਜਾਣਗੀਆਂ। ਉਨ੍ਹਾਂ ਵਿੱਚੋਂ ਤੁਹਾਡੇ ਖੱਬੇ ਹੱਥ ਦੇ ਸਭ ਤੋਂ ਹੇਠਲੇ ਪਾਵਰ ਆਈਕਨ ਨੂੰ ਕਲਿੱਕ ਕਰੋ। ਤਿੰਨ ਕਮਾਂਡ ਆਈਕਨ, ‘ਸਲੀਪ, ਸ਼ਟਡਾਊਨ ਅਤੇ ਰੀਸਟਾਰਟ’ ਉਜਾਗਰ ਹੋ ਜਾਣਗੇ। ਉਨ੍ਹਾਂ ਵਿੱਚੋਂ ਸ਼ੱਟ ਡਾਊਨ ਨੂੰ ਕਲਿੱਕ ਕਰੋ। ਕੰਪਿਊਟਰ ਬੰਦ ਹੋ ਜਾਇਗਾ। ਯਾਦ ਰਹੇ ਇੱਥੋਂ ਕੰਪਿਊਟਰ ਨੂੰ ਸਲੀਪ ਅਤੇ ਰੀਸਟਾਰਟ ਵੀ ਕੀਤਾ ਜਾ ਸਕਦਾ ਹੈ।

ਕੰਪਿਊਟਰ ਉੱਤੇ ਕਾਰਜ ਕਰਨਾ:

ਉੱਪਰ ਦੱਸੀ ਹੋਈ ਵਿਧੀ ਨਾਲ਼ ਕੰਪਿਊਟਰ ਨੂੰ ਸਟਾਰਟ ਕਰੋ। ਡੈੱਸਕ ਟਾਪ ਦੀ ਹਾਲਤ ਵਿੱਚ ਪਹੁੰਚਣ ਪਿੱਛੋਂ ਆਪਣੀ ਲੋੜ ਅਨੁਸਾਰ ਐਪ ਖੋਲ੍ਹੋ। ਜਾਣਕਾਰੀ ਲਈ ਇੱਥੇ ਬਹੁਤੀ ਵਰਤੋਂ ਵਾਲ਼ਾ ਮਾਈਕਰੋਸੌਫਟ ਵਰਡ ਖੋਹਲਿਆ ਜਾਇਗਾ। ਨਵਾਂ ਡਾਕੂਮੈਂਟ ਖੋਹਲਣ ਨਾਲ਼ ਸਾਹਮਣੇ ਆ ਗਏ ਖਾਲੀ ਪੇਪਰ ਉੱਤੇ ਤੁਸੀਂ ਆਪਣਾ ਕਾਰਜ ਕਰ ਸਕਦੇ ਹੋ।

ਕੁਝ ਕੁ ਸ਼ਬਦਾਂ ਦਾ ਵਿਸਥਾਰ: ਆਈਕਨ - ਕਮਾਂਡ ਨੂੰ ਦਰਸਾਉਂਦੀ ਹੋਈ ਮਾਨੀਟਰ ਉੱਤੇ ਨਿੱਕੀ ਜੇਹੀ ਤਸਵੀਰ। ਹਾਰਡ ਡਿਸਕ - ਕੰਪਿਊਟਰ ਦੇ ਢਾਂਚੇ ਅੰਦਰ ਪ੍ਰੋਗਰਾਮ ਕੀਤੀ ਹੋਈ ਇੱਕ ਮਹੱਤਵਪੂਰਨ ਡਿਸਕ ਜੋ ਕੰਪਿਊਟਰ ਨੂੰ ਚੱਲਣਾ ਅਰੰਭ ਕਰਦੀ ਹੈ। ਇਸ ਵਿੱਚ ਵਿਗਾੜ ਆ ਜਾਣ ਨਾਲ਼ ਕੰਪਿਊਟਰ ਸਟਾਰਟ ਨਹੀਂ ਹੁੰਦਾ।

ਓਪਰੇਟਿੰਗ ਸਿਸਟਮ - ਇਸਦਾ ਛੋਟਾ ਨਾਮ ‘ਓਐੱਸ’ ਹੈ। ਮਾਇਕਰੋਸੌਫਟ ਕੰਪਨੀ ਇਸ ਨੂੰ ਵਿੰਡੋ ਕਹਿੰਦੀ ਹੈ। ਇਹ ਪ੍ਰੋਗਰਾਮ ਅੱਗੇ ਕਿਸੇ ਵੀ ਐਪਲੀਕੇਸ਼ਨ ਨੂੰ ਆਪਣਾ ਕੰਮ ਕਰਨ ਦੇ ਯੋਗ ਬਣਾਉਂਦਾ ਹੈ, ਜੋ ਇਸ ਤੋਂ ਬਗੈਰ ਸੰਭਵ ਨਹੀਂ ਹੈ।

ਪਾਸ ਵਰਡ - ਇੱਕ ਗੁਪਤ ਸ਼ਬਦ ਜਿਸ ਰਾਹੀਂ ਕੰਪਿਊਟਰ ਆਪਣੇ ਮਾਲਕ ਨੂੰ ਪਛਾਣਦਾ ਹੈ। ਇਸ ਤੋਂ ਬਗੈਰ ਕੰਪਿਊਟਰ ਅੱਗੇ ਕੋਈ ਵੀ ਕੰਮ ਨਹੀਂ ਕਰਦਾ। ਇਹ ਕੇਵਲ ਅਰੰਭ ਵਿੱਚ ਇੱਕ ਵੇਰ ਪਾਉਣਾ ਹੁੰਦਾ ਹੈ।

ਡੈਸਕ ਟਾਪ - ਤਿੰਨਾਂ ਚੀਜਾਂ ਦਾ ਇਹ ਸਾਂਝਾ ਨਾਮ ਹੈ। 1. ਪਰਸਨਲ ਕੰਪਿਊਟਰ (ਪੀ ਸੀ) ਨੂੰ, ਜੋ ਡੈਸਕ ਦੀ ਟਾਪ ਉੱਤੇ ਰੱਖਿਆ ਜਾ ਸਕੇ। 2. ਮਾਨੀਟਰ ਦੀ ਉਹ ਸਥਿਤੀ ਜਦੋਂ ਉਸ ਉੱਤੇ ਕੇਵਲ ਵਿੰਡੋ (ਓਪ੍ਰੇਟਿੰਗ ਸਿਸਟਮ) ਖੁੱਲ੍ਹੀ ਹੋਵੇ) ਅਤੇ ਕੋਈ ਵੀ ਐਪ ਦਿਖਾਈ ਨਾ ਦਿੰਦਾ ਹੋਵੇ। 3. ਡੈਸਕਟਾਪ ਦਾ ਆਈਕਨ। ਐਪਲੀਕੇਸ਼ਨ - ਕੀਤੇ ਜਾਣ ਵਾਲ਼ੇ ਕਾਰਜ ਲਈ ਢੁਕਵਾਂ ਪ੍ਰੋਗਰਾਮ। ਓਪਰੇਟਿੰਗ ਸਿਸਟਮ ਦੀ ਸਹਾਇਤਾ ਅਤੇ ਢੁਕਵੇਂ ਐਪਲੀਕੇਸ਼ਨ ਨਾਲ਼ ਹੀ ਆਪਣਾ ਕੰਮ ਸਿਰੇ ਚਾੜ੍ਹਿਆ ਜਾ ਸਕਦਾ ਹੈ।

ਸਟੱਕ ਹੋਣਾ - ਜਦੋਂ ਕੰਪਿਊਟਰ ਸਾਡਾ ਹੁਕਮ ਮੰਨਣਾ ਬੰਦ ਕਰ ਦੇਵੇ। ਕੀਅਬੋਰਡ ਅਤੇ ਮਾਊਸ ਦੀ ਵਰਤੋਂ ਨਾ ਕੀਤੀ ਜਾ ਸਕਦੀ ਹੋਵੇ, ਉਸ ਹਾਲਤ ਨੂੰ ਸਟੱਕ ਹੋਣਾ ਕਹਿੰਦੇ ਹਨ। ਹੁਕਮੀਆਂ ਕਮਾਂਡ - ਫੋਰਸ ਕਮਾਂਡ ਦਾ ਅਨੁਵਾਦ।

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 2

ਮੌਨੀਟਰ ਦੀ ਜਾਣ ਪਹਿਚਾਣ

ਕੰਪਿਊਟਰ ਨਾਲ਼ ਕੰਮ ਕਰਨ ਤੋਂ ਪਹਿਲੋਂ ਇਸ ਦੀ ਕੰਮ ਕਰਨ ਦੀ ਵਿਧੀ ਅਤੇ ਇਸਦੇ ਚੱਕਰ-ਚਿਹਨ ਤੋਂ ਜਾਣੂੰ ਹੋਣਾ ਬਹੁਤ ਹੀ ਜ਼ਰੂਰੀ ਹੈ।

ਵਿਧੀ: ਕੰਪਿਊਟਰ ਅੰਗਰੇਜੀ ਅੱਖਰਾਂ ਆਈ ਪੀ ਓ ਅਨੁਸਾਰ ਆਪਣੇ ਸਾਰੇ ਕਾਰਜ ਪੂਰੇ ਕਰਦਾ ਹੈ। ਆਈ; ਭਾਵ ‘ਇਨਪੁੱਟ’ ਵਰਤੋਂਕਾਰ ਕੀਅਬੋਰਡ ਆਦਿ ਯੰਤਰਾਂ ਦੀਆਂ ਕਮਾਂਡਾਂ ਰਾਹੀਂ ਕੰਪਿਊਟਰ ਨੂੰ ਹੁਕਮ ਭਾਵ ਇਨਪੁੱਟ ਕਰਦਾ ਹੈ। ਪੀ; ‘ਪ੍ਰੋਸੈੱਸਿੰਗ’ ਕੰਪਿਊਟਰ ਆਪਣੇ ਅੰਦਰ ਪ੍ਰੋਗਰਾਮਰਾਂ ਵੱਲੋਂ ਪਾਏ ਗਏ ਸੋਚ, ਵਿਚਾਰ ਅਤੇ ਰਚਨਾ ਸੰਸਾਰ ਅਨੁਸਾਰ ਉਨ੍ਹਾਂ ਕਮਾਂਡਾਂ ਨੂੰ ਸਮਝਦਾ ਅਤੇ ਉਨ੍ਹਾਂ ਅਨੁਸਾਰ ਪ੍ਰੋਸੈੱਸ ਭਾਵ ਕੰਮ ਕਰਦਾ ਹੈ। ਅਤੇ ਓ; ‘ਆਊਟਪੁੱਟ’ ਕੰਪਿਊਟਰ ਆਪਣੇ ਕੀਤੇ ਕੰਮ ਦੀ ਮੌਨੀਟਰ ਉੱਤੇ ਪ੍ਰਦਰਸ਼ਣੀ ਭਾਵ ਆਊਟਪੁੱਟ ਕਰਦਾ ਹੈ।

ਯਾਦ ਰਹੇ ਕਿ ਕੰਪਿਊਟਰ ਆਪਣੇ ਵੱਲੋਂ ਕੁੱਝ ਨਹੀਂ ਕਰਦਾ, ਜੋ ਉਸਨੂੰ ਕਮਾਂਡਾਂ ਮਿਲ਼ਦੀਆਂ ਹਨ, ਉਨ੍ਹਾਂ ਦਾ ਹਿਸਾਬ ਕਿਤਾਬ ਲਾ ਕੇ ਸਿੱਟੇ ਪੇਸ਼ ਕਰਦ ਹੈ। ਜਦੋਂ ਵਰਤੋਂਕਾਰ ਕਹਿੰਦਾ ਹੈ ਕਿ ਆਹ ਕੰਮ ਆਪੇ ਹੀ ਹੋ ਗਿਆ, ਉਹ ਗ਼ਲਤ ਕਹਿੰਦਾ ਹੈ। ਕਿਧਰੇ ਅਣਜਾਣਪਣੇ ਵਿੱਚ ਗ਼ਲਤੀ ਨਾਲ਼ ਉਸ ਕੋਲ਼ੋਂ ਕੋਈ ਕਮਾਂਡ ਦਿੱਤੀ ਗਈ ਹੁੰਦੀ ਹੈ। ਗੱਲ ਕੀ, ਜੋ ਤੁਸੀਂ ਕਮਾਂਡ ਦੇਵੋਗੇ ਕੰਪਿਊਟਰ ਉਹੋ ਹੀ ਕੰਮ ਕਰੇਗਾ। ਜੇ ਤੁਸੀਂ ਕੀਅਬੋਰਡ ’ਤੇ ‘ਏ’ ਕੀਅ ਦੱਬਕੇ ਕਮਾਂਡ ਦੇਵੋਗੇ ਕਿ ਪੰਜਾਬੀ ਦਾ ਊੜਾ ਟਾਈਪ ਕਰੋ ਤਾਂ ਕੰਪਿਊਟਰ ਮੌਨੀਟਰ ਉੱਤੇ ਊੜਾ ਪਾ ਦੇਵੇਗਾ।

ਬਾਇਨਰੀ ਪ੍ਰਬੰਧ: ਸੰਸਾਰ ਵਿੱਚ ਗਿਣਤੀ ਦੇ ਅਨੇਕ ਪ੍ਰਬੰਧ ਚਲਦੇ ਹਨ। ਜੋ ਬਹੁਤੇ ਪਰਚਲਤ ਹਨ, ਉਹ ਹਨ; 1. ਹੈਕਸਾ: 1, 16, 256 ਆਦਿ ਵਾਲ਼ਾ। 2. ਦਸ਼ਮਲਵ: 1 ਇਕਾਈ, 10 ਦਹਾਈ, 100 ਸੈਂਕੜਾ ਆਦਿ ਵਾਲ਼ਾ। ਜੋ ਆਮ ਹੀ ਵਰਤੋਂ ਵਿੱਚ ਆਉਂਦਾ ਹੈ। 3. ਡੈਕਾ: 1, 8, 64 ਆਦਿ ਵਾਲ਼ਾ। 4. ਬਾਇਨਰੀ: 1, 2, 4, 8, 16 ਆਦਿ ਵਾਲ਼ਾ। ਕੰਪਿਊਟਰ ਬਾਇਨਰੀ ਸਿਸਟਮ ਨਾਲ਼ ਚੱਲਦਾ ਹੈ। ਇਸ ਕੋਲ਼ ਕੇਵਲ ਦੋ ਹੀ ਅੰਕ ਹਨ। 0 ਅਤੇ 1. ਇਹ ਆਪਣੇ ਸਾਰੇ ਕੰਮ ਇਸ 0 ਅਤੇ 1 ਦੇ ਮੇਲ-ਜੋਲ਼ ਨਾਲ਼ ਹੀ ਕਰਦਾ ਹੈ। 0 ਭਾਵ ਇਸਦੇ ਗਿਣਤੀ ਮਿਣਤੀ ਪਰਬੰਧ ਵਿੱਚ ਬਿਜਲੀ ਨਹੀਂ ਗਈ ਅਤੇ 1 ਭਾਵ ਪਰਬੰਧ ਵਿੱਚ ਖਾਸ ਮਿਣਤੀ ਦੀ ਬਿਜਲੀ ਗਈ ਹੈ। ਅੱਗੇ ਫਿਰ ਤਾਰ-ਸੰਦੇਸ਼ ਵਾਂਗ ‘ਡਿੱਡ’, ‘ਡੌਟ’ ਚੱਲਦਾ ਹੈ। ਇਸ 0, 1 ਦੀ ਤਰਲਤਾ ਕਾਰਨ ਕੰਪਿਊਟਰ ਸੰਸਾਰ ਦੀ ਹਰ ਭਾਸ਼ਾ ਸਮਝਦਾ ਹੈ ਅਤੇ ਹਰ ਭਾਸ਼ਾ ਵਿੱਚ ਆਪਣੇ ਸਿੱਟੇ ਪੇਸ਼ ਕਰਦਾ ਹੈ। ਕੰਮ ਕਰਨ ਤੋਂ ਪਹਿਲੋਂ ਕੰਪਿਊਟਰ ਨੂੰ ਇਹ ਦੱਸ ਦਿੱਤਾ ਜਾਂਦਾ ਹੈ ਕਿ ਕਿਸ ਲਿੱਪੀ ਅਤੇ ਕਿਸ ਕੀਅਬੋਰਡ ਅਨੁਸਾਰ ਕੰਮ ਕਰਨਾ ਹੈ।

ਸੋ ਕੰਪਿਊਟਰ ਰਾਹੀਂ ਕੰਮ ਕਰਨ ਦੇ ਦੋ ਹੀ ਮੁੱਖ ਅੰਗ ਹਨ। 1. ਆਈ ਭਾਵ ਇਨਪੁੱਟ ਵਿਧੀਆਂ ਨਾਲ਼ ਕੰਪਿਊਟਰ ਨੂੰ ਹੁਕਮ ਦੇਣੇ। ਜੋ ਕੀਅਬੋਰਡ, ਮਾਊਸ, ਸਕੈਨਰ, ਕੈਮਰਾ, ਇੰਟਰਨੈੱਟ ਰਾਹੀਂ ਦਿੱਤੇ ਜਾ ਸਕਦੇ ਹਨ। 2. ਓ ਭਾਵ ਆਊਟਪੁੱਟ। ਜਿਸ ਦੀ ਪ੍ਰਦਰਸ਼ਣੀ ਮੌਨੀਟਰ ਆਦਿ ਰਾਹੀਂ ਕੀਤੀ ਜਾਂਦੀ ਹੈ ਤੇ ਅਸੀਂ ਆਪਣੇ ਕੀਤੇ ਕਾਰਜ ਨਾਲ਼ ਇੱਕ ਸੁਰ ਵੀ ਰਹਿੰਦੇ ਹਾਂ ਅਤੇ ਉਸਦਾ ਸਹੀ ਹੋਣਾ ਵੀ ਯਕੀਨੀ ਬਣਾਉਂਦੇ ਹਾਂ। ਵਰਤੋਂਕਾਰ ਦਾ ਇਨ੍ਹਾਂ ਦੋਹਾਂ ਪ੍ਰਬੰਧਾਂ ਸਬੰਧੀ ਲੋੜ ਅਨੁਸਾਰ ਵੱਧ ਤੋਂ ਵੱਧ ਜਾਣਕਾਰ ਹੋਣਾ ਲਾਹੇਵੰਦ ਰਹਿੰਦਾ ਹੈ। ਪਹਿਲਾਂ ਨੰਬਰ 2 ਮੌਨੀਟਰ ਦੇ ਪ੍ਰਬੰਧ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣੀ ਠੀਕ ਰਹੇਗੀ। ਕਿਉਂਕਿ ਇਸ ਵਿੱਚ ਨੰਬਰ 1 ਪ੍ਰਬੰਧ ਵੀ ਬਹੁਤ ਹੱਦ ਤੀਕਰ ਸਮਿਲਤ ਹੈ।

ਆਊਟ ਪੁੱਟ ਪ੍ਰਬੰਧ: ਇਸ ਦਾ ਮੁੱਖ ਤੌਰ ਉੱਤੇ ਪ੍ਰਦਰਸ਼ਣ ਮੌਨੀਟਰ ਰਾਹੀਂ ਕੀਤਾ ਜਾਂਦਾ ਹੈ। ਜਦੋਂ ਕੋਈ ਐਪ (ਇੱਥੇ ਐਪ ਤੋਂ ਭਾਵ ਵਰਡ ਪ੍ਰੋਸੈੱਸਰ ਭਾਵ ਸ਼ਬਦ-ਬੀੜ ਮਾਈਕਰੋਸੌਫਟ ਵਰਡ ਹੈ) ਸਤਰਕ ਕੀਤਾ ਜਾਂਦਾ ਹੈ ਤਾਂ ਮੌਨੀਟਰ ਉੱਤੇ ਉਸਦਾ ‘ਯੂਜ਼ਰ’ਜ਼ ਇੰਟਰਫੇਸ’ (ਵਰਤੋਂਕਾਰ ਲਈ ਦ੍ਰਸ਼ਣੀ ਦ੍ਰਿਸ਼) ਸਾਹਮਣੇ ਆ ਜਾਂਦਾ ਹੈ, ਜਿਸਦੀ ਜਾਣਕਾਰੀ ਦੇਣ ਲਈ ਉਸਨੂੰ ਪੰਜਾਂ ਭਾਗਾਂ ਵਿੱਚ ਵੰਡ ਲਈਦਾ ਹੈ। 1. ਇਸਦੇ ਕੇਂਦਰ ਵਿੱਚ ਚਿੱਟਾ ਵੱਡਾ ਮੇਨ ਭਾਗ ਆਪਣਾ ਕੰਮ ਕਰਨ ਲਈ। 2. ਉੱਪਰਲਾ ਵੱਡਾ ਮਹੱਤਵ ਪੂਰਨ ਭਾਗ ਕਮਾਂਡਾਂ ਵਾਲ਼ਾ। 3. ਹੇਠਲਾ ਤਿੰਨ ਪੱਟੀ ਭਾਗ ਜਾਣਕਾਰੀ ਵਾਲ਼ਾ। 4. ਸੱਜੇ ਪਾਸੇ ਉੱਪਰ ਥੱਲੇ ਦੀ ਸਕਰੌਲ ਵਾਲ਼ਾ। 5. ਖੱਬੇ ਪਾਸੇ ਉੱਪਰ ਥੱਲੇ ਦੇ ਰੂਲਰ ਵਾਲ਼ਾ। ਹੁਣ ਇਨ੍ਹਾਂ ਨੂੰ ਇੱਕ-ਇੱਕ ਕਰਕੇ ਵਿਸਥਾਰ ਵਿੱਚ ਵਿਚਾਰਿਆ ਜਾਵੇਗਾ। ਯਾਦ ਰਹੇ ਕਿ ਇਸ ਪ੍ਰਬੰਧ ਦਾ ਗਿਆਨ ਵਰਤੋਂਕਾਰ ਦੀ ਯੋਗਤਾ ਨੂੰ ਚਾਰ ਚੰਨ ਲਾਉਂਦਾ ਹੈ।

1. ਕੇਂਦਰੀ ਭਾਗ: ਇਹ ਵਰਤੋਂਕਾਰ ਦੀ ਕਾਰਜ ਭੂਮੀ ਹੈ। ਉਸਨੇ ਜੋ ਵੀ ਕੰਮ ਕਰਨਾ ਹੈ ਇਸ ਵਿੱਚ ਹੀ ਕਰਨਾ ਹੈ। ਇਸਦੇ ਚਾਰ ਚੁਫੇਰੇ ਤਾਂ ਆਪਣੇ ਕਾਰਜ ਵਿੱਚ ਮਾਨਣਯੋਗ ਸਫਲਤਾ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲ਼ੇ ਟੂਲਾਂ ਭਾਵ ਕਮਾਂਡਾਂ ਦਾ ਭੰਡਾਰ ਪਿਆ ਹੈ। ਇਸ ਭਾਗ ਦੇ ਅੱਗੇ ਤਿੰਨ ਭਾਗ ਬਣ ਜਾਂਦੇ ਹਨ। ਪੇਪਰ ਦਾ ਉੱਪਰਲਾ ਇੰਚ ਕੁ ਭਾਗ ਹੈਡਰ, ਅਤੇ ਹੇਠਲਾ ਇੰਚ ਕੁ ਭਾਗ ਫੁਟਰ ਕਹਾਉਂਦਾ ਹੈ। ਇੱਕ ਤੋਂ ਦੂਜੇ ਭਾਗ ਵਿੱਚ ਜਾਣ ਲਈ ਉਸ ਦੂਜੇ ਭਾਗ ਵਿੱਚ ਮਾਊਸ ਲੈ ਜਾ ਕੇ ਡਬਲ ਕਲਿੱਕ ਕਰਨਾ ਹੁੰਦਾ ਹੈ।

2. ਉੱਪਰਲਾ ਭਾਗ: ਇਸ ਵਿੱਚ ਸਭ ਤੋਂ ਉੱਪਰਲੀ ਪੱਟੀ ਦਾ ਨਾਂ ‘ਟਾਈਟਲ ਬਾਰ’ ਭਾਵ ਸਿਰਨਾਵਾਂ ਪੱਟੀ ਹੈ। ਇਹ ਪੱਟੀ ਚਿੱਠੀ ਉੱਤੇ ਲਿਖੇ ਸਿਰਨਾਵੇਂ ਤੁੱਲ ਹੁੰਦੀ ਹੈ। ਇਸ ਵਿੱਚ ਕਈ ਮਹੱਤਵਪੂਰਨ ਸੂਚਨਾਵਾਂ ਹੁੰਦੀਆਂ ਹਨ। ਜਿਵੇਂ ਕਿ ਇਸ ਫਾਈਲ ਜਾਂ ਡਾਕੂਮੈਂਟ ਦਾ ਨਾਂ ਕੀ ਹੈ, ਇਹ ਕਿਸ ਐਪ ਜਾਂ ਪ੍ਰੋਗਰਾਮ ਵਿੱਚ ਲਿਖੀ ਗਈ ਹੈ ਤੇ ਕਿਸ ਵਿੱਚ ਖੁੱਲ੍ਹੇਗੀ ਆਦਿ। ਇਸ ਪੱਟੀ ਵਿੱਚ ਵਰਤੋਂਕਾਰ ਦੇ ਧੁਰ ਸੱਜੇ ਹੱਥ ਤਿੰਨ ਕੰਟਰੋਲ ਬਟਨ ਹੁੰਦੇ ਹਨ। ਯਾਦੂ ਦੇ ਝੁਰਲੂ ਹੀ ਸਮਝੋ। ਮਾਈਨਸ ਦਾ ਨਿਸ਼ਾਨ ਕਲਿੱਕ ਕਰਨ ਨਾਲ਼ ਡਾਕੂਮੈਂਟ ਬਿੰਦੂ ਬਣਕੇ ਸਟੇਟਸ ਬਾਰ ’ਤੇ ਆ ਜਾਇਗਾ। ਉੱਥੋਂ ਕਲਿੱਕ ਕਰੋਗੇ ਤਾਂ ਪੂਰਾ ਖੁੱਲ੍ਹ ਜਾਇਗਾ। ਬੌਕਸ ਨੂੰ ਕਲਿੱਕ ਕਰੋਗੇ ਤਾਂ ਡਾਕੂਮੈਂਟ ਛੋਟਾ ਹੋ ਜਾਏਗਾ ਅਤੇ ਉਸ ਨੂੰ ਸਿਰ ਤੋਂ ਫੜਕੇ ਕਿਸੇ ਪਾਸੇ ਵੀ ਲੈ ਜਾ ਸਕਦੇ ਹੋ। ਕੋਨੇ ਜਾਂ ਕਿਨਾਰੇ ਤੋਂ ਫੜਕੇ (ਜਦੋਂ ਤੀਰ ਦੋਹੀਂ ਪਾਸੀਂ ਹੋਵੇ) ਡਾਕੂਮੈਂਟ ਨੂੰ ਹੋਰ ਛੋਟਾ ਜਾਂ ਵੱਡਾ ਕਰ ਸਕਦੇ ਹੋ। ਮੁੜ ਬਾਕਸ ਨੂੰ ਕਲਿੱਕ ਕਰੋਗੇ ਡਾਕੂਮੈਂਟ ਰੀਸਟੋਰ ਹੋ ਕੇ ਪੂਰੇ ਸਾਈਜ਼ ਦਾ ਹੋ ਜਾਵੇਗਾ। ਕਰੌਸ ਜਾਂ ਅੰਗਰੇਜੀ ਅੱਖਰ ਐਕਸ, ਜਦੋਂ ਡਾਕੂਮੈਂਟ ਪੱਕਾ ਹੀ ਬੰਦ ਕਰਨਾ ਹੋਵੇ ਤਾਂ ਕਲਿੱਕ ਕਰੀਦਾ ਹੈ। ਕੰਟਰੋਲ ਬਟਨਾਂ ਦੇ ਕੋਲ਼ ਉੱਪਰ ਨੂੰ ਤੀਰ ਵਾਲ਼ਾ ਇੱਕ ਚੌਥਾ ਬਟਨ ਵੀ ਹੁੰਦਾ ਹੈ ਜੋ ਰਿਬਨ ਨੂੰ ਲੋੜ ਅਨੁਸਾਰ ਛੋਟਾ ਵੱਡਾ ਕਰਦਾ ਹੈ। ਵਰਤੋਂਕਾਰ ਦੇ ਖੱਬੇ ਹੱਥ ਮਾਈਨਸ ਹੇਠਾਂ ਤਿਕੋਨ ਹੈ ਜੋ ‘ਕੁਇੱਕ ਐਕਸੈੱਸ ਟੂਲਬਾਰ ਨੂੰ ਰਿਬਨ ਦੇ ਉੱਪਰ ਜਾਂ ਹੇਠਾਂ ਲੈ ਜਾਂਦੀ ਹੈ।

ਰਿਬਨ: ਉੱਪਰਲੇ ਭਾਗ ਵਿੱਚ, ਟਾਈਟਲ ਬਾਰ ਤੋਂ ਥੱਲੇ ਅਤੇ 1, 2, 3 ਇੰਚੀ ਟੇਪ ਤੋਂ ਉੱਪਰਲੇ ਸਾਰੇ ਭਾਗ ਨੂੰ ‘ਰਿਬਨ’ ਕਹਿੰਦੇ ਹਨ। ਇਹ ਕਮਾਂਡਾਂ ਦਾ ਭੰਡਾਰ ਹੈ। ਫਾਈਲ, ਹੋਮ ਵਾਲ਼ੀ ਪੱਟੀ ਵਿੱਚ ਕਮਾਂਡ ਟੈਬਾਂ ਨੂੰ ਵੱਡੇ ਟੂਲ ਬਕਸਿਆਂ ਵਾਂਗ ਰੱਖਿਆ ਗਿਆ ਹੈ। ਜਿਹੜੀ ਵੀ ਕਮਾਂਡ ਟੈਬ ਨੂੰ ਕਲਿੱਕ ਕਰਾਂਗੇ ਉਸਦੇ ਛੋਟੇ ਛੋਟੇ ਕਈ ਟੂਲ ਸੈੱਟ ਖੁੱਲ੍ਹ ਜਾਣਗੇ। ਉਨ੍ਹਾਂ ਨੂੰ ਕਮਾਂਡ ਸੈੱਟ ਕਿਹਾ ਜਾਂਦਾ ਹੈ। ਹਰ ਕਮਾਂਡ ਸੈੱਟ ਦਾ ਪੂਰਾ ਹੇਠਾਂ ਨਾਂ ਲਿਖਿਆ ਹੁੰਦਾ ਹੈ। ਉਸਦੇ ਸੱਜੇ ਖੱਬੇ ਦੋ ਖੜ੍ਹੀਆਂ ਲਾਈਨਾਂ ਉਸਨੂੰ ਦੂਜੇ ਸੈੱਟਾਂ ਤੋਂ ਨਖੇੜਦੀਆਂ ਹਨ। ਹਰ ਇੱਕ ਸੈੱਟ ਵਿੱਚ ਉਸ ਸੈੱਟ ਦੀਆਂ ਕਮਾਂਡਾਂ ਹੁੰਦੀਆਂ ਹਨ। ਹਰ ਲੋੜੀਂਦੇ ਸੈੱਟ ਵਿੱਚ ਉਸਦੇ ਨਾਂ ਤੋਂ ਅੱਗੇ ਸੱਜੇ ਹੇਠਲੇ ਕੋਨੇ ਵਿੱਚ ਇੱਕ ਡੱਬੀ ਵਿੱਚ ਨਿੱਕਾ ਜਿਹਾ ਤੀਰ (ਗੁਲਾਬੂ) ਹੁੰਦਾ ਹੈ। ਉਸਨੂੰ ਕਲਿੱਕ ਕਰੀਏ ਤਾਂ ਉਸ ਸੈੱਟ ਦੀਆਂ ਕਮਾਂਡਾਂ ਦਾ ਵਿਸਥਾਰ ਉਜਾਗਰ ਹੋ ਜਾਂਦਾ ਹੈ। ‘ਰਿਬਨ’ ਦੀ ਚਰਚਾ ਅਗਲੇ ਲੇਖ ਵਿੱਚ ਕੀਤੀ ਜਾਏਗੀ।

(ਚਲਦਾ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3272)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author