“ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਲੜਕੀਆਂ ਵਿਆਹ ਜਾਂ ਮੰਗਣੀ ...”
(28 ਜੁਲਾਈ 2019)
ਸਮਾਜ ਵਿੱਚ ਪਰਿਵਾਰ ਅਤੇ ਰਿਸ਼ਤਿਆਂ ਦਾ ਬਹੁਤ ਮਹੱਤਵ ਹੈ। ਰਿਸ਼ਤੇ ਟੁੱਟਦੇ ਨੇ ਤਾਂ ਪਰਿਵਾਰ ਖੇਰੂੰ ਖੇਰੂੰ ਹੋ ਜਾਂਦੇ ਹਨ। ਹਰ ਰਿਸ਼ਤੇ ਦੀ ਆਪਣੀ ਜਗ੍ਹਾ ਹੈ। ਜੇਕਰ ਘਰ ਵਿਚ ਮਹਿੰਗਾ ਸਮਾਨ ਹੋਵੇ ਪਰ ਸਲੀਕੇ ਨਾਲ ਰੱਖਿਆ ਹੋਇਆ ਨਾ ਹੋਵੇ ਤਾਂ ਉਸਦੀ ਖ਼ੂਬਸੂਰਤੀ ਘਟ ਜਾਂਦੀ ਹੈ। ਉਹ ਮਹਿੰਗਾ ਸਮਾਨ ਹੋਣ ਦੇ ਬਾਵਜੂਦ ਵੀ ਕਬਾੜ ਵਰਗਾ ਲੱਗਦਾ ਹੈ।
ਹਰ ਬੱਚਾ ਮਾਪਿਆਂ ਨੂੰ ਲਾਡਲਾ ਹੁੰਦਾ ਹੈ ਅਤੇ ਮਾਪੇ ਬੱਚਿਆਂ ਲਈ ਹਰ ਕੁਰਬਾਨੀ ਹੱਸਕੇ ਕਰਦੇ ਹਨ। ਲੜਕੀਆਂ ਦੇ ਵਿਆਹ ਹਰ ਸਮਾਜ ਵਿੱਚ ਜ਼ਰੂਰੀ ਹਨ। ਧੀਆਂ ਨੂੰ ਦਹੇਜ ਦੇਣ ਦਾ ਰਿਵਾਜ਼ ਵੀ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਸਮਾਂ ਬਦਲਿਆ, ਜ਼ਰੂਰਤਾਂ ਅਤੇ ਰਹਿਣ ਸਹਿਣ ਬਦਲਿਆ ਤਾਂ ਦਹੇਜ ਦੇ ਸਮਾਨ ਦਾ ਬਦਲਣਾ ਸੁਭਾਵਿਕ ਸੀ। ਸਮੇਂ ਦੇ ਬਦਲਾਅ ਨਾਲ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੱਕ ਮਿਲ ਗਿਆ। ਲੜਕੀਆਂ ਪੜ੍ਹਨ ਲਿਖਣ ਲੱਗੀਆਂ ਅਤੇ ਅਤੇ ਹਰ ਖੇਤਰ ਵਿੱਚ ਵਿਚਰਨ ਲੱਗੀਆਂ। ਪੜ੍ਹਿਆ ਲਿਖਿਆ ਸਮਾਜ ਕਿਸ ਕੰਮ ਦਾ ਜੇਕਰ ਸਾਂਝਾਂ ਹੀ ਨਹੀਂ। ਰਿਸ਼ਤਿਆਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਅੱਜ ਲੜਕੀਆਂ ਸੱਚਮੁੱਚ ਲੜਕਿਆਂ ਦੇ ਬਰਾਬਰ ਹਨ। ਇਸ ਕਰਕੇ ਕਾਨੂੰਨਾਂ ਵਿੱਚ ਸੋਧ ਵੀ ਬਹੁਤ ਜ਼ਰੂਰੀ ਹੁੰਦਾ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਲੜਕੀਆਂ ਵਿਆਹ ਜਾਂ ਮੰਗਣੀ ਕਰਵਾਉਣ ਤੋਂ ਬਾਦ ਵਿਦੇਸ਼ ਦਾ ਖ਼ਰਚਾ ਤਾਂ ਸਹੁਰੇ ਪਰਿਵਾਰ ਤੋਂ ਕਰਵਾਉਂਦੀਆਂ ਹਨ ਪਰ ਫਿਰ ਲੜਕੇ ਨੂੰ ਬੁਲਾਉਂਦੀਆਂ ਹੀ ਨਹੀਂ। ਬਹੁਤ ਸਾਰੇ ਲੋਕ ਹੁਣ ਅਖ਼ਬਾਰਾਂ ਵਿੱਚ ਆਪਣੇ ਨਾਲ ਹੋਈ ਠੱਗੀ ਦੀ ਗੱਲ ਕਰ ਰਹੇ ਹਨ। ਲੋਕ ਤੀਹ ਚਾਲੀ ਲੱਖ ਲਗਾ ਰਹੇ ਹਨ ਅਤੇ ਅਖੀਰ ਵਿੱਚ ਲੜਕੀਆਂ ਜਵਾਬ ਦੇ ਰਹੀਆਂ ਹਨ। ਇੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੜਕੀਆਂ ਖ਼ਿਲਾਫ਼ ਸ਼ਕਾਇਤ ਵੀ ਥੋੜ੍ਹੇ ਕੀਤੇ ਕੋਈ ਸੁਣਦਾ ਹੀ ਨਹੀਂ। ਮੁਆਫ਼ ਕਰਨਾ, ਬਰਾਬਰਤਾ ਦਾ ਮਤਲਬ ਹੈ ਹਰ ਕਿਸੇ ਨੂੰ ਸੁਣਿਆ ਜਾਵੇ ਅਤੇ ਜਿਸਦੀ ਗਲਤੀ ਹੈ ਉਸਨੂੰ ਸਜ਼ਾ ਮਿਲੇ। ਹੁਣ ਲੜਕਿਆਂ ਵਾਲੇ ਆਏ ਦਿਨ ਲੁੱਟੇ ਜਾ ਰਹੇ ਹਨ। ਸਮਾਜ ਬਣਿਆ ਰਹੇ, ਇਸ ਲਈ ਰਿਸ਼ਤਿਆਂ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੈ।
ਇਸ ਵਕਤ ਹਰ ਕੋਈ ਜਾਣਦਾ ਹੈ ਕਿ ਤਲਾਕ ਵੱਲ ਨੂੰ ਸਮਾਜ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਛੋਟੀ ਛੋਟੀ ਗੱਲ ’ਤੇ ਬਵਾਲ ਖੜ੍ਹਾ ਹੋ ਜਾਂਦਾ ਹੈ। ਸਹਿਣਸ਼ੀਲਤਾ ਦੀ ਬਹੁਤ ਘਾਟ ਹੈ। ਆਜ਼ਾਦੀ ਦੇ ਨਾਮ ’ਤੇ ਵੀ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਬਰਾਬਰੀ ਦੇ ਨਾਮ ਉੱਤੇ ਵੀ ਲੜਕੀਆਂ ਉਸਦੀ ਗਲਤ ਵਰਤੋਂ ਕਰ ਰਹੀਆਂ ਹਨ। ਲੜਕੀਆਂ ਨੂੰ ਹਰ ਕੋਈ ਹੱਕਾਂ ਦੀ ਸਿੱਖਿਆ ਦਿੰਦਾ ਹੈ ਪਰ ਫ਼ਰਜ਼ਾਂ ਦੀ ਗੱਲ ਕੋਈ ਵੀ ਨਹੀਂ ਦੱਸਦਾ। ਸਕੂਲਾਂ, ਕਾਲਜਾਂ ਵਿੱਚ ਜਾਂ ਹੋਰ ਥਾਵਾਂ ’ਤੇ ਲੜਕੀਆਂ ਦੇ ਹੱਕਾਂ ਲਈ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਵੀ ਫ਼ਰਜ਼ਾਂ ਦੀ ਗੱਲ ਨਹੀਂ ਹੁੰਦੀ। ਇੱਥੇ ਸਭ ਭੁੱਲ ਜਾਂਦੇ ਹਨ ਕਿ ਲੜਕੇ ਦੀ ਮਾਂ ਵੀ ਔਰਤ ਹੈ, ਭੈਣ ਵੀ ਲੜਕੀ ਹੈ। ਇਸ ਤਰ੍ਹਾਂ ਤਾਂ ਠੀਕ ਨਹੀਂ ਕਿ ਔਰਤਾਂ ਅਤੇ ਲੜਕੀਆਂ ਦੇ ਹੱਕ ਅਤੇ ਫਰਜ਼ ਰਿਸ਼ਤੇ ਦੇ ਹਿਸਾਬ ਨਾਲ ਅਲੱਗ ਅਲੱਗ ਹੋਣ।
ਇਸ ਵਕਤ ਪੁਲਿਸ ਪ੍ਰਸ਼ਾਸਨ, ਪ੍ਰਸ਼ਾਸਨ ਅਤੇ ਅਦਾਲਤਾਂ ਨੂੰ ਵੀ ਹੁਣ ਇਸ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਮਿਲਕੇ ਲੜਕੇ ਦੇ ਪਰਿਵਾਰ ਨੂੰ ਬਹੁਤ ਵਾਰ ਬਿਨਾਂ ਵਜ੍ਹਾ ਹੀ ਫਸਾਉਂਦੇ ਹਨ। ਇਹ ਵੀ ਕਾਨੂੰਨ ਹੈ ਕਿ ਜੇਕਰ ਲੜਕੀ, ਲੜਕੇ ਨੂੰ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲਈ ਕਹਿੰਦੀ ਹੈ ਅਤੇ ਲੜਕਾ ਅਜਿਹਾ ਨਹੀਂ ਚਾਹੁੰਦਾ ਤਾਂ ਉਹ ਤਲਾਕ ਲੈ ਸਕਦਾ ਹੈ। ਇੱਥੇ ਸਮੱਸਿਆ ਇਹ ਹੈ ਕਿ ਲੜਕੇ ਦੀ ਗੱਲ ਕੋਈ ਸੁਣਦਾ ਹੀ ਨਹੀਂ। ਹਰ ਕੋਈ ਲੜਕੀ ਲਈ ਹਮਦਰਦੀ ਰੱਖਦਾ ਹੈ। ਇਸ ਨਾਲ ਸਮਾਜ ਟੁੱਟਦਾ ਜਾ ਰਿਹਾ ਹੈ। ਲੜਕੀਆਂ ਦੇ ਮਾਪੇ ਆਪਣੀ ਜਾਇਦਾਦ ਵਿੱਚੋਂ ਹਿੱਸਾ ਦਿੰਦੇ ਹੀ ਨਹੀਂ।
ਇਸ ਵਕਤ ਲੜਕੀਆਂ ਦੇ ਮਾਪਿਆਂ ਦਾ ਲੜਕੀਆਂ ਦੇ ਘਰਾਂ ਵਿੱਚ ਦਖ਼ਲ ਜ਼ਰੂਰਤ ਨਾਲੋਂ ਵਧੇਰੇ ਹੋ ਗਿਆ ਹੈ। ਪਿਛਲੇ ਦਿਨੀਂ ਭੁਪਾਲ ਵਿੱਚ ਫੈਮਿਲੀ ਅਦਾਲਤ ਨੇ ਦੱਸਿਆ ਕਿ ਲੜਕੀਆਂ ਆਪਣੇ ਪਰਿਵਾਰ ਨੂੰ ਖਾਸ ਕਰਕੇ ਮਾਂਵਾਂ ਨੂੰ ਦੱਸਦੀਆਂ ਹਨ ਅਤੇ ਮਾਵਾਂ ਅੱਗੋਂ ਸਲਾਹਾਂ ਦਿੰਦੀਆਂ ਹਨ ਕਿ ਉਸਨੇ ਕੀ ਕਰਨਾ ਹੈ। ਇਸ ਨਾਲ ਲੜਕੇ ਦੇ ਪਰਿਵਾਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ।
ਲੜਕੀਆਂ ਦਾ ਆਪਣੇ ਮਾਪਿਆਂ ਦੇ ਘਰ ਵੱਲ ਹੀ ਧਿਆਨ ਰਹਿੰਦਾ ਹੈ। ਕੁਝ ਦਹਾਕੇ ਪਹਿਲਾਂ ਲੜਕੀਆਂ ਦੇ ਮਾਪਿਆਂ ਦਾ ਉਸਦੇ ਸਹੁਰੇ ਘਰ ਵਾਰ ਵਾਰ ਜਾਣਾ ਠੀਕ ਨਹੀਂ ਸੀ ਸਮਝਿਆ ਜਾਂਦਾ। ਧੀ ਦੇ ਸੁਹਰੇ ਪਰਿਵਾਰ ਵਿੱਚ ਦਖ਼ਲ ਨਹੀਂ ਦਿੱਤਾ ਜਾਂਦਾ ਸੀ। ਦਹੇਜ ਦਾ ਮਸਲਾ ਉੱਠਿਆ ਤਾਂ ਲੜਕੀਆਂ ਲਈ ਕਾਨੂੰਨ ਬਣ ਗਿਆ। ਉਸ ਵਿੱਚ ਦਹੇਜ ਲੈਣ ਅਤੇ ਦੇਣ ਵਾਲੇ ਦੋਨੋਂ ਗੁਨਾਹਗਾਰ ਹਨ। ਪਰ ਉਸ ਨੂੰ ਸਿਰਫ਼ ਇੱਕ ਪਾਸੜ ਵਰਤਿਆ ਗਿਆ। ਇਸਦੀ ਇਸ ਵਕਤ ਧੜੱਲੇ ਨਾਲ ਦੁਰਵਰਤੋਂ ਹੋ ਰਹੀ ਹੈ। ਲੜਕਿਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਲੜਕੀਆਂ ਤੋਂ ਵਧੇਰੇ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਲੜਕਿਆਂ ਦੇ ਮਾਪੇ ਤੰਗ ਪ੍ਰੇਸ਼ਾਨ ਹੋ ਕੇ ਘਰ ਛੱਡ ਰਹੇ ਹਨ ਜਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਿਆ ਜਾ ਰਿਹਾ ਹੈ। ਲੜਕੇ ਅਤੇ ਲੜਕਿਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਜਦੋਂ ਪਤਾ ਹੈ ਕਿ ਇਸਦੀ ਵਰਤੋਂ ਗਲਤ ਹੋ ਰਹੀ ਹੈ ਤਾਂ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਦਹੇਜ ਬਹੁਤ ਘੱਟ ਥਾਵਾਂ ਤੇ ਸਮੱਸਿਆ ਹੁੰਦੀ ਹੈ। ਜਿਸ ਤਰ੍ਹਾਂ ਸਮਾਜ ਵਿੱਚ ਹੋ ਰਿਹਾ ਹੈ, ਉਸ ਵਿੱਚ ਬਰਾਬਰਤਾ ਨਹੀਂ ਹੈ, ਇੱਕ ਪਾਸੜ ਚੱਲ ਰਿਹਾ ਹੈ। ਪੈਸੇ ਦਾ ਲੈਣ ਦੇਣ ਵੱਡੀਆਂ ਰਕਮਾਂ ਵਿੱਚ ਚੱਲ ਰਿਹਾ ਹੈ। ਰਿਸ਼ਤੇ ਕਿੱਲੀ ਟੰਗੇ ਜਾ ਰਹੇ ਹਨ। ਇੱਥੇ ਪਰਿਵਾਰਾਂ ਅਤੇ ਸਮਾਜ ਨੂੰ ਬਚਾਉਣ ਲਈ ਹਰ ਕਿਸੇ ਨੂੰ ਸੋਚਣਾ ਚਾਹੀਦਾ ਹੈ। ਅੱਜਕੱਲ੍ਹ ਲੜਕੇ ਪਰਿਵਾਰਾਂ ਨੂੰ ਨਿਚੋੜ ਕੇ ਰੱਖ ਦਿੱਤਾ ਜਾਂਦਾ ਹੈ। ਲੜਕੀਆਂ ਪੜ੍ਹੀਆਂ ਲਿਖੀਆਂ ਹਨ, ਲੜਕਿਆਂ ਦੇ ਬਰਾਬਰ ਹਨ। ਜਿਵੇਂ ਲੜਕੇ ਨੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ, ਲੜਕੀਆਂ ਵੀ ਕਰਨ।
ਲੜਕੀਆਂ ਦੇ ਮਾਪਿਆਂ ਦੀ ਜਿੱਥੇ ਦਖਲਅੰਦਾਜ਼ੀ ਸਾਬਤ ਹੋ ਜਾਵੇ, ਉੱਥੇ ਉਨ੍ਹਾਂ ਨੂੰ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ। ਇੱਥੇ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਾਜ ਵਾਸਤੇ ਜੇਕਰ ਅਜਿਹੇ ਕਦਮ ਨਾ ਚੁੱਕੇ ਤਾਂ ਪਰਿਵਾਰਾਂ ਦਾ ਢਾਂਚਾ ਖ਼ਤਰੇ ਦੇ ਹਾਸ਼ੀਏ ਨੂੰ ਟੱਪ ਜਾਵੇਗਾ। ਜੇਕਰ ਲੜਕੀਆਂ ਦੀਆਂ ਮਾਵਾਂ ਜਾਂ ਪਰਿਵਾਰ ਨੇ ਲੜਕੀ ਨੂੰ ਆਪਣੇ ਅਨੁਸਾਰ ਚਲਾਉਣਾ ਹੈ ਤਾਂ ਬਿਹਤਰ ਹੈ ਦੂਸਰੇ ਪਰਿਵਾਰ ਵਿੱਚ ਨਾ ਭੇਜਿਆ ਜਾਵੇ। ਰਿਸ਼ਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1680)
(ਸਰੋਕਾਰ ਨਾਲ ਸੰਪਰਕ ਲਈ: