“ਸਾਡੀ ਨਿਗਾਹ ਇਸ ਕਲਿਨਿਕ ਉੱਤੇ ਪਈ। ਅਸੀਂ ਮਾਂਵਾਂ ਧੀਆਂ ਦੋਵੇਂ ਐਵੇਂ ਹੀ ਇੱਥੇ ...”
(17 ਮਾਰਚ 2021)
(ਸ਼ਬਦ: 2100)
ਗੁਰਬਾਣੀ ਵਿੱਚ ਅੰਕਿਤ ਹੈ: ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ ਅਸੀਂ ਡਾਕਟਰ ਗੁਰਮੀਤ ਸਿੰਘ ਨੂੰ ਕਿਵੇਂ ਤੇ ਕਿੱਥੋਂ ਲੱਭੀਏ? ਉਹ ਤੇ ਕਿਸੇ ਵੀ ਮੁੱਲ ਉੱਤੇ ਮੁੜ ਆਉਣ ਵਾਲਾ ਨਹੀਂ। ਡਾ. ਗੁਰਮੀਤ ਸਿੰਘ 22 ਫਰਵਰੀ 2021, ਦਿਨ ਸੋਮਵਾਰ, ਆਪਣੀ ਸੰਸਾਰਕ ਯਾਤਰਾ ਦੇ 75 ਸਾਲ ਪੂਰੇ ਕਰ ਕੇ ਸਦੀਵੀ ਵਿਛੋੜਾ ਦੇ ਗਿਆ। ਉਹ ਆਪਣੇ ਪਰਿਵਾਰ ਵਿੱਚ ਆਪਣੀ ਸੁਪਤਨੀ ਡਾ. ਸੁਜਾਨ ਕੌਰ ਅਤੇ ਹੋਣਹਾਰ ਸਪੁੱਤਰ ਅਸੀਸ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਨ੍ਹਾਂ ਦਾ ਹਰ ਮਰੀਜ਼ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਸੀ। ਆਪਣਾ ਨਿਰਬਾਹ ਚਲਾਉਣ ਲਈ ਹਰ ਕੋਈ ਆਪਣੀ ਸੇਵਾ ਬਦਲੇ ਫੀਸ ਲੈਂਦਾ ਹੈ। ਡਾ. ਸਾਹਿਬ ਇਸ ਤੋਂ ਅੱਗੇ ਮਰੀਜ਼ ਦੇ ਨਾਲ ਵਿਅਕਤੀਗਤ ਮੋਹ ਪਾ ਲੈਂਦੇ ਸਨ। ਡਾਕਟਰ ਸਾਹਿਬ ਦੀਆਂ ਜੀਵਨ ਭਰ ਦੀਆਂ ਦੁੱਖਾਂ ਤਕਲੀਫਾਂ ਨੇ ਉਹਨੂੰ ਆਪਣੇ ਧਰਮ ਵਿੱਚ ਪਰਪੱਕ ਅਤੇ ਪਰਮਾਤਮਾ ਵਿੱਚ ਪੂਰਨ ਵਿਸ਼ਵਾਸੀ ਬਣਾ ਦਿੱਤਾ। ਮਾਨਵਤਾ ਦੀ ਸੇਵਾ ਉਨ੍ਹਾਂ ਦਾ ਧਰਮ ਸੀ, ਜੋ ਉਨ੍ਹਾਂ ਨੇ ਆਪਣੇ ਸਾਰੇ ਜੀਵਨ ਵਿੱਚ ਨਿਸ਼ਠਾ ਨਾਲ ਨਿਭਾਇਆ। ਉਨ੍ਹਾਂ ਦੀ ਇੱਛਾ ਇਸ ਤੋਂ ਹੋਰ ਵੀ ਕਿਤੇ ਵੱਧ ਲੋਕਾਂ ਦੀ ਸੇਵਾ ਕਰਨ ਦੀ ਸੀ। ਪਰ ਹੁੰਦਾ ਹੈ ਓਹੋ ਹੀ ਜੋ ਮਨਜ਼ੂਰੇ ਖੁਦਾ ਹੁੰਦਾ ਹੈ।
ਯੂਗੰਡਾ ਵਿੱਚ ਉਹ ਅਜੇ ਬੱਚਾ ਹੀ ਸੀ ਕਿ ‘ਈਦੀ ਅਮੀਨੀ’ ਦੀ ਧਾੜਵੀ ਹਕੂਮਤ ਨੇ ਉਸ ਦੇ ਮਾਤਾ ਪਿਤਾ ਖੋਹ ਲਏ। ਇਸ ਬੇਸਹਾਰਾ ਬੱਚੇ ਦੇ ਗੁਆਂਢੀ ਭਲੇ ਲੋਕ ਉਸਦੇ ਮਾਂ-ਬਾਪ ਬਣਕੇ ਬਹੁੜੇ। ਡਾਕਟਰ ਸਾਹਿਬ ਦੀ ਪਾਲਣਾ ਪੋਸਣਾ ਉਨ੍ਹਾਂ ਨੇ ਆਪਣੇ ਤਿੰਨਾਂ ਬੱਚਿਆਂ ਦੇ ਸਮ ਰੂਪ ਕੀਤੀ ਤੇ ਗੁਰਮੀਤ ਨੂੰ ਆਪਣੇ ਵੱਖਰੇ ਹੋਣ ਦਾ ਪਤਾ ਹੀ ਨਹੀਂ ਚੱਲਿਆ। ਜਦੋਂ ਉਹ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਕਿਸੇ ਨੇ ਉਸਦੇ ਕੰਨ ਵਲੇਲ ਪਾ ਦਿੱਤੀ ਕਿ ਉਹ ਤਾਂ ਇੱਕ ਗੋਦ ਲਿਆ ਹੋਇਆ ਬੱਚਾ ਹੈ। ਕਈ ਦਿਨ ਉਦਾਸੀ ਅਤੇ ਭੰਨ-ਘੜ ਦੇ ਆਲਮ ਵਿੱਚ ਰਹਿ ਕੇ, ਅਸਲੀਅਤ ਦਾ ਪਤਾ ਕਰਨ ਗੁਰਮੀਤ ਹਰਦੁਆਰ ਪਹੁੰਚ ਗਿਆ। ਸੋਚ ਸੋਚਕੇ ਉਹ ਉੱਥੋਂ ਵੀ ਖਾਲੀ ਹੀ ਮੁੜ ਆਇਆ ਕਿ ਇਹ ਤਾਂ ਆਪਣੇ ਮਾਤਾ-ਪਿਤਾ ਉੱਤੇ ਬੇਭਰੋਸਗੀ ਦਾ ਗੁਨਾਹ ਹੈ। ਉਸਨੇ ਆਪਣੀ ਮਾਂ ਦੇ ਚਰਨੀਂ ਹੱਥ ਲਾ ਕੇ ਅਸਲੀਅਤ ਜਾਨਣ ਵਾਰੇ ਪੁੱਛਿਆ। “ਕਿਉਂ, ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ?” ਮਾਂ ਨੇ ਪੁੱਛਿਆ ਅਤੇ ਬਿਨਾਂ ਉੱਤਰ ਉਡੀਕੇ ਕਮਰੇ ਵਿੱਚ ਗਈ ਤੇ ਆਪਣੀ ਕੀਤੀ ਹੋਈ ਵਸੀਹਤ ਲਿਆ ਕੇ ਗੁਰਮੀਤ ਦੇ ਹੱਥ ਫੜਾ ਦਿੱਤੀ। ਦੋਹਾਂ ਭੈਣਾਂ ਅਤੇ ਦੋਹਾਂ ਭਰਾਵਾਂ ਵਿੱਚ ਭਾਈਚਾਰੇ ਅਨੁਸਾਰ ਸਭ ਕੁਝ ਬਰਾਬਰ ਵੰਡਿਆ ਹੋਇਆ ਸੀ। ਤੇ ਨਾਲੇ ਉਸ ਨੂੰ ਇਹ ਵੀ ਦੱਸਿਆ ਕਿ ਮਿਲੀ ਖ਼ਬਰ ਸਹੀ ਸੀ।
ਆਪਣੀ ਸਾਰੀ ਉਮਰ ਉਸਨੇ ਆਪਣੇ ਮਾਤਾ ਪਿਤਾ ਅਤੇ ਭੈਣਾਂ ਭਰਾਵਾਂ ਦਾ ਪੂਰਾ ਮਾਣ ਸਤਿਕਾਰ ਕੀਤਾ। ਕਿਸੇ ਦੇ ਮਿਹਣਾ ਮਾਰਨ ਉੱਤੇ ਉਸਨੇ ਆਪਣੀ ਸਾਰੀ ਜਾਇਦਾਦ ਦਾ ਅਧਿਕਾਰ ਆਪਣੇ ਦੂਜੇ ਭਰਾ ਦੇ ਨਾਂ ਕਰ ਦਿੱਤਾ। ਇੱਕ ਵੇਰ ਪੰਜਾਬ ਵਿੱਚ ਡਾ. ਗੁਰਮੀਤ ਸਿੰਘ ਮੁਫਤ ਮੈਡੀਕਲ ਕੈਂਪ ਲਾ ਕੇ ਵਾਪਸ ਕੈਨੇਡਾ ਆ ਰਿਹਾ ਸੀ ਕਿ ਦਿੱਲੀ ਏਅਰਪੋਰਟ ਉੱਤੇ ਉਸ ਨੂੰ ਖ਼ਬਰ ਮਿਲੀ ਕਿ ਉਸਦੀ ਮਾਂ ਬੀਮਾਰ ਹੈ। ਆਪਣੀ ਸੁਪਤਨੀ ਅਤੇ ਬੇਟੇ ਨੂੰ ਜਹਾਜ਼ ਚੜ੍ਹਾ ਕੇ ਵਾਪਸ ਜਲੰਧਰ ਆਪਣੀ ਮਾਂ ਕੋਲ ਪਹੁੰਚ ਗਿਆ। ਮਾਂ ਦੇ ਸੁਰਗਵਾਸ ਹੋ ਜਾਣ ’ਤੇ ਸਾਰੀਆਂ ਰਸਮਾਂ ਨਿਭਾਅ ਕੇ ਫਿਰ ਉਹ ਕੈਨੇਡਾ ਨੂੰ ਆਇਆ।
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਉਸਦਾ ਆਕੂਪ੍ਰੈੱਸ਼ਰ ਦਾ ਨਿੱਜੀ ਕਲਿਨਿਕ ਸੀ। ਡਾਕਟਰ ਕਿਹਾ ਕਰਦਾ ਸੀ ਕਿ ਕਿਸੇ ਵੀ ਸੇਵਾ ਦੀ ਸਾਰਥਕਤਾ ਹੀ ਉਸਦੀ ਮਸ਼ਹੂਰੀ ਹੋਇਆ ਕਰਦੀ ਹੈ। ਇੱਕ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋਇਆ ਗਾਹਕ ਅੱਗੇ ਕਈ ਗਾਹਕਾਂ ਕੋਲ ਹੋਈ ਸੇਵਾ ਦੀ ਸ਼ਲਾਘਾ ਕਰਦਾ ਹੈ। ਮੇਰੇ ਪਰਿਵਾਰ ਨਾਲ ਡਾ. ਸਾਹਿਬ ਦਾ ਮਿਲਾਪ ਵੀ ਇੱਕ ਸਬੱਬ ਹੀ ਸੀ। ਪਟਿਆਲੇ ਤੋਂ ਹਰਿੰਦਰ ਪਾਲ (ਹੈਰੀ) ਸਿੱਧੂ ਦਾ ਮੈਂਨੂੰ ਫੋਨ ਆਇਆ, “ਪਾਪਾ ਜੀ, ਤੁਹਾਡੇ ਸ਼ਹਿਰ ਵਿੱਚ ਮੇਰੀ ਮੂੰਹ ਬੋਲੀ ਭੈਣ ਸੁਜਾਨ ਕੌਰ ਦਾ ਵਿਆਹ ਹੈ। ਮੈਂ ਤੇ ਨਹੀਂ ਆ ਸਕਾਂਗਾ, ਤੁਸੀਂ ਮੇਰੇ ਵੱਲੋਂ ਉਸ ਵਿਆਹ ਵਿੱਚ ਜਾ ਆਇਓ। ਮਿਥੇ ਸਮੇਂ ਉੱਤੇ ਮੈਂ ਤੇ ਪਤਵੰਤ ਵਿਆਹ ਵਿੱਚ ਸ਼ਾਮਲ ਹੋਏ ਅਤੇ ਹੈਰੀ ਸਿੱਧੂ ਵੱਲੋਂ ਆਪਣੇ ਸਾਰੇ ਫਰਜ਼ ਪੂਰੇ ਕੀਤੇ। ਸੁਜਾਨ ਕੌਰ ਨਾਲ ਦੋ ਚਾਰ ਵੇਰ ਫੋਨ ’ਤੇ ਰਾਬਤਾ ਬਣਿਆ, ਫਿਰ ਰੁਝੇਵੇਂ ਭਾਰੂ ਹੋ ਗਏ ਤੇ ਲਗਭਗ ਸਭ ਕੁਝ ਭੁੱਲ ਭੁਲਾ ਗਿਆ।
ਬੈਕ ਯਾਰਡ ਵਿੱਚ ਮੈਂ ਤੇ ਪਤਵੰਤ ਨੇ ਬੜੀ ਰੀਝ ਨਾਲ ਕੰਮ ਕੀਤਾ। ਲਗਨ ਵਿੱਚ ਪਤਾ ਹੀ ਨਾ ਲੱਗਾ ਕਿ ਕਦੋਂ ਦੋਹਾਂ ਦੇ ਲੱਕ ਦਰਦ ਆਰੰਭ ਹੋ ਗਿਆ। ਆਪਣੇ ਮਿੱਤਰ ਪਿਆਰੇ ਜੋਗਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਅਤੇ ਉਸਨੇ ਡਾ. ਗੁਰਮੀਤ ਸਿੰਘ ਦੇ ਕਲਿਨਿਕ ਜਾਣ ਦੀ ਸਲਾਹ ਦਿੱਤੀ। ਅਪੁਆਇੰਟਮੈਂਟ ਬਣਾ ਕੇ ਅਸੀਂ ਦੋਵੇਂ ਕਲਿਨਿਕ ਪਹੁੰਚ ਗਏ। ਦੇਖਦਿਆਂ ਸਾਰ ਮੈਂਨੂੰ ਯਾਦ ਆ ਗਿਆ ਤੇ ਮੈਂ ਕਿਹਾ ਕਿ ਡਾਕਟਰ ਸਾਹਿਬ ਅਸੀਂ ਤਾਂ ਪਹਿਲੋਂ ਵੀ ਮਿਲੇ ਹੋਏ ਹਾਂ। ਕਿੱਥੇ? ਉਹਨਾਂ ਪੁੱਛਿਆ। ਤੁਹਾਡੇ ਵਿਆਹ ਵਿੱਚ- ਮੇਰਾ ਉੱਤਰ ਸੀ। ਉਸ ਦਿਨ ਤੋਂ ਪਿੱਛੋਂ ਇਸ ਪਰਿਵਾਰ ਨਾਲ ਅਸੀਂ ਪੱਕੇ ਹੀ ਬੱਝ ਗਏ ਅਤੇ ਸਕਿਆਂ ਵਰਗੇ ਸਬੰਧ ਬਣ ਗਏ ਤੇ ਡਾਕਟਰ ਨੇ ਦਿਲ ਵਿੱਚ ਮੈਂਨੂੰ ਆਪਣੇ ਪਿਤਾ ਸਮਾਨ ਦੀ ਥਾਂ ਦਿੱਤੀ। ਫਿਰ ਡਾਕਟਰ ਸਾਹਿਬ ਅਕਸਰ ਹੀ ਸਾਡੇ ਘਰ ਆਉਂਦੇ ਰਹਿੰਦੇ, ਪਰ ਉਹ ਖਾਲੀ ਹੱਥ ਕਦੀ ਨਹੀਂ ਸੀ ਆਏ, ਕਾਫੀ ਦੇ ਕੱਪ, ਪੀਜ਼ਾ, ਪਕੌੜੇ, ਸਮੋਸੇ ਜਾਂ ਕੁਝ ਹੋਰ ਜ਼ਰੂਰ ਲੈ ਕੇ ਆਉਂਦੇ। ਆਪਣੇ ਹਰ ਘਰੇਲੂ ਸਮਾਗਮ ਵਿੱਚ ਸਾਨੂੰ ਜ਼ਰੂਰ ਬੁਲਾਉਂਦੇ। ਬਾਹਰ ਜਲਸੇ ਜਲੂਸਾਂ ਵਿੱਚ ਸਾਨੂੰ ਆਪਣੇ ਨਾਲ ਲੈ ਕੇ ਜਾਂਦੇ। ਸਾਨੂੰ ਬਹੁਤ ਸਾਰੇ ਮਹਾਂ ਪੁਰਸ਼ਾਂ ਦੇ ਦਰਸ਼ਣ ਡਾਕਟਰ ਸਾਹਿਬ ਦੇ ਘਰ ਵਿੱਚ ਹੀ ਕਰਨ ਦਾ ਅਵਸਰ ਪਰਾਪਤ ਹੋਇਆ।
ਸਾਡੇ ਮਿਲਾਪ ਤੋਂ ਪਹਿਲੋਂ ਡਾਕਟਰ ਸਾਹਿਬ ਪੰਜਾਬ ਵਿੱਚ ਬਹੁਤ ਸਾਰੇ ਸਿਹਤ ਕੈਂਪ ਲਾ ਚੁੱਕੇ ਸਨ। ਫਿਰ ਸਾਨੂੰ ਵੀ ਉਨ੍ਹਾਂ ਨੇ ਆਪਣੇ ਨਾਲ ਜੋੜ ਲਿਆ। ਮੁੱਖ ਪਰਬੰਧਕ ਦੇ ਫਰਜ਼ ਮੇਰੇ ਹਿੱਸੇ ਪਾ ਦਿੱਤੇ। ਡਾ. ਸੁਜਾਨ ਵੀ ਹਰ ਕੈਂਪ ਵਿੱਚ ਡਾਕਟਰ ਸਾਹਿਬ ਦੇ ਨਾਲ ਹੁੰਦੀ। ਮੇਰੀ ਦੇਖ ਰੇਖ ਵਿੱਚ ਦੋ ਕੈਂਪ ਪਾਂਡਵਾਂ (ਫਗਵਾੜਾ), ਦੋ ਜਾਂ ਤਿੰਨ ਸੁਲਤਾਨ ਪੁਰ ਲੋਧੀ, ਇੱਕ ਫਿਲੌਰ ਦੇ ਕੋਲ ਗੁਰਦੁਆਰਾ ਸ਼ਹੀਦਾਂ, ਕਰਮਸਰ (ਰਾੜਾ ਸਾਹਿਬ) ਮੇਰੇ ਪਿੰਡ ਦੇ ਕੋਲ 4/5, ਸਪੋਰਟਸ ਕਾਲਜ ਸਮਰਾਲਾ, ਮੁਰਾਲੀ (ਖਮਾਣੋਂ), ਕੁਰੂਕੁਸ਼ੇਤਰ ਯੂਨੀਵਰਸਿਟੀ ਆਦਿ। ਇਨ੍ਹਾਂ ਕੈਂਪਾਂ ਵਿੱਚ ਡਾਕਟਰ ਸਾਹਿਬ ਅੱਠ ਘੰਟੇ ਤੋਂ ਵੱਧ ਰੋਜ਼ਾਨਾ ਬਿਲਕੁਲ ਮੁਫਤ ਇਲਾਜ ਕਰਦੇ, ਅੰਤ ਵਿੱਚ ਆਪਣੀ ਸਮਰੱਥਾ ਅਨੁਸਾਰ ਸਥਾਨਕ ਸਹਾਇਕਾਂ ਦੀ ਆਰਥਿਕ ਸਹਾਇਤਾ ਵੀ ਕਰਦੇ। ਕੈਂਪ ਵਿੱਚ ਬੀਮਾਰਾਂ ਦੀਆਂ ਲੰਮੀਆਂ ਲਾਈਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ। ਸਥਾਨਕ ਸ੍ਵੈਇੱਛਕ ਸਹਾਇਕ ਆਪਣੇ ਨਾਲ ਜੋੜੇ ਜਾਂਦੇ ਅਤੇ ਸਿਖਾਏ ਜਾਂਦੇ। ਦੂਸਰੇ ਸਾਲ ਲਾਈਨਾਂ ਹੋਰ ਲੰਮੀਆਂ ਹੋ ਜਾਂਦੀਆਂ।
ਡਾਕਟਰ ਸਾਹਿਬ ਦਾ ਇਲਾਜ ਹੋਮੀਓਪੈਥੀ ਅਤੇ ਬਿਜਲਈ ਮਸ਼ੀਨਾਂ ਦੀ ਵਰਤੋਂ ਨਾਲ ਹੁੰਦਾ। ਭਾਵੇਂ ਕੇ ਬੁਢਾਪਾ ਹੰਡਾਅ ਰਹੇ ਮਰੀਜ਼ਾਂ ਦੇ ਠੀਕ ਹੋਣ ਦੀ ਪ੍ਰਤੀਸ਼ਤ ਘੱਟ ਸੀ ਪਰ ਬਾਕੀ ਗਰੁੱਪ ਵਾਲੇ ਬਹੁਤ ਸਾਰੇ ਮਰੀਜ਼ ਠੀਕ ਹੋ ਕੇ ਜਾਂਦੇ। ਚਮਤਕਾਰੀ ਵਰਤਾਰੇ ਵਾਲਿਆਂ ਮਰੀਜ਼ਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਉਨ੍ਹਾਂ ਵਿੱਚੋਂ ਕੁਝ ਕੁ ਦਾ ਵਰਣਨ ਕਰਨਾ ਠੀਕ ਰਹੇਗਾ। ਰਾੜਾ ਸਾਹਿਬ ਦੇ ਕੈਂਪ ਵਿੱਚ ਬੱਦੋਵਾਲ ਦੀ ਇੱਕ 20/22 ਸਾਲ ਦੀ ਲੜਕੀ ਆਈ, ਜਿਸ ਨੂੰ ਕਾਰ ਵਿੱਚੋਂ ਚੁੱਕ ਕੇ ਬੈੱਡ ਉੱਤੇ ਪਾਇਆ ਗਿਆ। ਦੱਸਣ ਅਨੁਸਾਰ ਬੁਖਾਰ ਵਿੱਚ ਗਲਤ ਟੀਕਾ ਲੱਗਣ ਨਾਲ ਉਸਦਾ ਲੱਕ ਤੋਂ ਹੇਠਾਂ ਦਾ ਸਾਰਾ ਸਰੀਰ ਨਕਾਰਾ ਹੋ ਗਿਆ ਸੀ। ਲੜਕੀ ਦੀ ਮਾਂ ਨੇ ਪੁੱਛਿਆ ਕਿ ਕੀ ਇਹ ਠੀਕ ਹੋ ਜਾਵੇਗੀ। ‘ਅਜੇ ਕੁਝ ਨਹੀਂ ਕਿਹਾ ਜਾ ਸਕਦਾ।’ ਡਾਕਟਰ ਦਾ ਜਵਾਬ ਸੀ। ਲੜਕੀ ਦੇ ਮਸ਼ੀਨਾਂ ਲਾ ਕੇ ਅਸੀਂ ਲੰਚ ਕਰਨ ਚਲੇ ਗਏ। ਕੁਝ ਸਮੇਂ ਪਿੱਛੋਂ ਮੁੜੇ ਤਾਂ ਲੜਕੀ ਦਾ ਘਬਰਾਇਆ ਹੋਇਆ ਭਰਾ ਰਸਤੇ ਵਿੱਚ ਹੀ ਆ ਮਿਲਿਆ। ‘ਡਾਕਟਰ ਸਾਹਿਬ, ਜਲਦੀ ਚੱਲੋ, ਭੈਣ ਨੂੰ ਬਹੁਤ ਤਕਲੀਫ ਹੋ ਰਹੀ ਹੈ।’ ਉਹ ਬੋਲਿਆ। ‘ਉਹ ਠੀਕ ਹੋ ਜਾਵੇਗੀ।’ ਡਾਕਟਰ ਦੇ ਮੂੰਹੋਂ ਨਿਕਲਿਆ। ਪੂਰੇ ਸੱਤ ਦਿਨ ਲੜਕੀ ਕੈਂਪ ਆਰੰਭ ਹੋਣ ਵਾਲੇ ਸਮੇਂ ਕੈਂਪ ਵਿੱਚ ਲਿਆਂਦੀ ਜਾਂਦੀ ਅਤੇ ਸਮਾਪਤੀ ਵੇਲੇ ਹੀ ਉਸ ਨੂੰ ਵਾਪਸ ਘਰ ਲੈਜਾਇਆ ਜਾਂਦਾ। ਸਾਰਾ ਦਿਨ ਉਸਦਾ ਇਲਾਜ ਚੱਲਦਾ। ਅਖੀਰਲੇ ਦਿਨ ਉਹ ਆਪਣੇ ਪੈਰਾਂ ਉੱਤੇ ਆਪ ਖੜ੍ਹੀ ਹੋ ਕੇ ਪੰਜ ਸੱਤ ਕਦਮ ਚੱਲ ਵੀ ਸਕਦੀ ਸੀ। ਉਸ ਨੂੰ ਆਪ ਹੀ ਕਰਨ ਵਾਲੇ ਅਗਲੇ ਇਲਾਜ ਦੀ ਵਿਧੀ ਸਮਝਾ ਦਿੱਤੀ ਗਈ। ਤਿੰਨ ਮਹੀਨੇ ਪਿੱਛੋਂ ਲੜਕੀ ਨੇ ਕੈਨੇਡਾ ਆਪ ਫੋਨ ਕਰ ਕੇ ਦੱਸਿਆ, “ਡਾਕਟਰ ਸਾਹਿਬ, ਮੈਂ ਹੁਣ ਬਿਲਕੁਲ ਠੀਕ ਹਾਂ। ਧਾਰਾਂ ਆਪ ਕੱਢ ਲੈਂਦੀ ਹਾਂ।”
ਮੇਰੇ ਆਪਣੇ ਭਤੀਜੇ ਦੀ ਬੇਟੀ ਦੀ ਮੁਟਿਆਰ ਨਣਦ ਪੌੜੀਆਂ ਵਿੱਚੋਂ ਡਿਗ ਜਾਣ ਕਰਕੇ ਬਹੁਤ ਦੁਖੀ ਸੀ। ਮੋਗੇ ਤੋਂ ਚੱਲ ਕੇ ਰਾੜਾ ਸਾਹਿਬ ਕੈਂਪ ਵਿੱਚ ਆਈ। ਇਲਾਜ ਕਰਨ ਤੋਂ ਪਿੱਛੋਂ ਡਾਕਟਰ ਕਹਿੰਦਾ, “ਪੈਰਾਂ ਭਾਰ ਬੈਠ ਕੇ ਦੇਖ।’ ਉਸ ਲੜਕੀ ਨੇ ਡਾਕਟਰ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਕਹਿ ਰਹੀ ਹੋਵੇ ਕਿ ਇਹ ਕਿਵੇਂ ਹੋ ਸਕਦਾ ਹੈ? ‘ਤੂੰ ਦੇਖ ਤਾਂ ਸਹੀ।’ ਡਾਕਟਰ ਨੇ ਜ਼ੋਰ ਪਾ ਕੇ ਕਿਹਾ ਤੇ ਉਹ ਬੈਠ ਗਈ। “ਉਹ! ਮੈਂ ਹੁਣ ਬੈਠ ਸਕਦੀ ਹਾਂ।” ਖੁਸ਼ੀ ਵਿੱਚ ਪਾਗਲ ਹੋਈ ਉਹ ਚੀਕ ਉੱਠੀ। ਉਹ ਅੱਜ ਤਕ ਠੀਕ ਹੈ।
ਸਪੋਰਟਸ ਕਾਲਜ ਸਮਰਾਲਾ ਵਿਖੇ ਕੈਂਪ ਲੱਗਿਆ ਹੋਇਆ ਸੀ ਤੇ ਸ਼ਾਮ ਦੀ ਸਮਾਪਤੀ ਦੇ ਨੇੜੇ ਸੀ। ਡਾ. ਨੇ ਮੈਨੂੰ ਕਿਹਾ ਕਿ ਅੰਕਲ ਜੀ, ਹੁਣ ਹੋਰ ਪੇਸ਼ੈਂਟ ਨਾ ਲਿਓ। ਅੱਧੇ ਕੁ ਘੰਟੇ ਪਿੱਛੋਂ ਮੈਂ ਪਰਵੇਸ਼ ਦੁਆਰ ਵੱਲ ਬਾਹਰਲੀ ਹਵਾ ਲੈਣ ਗਿਆ ਤਾਂ ਦੋ ਦਾਨੀਆਂ ਇਸਤਰੀਆਂ ਕਾਰ ਵਿੱਚੋਂ ਉੱਤਰੀਆਂ। ਹੌਲੀ ਹੌਲੀ ਇੱਕ ਮੁਟਿਆਰ ਲੜਕੀ ਕਾਰ ਵਿੱਚੋਂ ਉੱਤਰ ਕੇ ਉਨ੍ਹਾਂ ਦੇ ਨਾਲ ਹੋ ਤੁਰੀ। ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ, ਮੈਂ ਪੁੱਛਿਆ। ਇਸ ਲੜਕੀ ਨੂੰ ਗਰਦਣ ਦੀ ਤਕਲੀਫ ਹੈ, ਉਹ ਦਿਖਾਉਣੀ ਹੈ, ਉੱਤਰ ਮਿਲਿਆ। ਮੈਂ ਬੇਨਤੀ ਕੀਤੀ, “ਹੁਣ ਤਾਂ ਕੈਂਪ ਬੰਦ ਹੋਣ ਵਾਲਾ ਹੈ, ਕੱਲ੍ਹ ਸਵੇਰੇ ਹੀ ਆ ਜਾਉ।”
“ਮੈਂ ਤੇ ਅੱਜ ਵੀ ਨਹੀਂ ਸੀ ਆਉਣਾ, ਇੱਕ ਰਿਸ਼ਤੇਦਾਰ ਦੇ ਬਾਰ-ਬਾਰ ਜ਼ੋਰ ਪਾਉਣ ਉੱਤੇ ਆਈ ਹਾਂ। ਮੈਂਨੂੰ ਡਾਕਟਰ ਨੇ ਕਿਹਾ ਹੈ ਕਿ ਮੇਰੀ ਗਰਦਨ ਦਾ ਇਲਾਜ ਕੇਵਲ ਤੇ ਕੇਵਲ ਓਪਰੇਸ਼ਨ ਹੈ।” ਲੜਕੀ ਨੇ ਆਪਣੀ ਨਿਰਾਸਤਾ ਦਰਸਾਈ।
“ਚੰਗਾ, ਆ ਜਾਉ।” ਮੈਂ ਕਿਹਾ। ਉਨ੍ਹਾਂ ਨੂੰ ਇੰਤਜਾਰੀ ਬੈਂਚਾਂ ’ਤੇ ਬਿਠਾਕੇ ਮੈਂ ਇਸਤਰੀਆਂ ਦੇ ਇਲਾਜ ਕਮਰੇ ਵਿੱਚ ਅੰਦਰ ਗਿਆ। (ਜਿੱਥੇ ਜਾਣ ਦੀ ਕੇਵਲ ਮੈਂਨੂੰ ਹੀ ਆਗਿਆ ਸੀ।) ਡਾਕਟਰ ਨੂੰ ਕਹਿਣ ਦੀ ਮੇਰੀ ਹਿੰਮਤ ਨਾ ਹੋਈ ਤੇ ਮੈਂ ਡਾ. ਸੁਜਾਨ ਨੂੰ ਇਸ ਸਬੰਧੀ ਬੇਨਤੀ ਕੀਤੀ। ਇਲਾਜ ਕਰ ਰਹੀ ਸੁਜਾਨ ਨੇ ਮੁੜ ਮੇਰੇ ਵੱਲ ਹੀ ਗੇਂਦ ਰੋੜ੍ਹ ਦਿੱਤੀ। ਅੰਕਲ ਜੀ ਕੀ ਗੱਲ ਹੈ? ਡਾਕਟਰ ਨੇ ਕੁਝ ਵਿਸ਼ੇਸ਼ ਭਾਂਪਦਿਆ ਮੈਂਨੂੰ ਆਪ ਹੀ ਪੁੱਛ ਲਿਆ। ਦੱਸਿਆ ਤਾਂ ਡਾਕਟਰ ਕਹਿੰਦਾ, “ਖਾਲੀ ਬੈੱਡ ਉੱਤੇ ਪਾ ਦਿਓ।”
ਫਿਰ ਮੈਂ ਆਪਣੇ ਦੂਸਰੇ ਪ੍ਰਬੰਧਾਂ ਵਿੱਚ ਰੁੱਝ ਗਿਆ। ਉਸ ਦਿਨ ਦੇ ਖਾਤਮੇ ਉੱਤੇ ਡਾ. ਨੇ ਦੱਸਿਆ ਕਿ ਅੰਕਲ ਜੀ, ਉਹ ਲੜਕੀ ਬਿਲਕੁਲ ਠੀਕ ਹੋ ਕੇ ਚਲੀ ਗਈ ਹੈ। ਪਹਿਲਾਂ ਤਾਂ ਉਹ ਆਪਣੀ ਗਰਦਨ ਨੂੰ ਹੱਥ ਨਾ ਲਾਉਣ ਦੇਵੇ ਅਤੇ ਨਾ ਹੀ ਕਾਲਰ ਖੋਲ੍ਹੇ। ‘ਇਸ ਇਲਾਜ ਵਿੱਚ ਮੇਰੀ ਵਿਸ਼ੇਸ਼ਤਾ ਹੈ’ ਦਾ ਯਕੀਨ ਦਿਵਾਉਣ ਉੱਤੇ ਉਸਨੇ ਇਲਾਜ ਦੀ ਆਗਿਆ ਦਿੱਤੀ। ਪਿੱਛੋਂ ਚੰਗਾ ਫੇਰਾ ਤੋਰਾ ਕਰਕੇ ਪੂਰੀ ਤਸੱਲੀ ਕਰ ਲੈਣ ਪਿੱਛੋਂ ਮੈਂ ਉਸ ਨੂੰ ਉਸਦਾ ਕਾਲਰ ਸੰਭਾਲ ਦਿੱਤਾ।
ਕੁਰੂਕੁਸ਼ੇਤਰ ਯੂਨੀਵਰਸਿਟੀ ਵਿੱਚ ਸਾਡੇ ਕੈਂਪ ਦਾ ਪਹਿਲਾ ਦਿਨ ਸੀ। ਕੌਣ ਕਿੰਨੇ ਪਾਣੀ ਵਿੱਚ ਹੈ, ਹਰ ਕੋਈ ਬਿਨਾ ਦੱਸੇ ਪੁੱਛੇ ਹੀ ਭਾਂਪ ਲੈਂਦਾ ਹੈ। ਇੱਕ ਪੜ੍ਹੀ ਲਿਖੀ ਬੀਬੀ ਸਿੱਧੀ ਮੇਰੇ ਕੋਲ ਆਈ ਤੇ ਬੋਲੀ, ਅੰਕਲ ਜੀ, ਡਾਕਟਰ ਦੇ ਹੱਥਾਂ ਵਿੱਚ ਜਾਦੂ ਹੈ। ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ ਤੇ ਪੁੱਛਿਆ ਉਹ ਕਿਵੇਂ? ਬੀਬੀ ਨੇ ਦੱਸਿਆ ਕਿ ਮੈਂ ਗਰਦਣ ਦੀ ਸਮੱਸਿਆ ਤੋਂ ਬਹੁਤ ਦੁਖੀ ਸੀ, ਜਿੱਥੇ ਵੀ ਦੱਸ ਪਈ, ਮੈਂ ਉਸੇ ਡਾਕਟਰ ਕੋਲ ਪਹੁੰਚੀ ਪਰ ਕੋਈ ਫਾਇਦਾ ਨਾ ਹੋਇਆ। ਡਾਕਟਰ ਸਾਹਿਬ ਨੇ ਪੰਜ ਮਿੰਟ ਨਹੀਂ ਲਾਏ ਕਿ ਹੁਣ ਮੈਂ ਬਿਲਕੁਲ ਠੀਕ ਹਾਂ। ਇਸ ਤਰ੍ਹਾਂ ਜਾਪਦਾ ਹੈ ਕਿ ਮੈਂਨੂੰ ਕਦੀ ਰੋਗ ਹੋਇਆ ਹੀ ਨਹੀਂ। ... ਪਿੱਛੋਂ, ਪ੍ਰੋਫੈੱਸਰ ਰੰਧਾਵੇ ਨੇ ਮੈਂਨੂੰ ਦੱਸਿਆ ਕਿ ਉਹ ਬੀਬੀ ਇੱਕ ਕਾਲਜ ਵਿੱਚ ਫਿਜ਼ਿਕਸ ਦੀ ਲੈਕਚਰਾਰ ਹੈ।
ਬਰੈਂਪਟਨ ਵਿੱਚ ਮੈਂ ਆਪਣੇ ਇਲਾਜ ਲਈ ਡਾਕਟਰ ਕੋਲ ਗਿਆ ਤਾਂ ਉੱਥੇ ਮੇਰੀ ਇੱਕ 50 ਕੁ ਸਾਲਾਂ ਦੀ ਰੂਸੀ ਬੀਬੀ ਨਾਲ ਗੱਲਬਾਤ ਹੋਈ। ਉਸ ਨੇ ਦੱਸਿਆ ਕਿ ਉਸਦੀ ਖੱਬੀ ਲੱਤ ਸੁੱਕਣ ਲੱਗ ਪਈ, ਪੂਰਾ ਭਾਰ ਨਾ ਲਵੇ, ਜਾਪਦਾ ਸੀ ਕਿ ਕੁਝ ਛੋਟੀ ਵੀ ਹੋ ਗਈ ਹੈ। ਮੈਂ ਡਾਕਟਰ ਸਾਹਿਬ ਪਾਸੋਂ ਦੋ ਕੁ ਮਹੀਨੇ ਵਿੱਚ 7 ਟਰੀਟਮੈਂਟ ਲੈ ਚੁੱਕੀ ਹਾਂ। ਮੈਂ ਪੁੱਛਿਆ, ਹੁਣ ਕਿਵੇਂ ਹੈ? ਉਸ ਨੇ ਆਪਣਾ ਸਕਰਟ ਮੋਟੇ ਪੱਟ ਤਕ ਉੱਚਾ ਕਰਦਿਆਂ ਕਿਹਾ ਕਿ ਤੂੰ ਆਪ ਦੇਖ ਲੈ। ਮੈਂਨੂੰ ਦੋਵੇਂ ਲੱਤਾਂ ਸਿਹਤ ਪੱਖੋਂ ਬਰਾਬਰ ਲੱਗੀਆਂ। ਹੋਰ ਕਿੰਨੀਆਂ ਟਰੀਟਮੈਂਟਾਂ ਲੈਣੀਆਂ ਹਨ? ਮੈਂ ਪੁੱਛਿਆ। ਜਿੰਨੀਆਂ ਡਾਕਟਰ ਕਹੇਗਾ, ਉਸਦਾ ਉੱਤਰ ਸੀ। ਜਿਸ ਵਿੱਚੋਂ ਡਾਕਟਰ ਉੱਤੇ ਉਸਦਾ ਪੂਰਨ ਵਿਸ਼ਵਾਸ ਝਲਕ ਰਿਹਾ ਸੀ।
ਕਲਿਨਿਕ ਵਿੱਚ ਹੀ ਇੱਕ ਵੇਰ ਇੱਕ ਲੜਕੀ ਨੇ ਦੱਸਿਆ ਕਿ ਮੈਂ ਫੈਮਿਲੀ ਡਾਕਟਰ ਕੋਲ ਕਈ ਗੇੜੇ ਮਾਰੇ। ਅੱਜ ਸਾਹਮਣੇ ਹੀ ਅਸੀਂ ਇਲਾਜ ਵਾਸਤੇ ਆਈਆਂ ਸੀ। ਪਤਾ ਲੱਗਿਆ ਕਿ ਉੱਥੇ ਕੋਈ ਇਲਾਜ ਨਹੀਂ ਹੋ ਰਿਹਾ। ਸਬੱਬ ਨਾਲ ਸਾਡੀ ਨਿਗਾਹ ਇਸ ਕਲਿਨਿਕ ਉੱਤੇ ਪਈ। ਅਸੀਂ ਮਾਂਵਾਂ ਧੀਆਂ ਦੋਵੇਂ ਐਵੇਂ ਹੀ ਇੱਥੇ ਆ ਵੜੀਆਂ। ਡਾਕਟਰ ਨੇ ਕਿਹਾ ਕਿ ਉਹ ਇਲਾਜ ਕਰ ਸਕਦਾ ਹੈ। ਬੇਯਕੀਨੀ ਨਾਲ ਲੜਕੀ ਨੇ ਇਲਾਜ ਕਰਵਾਇਆ। ਇਲਾਜ ਸਮੇਂ ਤਕਲੀਫ ਇੰਨੀ ਹੋਈ ਕਿ ਉਸਨੇ ਪ੍ਰਣ ਕਰ ਲਿਆ ਕਿ ਮੁੜਕੇ ਇੱਥੇ ਨਹੀਂ ਆਉਣਾ। ਰਾਤ ਨੂੰ ਉਸਨੇ ਅਨੁਭਵ ਕੀਤਾ ਕਿ ਪਹਿਲਾਂ ਨਾਲੋਂ ਗੌਲਣਯੋਗ ਆਰਾਮ ਹੈ। ਅਗਲੇ ਦਿਨ ਹੀ ਉਹ ਫਿਰ ਕਲੀਨਿਕ ’ਤੇ ਆ ਗਈਆਂ। ਹੁਣ ਲੜਕੀ ਬਿਲਕੁਲ ਠੀਕ ਹੈ। ਉਸਦਾ ਪੇਟ ਕੱਸੀ ਹੋਈ ਢੋਲਕੀ ਵਾਂਗ ਕੱਸਿਆ ਜਾਂਦਾ ਸੀ।
ਮੇਰੀ ਸੁਪਤਨੀ ਪਤਵੰਤ ਦੀ ਖੱਬੀ ਲੱਤ ਬਹੁਤ ਸਮੱਸਿਆ ਦੇਣ ਲੱਗ ਪਈ। ਪੈ ਕੇ ਸੱਜੇ ਖੱਬੇ ਹਿਲਾਈ ਵੀ ਨਹੀਂ ਜਾਂਦੀ ਸੀ। ਡਾਕਟਰ ਕੋਲ ਗਏ ਤਾਂ ਕਹਿੰਦਾ ਕਿ ਜੋੜ ਆਪਣੀ ਥਾਂ ਤੋਂ ਹਿੱਲ ਗਿਆ ਹੈ। ਸੈੱਟ ਕੀਤਾ। ਚੀਕਾਂ ਨਿਕਲ ਗਈਆਂ। ਸ਼ਾਮ ਤਕ ਲੱਤ ਬਿਲਕੁਲ ਠੀਕ ਹੋ ਗਈ। ਤੇ ਅੱਜ ਤਿੰਨ ਸਾਲ ਪਿੱਛੋਂ ਤੀਕਰ ਠੀਕ ਚੱਲ ਰਹੀ ਹੈ। ਗੱਲ ਕੀ, ਸਾਨੂੰ ਜਾਂ ਮੇਰੇ ਕਿਸੇ ਸੰਪਰਕੀ ਨੂੰ ਜਦੋਂ ਵੀ ਕੋਈ ਸਰੀਰਕ ਸਮੱਸਿਆ ਆਉਂਦੀ ਤਾਂ ਅਸੀਂ ਡਾ. ਗੁਰਮੀਤ ਦੀ ਸ਼ਰਨ ਵਿੱਚ ਜਾਂਦੇ ਅਤੇ ਉਹ ਹਮੇਸ਼ਾ ਹੀ ਸੁਥਰੀਆਂ ਸਲਾਹਵਾਂ ਨਾਲ ਬਹੁੜਦਾ ਜੋ ਸਾਡੇ ਲਈ ਸਦਾ ਉਪਯੋਗੀ ਸਿੱਧ ਹੁੰਦੀਆਂ।
ਸੱਚੀ ਗੱਲ ਹੈ ਕਿ ਡਾਕਟਰ ਸਾਹਿਬ ਵੱਲੋਂ ਮਾਯੂਸ ਹੋਏ ਬੀਮਾਰਾਂ ਦੇ ਕੀਤੇ ਚਮਤਕਾਰੀ ਇਲਾਜਾਂ ਦੀ ਇੱਕ ਲੰਮੀ ਲੜੀ ਹੈ। ਇਸਦੇ ਨਾਲ ਨਾਲ ਡਾ. ਸਾਹਿਬ ਨੇ ਆਪਣੇ ਬਹੁਤ ਸਾਰੇ ਸਹਿਯੋਗੀਆਂ ਨੂੰ ਯੋਗ ਸਿੱਖਿਆ ਵੀ ਦਿੱਤੀ। ਉਹ ਆਪਣੇ ਇਲਾਜ ਵਿੱਚ ਕਿਸੇ ਕੋਲੋਂ ਵੀ ਉਹਲਾ ਨਹੀਂ ਰੱਖਦੇ ਸਨ। ਨਵੇਂ ਆਏ ਰੋਗਾਂ ਲਈ ਵੀ ਨਿਰੰਤਰ ਖੋਜ ਕਰਦੇ ਰਹਿੰਦੇ ਸਨ।
ਪੰਜਾਬ ਵਿੱਚ ਡਾਕਟਰ ਸਾਹਿਬ ਦੇ ਸਤਿਕਾਰੀ ਮਰੀਜ਼ ਅਕਸਰ ਮੈਂਨੂੰ ਪੁੱਛ ਲੈਂਦੇ ਨੇ ਕਿ ਡਾਕਟਰ ਸਾਹਿਬ ਨੇ ਹੁਣ ਕਦੋਂ ਪੰਜਾਬ ਆਉਣਾ ਹੈ? ਹੁਣ ਮੈਂ ਉਨ੍ਹਾਂ ਨੂੰ ਕੀ ਉੱਤਰ ਦੇਵਾਂਗਾ। ਬੜਾ ਔਖਾ ਹੈ ਇਹ ਕਹਿਣਾ ਕਿ ਉਹ ਤਾਂ ਉਨ੍ਹਾਂ ਲੰਮੀਆਂ ਵਾਟਾਂ ਦਾ ਪਾਂਧੀ ਬਣ ਗਿਆ ਹੈ, ਜਿੱਥੋਂ ਕੋਈ ਕਦੀ ਨਹੀਂ ਮੁੜਿਆ। ਸਾਡੇ ਲਈ ਡਾ. ਗੁਰਮੀਤ ਸਿੰਘ ਦਾ ਘਾਟਾ ਕਦੀ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2650)
(ਸਰੋਕਾਰ ਨਾਲ ਸੰਪਰਕ ਲਈ: