“ਮਾਪੇ ਬੱਚਿਆਂ ਨੂੰ ਸਾਰਾ ਕੁਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ...”
(11 ਅਕਤੂਬਰ 2021)
ਪੈਸੇ ਬਗੈਰ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੁੰਦਾ। ਪਰ ਪੈਸਾ ਦਿਮਾਗ਼ ਨੂੰ ਚੜ੍ਹ ਜਾਵੇ ਤਾਂ ਨਤੀਜੇ ਖ਼ਤਰਨਾਕ ਨਿਕਲਦੇ ਹਨ। ਰਿਸ਼ਤੇ ਪੈਸੇ ਨਾਲੋਂ ਵਧੇਰੇ ਕੀਮਤੀ ਹੁੰਦੇ ਹਨ, ਇਨ੍ਹਾਂ ਨੂੰ ਪੈਸੇ ਖਾਤਰ ਲੀਰ ਲੀਰ ਕਰਨਾ ਗਲਤ ਹੈ। ਪੈਸੇ ਦੀ ਘਾਟ ਵਿੱਚ ਵੀ ਲੋਕ ਖੁਸ਼ ਵੇਖੇ ਨੇ ਅਤੇ ਬਹੁਤ ਪੈਸੇ ਵਾਲੇ ਬੇਹੱਦ ਦੁਖੀ ਵੀ ਵੇਖੇ ਨੇ। ਜੇਕਰ ਪੇਟ ਭਰ ਰੋਟੀ ਮਿਲ ਰਹੀ ਹੈ, ਸਿਰ ’ਤੇ ਛੱਤ ਹੈ ਅਤੇ ਸਰੀਰ ਢਕਣ ਨੂੰ ਕੱਪੜੇ ਹਨ ਤਾਂ ਖੁਸ਼ ਰਹਿਣ ਵਾਲੇ ਖੁਸ਼ ਰਹਿ ਸਕਦੇ ਹਨ। ਜੇਕਰ ਪੈਸੇ ਪਿੱਛੇ ਦੌੜ ਦੌੜ ਕੇ ਸਿਹਤ ਖਰਾਬ ਹੋ ਗਈ, ਪਰਿਵਾਰ ਵਿੱਚ ਲੜਾਈ ਝਗੜਾ ਰਹਿਣ ਲੱਗ ਪਿਆ ਤਾਂ ਉਸ ਪੈਸੇ ਦਾ ਕੋਈ ਫ਼ਾਇਦਾ ਨਹੀਂ।
ਇਸ ਵਕਤ ਪਰਿਵਾਰਾਂ ਅਤੇ ਸਮਾਜ ਵਿੱਚ ਪੈਸੇ ਅਤੇ ਜਾਇਦਾਦ ਨੂੰ ਲੈ ਕੇ ਬਹੁਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਹ ਵੀ ਹਕੀਕਤ ਹੈ ਕਿ ਪੈਸੇ ਦੇ ਨਾਲ ਸਮਾਜ ਵਿੱਚ ਇੱਜ਼ਤ ਮਿਲਦੀ ਹੈ, ਪਰ ਪੈਸੇ ਪਿੱਛੇ ਆਪਣਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਨਾਲ ਜਿਹੜੀ ਬੇਇੱਜ਼ਤੀ ਹੁੰਦੀ ਹੈ, ਉਹ ਵੀ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ। ਮੈਂ ਅੱਜ ਸਿਰਫ਼ ਬਜ਼ੁਰਗ ਮਾਪਿਆਂ ਦੀ ਗੱਲ ਕਰਾਂਗੀ। ਹਰ ਰੋਜ਼ ਕੋਈ ਖਬਰ ਪੜ੍ਹਨ ਨੂੰ ਜਾਂ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲ ਜਾਂਦੀ ਹੈ, ਜਿਸ ਵਿੱਚ ਬਜ਼ੁਰਗ ਮਾਪਿਆਂ ਨੂੰ ਕੁੱਟ ਮਾਰ ਕਰਕੇ ਘਰਾਂ ਵਿੱਚੋਂ ਕੱਢਿਆ ਹੁੰਦਾ ਹੈ। ਉਨ੍ਹਾਂ ਨੂੰ ਖਾਣ ਨੂੰ ਸਹੀ ਤਰੀਕੇ ਨਾਲ ਨਹੀਂ ਦਿੱਤਾ ਜਾਂਦਾ। ਜੇਕਰ ਉਨ੍ਹਾਂ ਕੋਲ ਕੋਈ ਜਮ੍ਹਾਂ ਪੂੰਜੀ ਹੈ ਤਾਂ ਉਹ ਮੰਗ ਮੰਗ ਕੇ ਉਨ੍ਹਾਂ ਦਾ ਜਿਊਣਾ ਔਖਾ ਕੀਤਾ ਜਾਂਦਾ ਹੇ। ਜਿਹੜੀ ਜਾਇਦਾਦ ਉਨ੍ਹਾਂ ਦੇ ਨਾਮ ’ਤੇ ਹੁੰਦੀ ਹੈ, ਉਹ ਨੂੰਹਾਂ ਪੁੱਤ ਜਲਦੀ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦੇ ਹਨ। ਜਿਹੜੇ ਮਾਪਿਆਂ ਨੇ ਪੁੱਤ ਨੂੰ ਬੁਢਾਪੇ ਦੀ ਡੰਗੋਰੀ ਸਮਝਿਆ ਹੁੰਦਾ ਹੈ, ਉਹੀ ਉਨ੍ਹਾਂ ਨੂੰ ਘਰ ਵਿੱਚ ਹੀ ਬਰਦਾਸ਼ਤ ਨਹੀਂ ਕਰਦਾ। ਬੜਾ ਦੁੱਖ ਹੁੰਦਾ ਹੈ ਜਦੋਂ ਮਾਪਿਆਂ ਨੂੰ ਨੂੰਹਾਂ ਪੁੱਤ ਬੇਅਕਲ ਅਤੇ ਮੂਰਖ ਦੱਸਦੇ ਹਨ। ਮਾਪਿਆਂ ਦੀਆਂ ਅਸੀਸਾਂ ਬਗ਼ੈਰ ਬਰਕਤ ਅਤੇ ਤਰੱਕੀ ਬਹੁਤ ਔਖੀ ਹੁੰਦੀ ਹੈ। ਜੇਕਰ ਘਰ ਵਿੱਚ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅੱਥਰੂ ਹਨ ਅਤੇ ਉਨ੍ਹਾਂ ਦੀ ਦੁਰਦਸ਼ਾ ਹੈ ਤਾਂ ਘਰ ਵਿੱਚ ਜਿੰਨਾ ਮਰਜ਼ੀ ਪੈਸਾ ਹੋਵੇ, ਸਕੂਨ ਨਹੀਂ ਮਿਲਦਾ। ਪੈਸਾ, ਮਾਪਿਆਂ ਦੀ ਥਾਂ ਨਹੀਂ ਲੈ ਸਕਦਾ।
ਜਿੱਥੇ ਮਾਪੇ ਬੜੇ ਫਖ਼ਰ ਨਾਲ ਕਹਿੰਦੇ ਹਨ ਕਿ ਸਾਡੀਆਂ ਧੀਆਂ ਅਤੇ ਜਵਾਈ ਸਾਡਾ ਬਹੁਤ ਖਿਆਲ ਰੱਖਦੇ ਹਨ, ਕਦੇ ਇਹ ਵੀ ਧਿਆਨ ਮਾਰ ਲੈਣਾ ਕਿ ਧੀ, ਆਪਣੇ ਸੱਸ ਸਹੁਰੇ ਦਾ ਕਿੰਨਾ ਕੁ ਖਿਆਲ ਰੱਖਦੀ ਹੈ? ਜੇਕਰ ਉਹ ਵਧੇਰੇ ਪੇਕਿਆਂ ਵੱਲ ਧਿਆਨ ਦੇਵੇਗੀ ਤਾਂ ਦੂਸਰੇ ਪਾਸੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਏਗੀ। ਇੱਥੇ ਲੜਕੀ ਨਾਲੋਂ ਉਸਦੇ ਮਾਪਿਆਂ ਦੀ ਵਧੇਰੇ ਗ਼ਲਤੀ ਹੈ। ਲੜਕੇ ਦੀ ਆਪਣੇ ਮਾਪਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਹੀ ਨਹੀਂ ਦਿੱਤੀ ਜਾਂਦੀ। ਲੜਕਾ ਆਪਣੇ ਮਾਪਿਆਂ ਤੋਂ ਹੌਲੀ ਹੌਲੀ ਦੂਰ ਹੋਣ ਲੱਗਦਾ ਹੈ। ਮਾਪਿਆਂ ਨੂੰ ਆਪਣੇ ਬੁਢਾਪੇ ਦੀ ਫਿਕਰ ਹੋਣ ਲਗਦੀ ਹੈ। ਉਨ੍ਹਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਜੇਕਰ ਪੱਲੇ ਕੁਝ ਨਾ ਹੋਇਆ ਤਾਂ ਬੁਢਾਪਾ ਔਖਾ ਹੋ ਜਾਏਗਾ। ਮਾਪੇ ਦਰਿਆ ਕੰਢੇ ਰੁੱਖ ਵਾਂਗ ਹਨ, ਕਦੋਂ ਵਹਿਣ ਵਿੱਚ ਵਹਿ ਜਾਣ, ਪਤਾ ਹੀ ਨਹੀਂ।
ਪਿਛਲੇ ਦਿਨੀਂ ਇੱਕ ਬਜ਼ੁਰਗ ਮਾਂ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੇਖੀ। ਉਸ ਨੂੰ ਉਸਦੀ ਨੂੰਹ ਅਤੇ ਪੁੱਤ ਨੇ ਕੁੱਟਿਆ। ਦੋ ਸਾਲਾਂ ਤੋਂ ਉਹ ਦਫਤਰਾਂ ਦੇ ਚੱਕਰ ਲਗਾ ਰਹੀ ਸੀ ਪਰ ਕਿੱਧਰੇ ਵੀ ਸੁਣਵਾਈ ਨਹੀਂ ਹੋਈ। ਹੁਣ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਨੇ ਕੇਸ ਦਰਜ ਕਰਵਾਇਆ ਹੈ। ਬਹੁਤ ਲੋਕ ਕਹਿੰਦੇ ਹਨ ਕਿ ਦੂਸਰੀ ਧਿਰ ਦੀ ਵੀ ਸੁਣੋ। ਬਿਲਕੁਲ, ਉਨ੍ਹਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਹੱਕ ਹੈ। ਪਰ ਮਾਂ ਦੀ ਦੇਖਭਾਲ ਨਾ ਕਰਨ ਜਾਂ ਕੁੱਟਮਾਰ ਕਰਨਾ ਤਾਂ ਗ਼ਲਤ ਹੈ। ਮਾਪੇ ਤਾਂ ਬੱਚਿਆਂ ਨੂੰ ਪਾਲਣ ਪੋਸ਼ਣ ਵੇਲੇ ਇਵੇਂ ਖਾਣਾ ਦੇਣ ਤੋਂ ਮਨ੍ਹਾਂ ਨਹੀਂ ਕਰਦੇ।
ਮਾਪਿਆਂ ਨੇ ਜਾਇਦਾਦ ਬਣਾਈ ਹੀ ਬੱਚਿਆਂ ਲਈ ਹੁੰਦੀ ਹੈ। ਪਰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਇਹ ਜਾਇਦਾਦ ਜਾਂ ਪੈਸਾ ਵੀ ਹੁੰਦਾ ਹੈ। ਅਸਲ ਵਿੱਚ ਜੇਕਰ ਮਾਪੇ ਬੱਚਿਆਂ ਨੂੰ ਸਾਰਾ ਕੁਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ਅਤੇ ਜੇਕਰ ਨਹੀਂ ਦਿੰਦੇ ਤਾਂ ਵੀ ਮੁਸ਼ਕਿਲ ਹੋ ਜਾਂਦਾ ਹੈ। ਨੂੰਹਾਂ ਪੁੱਤਾਂ ਨੂੰ ਸਬਰ ਕਰਨਾ ਚਾਹੀਦਾ ਹੈ। ਅਸਲ ਵਿੱਚ ਨੂੰਹਾਂ ਪੁੱਤਾਂ ਦੀ ਸੋਚ ‘ਮੁਰਗੀ’ ਖਾਣ ਵਾਲੀ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨੀ ਨਹੀਂ, ਪਰ ਉਨ੍ਹਾਂ ਦਾ ਪੈਸਾ ਅਤੇ ਜਾਇਦਾਦ ਚਾਹੀਦੀ ਹੈ। ਪੈਸਾ ਬਹੁਤ ਕੁਝ ਹੈ, ਪਰ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦਾ। ਮਾਪਿਆਂ ਨੇ ਬਚਪਨ ਵਿੱਚ ਬਥੇਰੀਆਂ ਰਾਤਾਂ ਜਾਗ ਕੇ ਕੱਟੀਆਂ ਹੋਣਗੀਆਂ, ਪਰ ਉਨ੍ਹਾਂ ਨੇ ਤਾਂ ਕਦੇ ਬੱਚਿਆਂ ਨੂੰ ਇਵੇਂ ਸੜਕਾਂ ’ਤੇ ਧੱਕੇ ਖਾਣ ਲਈ ਘਰ ਵਿੱਚੋਂ ਬਾਹਰ ਨਹੀਂ ਕੱਢਿਆ।
ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਐਕਟ ਬਣਿਆ ਹੋਇਆ ਹੈ। ਉਸ ਵਿੱਚ ਐੱਸ ਡੀ ਐੱਮ ਕੋਲ ਮਾਪੇ ਆਪਣੀ ਸ਼ਿਕਾਇਤ ਕਰਨਗੇ ਅਤੇ ਉਸ ’ਤੇ ਸਮਾਂ ਸੀਮਾ ਵੀ ਤੈਅ ਹੈ। ਪਰ ਰਿਸ਼ਵਤ ਦੇ ਬੋਲ ਬਾਲੇ ਕਰਕੇ ਬਜ਼ੁਰਗਾਂ ਦੀ ਬਹੁਤੀ ਵਾਰ ਸੁਣਵਾਈ ਨਹੀਂ ਹੋ ਰਹੀ। ਇੱਥੇ ਦਫਤਰਾਂ ਵਿੱਚ ਬੈਠਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਇਹ ਸਾਰਾ ਕੁਝ ਸਮਾਜ ਵਿੱਚ ਚੱਲਦਾ ਰਿਹਾ ਤਾਂ ਤੁਹਾਡੇ ਘਰਾਂ ਵਿੱਚ ਅਤੇ ਤੁਹਾਡੇ ਨਾਲ ਵੀ ਇਵੇਂ ਹੀ ਹੋਏਗਾ।
ਰਿਸ਼ਵਤ ਦੇ ਲੈ ਕੇ ਕੁਝ ਵਕਤ ਲਈ ਤਾਂ ਵਧੀਆ ਲੱਗੇਗਾ, ਪਰ ਇਸਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਨੈਤਿਕ ਕਦਰਾਂ ਕੀਮਤਾਂ ਦਾ ਗਲਾ ਘੁੱਟ ਕੇ ਇਕੱਠੇ ਕੀਤੇ ਪੈਸੇ ਬਹੁਤ ਕੁਝ ਬਰਬਾਦ ਕਰ ਦਿੰਦੇ ਹਨ। ਪੈਸਾ ਬਹੁਤ ਕੁਝ ਹੈ, ਇਸ ਬਗ਼ੈਰ ਕਿਸੇ ਦਾ ਗੁਜ਼ਾਰਾ ਨਹੀਂ, ਪਰ ਦੂਸਰੇ ਨੂੰ ਤੰਗੀ ਦੇ ਕੇ ਕਮਾਇਆ ਪੈਸਾ ਕਦੇ ਖੁਸ਼ੀ ਨਹੀਂ ਦੇ ਸਕਦਾ।
ਮਾਪਿਆਂ ਕੋਲੋਂ ਜ਼ਬਰਦਸਤੀ ਪੈਸੇ ਅਤੇ ਜਾਇਦਾਦ ਲੈਕੇ, ਉਨ੍ਹਾਂ ਦੀ ਕੁੱਟਮਾਰ ਕਰਕੇ ਘਰੋਂ ਕੱਢਕੇ, ਰਾਤ ਨੂੰ ਉਸ ਘਰ ਵਿੱਚ ਨੀਂਦ ਕਿਵੇਂ ਆਉਂਦੀ ਹੈ? ਇਹ ਬਹੁਤ ਵੱਡਾ ਸਵਾਲ ਹੈ। ਮਾਪੇ ਬਹੁਤੀ ਵਾਰ ਔਲਾਦ ਦੀ ਜ਼ਿਆਦਤੀ ਬਰਦਾਸ਼ਤ ਕਰਦੇ ਰਹਿੰਦੇ ਹਨ। ਇਸ ਨੂੰ ਨੂੰਹਾਂ ਪੁੱਤ ਉਨ੍ਹਾਂ ਦੀ ਕਮਜ਼ੋਰੀ ਸਮਝਦੇ ਹਨ। ਮਾਪਿਆਂ ਵਰਗਾ ਕੋਈ ਨਹੀਂ ਹੋ ਸਕਦਾ, ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ।
ਮਾਪਿਆਂ ਦੀਆਂ ਗਾਲ੍ਹਾਂ ਘਿਉ ਦੀਆਂ ਨਾਲਾਂ ਹੁੰਦੀਆਂ ਹਨ। ਮਾਪੇ ਮਰਨ ਤਕ ਔਲਾਦ ਦੀ ਬਿਹਤਰੀ ਲਈ ਦੁਆਵਾਂ ਕਰਦੇ ਹਨ। ਬਿਰਧ ਆਸ਼ਰਮਾਂ ਵਿੱਚ ਰਹਿ ਤਾਂ ਰਹੇ ਨੇ ਬਜ਼ਰਗ, ਪਰ ਆਪਣਾ ਘਰ ਛੱਡਣ ਦਾ ਅਤੇ ਆਪਣੀ ਔਲਾਦ ਬਗੈਰ ਰਹਿਣ ਦਾ ਦੁੱਖ ਉਨ੍ਹਾਂ ਨੂੰ ਹਰ ਪਲ ਮਾਰਦਾ ਹੈ। ਮੁਆਫ਼ ਕਰਨਾ ਜਦੋਂ ਪੁੱਤਾਂ ਤੇ ਕਾਰਵਾਈ ਕੀਤੀ ਜਾਂਦੀ ਹੈ, ਉਸਦੇ ਨਾਲ ਨੂੰਹਾਂ ਤੇ ਕਾਰਵਾਈ ਵੀ ਕੀਤੀ ਜਾਵੇ। ਬਹੁਤ ਵਾਰ ਪੁੱਤ ਜਾਇਦਾਦ ਦੀ ਮੰਗ ਘੱਟ ਕਰਦਾ ਹੈ ਪਰ ਨੂੰਹਾਂ ਨੂੰ ਅਤੇ ਉਸਦੇ ਮਾਪਿਆਂ ਨੂੰ ਵਧੇਰੇ ਕਾਹਲ ਹੁੰਦੀ ਹੈ। ਬਹੁਤ ਵਾਰ ਨੂੰਹਾਂ ਦੇ ਮਾਪਿਆਂ ਵਿੱਚੋਂ ਕੋਈ ਬੀਮਾਰ ਹੋਏ ਤਾਂ, ਇਲਾਜ ਦਾ ਬਹੁਤ ਫਿਕਰ ਹੁੰਦਾ ਹੈ। ਪਰ ਸੱਸ ਸਹੁਰਾ ਬੀਮਾਰ ਹੋਣ ਤਾਂ ਡਰਾਮੇ ਕਰਦੇ ਲੱਗਦੇ ਹਨ। ਉਨ੍ਹਾਂ ਦੇ ਇਲਾਜ ਲਈ ਪੈਸੇ ਖਰਚਣੇ, ਫਜ਼ੂਲ ਖਰਚੀ ਅਤੇ ਪੈਸੇ ਦੀ ਬਰਬਾਦੀ ਕਹੀ ਜਾਂਦੀ ਹੈ।
ਪੈਸੇ ਨੂੰ ਆਪਣਾ ਗੁਲਾਮ ਬਣਾਓ, ਪੈਸੇ ਦੇ ਗੁਲਾਮ ਨਾ ਬਣੋ। ਮਾਪਿਆਂ ਦਾ ਸਤਿਕਾਰ ਕਰੋ। ਪੁੱਤਾਂ ਨੂੰ ਤਾਂ ਮਾਵਾਂ ਬਹੁਤ ਚਾਵਾਂ ਲਾਡਾਂ ਨਾਲ ਪਾਲਦੀਆਂ ਹਨ। ਪਰ ਹੁਣ ਤਾਂ ਪੁੱਤ ਹੀ ਮਾਵਾਂ ਨੂੰ ਘਰ ਵਿੱਚ ਨਹੀਂ ਰੱਖਦੇ। ਉਨ੍ਹਾਂ ਨੂੰ ਰੋਟੀ ਪਾਣੀ ਦੇਣਾ ਵੀ ਬੋਝ ਲੱਗਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ, “ਦੁੱਧਾਂ ਨਾਲ ਪੁੱਤ ਪਾਲਕੇ, ਪਾਣੀ ਨੂੰ ਤਰਸਦੀਆਂ ਮਾਵਾਂ।” ਪੈਸੇ ਦੇ ਲਾਲਚ ਵਿੱਚ ਆ ਕੇ ਮਾਪਿਆਂ ਨੂੰ ਸੜਕਾਂ ’ਤੇ ਨਾ ਰੋਲੋ। ਯਾਦ ਰੱਖੋ, ਪੈਸਾ ਬਹੁਤ ਕੁਝ ਹੈ, ਪਰ ਸਭ ਕੁਝ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3074)
(ਸਰੋਕਾਰ ਨਾਲ ਸੰਪਰਕ ਲਈ: