PrabhjotKDhillon7“ਰਿਸ਼ਵਤ ਦਾ ਭ੍ਰਿਸ਼ਟਾਚਾਰ ਵੋਟਾਂ ਵੇਲੇ ਤੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਉਮੀਦਵਾਰ ਕੋਲੋਂ ...”
(18 ਅਗਸਤ 2026)


ਮੈਂ ਅੱਜ ਬਹੁਤ ਸਾਰੀਆਂ ਉਹ ਗੱਲਾਂ ਕਰਨੀਆਂ ਹਨ
, ਜਿਹੜੀਆਂ ਸਾਨੂੰ ਹਰ ਰੋਜ਼ ਬੇਚੈਨ ਕਰਦੀਆਂ ਹਨ। ਕਈ ਵਾਰ ਅਸੀਂ ਚੁੱਪ ਰਹਿੰਦੇ ਹਾਂ ਅਤੇ ਕਈ ਵਾਰ ਸਾਡਾ ਗਲਿਆ ਸੜਿਆ ਸਿਸਟਮ ਸਾਨੂੰ ਚੁੱਪ ਕਰਕੇ ਬਹਿਣ ਲਈ ਮਜਬੂਰ ਕਰ ਦਿੰਦਾ ਹੈ। ਕਈ ਵਾਰ ਅਸੀਂ ਬੜੇ ਜੋਸ਼ ਨਾਲ ਇਹ ਸੋਚਕੇ ਕੁਝ ਕਰਨ ਦੀ ਠਾਣ ਲੈਂਦੇ ਹਾਂ ਕਿ ਅਸੀਂ ਜੋ ਕੁਝ ਕਰ ਰਹੇ ਹਾਂ, ਕਾਨੂੰਨ ਅਨੁਸਾਰ ਅਸੀਂ ਸਹੀ ਕਰ ਰਹੇ ਹਾਂ। ਪਰ ਜੋ ਸਾਡੀ ਹਾਲਤ ਹੁੰਦੀ ਹੈ, ਉਹ ਕੰਨਾਂ ਨੂੰ ਹੱਥ ਲਵਾ ਦਿੰਦੀ ਹੈ।

ਆਪਾਂ ਗੱਲ ਸ਼ੁਰੂ ਕਰਦੇ ਹਾਂ ਸਿੱਖਿਆ ਤੋਂ, ਹਰ ਨਾਗਰਿਕ ਨੂੰ ਸਿੱਖਿਆ ਮਿਲੇ। ਸਿੱਖਿਆ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਅਸੀਂ ਛੋਟੇ ਹੁੰਦੇ ਆਪਣੇ ਸਕੂਲ ਦੀ ਕੰਧ ’ਤੇ ਲਿਖਿਆ ਪੜ੍ਹਦੇ ਸੀ, “ਵਿੱਦਿਆ ਵਿਚਾਰੀ ਤਾਂ ਪਰਉਪਕਾਰੀ।” ਪਰ ਹੌਲੀ ਹੌਲੀ ਵਿੱਦਿਆ ਵਿਉਪਾਰ ਬਣ ਗਈ ਹੈ। ਸਰਕਾਰ ਨੇ ਲੋਕਾਂ ਨੂੰ ਸਮਝ ਹੀ ਨਹੀਂ ਆਉਣ ਦਿੱਤੀ; ਪ੍ਰਾਈਵੇਟ ਸਕੂਲਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ। ਅਸਲ ਵਿੱਚ ਪਹਿਲਾਂ ਕ੍ਰਿਸਚੀਅਨ ਸਕੂਲ ਖੁੱਲ੍ਹੇ ਸੀ। ਕੁਝ ਖਾਲਸਾ ਸਕੂਲ ਅਤੇ ਕਾਲਜ ਸਨ। ਸੈਨਿਕਾਂ ਦੇ ਬੱਚਿਆਂ ਲਈ ਸੈਂਟਰ ਸਕੂਲ ਅਤੇ ਨਾਲ ਸੈਨਿਕ ਸਕੂਲ ਸਨ। ਪਬਲਿਕ ਸਕੂਲ ਵੀ ਇੱਕਾ ਦੁਕਾਨ ਸਨ। ਪਰ ਇਹ ਸਾਰੇ ਸਰਕਾਰੀ ਸਕੂਲਾਂ ’ਤੇ ਭਾਰੂ ਨਹੀਂ ਸਨ। ਵਧੇਰੇ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਦੇ ਸਨ। ਜਿਸ ਤਰ੍ਹਾਂ ਹੁਣ ਬੱਚੇ ਦੇ ਸਕੂਲ ਨੂੰ ਸਟੇਟਸ ਸਿੰਬਲ ਬਣਾਇਆ ਹੋਇਆ ਹੈ, ਅਜਿਹਾ ਕੁਝ ਨਹੀਂ ਸੀ। ਬੱਚੇ ਪੜ੍ਹਦੇ ਵੀ ਸਨ ਅਤੇ ਘਰ ਆਕੇ ਕੰਮਾਂ ਵਿੱਚ ਹੱਥ ਵੀ ਵਟਾਉਂਦੇ ਸਨ। ਹੁਣ ਤਾਂ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਟੈਨਸ਼ਨ ਹੋ ਜਾਂਦੀ ਹੈ। ਕਈ ਨੌਜਵਾਨ ਜੋੜੇ ਤਾਂ ਸਕੂਲ ਦੀ ਫੀਸ ਅਤੇ ਹੋਰ ਖਰਚ ਦੇਖਕੇ ਬੱਚੇ ਪੈਦਾ ਹੀ ਨਹੀਂ ਕਰ ਰਹੇ।

ਸਿੱਖਿਆ ਦਾ ਅਜਿਹਾ ਵਿਉਪਾਰੀਕਰਨ ਕਰ ਦਿੱਤਾ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਮਹੀਨੇ ਦੀ ਫੀਸ ਤਕਰੀਬਨ ਪੰਦਰਾਂ ਹਜ਼ਾਰ ਤਾਂ ਲੈਕੇ ਹੀ ਚੱਲੋ। ਪ੍ਰਾਈਵੇਟ ਸਕੂਲ ਖੁੰਬਾਂ ਵਾਂਗ ਨਿਕਲ ਆਏ। ਲੋਕਾਂ ਨੇ ਵੀ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣੀ ਬੰਦ ਕਰ ਦਿੱਤੀ। ਅਸਲ ਵਿੱਚ ਜਿਹੜੇ ਟੈਕਸ ਅਸੀਂ ਦਿੰਦੇ ਹਾਂ, ਉਸ ਵਿੱਚੋਂ ਸਿੱਖਿਆ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ। ਅੰਨ੍ਹਾ ਕੀ ਭਾਲੇ ਦੋ ਅੱਖਾਂ, ਸਰਕਾਰ ਨੂੰ ਤਾਂ ਇਸ ਲਈ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ। ਕਿਸੇ ਵੀ ਸਿਆਸਤਦਾਨ ਨਲ, ਜਦੋਂ ਉਹ ਚੋਣਾਂ ਵੇਲੇ ਵੋਟ ਲਈ ਕਹਿਣ ਆਉਂਦੇ ਹਨ ਤਾਂ ਸਰਕਾਰੀ ਸਕੂਲਾਂ ਜਾਂ ਸਿੱਖਿਆ ਬਾਰੇ ਲੋਕ ਗੱਲ ਹੀ ਨਹੀਂ ਕਰਦੇ। ਅਜਿਹੀਆਂ ਗੱਲਾਂ ਅਤੇ ਮਾਹੌਲ ਸਿਆਸਤਦਾਨਾਂ ਨੂੰ ਬਹੁਤ ਮਾਫਿਕ ਬੈਠਦਾ ਹੈ। ਅਸੀਂ ਸਰਕਾਰ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਨੂੰ ਬੰਦ ਕਰੋ ਜਾਂ ਰੱਖੋ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਗਲਤੀ ਅਸੀਂ ਕੀਤੀ ਹੈ। ਦੱਸਿਉ ਜ਼ਰਾ, ਕੀ ਮੈਂ ਝੂਠ ਬੋਲਿਆ?

ਇਸਤੋਂ ਅੱਗੇ ਆਉਂਦੇ ਹਾਂ। ਹੁਣ ਸਿਹਤ ਸਹੂਲਤਾਂ ਬਾਰੇ ਗੱਲ ਕਰਦੇ ਹਾਂ। ਸਰਕਾਰੀ ਹਸਪਤਾਲਾਂ ਵਿੱਚ ਬਹੁਤ ਵਧੀਆ ਇਲਾਜ ਹੁੰਦਾ ਅਸੀਂ ਆਪ ਦੇਖਿਆ ਹੈ। ਜਦੋਂ ਔਰਤ ਦੇ ਬੱਚਾ ਹੋਣ ਵਾਲਾ ਹੁੰਦਾ ਤਾਂ ਹਸਪਤਾਲ ਦੇ ਸਟਾਫ ਵੱਲੋਂ ਉਸਦਾ ਕਾਰਡ ਬਣਦਾ ਸੀ। ਉਸਨੂੰ ਤਾਕਤ ਦੀਆਂ ਗੋਲੀਆਂ ਵੀ ਹਸਪਤਾਲ ਤੋਂ ਹੀ ਮਿਲਦੀਆਂ ਸਨ। ਖਰਚਾ ਸਿਰਫ ਪਰਚੀ ਬਣਾਉਣ ਦੇ ਪੈਸੇ ਲਗਦੇ ਸੀ। ਪ੍ਰਾਇਮਰੀ ਹੈਲਥ ਸੈਂਟਰ ਅਤੇ ਅੱਗੇ ਸਬ ਸੈਂਟਰ ਹੁੰਦੇ ਸਨ। ਪਰ ਉਹ ਸਾਰੇ ਹੌਲੀ ਹੌਲੀ ਖਸਤਾ ਹਾਲਤ ਹੋ ਗਏ। ਪ੍ਰਾਈਵੇਟ ਹਸਪਤਾਲਾਂ ਦਾ ਜਿਵੇਂ ਹੜ੍ਹ ਹੀ ਆ ਗਿਆ। ਇਲਾਜ ਕਰਵਾਉਣਾ ਚੰਗੇ ਭਲੇ ਬੰਦੇ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਪਰ ਇੱਥੇ ਵੀ ਅਸੀਂ ਕਿਸੇ ਸਿਆਸਤਦਾਨਾਂ ਨਾਲ ਸਿਹਤ ਸਹੂਲਤ ਦੀ ਘਾਟ ਬਾਰੇ ਗੱਲ ਹੀ ਨਹੀਂ ਕਰਦੇ। ਇਸਤੋਂ ਅਗਾਂਹ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨੀ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਟੈਕਸ ਵੀ ਦਿੰਦੇ ਹਾਂ ਅਤੇ ਇਲਾਜ ਲਈ ਪੈਸੇ ਵੀ ਖਰਚਦੇ ਹਾਂ। ਆਪਣੀ ਗਲਤੀ ਕਰਕੇ ਅਸੀਂ ਛਿੱਤਰ ਵੀ ਖਾਂਦੇ ਹਾਂ ਅਤੇ ਗੰਢੇ ਵੀ ਖਾਂਦੇ ਹਾਂ। ਜਦੋਂ ਤਕ ਅਸੀਂ ਆਪਣੀਆਂ ਗਲਤੀਆਂ ਨਹੀਂ ਸੁਧਾਰਾਂਗੇ, ਉਦੋਂ ਤਕ ਸਰਕਾਰਾਂ ਨੂੰ ਹਸਪਤਾਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਹੈ। ਅਸੀਂ ਆਪਣੇ ਬਾਰੇ ਜਦੋਂ ਨਹੀਂ ਸੋਚਦੇ ਤਾਂ ਸਰਕਾਰਾਂ ਨੂੰ ਤਾਂ ਇਹ ਠੀਕ ਬੈਠਦਾ ਹੈ। ਸਿਆਸਤਦਾਨ ਸਾਡੀ ਕਮਜ਼ੋਰੀ ਜਾਣਦੇ ਹਨ ਅਤੇ ਸਾਡੀ ਨਬਜ਼ ਫੜੀ ਬੈਠੇ ਹਨ। ਕੀ ਮੈਂ ਝੂਠ ਬੋਲਿਆ?

ਰੁਜ਼ਗਾਰ ਬਹੁਤ ਜ਼ਰੂਰੀ ਹੈ। ਪਰ ਕੀ ਅਸੀਂ ਜਾਣਦੇ ਹਾਂ ਕਿ ਅਸੀਂ ਮੁਫਤ ਦੀਆਂ ਚੀਜ਼ਾਂ ਵੱਲ ਦੇਖਦੇ ਹਾਂ ਤੇ ਸਾਰਾ ਕੁਝ ਬਰਬਾਦ ਕਰ ਰਹੇ ਹਾਂ। ਪੜ੍ਹੇ ਲਿਖੇ ਬੱਚੇ ਬੇਰੁਜ਼ਗਾਰ ਹਨ। ਅਸੀਂ ਵੋਟ ਵੇਚਣ ਲੱਗੇ ਅਤੇ ਮੁਫਤ ਦੀਆਂ ਰਿਉੜੀਆਂ ਲੈਣ ਲੱਗੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਭੁੱਲ ਜਾਂਦੇ ਹਾਂ। ਜਿਹੜੇ ਨੌਕਰੀਆਂ ਕਰਨਗੇ, ਉਹ ਰਾਸ਼ਣ ਵੀ ਖਰੀਦ ਲੈਣਗੇ। ਪਰ ਨਹੀਂ, ਅਸੀਂ ਆਪ ਹੀ ਲੀਹੋਂ ਉੱਤਰ ਗਏ ਹਾਂ। ਸਿਆਸਤਦਾਨਾਂ ਨੇ ਜਿਹੜਾ ਪੈਸਾ ਹਸਪਤਾਲਾਂ, ਸਕੂਲਾਂ ਅਤੇ ਤਨਖਾਹਾਂ ਆਦਿ ’ਤੇ ਖਰਚਣਾ ਹੈ, ਉਹੀ ਆਟਾ ਦਾਲ਼, ਮੁਫਤ ਬਿਜਲੀ ਅਤੇ ਬੱਸ ਸਫਰ ’ਤੇ ਖਰਚ ਰਹੀ ਹੈ।

ਅਸੀਂ ਇੰਨੇ ਲੰਗਰ ਲਾਉਂਦੇ ਹਾਂ, ਪਰ ਸਰਕਾਰ ਵੱਲੋਂ ਮੁਫਤ ਤੀਰਥ ਯਾਤਰਾ ਕਰਨ ਤੁਰ ਪੈਂਦੇ ਹਾਂ। ਹਰ ਸਹੂਲਤ ਉਸ ਲਈ ਹੋਣੀ ਚਾਹੀਦੀ ਹੈ ਜਿਸਦੀ ਹਕੀਕਤ ਵਿੱਚ ਆਰਥਿਕ ਹਾਲਤ ਮਾੜੀ ਹੈ। ਸਿਆਸਤਦਾਨ ਨੇ ਜਾਂ ਸਰਕਾਰ ਨੇ ਜੋ ਕਰਨਾ ਹੈ, ਸਿਰਫ ਵੋਟਾਂ ਦੀ ਖਾਤਰ ਕਰਨਾ ਹੈ। ਨੌਜਵਾਨ ਵਿਹਲੇ ਹੋ ਗਏ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ। ਜਦੋਂ ਵੋਟਾਂ ਵੇਲੇ ਸ਼ਰਾਬਾਂ ਵੱਟੇ ਵੋਟਾਂ ਪਾਓਗੇ ਤਾਂ ਚੰਗੇ ਦੀ ਆਸ ਕਿਵੇਂ ਕਰੋਗੇ? ਕਿੱਕਰ ਬੀਜਕੇ ਅੰਬ ਨਹੀਂ ਖਾਧੇ ਜਾਣੇ, ਕੰਡੇ ਹੀ ਚੁੱਭਣੇ ਹਨ। ਸਰਕਾਰ ਦੇ ਖਜ਼ਾਨੇ ਦੇ ਪੈਸੇ ਨੂੰ ਮੁਫਤ ਦੀਆਂ ਰਿਓੜੀਆਂ ’ਤੇ ਖਰਚਣ ਤੋਂ ਰੋਕਣ ਦੀ ਕੋਸ਼ਿਸ਼ ਕਰੋ। ਮੁਆਫ ਕਰਨਾ ਸਾਡੀ ਆਪਣੀ ਸੋਚ ਵੀ ਸਹੀ ਨਹੀਂ ਰਹੀ। ਅਸੀਂ ਦੂਰਅੰਦੇਸ਼ੀ ਛੱਡ ਦਿੱਤੀ ਹੈ। ਜਿਹੜੇ ਜ਼ਰੂਰਤਮੰਦ ਹਨ, ਉਨ੍ਹਾਂ ਨੂੰ ਸਰਕਾਰੀ ਮਦਦ ਲੈਣ ਦਿਓ, ਟੈਕਸਾਂ ਦਾ ਪੈਸਾ ਹਸਪਤਾਲਾਂ, ਸਰਕਾਰੀ ਸਕੂਲਾਂ ਆਦਿ ’ਤੇ ਲੱਗੇ ਇਸ ਪਾਸੇ ਜ਼ੋਰ ਦਿਓ। ਅਸੀਂ ਛੋਟੇ ਛੋਟੇ ਲਾਲਚ ਕਰਕੇ ਭਵਿੱਖ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਹੀ ਕਰ ਰਹੇ ਹਾਂ। ਦੱਸਣਾ ਜ਼ਰਾ, ਕੀ ਮੈਂ ਝੂਠ ਬੋਲਿਆ?

ਰਿਸ਼ਵਤ ਅਤੇ ਭ੍ਰਿਸ਼ਟਚਾਰ ਨੇ ਸਾਰੀ ਵਿਵਸਥਾ (ਪ੍ਰਣਾਲੀ) ਦੀਆਂ ਚੂਲ਼ਾਂ ਹਿਲਾ ਦਿੱਤੀਆਂ ਹਨ। ਹਰ ਸਾਲ ਬਰਸਾਤ ਦੇ ਮੌਸਮ ਵਿੱਚ ਜੋ ਹਾਲਤ ਹੁੰਦੀ ਹੈ, ਉਸਤੋਂ ਕੋਈ ਸਬਕ ਨਹੀਂ ਸਿੱਖਿਆ ਜਾਂਦਾ। ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਇਮਾਰਤਾਂ ਨੇ ਬੰਦ ਕਰ ਦਿੱਤੇ। ਸੀਵਰੇਜ਼ ਦਾ ਵਿਭਾਗਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ। ਸੜਕਾਂ ਬਣੀਆਂ, ਫਲਾਈਓਵਰ ਬਣੇ, ਪਰ ਪਾਣੀ ਦੀ ਨਿਕਾਸੀ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਲਗਦਾ। ਹਰ ਸਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਹੈ। ਸਮਾਨ ਦਾ ਨੁਕਸਾਨ ਹੁੰਦਾ ਹੈ, ਕਾਰਾਂ, ਮੋਟਰਸਾਈਕਲ ਸਕੂਟਰ ਖਰਾਬ ਹੁੰਦੇ ਹਨ। ਲੋਕ ਟੈਕਸ ਦਿੰਦੇ ਹਨ ਅਤੇ ਫਿਰ ਵੀ ਨੁਕਸਾਨ ਵੀ ਝੱਲਦੇ ਹਨ। ਰਿਸ਼ਵਤ ਦਾ ਭ੍ਰਿਸ਼ਟਾਚਾਰ ਵੋਟਾਂ ਵੇਲੇ ਤੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਉਮੀਦਵਾਰ ਕੋਲੋ ਕੁਝ ਪੈਸੇ ਲੈ ਕੇ ਉਸ ਨੂੰ ਵੋਟ ਪਾਉਣ ਦਾ ਕੰਮ ਕਰਦੇ ਹਾਂ। ਗਲਤੀ ਸਾਡੀ, ਵੋਟਰਾਂ ਦੀ ਹੈ। ਸੋਚਣਾ, ਕੀ ਮੈਂ ਝੂਠ ਬੋਲਿਆ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author