“28 ਅਗਸਤ 2026 “ਨੀਟ” ਪ੍ਰੋਟੈਸਟ ਸੀ ਜਾਂ “ਨੀਚ” ਪ੍ਰੋਟੈਸਟ? --- ਸੰਦੀਪ ਕੁਮਾਰ”
(4 ਸਤੰਬਰ 2026)
ਪਾਠਕ 28 ਅਗਸਤ ਨੂੰ ਸਰੋਕਾਰ ਵਿੱਚ ਛਪਿਆ ਸੰਦੀਪ ਕੁਮਾਰ ਦਾ ਲੇਖ: “ਨੀਟ” ਪ੍ਰੋਟੈਸਟ ਸੀ ਜਾਂ “ਨੀਚ” ਪ੍ਰੋਟੈਸਟ? ਜ਼ਰੂਰ ਪੜ੍ਹ ਲੈਣ ---- ਸੰਪਾਦਕ।
ਸਤਿਕਾਰ ਯੋਗ ਸੰਪਾਦਕ ਜੀ,
ਮੈਂ ਅੱਜ ਸਰੋਕਾਰ ਡਾਟ ਸੀਏ ਵਿੱਚ ‘ਕਾਕਰੋਚ ਜਨਤਾ ਪਾਰਟੀ’ ਸੰਬੰਧੀ ਇੱਕ ਸਾਈਕਾਲੋਜਿਸਟ ਅਤੇ ਜਰਨਲਿਸਟ ਦਾ ਆਰਟੀਕਲ ਪੜ੍ਹਿਆ, ਤੇ ਹੈਰਾਨ ਰਹਿ ਗਿਆ। ਜਦੋਂ ਕਿਸੇ ਵੀ ਲਿਖਾਰੀ ਦੀ ਕੋਈ ਰਚਨਾ ਪੜ੍ਹੀਦੀ ਹੈ ਤਾਂ ਲੱਖ ਛੁਪਾਉਣ ਉੱਤੇ ਵੀ ਸਾਫ ਪਤਾ ਲੱਗ ਜਾਂਦਾ ਹੈ ਕਿ ਲੇਖਕ ਕਿਹੜੇ ਪਿੰਡੋਂ ਬੋਲ ਰਿਹਾ ਹੈ।
ਲਿਖਾਰੀ ਦੇ ਲਿਖੇ ਲੇਖ ਦੀ ਗੱਲ ਨਾ ਕਰ ਕੇ ਮੇਰੇ ਮਨ ਵਿੱਚ ਦੋ ਵਿਚਾਰ ਆਏ ਹਨ।
ਪਹਿਲਾ: ਦੋਂਹ ਵਿਸ਼ਿਆਂ ਵਿੱਚ ਮਾਸਟਰ ਕਰ ਕੇ ਵੀ ਸਾਡੇ ਵਿਦਵਾਨ ਮਾਨਵਤਾ ਦੀ ਸੋਚ ਤੋਂ ਕਿੰਨੀ ਦੂਰ ਰਹਿੰਦੇ ਹਨ, ਇਹ ਵਿਚਾਰ ਕੇ ਮਨ ਨੂੰ ਹੈਰਾਨੀ ਹੁੰਦੀ ਹੈ। ਉਨ੍ਹਾਂ ਨੂੰ ਹਰ ਪਾਸੇ ਪੈਸਾ ਹੀ ਪੈਸਾ ਦਿਸਦਾ ਹੈ ਅਤੇ ਪੈਸੇ ਦੀ ਖਾਤਰ ਉਹ ਕਿਸੇ ਵੀ ਨਿਵਾਣ ਤੀਕਰ ਜਾ ਸਕਦੇ ਹਨ।
ਦੂਸਰਾ: ਬੁੱਧੀ ਸਿਖਾਉਂਦੀ ਹੈ ਕਿ ਕਿਸੇ ਵੀ ਹਨੇਰੇ ਜਾਂ ਚਾਨਣ ਵਿੱਚ ਕਿਵੇਂ ਹੱਥ ਮਾਰਨਾ ਹੈ। ਭਾਵ, ਆਪਣਾ ਟੀਚਾ ਕਿਵੇਂ ਪ੍ਰਾਪਤ ਕਰਨਾ ਹੈ। ਅਤੇ ਸਿਆਣਪ ਸਿਖਾਉਂਦੀ ਹੈ ਕਿ ਖਲਕਤ ਦਾ ਭਲਾ ਕਿਵੇਂ ਕਰਨਾ ਹੈ। ਕਿਸੇ ਕੋਲ ਬੁੱਧੀ ਨਾਲ ਕਲਮ ਚਲਾਉਣ ਦੀ ਜਾਂ ਕਲਮ ਦੀਆਂ ਕਲਾਬਾਜ਼ੀਆਂ ਮਰਵਾਉਣ ਦੀ ਕਲਾ ਤਾਂ ਆ ਸਕਦੀ ਹੈ ਪਰ ਕਲਮ ਨੂੰ ਕਲਿਆਣਕਾਰੀ ਬਣਾਉਣਾ ਸਿਆਣਪ ਦਾ ਹੀ ਕੰਮ ਹੈ।
ਰੁਜ਼ਾਨਾ ਦੇ ਜੀਵਨ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਕਲਮਕਾਰ ਆਪਣੀ ਸਿਆਣਪ ਨੂੰ ਲੋਕ ਭਲਾਈ ਲਈ ਨਹੀਂ ਸਗੋਂ ਆਪਣੇ ਨਿੱਜੀ ਨੰਬਰ ਬਣਾਉਣ ਲਈ ਹੀ ਵਰਤ ਦੇ ਹਨ। ਇਹ ਉਨ੍ਹਾਂ ਦਾ ਆਪਣੀ ਬੁੱਧੀ ਅਤੇ ਸਿਆਣਪ, ਦੋਹਾਂ ਨਾਲ ਅਨਿਆਏ ਹੈ।
ਲੇਖ ਵਿੱਚ ‘ਨੀਟ’ ਨੂੰ ‘ਨੀਚ’ ਕਹਿਣਾ ਅਤੇ ‘ਹਿੰਦੂਵਾਦ’ ਦਾ ਵਾਵੇਲਾ ਪਾਉਣਾ ਅਤੀ ਨਿੰਦਣਯੋਗ ਤਾਂ ਹਨ ਹੀ, ਇਸਦੇ ਨਾਲ-ਨਾਲ ਇਨ੍ਹਾਂ ਵਿੱਚ ਅਤੀ ਘਟੀਆ ਸੋਚ ਪਰਤੱਖ ਦਿਖਾਈ ਦਿੰਦੀ ਹੈ। ਪਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀ।
ਹਰ ਬੰਦੇ (ਸਮੇਤ ਲੇਖਕ) ਨੂੰ ਹੀ ਚਮਚਾ-ਗੀਰ ਨਹੀਂ, ਸਗੋਂ ਆਮ ਲੋਕਾਂ ਲਈ ਕਲਿਆਣਕਾਰੀ ਹੋਣਾ ਚਾਹੀਦਾ ਹੈ।
ਇਹ ਲੇਖ ਪੜ੍ਹਕੇ ਇਸ ਤਰ੍ਹਾਂ ਅਨੁਭਵ ਹੋਇਆ ਹੈ ਕਿ ਲੇਖਕ ਅਤੇ ਸੰਪਾਦਕ, ਦੋਹਾਂ ਨੇ ਆਪਣੇ ਬਣਦੇ ਧਰਮ ਨਾਲ ਇਨਸਾਫ ਨਹੀਂ ਕੀਤਾ।
ਦੋਹਾਂ ਕੋਲ਼ੋਂ ਅਤੀ ਖਿਮਾ ਮੰਗਦਾ ਹੋਇਆ,
ਕਿਰਪਾਲ ਸਿੰਘ ਪੰਨੂੰ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































