“ਸਰਕਾਰਾਂ, ਪ੍ਰਸ਼ਾਸਨ ਅਤੇ ਵਿਉਪਾਰੀ ਵਰਗ ਮਿਲਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ...”
(3 ਸਤੰਬਰ 2019)
ਹੈਰਾਨ ਹੋਣ ਵਾਲੀ ਜਾਂ ਪ੍ਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ, ਇਹ ਕੌੜਾ ਸੱਚ ਹੈ। ਅੱਜ ਅਸੀਂ ਜੋ ਵੀ ਖਾ ਰਹੇ ਹਾਂ, ਉਹ ਸਭ ਕੁਝ ਜ਼ਹਿਰੀਲਾ ਹੀ ਹੈ। ਸਾਡੀਆਂ ਸਰਕਾਰਾਂ ਸੁੱਤੀਆਂ ਹੋਈਆਂ ਹਨ, ਇਸ ਕਰਕੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਵੀ ਲੰਮੀਆਂ ਤਾਣ ਕੇ ਸੁੱਤੇ ਹੋਏ ਹਨ। ਲੋਕਾਂ ਨੂੰ ਖਾਣ ਲਈ ਵੇਚੇ ਜਾ ਰਹੇ ਸਮਾਨ ਦੀ ਹਾਲਤ ਕੀ ਹੈ, ਉਸ ਨੂੰ ਚੈੱਕ ਨਹੀਂ ਕੀਤਾ ਜਾ ਰਿਹਾ। ਅੱਜ ਜੰਮਦਾ ਬੱਚਾ ਜ਼ਹਿਰ ਨਹੀਂ ਖਾ ਰਿਹਾ, ਉਹ ਮਾਂ ਦੇ ਪੇਟ ਵਿੱਚ ਵੀ ਜ਼ਹਿਰ ਹੀ ਖਾ ਰਿਹਾ ਹੁੰਦਾ ਹੈ। ਲਾਹਨਤ ਹੈ ਅਜਿਹੀਆਂ ਸਰਕਾਰਾਂ ਨੂੰ ਜੋ ਆਪਣੇ ਦੇਸ਼ ਦੇ ਲੋਕਾਂ ਨੂੰ ਜ਼ਹਿਰ ਖਾਣ ਲਈ ਦੇ ਰਹੀਆਂ ਹਨ। ਸਾਡੇ ਦੇਸ਼ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਖੁਰਾਕ ਵਿੱਚ ਜ਼ਹਿਰ ਖਾ ਕੇ ਮਰ ਰਹੇ ਹਾਂ ਜਾਂ ਜ਼ਹਿਰ ਖਾਕੇ ਖ਼ੁਦਕਸ਼ੀਆਂ ਕਰ ਰਹੇ ਹਾਂ।
ਕੁਝ ਦਹਾਕੇ ਪਹਿਲਾਂ ਨਕਲੀ ਖੋਇਆ, ਖਾਦਾਂ ਨਾਲ ਬਣਿਆ ਦੁੱਧ, ਨਕਲੀ ਦਹੀਂ, ਲੋਕਾਂ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਸਮੇਂ ਸਮੇਂ ਉੱਤੇ ਸਿਹਤ ਵਿਭਾਗ ਵੱਲੋਂ ਮਿਠਾਈ ਦੀਆਂ ਦੁਕਾਨਾਂ ਜਾਂ ਦੁੱਧ ਦੇ ਸੈਂਪਲ ਭਰੇ ਜਾਂਦੇ ਸਨ। ਮੈਂਨੂੰ ਯਾਦ ਹੈ, ਉਦੋਂ ਦੋਧੀ ਡਰਦੇ ਦੁੱਧ ਡੋਲ੍ਹਕੇ ਭੱਜ ਜਾਂਦੇ ਸਨ। ਪਰ ਹੌਲੀ ਹੌਲੀ ਲੈਣ ਦੇਣ ਵਧਦਾ ਗਿਆ ਅਤੇ ਲੋਕਾਂ ਦੇ ਖਾਣੇ ਵਿੱਚ ਜ਼ਹਿਰ ਵੀ ਤੇਜ਼ੀ ਨਾਲ ਵਧਣ ਲੱਗਾ। ਹੁਣ ਹਕੀਕਤ ਇਹ ਹੈ ਕਿ ਸਾਰਾ ਆਵਾ ਹੀ ਊਤਿਆ ਹੋਇਆ ਹੈ। ਸਰਕਾਰ ਨੂੰ ਸੌ ਫ਼ੀਸਦੀ ਪਤਾ ਹੈ, ਵਿਭਾਗ ਨੂੰ ਵੀ ਪਤਾ ਹੈ। ਹਾਂ ਜੇਕਰ ਵਿਭਾਗ ਜਾਂ ਸਰਕਾਰ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਨਹੀਂ ਤਾਂ ਇਹ ਉਨ੍ਹਾਂ ਦੀ ਨਾਕਾਮੀ ਹੈ। ਜੇਕਰ ਵਿਭਾਗ ਕਹਿੰਦਾ ਹੈ ਕਿ ਉਹ ਨਹੀਂ ਜਾਣਦਾ ਤਾਂ ਉਸਦੇ ਕੰਮ ਕਰਨ ਦੇ ਤਰੀਕੇ ਆਪੇ ਸਾਹਮਣੇ ਆ ਜਾਂਦੇ ਹਨ।
ਫਲਾਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਤੱਕ ਜੇਕਰ ਕੇਲੇ ਖਰੀਦੇ ਜਾਂਦੇ ਸੀ ਤਾਂ ਉਨ੍ਹਾਂ ਵਿੱਚੋਂ ਦੂਸਰੇ ਦਿਨ ਪਾਣੀ ਨਹੀਂ ਸੀ ਚੋਣ ਲੱਗਦਾ। ਅਸੀਂ ਕੇਲਿਆਂ ਨੂੰ ਦੂਸਰੇ ਦਿਨ ਕਾਲੇ ਹੁੰਦੇ ਨਹੀਂ ਸੀ ਵੇਖਿਆ ਅਤੇ ਨਾ ਹੀ ਉਨ੍ਹਾਂ ਦੂਦਰੇ ਦਿਨ ਉਨ੍ਹਾਂ ਵਿੱਚ ਕੀੜੇ ਪੈਂਦੇ ਵੇਖੇ ਸਨ। ਅੱਜ ਕੇਲਿਆਂ ਦਾ ਕੋਈ ਸਵਾਦ ਹੀ ਨਹੀਂ। ਪਤਾ ਨਹੀਂ ਕਿਹੜੇ ਕੈਮੀਕਲ ਲਾ ਕੇ ਪਕਾਏ ਜਾਂਦੇ ਹਨ। ਪਰ ਅਫ਼ਸੋਸ! ਕਿਸੇ ਨੂੰ ਜ਼ੁਮੇਵਾਰੀ ਦਾ ਅਹਿਸਾਸ ਹੀ ਨਹੀਂ। ਰਿਸ਼ਵਤ ਨੇ ਅਜਿਹਾ ਸੱਤਿਆਨਾਸ ਕੀਤਾ ਹੈ ਕਿ ਲੋਕਾਂ ਨੂੰ ਜ਼ਹਿਰ ਦੇਣ ਲੱਗਿਆਂ ਵੀ ਕਿਸੇ ਨੂੰ ਸ਼ਰਮ ਨਹੀਂ ਆਉਂਦੀ। ਹਰ ਫਲ ਦੇ ਨਾਲ ਅਸੀਂ ਜ਼ਹਿਰ ਖਾ ਰਹੇ ਹਾਂ।
ਕੁਝ ਸਾਲ ਪਹਿਲਾਂ ਦੀ ਗੱਲ ਹੈ, ਮੈਂ ਅੰਗੂਰ ਖਾਧੇ। ਅਸੀਂ ਕੋਈ ਵੀ ਫਲ ਪਾਣੀ ਵਿੱਚ ਭਿਉਂ ਕੇ ਰੱਖਦੇ ਹਾਂ ਅਤੇ ਉਸ ਤੋਂ ਬਾਦ ਖਾਂਦੇ ਹਾਂ। ਇਹ ਆਪਣੀ ਤਸੱਲੀ ਲਈ ਹੈ ਕਿਉਂਕਿ ਪਾਣੀ ਦੀ ਵੀ ਜੋ ਹਾਲਤ ਹੈ ਸਭ ਜਾਣਦੇ ਹਨ। ਖੈਰ, ਮੈਂ ਅੰਗੂਰ ਕੀ ਖਾਧੇ, ਮੁਸੀਬਤ ਵਿੱਚ ਫਸ ਗਈ। ਇੱਕ ਹੀ ਅੰਗੂਰ ਦੇ ਰਸ ਨੇ ਮੇਰਾ ਸਾਰਾ ਗਲਾ ਛਿੱਲ ਦਿੱਤਾ ਅਤੇ ਮੈਂ ਦੋ ਮਹੀਨੇ ਜਿਹੜਾ ਦੁੱਖ ਭੁਗਤਿਆ, ਮੈ ਹੀ ਜਾਣਦੀ ਹਾਂ। ਕਦੇ ਗਲੇ ਦੇ ਕੈਂਸਰ ਦੇ ਟੈਸਟ ਅਤੇ ਕਦੇ ਕੁਝ ਹੋਰ। ਹੁਣ ਵੀ ਇਕ ਦਿਨ ਮੈਂ ਅੰਬ ਖਾਧਾ, ਨਾਲ ਹੀ ਉਲਟੀਆਂ ਸ਼ੁਰੂ ਹੋ ਗਈਆਂ। ਇਸ ਤੋਂ ਪਹਿਲਾਂ ਕਿਸੇ ਨੇ ਦੱਸਿਆ ਸੀ ਕਿ ਅੰਬ ਖਾਣ ਨਾਲ ਉਲਟੀਆਂ ਦੀ ਸਮਸਿਆ ਹੋ ਰਹੀ ਹੈ। ਹੁਣ ਮੈਂ ਆਪ ਭੁਗਤਿਆ ਤਾਂ ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਅਸੀਂ ਸੱਚੀਂ ਜ਼ਹਿਰ ਹੀ ਖਾ ਰਹੇ ਹਾਂ।
ਅੱਜ ਬੱਚੇ ਜੰਮਦੇ ਹੀ ਬੀਮਾਰੀਆਂ ਨਾਲ ਹਨ। ਜੰਮਦੇ ਬੱਚਿਆਂ ਨੂੰ ਸ਼ੂਗਰ ਹੈ। ਕਿਸੇ ਨੂੰ ਦਿਲ ਦੀ ਬੀਮਾਰੀ ਹੈ। ਮੰਦਬੁੱਧੀ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਜਿਨ੍ਹਾਂ ਘਰਾਂ ਵਿੱਚ ਅਜਿਹੇ ਬੱਚੇ ਜੰਮਦੇ ਹਨ, ਉਨ੍ਹਾਂ ਦੇ ਘਰ ਬਰਬਾਦ ਹੋ ਜਾਂਦੇ ਹਨ ਇਲਾਜ ਕਰਵਾਉਂਦਿਆਂ ਦੇ। ਅੱਜ ਨੌਜਵਾਨ ਵਰਗ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਨਾਲ ਮਰ ਰਿਹਾ ਹੈ। ਸਾਨੂੰ ਮਿਲ ਰਹੇ ਗੰਦੇ ਅਤੇ ਘਟੀਆ ਖਾਣੇ ਆਪਣੀ ਭੂਮਿਕਾ ਨਿਭਾ ਰਹੇ ਹਨ।
ਸਬਜ਼ੀਆਂ ਨੂੰ ਸੀਵਰੇਜ਼ ਦੇ ਗੰਦੇ ਪਾਣੀ ਨਾਲ ਪਾਲਿਆ ਜਾਂਦਾ ਹੈ ਅਤੇ ਉਸ ਗੰਦੇ ਪਾਣੀ ਨਾਲ ਧੋਤਾ ਜਾਂਦਾ ਹੈ। ਸਬਜ਼ੀਆਂ ਨੂੰ ਵੀ ਟੀਕੇ ਲਾਏ ਜਾ ਰਹੇ ਹਨ। ਬਹੁਤ ਵਾਰ ਸਬਜ਼ੀਆਂ ਪਕਾਉਣ ਲਈ ਰੱਖੋ, ਪੱਕਦੀਆਂ ਹੀ ਨਹੀਂ। ਲੌਕੀ ਦਾ ਤਾਂ ਮੈਂ ਬਹੁਤ ਵਾਰ ਇਹ ਹਾਲ ਵੇਖਿਆ ਹੈ। ਮੈਂ ਉਸ ਨੂੰ ਕੁੱਕਰ ਵਿੱਚ ਵੀ ਬਣਾਇਆ ਪਰ ਉਹ ਗਲੀ ਹੀ ਨਹੀਂ। ਹਕੀਕਤ ਇਹ ਹੈ ਕਿ ਦੁੱਧ, ਫਲ, ਸਬਜ਼ੀਆਂ ਜਦੋਂ ਅਸੀਂ ਆਪਣੀ ਥਾਲੀ ਵਿੱਚ ਰੱਖਕੇ ਖਾ ਰਹੇ ਹੁੰਦੇ ਹਾਂ ਤਾਂ ਅਸੀਂ ਜ਼ਹਿਰ ਖਾ ਰਹੇ ਹੁੰਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਹੀ ਪਰੋਸ ਰਹੇ ਹੁੰਦੇ ਹਾਂ।
ਲੋਕਾਂ ਦੇ ਲਿਵਰ ਅਤੇ ਕਿਡਨੀਆਂ ਖਰਾਬ ਹੋ ਰਹੀਆਂ ਹਨ। ਅਲਰਜੀ ਨਾਲ ਲੋਕ ਤੰਗ ਹਨ। ਜਿਉਂਦੇ ਰਹਿਣ ਲਈ ਰੋਟੀ ਖਾਣੀ ਬਹੁਤ ਜ਼ਰੂਰੀ ਹੈ ਪਰ ਜੇਕਰ ਉਹ ਹੀ ਨਾਲ ਜ਼ਹਿਰ ਭਰੀ ਹੋਈ ਹੋਵੇ ਤਾਂ ਜਿਉਣਾ ਔਖਾ ਹੁੰਦਾ ਹੈ।
ਸਰਕਾਰਾਂ ਜਿੱਥੇ ਦੂਸਰੇ ਕੰਮਾਂ ਵਿੱਚ ਫੇਲ ਹੋਈਆਂ ਹਨ ਉੱਥੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਬਿਨਾ ਮਿਲਾਵਟ ਖਾਣਾ ਦੇਣ ਵਿੱਚ ਵੀ ਫੇਲ ਹੋਈਆਂ ਹਨ। ਜਿੱਥੇ ਸਰਕਾਰਾਂ ਘੇਸਲ ਮਾਰ ਜਾਣ, ਪ੍ਰਸ਼ਾਸਨ ਉਨ੍ਹਾਂ ਤੋਂ ਦੋ ਕਦਮ ਅੱਗੇ ਹੀ ਚੱਲੇਗਾ। ਸਰਕਾਰਾਂ, ਪ੍ਰਸ਼ਾਸਨ ਅਤੇ ਵਿਉਪਾਰੀ ਵਰਗ ਮਿਲਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਲ ਰਹੇ ਹਨ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਉਹ ਸਰਕਾਰਾਂ ਚੁਣਦੇ ਹਾਂ ਜੋ ਸਾਨੂੰ ਹੀ ਜ਼ਹਿਰ ਦੇਣ ਵਿੱਚ ਲੱਗੀਆਂ ਹੋਈਆਂ ਹਨ। ਜੇਕਰ ਅਸੀਂ ਇਹ ਸਮਝ ਲਈਏ ਕਿ ਸਾਡੀ ਹਰ ਥਾਲੀ ਵਿੱਚ ਪਰੋਸਿਆ ਖਾਣਾ ਜ਼ਹਿਰ ਹੈ ਤਾਂ ਅਸੀਂ ਵੋਟ ਪਾਉਣ ਲੱਗੇ ਅਤੇ ਸਰਕਾਰ ਚੁਣਨ ਲੱਗੇ ਕੁਝ ਤਾਂ ਸੋਚਾਂਗੇ। ਸਾਡਾ ਆਪਣਾ ਜਾਗਣਾ ਅਤਿਅੰਤ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1722)
(ਸਰੋਕਾਰ ਨਾਲ ਸੰਪਰਕ ਲਈ: