“ਜਿੱਥੇ ਸਾਰਾ ਕੁਝ ਵਪਾਰ ਬਣ ਜਾਵੇ, ਉੱਥੇ ਬੰਦੇ ਦੀ ਕੀਮਤ ਇਵੇਂ ਹੀ ਪੈਂਦੀ ਹੈ ...”
(28 ਮਈ 2021)
ਪਿਛਲੇ ਸਾਲ ਕਰੋਨਾ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰ ਦਿੱਤਾ। ਸਰਕਾਰਾਂ ਨੇ ਕਰਫਿਊ ਅਤੇ ਲਾਕਡਾਊਨ ਲਗਾ ਦਿੱਤਾ। ਜ਼ਿੰਦਗੀ ਇਕਦਮ ਰੁਕ ਗਈ। ਸੁੰਨੀਆਂ ਸੜਕਾਂ ਡਰਾਉਣੀਆਂ ਲੱਗ ਰਹੀਆਂ ਸਨ। ਲੋਕਾਂ ਵਿੱਚ ਇੰਨਾ ਡਰ ਅਤੇ ਸਹਿਮ ਕਿ ਲੋਕਾਂ ਨੇ ਸਰਕਾਰਾਂ ਦੇ ਨਾਲ ਨਾਲ ਆਪਣੀਆਂ ਹਦਾਇਤਾਂ ਆਪਣੇ ਅਤੇ ਆਂਢ ਗੁਆਂਢ ’ਤੇ ਲਗਾ ਲਈਆਂ। ਲੋਕਾਂ ਦੇ ਰੁਜ਼ਗਾਰ ਛੁੱਟ ਗਏ। ਸ਼ਹਿਰਾਂ ਤੋਂ ਕਈ ਕਈ ਕਿਲੋਮੀਟਰ ਲੋਕ ਪੈਦਲ ਆਪਣੇ ਘਰਾਂ ਨੂੰ ਤੁਰ ਪਏ। ਕਈਆਂ ਦੀ ਰਸਤੇ ਵਿੱਚ ਮੌਤ ਹੋ ਗਈ। ਔਰਤਾਂ ਅਤੇ ਬੱਚੇ ਵੀ ਸੜਕਾਂ ’ਤੇ ਨੰਗੇ ਪੈਰ ਤੁਰੇ ਜਾਂਦੇ ਵੇਖੇ ਗਏ। ਪਰ ਸਰਕਾਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਕਿਵੇਂ ਦੀ ਸੋਚ ਅਤੇ ਕਿਵੇਂ ਦੀ ਸਮਝ ਹੈ। ਸਭ ਸੋਚ ਕੇ ਦੁੱਖ ਅਤੇ ਅਫਸੋਸ ਹੁੰਦਾ ਹੈ। ਲੋਕਾਂ ਦਾ ਬੁਰਾ ਹਾਲ ਸੀ ਅਤੇ ਸਾਡੀ ਸਰਕਾਰ ਦੀਵੇ ਜਗਾ ਕੇ ਅਤੇ ਥਾਲੀਆਂ ਵਜਾ ਕੇ ਕਰੋਨਾ ਭਜਾ ਰਹੀ ਸੀ। ਜਦੋਂ ਅਸੀਂ ਅਜਿਹੀ ਮਾਨਸਿਕਤਾ ਵਾਲੇ ਨੇਤਾ ਚੁਣਦਾ ਹਾਂ ਤਾਂ ਉਨ੍ਹਾਂ ਨੂੰ ਵੀ ਸਾਡੀ ਮਾਨਸਿਕਤਾ ਦੀ ਸਮਝ ਆ ਹੀ ਜਾਂਦੀ ਹੈ।
ਲਾਕਡਾਊਨ ਲਗਾਉਣਾ ਜਾਂ ਕਰਫਿਊ ਲਗਾਉਣ ਦਾ ਮਤਲਬ ਹੁੰਦਾ ਹੈ ਕਿ ਸਮਾਂ ਲੈ ਕੇ ਪ੍ਰਬੰਧ ਕਰ ਲਏ ਜਾਣ। ਪਰ ਸਾਡੇ ਤਾਂ ਲਾਕਡਾਊਨ ਇਵੇਂ ਲਗਾਇਆ ਜਾਂਦਾ ਹੈ ਜਿਵੇਂ ਇਹ ਕਰੋਨਾ ਦਾ ਹੱਲ ਹੋਵੇ। ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਸਰਕਾਰਾਂ ਵੱਲੋਂ ਕੋਈ ਸਾਰਥਿਕ ਕਦਮ ਨਹੀਂ ਚੁੱਕੇ ਗਏ। ਸਿਆਣੇ ਬਜ਼ੁਰਗ ਤਾਂ ਭਾਂਡਿਆਂ ਦਾ ਖੜਕਣਾ ਮਾੜਾ ਮੰਨਦੇ ਸੀ ਪਰ ਅਸੀਂ ਤਾਂ ਆਪਣੇ ਭਾਂਡੇ ਆਪੇ ਹੀ ਖੜਕਾ ਦਿੱਤੇ। ਲੋਕਾਂ ਦਾ ਫਿਕਰ ਕਰਨਾ ਸਿਆਸਤਦਾਨਾਂ ਦੀ ਕਾਪੀ ਵਿੱਚ ਕਿਧਰੇ ਵੀ ਨਹੀਂ ਲਿਖਿਆ। ਉਨ੍ਹਾਂ ਨੂੰ ਸਿਰਫ਼ ਵੋਟਾਂ ਲੈਣ ਤਕ ਮਤਲਬ ਹੈ। ਜਿਹੜੀ ਸਰਕਾਰ ਲੋਕਾਂ ’ਤੇ ਟੈਕਸ ਲਗਾ ਰਹੀ ਹੈ, ਉਸਦੀਆਂ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਪਰ ਸਾਡੀਆਂ ਸਰਕਾਰਾਂ ਤਾਂ ਆਪਣੀਆਂ ਤਨਖਾਹਾਂ, ਆਪਣੀਆਂ ਪੈਨਸ਼ਨਾਂ, ਆਪਣੀਆਂ ਵੱਡੀਆਂ ਗੱਡੀਆਂ ਅਤੇ ਜੋਸ਼ ਆਰਾਮ ਨਾਲ ਹੀ ਮਤਲਬ ਰੱਖਦੀਆਂ ਹਨ। ਚੰਗੀਆਂ ਔਰਤ ਵੀ ਮਾੜੇ ਵਕਤ ਲਈ ਕੁਝ ਬਚਾ ਕੁ ਰੱਖਦੀ ਹੈ। ਪਰ ਸਾਡੀਆਂ ਸਰਕਾਰਾਂ ਨੇ ਲੋਕਾਂ ਦਾ ਟੈਕਸਾਂ ਦਾ ਪੈਸਾ ਦੋਵਾਂ ਹੱਥਾਂ ਨਾਲ ਆਪਣੇ ’ਤੇ ਖਰਚਿਆ ਅਤੇ ਪੂੰਜੀਪਤੀਆਂ ਨੂੰ ਦਿੱਤਾ। ਕਰੋਨਾ ਵੇਲੇ ਟੈਕਸ ਦੇਣ ਵਾਲੇ ਲੋਕਾਂ ਦੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਹੱਦ ਤਾਂ ਉਦੋਂ ਹੋ ਗਈ ਜਦੋਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ’ਤੇ ਰੋਕ ਲਗਾ ਦਿੱਤੀ।
ਇੱਕ ਸਾਲ ਦੇ ਅੰਦਰ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ। ਪਿਛਲੇ ਸਾਲ ਤੋਂ ਸਕੂਲ ਕਾਲਜ ਬੰਦ ਹਨ। ਛੋਟੇ ਵੱਡੇ ਕਾਰੋਬਾਰ ਬੰਦ ਹਨ। ਜੇਕਰ ਸਕੂਲਾਂ ਕਾਲਜਾਂ ਦੇ ਬੰਦ ਹੋਣ ਦੀ ਗੱਲ ਕਰੀਏ ਤਾਂ ਬਹੁਤ ਕੁਝ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ। ਕੰਮਕਾਰ ਠੱਪ ਹਨ। ਸਕੂਲਾਂ ਕਾਲਜਾਂ ਵਾਲੇ ਫੀਸਾਂ ਮੰਗ ਰਹੇ ਹਨ। ਮਾਪੇ ਫੀਸਾਂ ਦੇਣ ਦੀ ਹਾਲਤ ਵਿੱਚ ਨਹੀਂ ਹਨ। ਸਕੂਲਾਂ ਦੀ ਆਮਦਨ ਬੰਦ ਹੋ ਗਈ ਤਾਂ ਉਨ੍ਹਾਂ ਨੇ ਸਟਾਫ ਨੂੰ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂ। ਲੋਕਾਂ ਦੇ ਘਰ ਦੇ ਖਰਚ ਚੱਲਣੇ ਬੇਹੱਦ ਔਖੇ ਹੋ ਗਏ ਹਨ।
ਸਿਆਸਤਦਾਨਾਂ ਨੂੰ ਇਨ੍ਹਾਂ ਮੁਸ਼ਕਿਲਾਂ ਮੁਸੀਬਤਾਂ ਨਾਲ ਜੂਝਣਾ ਨਹੀਂ ਪੈਂਦਾ। ਉਹ ਵਾਤਾਵਰਣ ਅਨੁਕੂਲ ਦਫਤਰਾਂ ਵਿੱਚ ਬੈਠ ਕੇ ਫੈਸਲੇ ਸੁਣਾ ਦਿੰਦੇ ਹਨ। ਉਨ੍ਹਾਂ ਨੂੰ ਤਨਖਾਹਾਂ ਮਿਲ ਜਾਣੀਆਂ ਹਨ ਅਤੇ ਪੈਨਸ਼ਨਾਂ ਵੀ ਮਿਲਣੀਆਂ ਹੀ ਹਨ। ਉਨ੍ਹਾਂ ਨੂੰ ਕੀ ਪਤਾ ਰੇਹੜੀ, ਫੜੀ ਨਾ ਲੱਗੀ ਜਾਂ ਦੁਕਾਨ ਨਾ ਖੁੱਲ੍ਹੀ ਤਾਂ ਘਰਦੇ ਹਾਲਾਤ ਕੀ ਹੋਣਗੇ। ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਬਿਪਤਾ ਲਈ ਪੈਸਾ ਬਚਾਅ ਕੇ ਰੱਖੇ ਅਤੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ। ਪਰ ਸਾਡੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਹਨ। ਸਿਆਸਤਦਾਨਾਂ ਨੂੰ ਇੱਕ ਦੂਸਰੇ ਤੇ ਚਿੱਕੜ ਸੁੱਟਣ ਤੋਂ ਬਗੈਰ ਹੋਰ ਕੋਈ ਕੰਮ ਨਹੀਂ। ਕਰੋਨਾ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਸਰਕਾਰਾਂ ਵਿੱਚ ਬੈਠੇ ਬਿਆਨ ਦੇ ਰਹੇ ਹਨ ਕਿ ਅਸੀਂ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ।
ਕਹਿੰਦੇ ਹਨ ਕਿਸੇ ਜੰਗਲ ਦਾ ਰਾਜਾ ਬਾਂਦਰ ਸੀ। ਉਸ ਕੋਲ ਬੱਕਰੀ ਫਰਿਆਦ ਲੈ ਕੇ ਗਈ ਕਿ ਸ਼ੇਰ ਮੇਰਾ ਬੱਚਾ ਚੁੱਕ ਕੇ ਲੈ ਗਿਆ ਹੈ। ਬਾਂਦਰ ਨੇ ਫਰਿਆਦ ਸੁਣੀ ਅਤੇ ਇੱਕ ਟਾਹਣੀ ਤੋਂ ਦੂਸਰੀ ਟਾਹਣੀ ’ਤੇ ਟਪੂਸੀਆਂ ਮਾਰਨ ਲੱਗਾ। ਬੱਕਰੀ ਨੇ ਕਿਹਾ ਕਿ ਮੇਰੇ ਬੱਚੇ ਨੂੰ ਸ਼ੇਰ ਕੋਲੋਂ ਛਡਵਾਉ। ਅੱਗੋਂ ਬਾਂਦਰ ਕਹਿਣ ਲੱਗਾ ਕਿ ਭੱਜ ਦੌੜ ਤਾਂ ਕਰ ਰਿਹਾ ਹਾਂ, ਇਸ ਵਿੱਚ ਤੈਨੂੰ ਕਸਰ ਲਗਦੀ ਹੈ। ਗਲਤ ਸਮੇਂ ਉੱਤੇ ਗਲਤ ਅਤੇ ਫਾਲਤੂ ਮਿਹਨਤ ਕਿਸੇ ਕੰਮ ਦੀ ਨਹੀਂ। ਕਰੋਨਾ ਨਾਲ ਲੜਨ, ਇਸ ਤੋਂ ਲੋਕਾਂ ਨੂੰ ਬਚਾਉਣ ਲਈ ਜਾਂ ਸਹੂਲਤਾਂ ਦਾ ਕੋਈ ਪ੍ਰਬੰਧ ਕਰਨ ਦੀ ਥਾਂ ਬਿਆਨਬਾਜ਼ੀ ਉੱਤੇ ਵਧੇਰੇ ਜ਼ੋਰ ਸੀ। ਉਸਦੇ ਨਤੀਜੇ ਅੱਜ ਲੋਕ ਭੁਗਤ ਰਹੇ ਹਨ।
ਸਿਸਟਮ ਨੇ ਕਰੋਨਾ ਤੋਂ ਵੱਧ ਨੁਕਸਾਨ ਕੀਤਾ ਹੈ। ਇੰਨਾ ਗੰਦਾ ਅਤੇ ਭ੍ਰਿਸ਼ਟ ਸਿਸਟਮ ਕਿ ਲੋਕਾਂ ਦੀਆਂ ਜਾਨਾਂ ਜਾਣ ਦੇ ਬਾਵਜੂਦ ਇਨਸਾਨੀਅਤ ਨਹੀਂ ਜਾਗੀ। ਸ਼ਰਮ ਆਉਂਦੀ ਹੈ ਅਤੇ ਕਲੇਜਾ ਮੂੰਹ ਨੂੰ ਆਉਂਦਾ ਹੈ ਪੜ੍ਹਨ ਤੋਂ ਬਾਅਦ ਕਿ ਹਸਪਤਾਲਾਂ ਵਿੱਚ ਲੋਕਾਂ ਕੋਲੋਂ ਲੱਖਾਂ ਰੁਪਏ ਲਏ ਜਾ ਰਹੇ ਹਨ। ਸਰੇਆਮ ਲੁੱਟ ਹੋ ਰਹੀ ਹੈ। ਸਰਕਾਰਾਂ ਨੇ ਕੰਨਾਂ ਵਿੱਚ ਰੂੰ ਦਿੱਤਾ ਹੋਇਆ ਹੈ ਅਤੇ ਅੱਖਾਂ ਤੇ ਪੱਟੀ ਬੰਨ੍ਹ ਲਈ ਹੈ। ਲੋਕ ਟੈਕਸ ਦਿੰਦੇ ਹਨ। ਉਨ੍ਹਾਂ ਦਾ ਇਲਾਜ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਬਿੱਲ ਸਰਕਾਰਾਂ ਦੇਣ। ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕੀਤਾ ਜਾਣਬੁੱਝ ਕੇ। ਹਸਪਤਾਲਾਂ ਵਿੱਚ ਦਵਾਈਆਂ ਪਹੁੰਚਾਉਣੀਆਂ ਸਰਕਾਰਾਂ ਦਾ ਕੰਮ ਹੈ। ਪਰ ਸਰਕਾਰਾਂ ਕੋਲ ਇੱਕ ਇਲਾਜ ਹੈ, ਲੌਕਡਾਊਨ ਅਤੇ ਕਰਫਿਊ। ਲੋਕਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੰਨਾ ਪੈਸਾ ਇਲਾਜ ਲਈ ਹਸਪਤਾਲਾਂ ਵਿੱਚ ਲੱਗ ਰਿਹਾ ਹੈ, ਸਾਰਿਆਂ ਕੋਲ ਹੈ ਨਹੀਂ। ਹਸਪਤਾਲਾਂ ਵਿੱਚ ਆਕਸੀਜ਼ਨ ਨਹੀਂ। ਲੋਕ ਆਕਸੀਜ਼ਨ ਦੀ ਘਾਟ ਕਰਕੇ ਮਰ ਰਹੇ ਹਨ। “ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ”। ਸਾਡੇ ਸਿਆਸਤਦਾਨਾਂ ਨੂੰ ਚੋਣਾਂ ਦੀਆਂ ਰੈਲੀਆਂ ਕਰਨ ਦੀ ਪਈ ਹੋਈ ਸੀ। ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ ਨਾ ਕਿ ਇੱਕ ਪਾਰਟੀ ਦਾ। ਪੂਰਾ ਦੇਸ਼ ਕਰੋਨਾ ਦੀ ਅੱਗ ਵਿੱਚ ਝੁਲਸ ਰਿਹਾ ਹੈ, ਪਰ ਇਸ ਪਾਸੇ ਕੋਈ ਗੰਭੀਰਤਾ ਵਿਖਾਈ ਨਹੀਂ ਦਿੱਤੀ।
ਜੇਕਰ ਆਕਸੀਜਨ ਸਿਲੈਂਡਰਾਂ ਦੀ ਕਾਲਾ ਬਜ਼ਾਰੀ ਹੋ ਰਹੀ ਹੈ ਤਾਂ ਸਰਕਾਰ ਉਨ੍ਹਾਂ ਨੂੰ ਫਾਹੇ ਕਿਉਂ ਨਹੀਂ ਲਗਾਉਂਦੀ? ਕਈ ਕਈ ਗੁਣਾਂ ਕੀਮਤਾਂ ਤੇ ਦਵਾਈਆਂ ਅਤੇ ਆਕਸੀਜਨ ਦੇ ਸਲੈਂਡਰ ਲੋਕਾਂ ਨੂੰ ਵੇਚਣ ਵਾਲਿਆਂ ਨੂੰ ਫੜ ਕੇ ਸਿਲਾਖਾਂ ਪਿੱਛੇ ਕਿਉਂ ਨਹੀਂ ਸੁੱਟਿਆ ਜਾਂਦ? ਜਿਵੇਂ ਲੋਕਾਂ ਦੀਆਂ ਆਕਸੀਜ਼ਨ ਦੀ ਘਾਟ ਅਤੇ ਦਵਾਈਆਂ ਦੀ ਕਮੀ ਕਰਕੇ ਮੌਤਾਂ ਹੋ ਰਹੀਆਂ ਹਨ, ਇਨ੍ਹਾਂ ਸਾਰਿਆਂ ’ਤੇ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ ਹਨ।
ਕਰੋਨਾ ਤਾਂ ਬੀਮਾਰੀ ਹੈ, ਪਰ ਸਰਕਾਰਾਂ ਨੇ ਇੱਕ ਸਾਲ ਵਿੱਚ ਪ੍ਰਬੰਧ ਕਿਉਂ ਨਹੀਂ ਕੀਤੇ? ਮਨ ਕੀ ਬਾਤ ਕਰਨ ਨਾਲੋਂ ਲੋਕਾਂ ਦੀ ਗੱਲ ਸੁਣਨੀ ਵਧੇਰੇ ਜ਼ਰੂਰੀ ਹੈ। ਚੋਣਾਂ ਨਾਲੋਂ ਕਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਤਿਆਰੀ ਕਰਨੀ ਵਧੇਰੇ ਜ਼ਰੂਰੀ ਹੈ। ਨੈਸ਼ਨਲ ਮੀਡੀਆ ਦੇਸ਼ ਦੀ ਹਕੀਕਤ ਨੂੰ ਸਹੀ ਤਰੀਕੇ ਨਾਲ ਵਿਖਾ ਹੀ ਨਹੀਂ ਰਿਹਾ। ਹਾਂ, ਇੱਥੇ ਇੱਕ ਵਾਰ ਫੇਰ ਸਿੱਖ ਕੌਮ ਨੇ ਲੋਕਾਂ ਦੀ ਮਦਦ ਕੀਤੀ। ਆਕਸੀਜਨ ਗੈਸ ਦਾ ਲੰਗਰ ਲਗਾਇਆ। ਮੁਸੀਬਤ ਵਿੱਚ ਫਸੇ ਹੋਏ ਲੋਕ ਝੂਲਦੇ ਨਿਸ਼ਾਨ ਸਾਹਿਬ ਨੂੰ ਵੇਖਕੇ ਉੱਧਰ ਨੂੰ ਮਦਦ ਲੈਣ ਲਈ ਤੁਰ ਪਏ। ਹਮੇਸ਼ਾ ਦੀ ਤਰ੍ਹਾਂ ਨਾ ਕਿਸੇ ਦੀ ਜਾਤ ਪੁੱਛੀ ਅਤੇ ਨਾ ਕਿਸੇ ਦਾ ਧਰਮ। ਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਹਨ। ਜਿਹੜੇ ਸਰਦਾਰਾਂ ਦੇ ਖਿਲਾਫ਼ ਬੋਲਦੇ ਸੀ, ਕਿਸਾਨ ਅੰਦੋਲਨ ਵਿੱਚ ਚੱਲ ਰਹੇ ਲੰਗਰਾਂ ਦੀ ਫੰਡਿੰਗ ’ਤੇ ਉਂਗਲ ਚੁੱਕ ਰਹੇ ਸੀ ਅੱਜ ਸਾਰਿਆਂ ਦੇ ਮੂੰਹ ਵਿੱਚ ਘੁੰਗਣੀਆਂ ਪਈਆਂ ਹੋਈਆਂ ਹਨ। ਸਿੱਖ ਕੌਮ ਵਰਗਾ ਜਜ਼ਬਾ ਅਤੇ ਜੇਰਾ ਰੱਖਣ ਲਈ ਜਿਗਰਾ ਵੀ ਤਕੜਾ ਚਾਹੀਦਾ ਹੈ।
ਹਕੀਕਤ ਇਹ ਹੈ ਕਿ ਸਰਕਾਰਾਂ ਦੇ ਸਿਸਟਮ ਵਿੱਚ ਵੜੇ ਭ੍ਰਿਸ਼ਟਾਚਾਰ ਨੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ। ਦਫਤਰਾਂ ਦੇ ਅੰਦਰ ਬੈਠ ਕੇ ਬਿਆਨ ਦੇਣ ਨਾਲ ਲੋਕਾਂ ਦੀ ਜਾਨ ਨਹੀਂ ਬਚ ਸਕਦੀ। ਹੈਰਾਨੀ ਹੁੰਦੀ ਹੈ, ਸ਼ਰਮ ਆਉਂਦੀ ਹੈ, ਗੁੱਸਾ ਆਉਂਦਾ ਹੈ ਅਤੇ ਤਕਲੀਫ਼ ਹੁੰਦੀ ਹੈ ਜਦੋਂ ਟੀ ਵੀ ਚੈਨਲਾਂ ਤੇ ਬੈਠ ਕੇ ਝੂਠ ਬੋਲਦੇ ਹਨ ਅਤੇ ਸਾਰਾ ਠੀਕ ਹੋਣ ਦੇ ਦਾਅਵੇ ਕਰਦੇ ਹਨ। ਝੂਠ ਬੋਲਣ ਲੱਗਿਆਂ ਨੂੰ ਸ਼ਰਮ ਵੀ ਨਹੀਂ ਆਉਂਦੀ। ਸ਼ਮਸ਼ਾਨਘਾਟਾਂ ਵਿੱਚ ਥਾਂ ਨਹੀਂ, ਉੱਥੇ ਵੀ ਠੱਗੀ ਸ਼ੁਰੂ ਹੋ ਗਈ ਹੈ। ਜਿੱਥੇ ਸਾਰਾ ਕੁਝ ਵਪਾਰ ਬਣ ਜਾਵੇ, ਉੱਥੇ ਬੰਦੇ ਦੀ ਕੀਮਤ ਇਵੇਂ ਹੀ ਪੈਂਦੀ ਹੈ, ਜਿਵੇਂ ਦੀ ਇਸ ਵੇਲੇ ਪੈ ਰਹੀ ਹੈ। ਚੋਰ ਬਾਜ਼ਾਰੀ, ਜਮ੍ਹਾਂਖੋਰੀ ਰਲਮਿਲ ਕੇ ਕੀਤੀ ਜਾਂਦੀ ਹੈ। ਹੁਣ ਵੀ ਉਹ ਕੁਝ ਹੀ ਕੀਤਾ ਜਾ ਰਿਹਾ ਹੈ। ਇੱਕ ਕਾਂ ਟੰਗਿਆ ਹੋਵੇ ਤਾਂ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਹੈ। ਜਦੋਂ ਕਿਸੇ ਗੁਨਾਹਗਾਰ ਨੂੰ ਸਜ਼ਾ ਦੇਣੀ ਹੀ ਨਹੀਂ, ਤਾਂ ਅਜਿਹੇ ਲਾਹਨਤੀ ਲੋਕ ਅਜਿਹਾ ਕਰਨ ਤੋਂ ਹਟਣਗੇ ਨਹੀਂ।
ਇਸ ਮਾਹਾਂਮਾਰੀ ਨੇ ਸਾਡੇ ਸਿਆਸਤਦਾਨਾਂ, ਸਾਡੇ ਸਿਸਟਮ ਅਤੇ ਸਿਹਤ ਸਹੂਲਤਾਂ ਨੂੰ ਵਿਸ਼ਵ ਵਿੱਚ ਨੰਗਾ ਕਰ ਦਿੱਤਾ। ਸਿਸਟਮ ਅਤੇ ਸਿਹਤ ਸਹੂਲਤਾਂ ਵਧੀਆ ਹੁੰਦੀਆਂ ਤਾਂ ਲੋਕ ਇਵੇਂ ਤੜਫ ਤੜਫ ਕੇ ਨਾ ਮਰਦੇ। ਇਵੇਂ ਲੱਗ ਰਿਹਾ ਹੈ ਜਿਵੇਂ ਕਰੋਨਾ ਨਾਲੋਂ ਵਧੇਰੇ ਲੋਕਾਂ ਨੂੰ ਇਹ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੇ ਮੌਤ ਦੇ ਮੂੰਹ ਵਿੱਚ ਧਕੇਲਿਆ ਹੈ। ਜੇਕਰ ਹਰ ਐੱਮ ਐੱਲ ਏ ਆਪਣੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਂਦਾ ਤਾਂ ਕੁਝ ਤਾਂ ਲੋਕ ਬਚ ਜਾਂਦੇ। ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਸਰਕਾਰਾਂ ਵਿੱਚ ਅਜਿਹੇ ਲੋਕਾਂ ਨੂੰ ਨਾ ਭੇਜੀਏ ਜੋ ਸਾਡੀ ਦੁੱਖ ਦੀ ਘੜੀ ਵਿੱਚ ਲੱਭਣ ਹੀ ਨਾ। ਸਿੱਖ ਕੌਮ ਕੋਲੋਂ ਲੰਗਰ ਲਗਾਉਣ ਅਤੇ ਮਾਨਵਤਾ ਦੀ ਸੇਵਾ ਕਰਨ ਦਾ ਗੁਰ ਜ਼ਰੂਰ ਸਿੱਖਣਾ ਚਾਹੀਦਾ ਹੈ। ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਚਲੇ ਗਏ, ਉਹ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਕੋਸ਼ਿਸ਼ ਕਰੀਏ ਕਿ ਹੋਰ ਨੁਕਸਾਨ ਨਾ ਹੋਵੇ। ਮੈਂਨੂੰ ਇਵੇਂ ਲੱਗਦਾ ਹੈ ਕਿ ਕਰੋਨਾ ਦੇ ਨਾਲ ਨਾਲ ਸਾਡੇ ਸਿਸਟਮ ਨੇ ਵਧੇਰੇ ਤਬਾਹੀ ਮਚਾਈ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2811)
(ਸਰੋਕਾਰ ਨਾਲ ਸੰਪਰਕ ਲਈ: