“ਜਦੋਂ ਛੋਟੇ ਜਹਾਜ਼ ਨੇ ਅੰਦੋਲਨ ਜਿੱਤ ਕੇ ਆ ਰਹੇ ਕਿਸਾਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ...”
(15 ਦਸੰਬਰ 2021)
ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਕੁਝ ਪਲ ਇਹੋ ਜਿਹੇ ਹੁੰਦੇ ਹਨ ਜੋ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਹਾਂ, ਉਹ ਚੰਗੇ ਵੀ ਹੋ ਸਕਦੇ ਹਨ ਅਤੇ ਮਾੜੇ ਵੀ। 26 ਨਵੰਬਰ 2020 ਤੋਂ ਬਹੁਤ ਕੁਝ ਦਿਮਾਗ਼ ਵਿੱਚ ਅਜਿਹਾ ਬੈਠ ਗਿਆ ਜੋ ਕਦੇ ਵੀ ਨਹੀਂ ਨਿਕਲ ਸਕਦਾ। ਇਸ ਤਰੀਕ ਤੋਂ ਲੈਕੇ 13 ਦਸੰਬਰ 2021 ਤਕ ਬਹੁਤ ਕੁਝ ਅੰਦੋਲਨ ਬਾਰੇ ਲਿਖਿਆ ਅਤੇ ਪੜ੍ਹਿਆ। ਅੰਦੋਲਨ ਦੀ ਹਿਲਜੁਲ ਘਰ ਬੈਠਿਆਂ ਨੂੰ ਵੀ ਹਿਲਾਉਂਦੀ ਸੀ। ਇਸ ਅੰਦੋਲਨ ਨੂੰ ਜਿੰਨੀ ਵਾਰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਇਹ ਹਰ ਵਾਰ ਵਧੇਰੇ ਮਜ਼ਬੂਤ ਹੋ ਕੇ ਖੜ੍ਹਾ ਹੋਇਆ।
19 ਨਵੰਬਰ 2021 ਦਾ ਦਿਨ, ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜਾ ਅਤੇ ਉਸ ਦਿਨ ਪ੍ਰਧਾਨ ਮੰਤਰੀ ਨੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਰ ਕਿਸਾਨ ਆਗੂਆਂ ਅਤੇ ਅੰਦੋਲਨਕਕਾਰੀਆਂ ਨੂੰ ਘਰਾਂ ਨੂੰ ਭੱਜਣ ਦੀ ਕੋਈ ਕਾਹਲ ਨਹੀਂ ਸੀ। ਉਨ੍ਹਾਂ ਸਾਰਿਆਂ ਨੇ ਸਪਸ਼ਟ ਕਹਿ ਦਿੱਤਾ ਕਿ ਜਿਵੇਂ ਕਾਨੂੰਨ ਬਣੇ ਹਨ, ਉਸੇ ਪ੍ਰਕ੍ਰਿਆ ਨਾਲ ਰੱਦ ਕਰਕੇ, ਨੋਟੀਫਿਕੇਸ਼ਨ ਕੀਤੀ ਜਾਵੇ। “ਸ਼ੇਰ” ਦੀ ਮੋਹਰ ਲੱਗੇ ਲੈਟਰ ਪੈਡ ’ਤੇ ਲਿਖ ਕੇ ਦੇ ਦਿਉ।
ਜਿਵੇਂ ਹੀ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਸਭ ਨੂੰ ਦੱਸਿਆ ਤਾਂ ਖੁਸ਼ੀ ਨਾਲ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ। ਇਹ ਇਤਿਹਾਸਕ ਜਿੱਤ ਸੀ। ਇਸ ਅੰਦੋਲਨ ਨੇ ਇਤਿਹਾਸ ਦੁਹਰਾਇਆ ਵੀ ਹੈ ਅਤੇ ਨਵਾਂ ਇਤਿਹਾਸ ਰਚਿਆ ਵੀ ਹੈ। ਇਹ ਦੁਨੀਆਂ ਦਾ ਸਭ ਤੋਂ ਲੰਮਾ ਅਤੇ ਸ਼ਾਂਤਮਈ ਅੰਦੋਲਨ ਹੈ। ਕਿਸਾਨਾਂ ਦਾ ਦਿੱਲੀ ਦੇ ਬਾਰਡਰਾਂ ਤੋਂ ਜਿੱਤ ਕੇ ਆਉਣਾ ਹਰ ਇੱਕ ਲਈ ਜਿੱਤ ਸੀ। ਕਿਸਾਨ ਆਗੂਆਂ ਨੇ ਤਰੀਕਾਂ ਦੇ ਕੇ ਉੱਥੋਂ ਉੱਠਣ ਦਾ ਐਲਾਨ ਕੀਤਾ। ਪੰਜਾਬ ਹਰਿਆਣਾ ਅਤੇ ਨੇੜਲੇ ਰਾਜਾਂ ਤੋਂ ਲੋਕਾਂ ਨੇ ਫੇਰ ਦਿੱਲੀ ਦੇ ਬਾਰਡਰਾਂ ਵੱਲ ਵਹੀਰਾਂ ਘੱਤ ਲਈਆਂ।
11 ਦਸੰਬਰ 2021 ਨੂੰ ਸਵੇਰੇ ਨੌ ਵਜੇ ਉੱਥੋਂ ਚੱਲਣ ਦਾ ਐਲਾਨ ਕੀਤਾ ਗਿਆ ਸੀ। ਅਰਦਾਸ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਪੰਜਾਬ ਨੂੰ ਚਾਲੇ ਪਾਏ ਗਏ। ਦਿੱਲੀ ਵੱਲ ਜਾਣ ਲੱਗਿਆ ਦਾ ਵੀ ਜੋਸ਼ ਠਾਠਾਂ ਮਾਰਦਾ ਸੀ, ਪਰ ਉਦੋਂ ਹਾਲਾਤ ਵੱਖਰੇ ਸਨ। ਇਸ ਵਾਰ ਜਿਵੇਂ ਹੀ ਸਿੰਘੂ ਬਾਰਡਰ ਅਤੇ ਟਿਕਰੀ ਤੋਂ ਕਿਸਾਨ ਤੁਰੇ, ਉਨ੍ਹਾਂ ਦਾ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਸ਼ੁਰੂ ਹੋ ਗਿਆ। ਹਰਿਆਣਾ ਅਤੇ ਪੰਜਾਬ ਦੇ ਲੋਕ ਸੜਕਾਂ ’ਤੇ ਖੜ੍ਹੇ ਖੁਸ਼ੀ ਵਿੱਚ ਭੰਗੜੇ ਪਾ ਰਹੇ ਸਨ। ਲੱਡੂ ਵੰਡੇ ਜਾ ਰਹੇ ਸਨ। ਲੰਗਰ ਲੱਗੇ ਹੋਏ ਸਨ। ਜੈਕਾਰਿਆਂ ਨਾਲ ਜਿਵੇਂ ਆਸਮਾਨ ਗੂੰਜ ਰਿਹਾ ਸੀ। ਸੋਸ਼ਲ ਮੀਡੀਆ ’ਤੇ ਲਾਈਵ ਸਭ ਚੱਲ ਰਿਹਾ ਸੀ। ਪੰਜਾਬੀ ਗਾਣੇ ਜੋ ਅੰਦੋਲਨ ਵਿੱਚ ਲਿਖੇ ਅਤੇ ਗਾਏ ਗਏ, ਟਰੈਕਟਰਾਂ ’ਤੇ ਵੱਜ ਰਹੇ ਸਨ। ਬਜ਼ੁਰਗਾਂ ਵਿੱਚ ਨੌਜਵਾਨਾਂ ਵਾਲਾ ਜੋਸ਼ ਸੀ। ਜਿੱਤ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ ਵਿਖਾਈ ਦਿੰਦੀ ਸੀ। ਬੜਾ ਭਾਵੁਕ ਕਰਨ ਵਾਲਾ ਹਰ ਦ੍ਰਿਸ਼ ਸੀ।
ਮੈਂ ਵੀ ਸ਼ੰਭੂ ਬੈਰੀਅਰ ’ਤੇ ਆਪਣੇ ਪਤੀ ਨਾਲ ਪਹੁੰਚੀ। ਉੱਥੋਂ ਦਾ ਦ੍ਰਿਸ਼ ਲਿਖਣ ਲਈ ਲੱਗਦਾ ਸੀ ਸ਼ਬਦਾਂ ਦੀ ਚੋਣ ਕਰਨੀ ਬੇਹੱਦ ਔਖੀ ਹੋਏਗੀ ਅਤੇ ਸ਼ਬਦਾਂ ਦੀ ਘਾਟ ਵੀ ਮਹਿਸੂਸ ਹੋਏਗੀ। ਨੌ, ਦਸ ਦਸੰਬਰ ਨੂੰ ਲੋਕ ਟਰੈਕਟਰ ਟਰਾਲੀਆਂ, ਟਰੱਕ ਬੱਸਾਂ ਅਤੇ ਆਪਣੀਆਂ ਕਾਰਾਂ ਵਿੱਚ ਦਿੱਲੀ ਪਹੁੰਚੇ ਅਤੇ ਇਸ ਫਤਹਿ ਮਾਰਚ ਦਾ ਹਿੱਸਾ ਬਣੇ। ਸ਼ੰਭੂ ਬੈਰੀਅਰ ’ਤੇ ਸੰਗਤਾਂ ਹੁੰਮ ਹੁਮਾ ਕੇ ਪਹੁੰਚ ਰਹੀਆਂ ਸਨ। ਲੰਗਰ ਲੱਗੇ ਹੋਏ ਸਨ। ਹਰ ਕੋਈ ਇੱਕ ਦੂਸਰੇ ਨੂੰ ਵਧਾਈਆਂ ਦੇ ਰਿਹਾ ਸੀ। ਉੱਥੇ ਕੋਈ ਬੇਗਾਨਾ ਨਹੀਂ ਲਗਦਾ ਸੀ। ਡੀ ਜੇ ਲੱਗੇ ਹੋਏ ਸਨ। ਕਿਧਰੇ ਟਰੈਕਟਰਾਂ ’ਤੇ ਅੰਦੋਲਨ ਦੇ ਗਾਣਿਆਂ ’ਤੇ ਮੁੰਡੇ ਤਾਂ ਕੀ, ਹਰ ਉਮਰ ਦੇ ਨੱਚ ਰਹੇ ਸਨ। ਨੌਜਵਾਨਾਂ ਨੇ ਜਿਵੇਂ ਦਿੱਲੀ ਵੱਲ ਜਾਂਦਿਆਂ ਬੈਰੀਅਰ ਤੋੜੇ ਸੀ, ਉਸ ਜੋਸ਼ ਨਾਲ ਉਹ ਨੱਚ ਰਿਹੇ ਸਨ।
ਫੁੱਲਾਂ ਦੇ ਹਾਰਾਂ ਨਾਲ ਕਿਸਾਨਾਂ ਦੇ ਸਵਾਗਤ ਲਈ ਸੜਕ ਦੇ ਦੋਨੋਂ ਪਾਸੇ ਲੋਕ ਖੜ੍ਹੇ ਸਨ। ਮੈਂ ਵੀ ਉਨ੍ਹਾਂ ਵਿੱਚ ਖੜ੍ਹੀ ਹੋ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੀ ਸੀ। ਅੱਖਾਂ ਵਿੱਚੋਂ ਬਹੁਤ ਵਾਰ ਆਪ ਮੁਹਾਰੇ ਹੰਝੂ ਵਹਿ ਪੈਂਦੇ। ਨੌਜਵਾਨਾਂ ਨੂੰ ਜਿੱਤ ਕੇ ਆਉਂਦਿਆਂ ਨੂੰ ਵੇਖ ਕੇ ਦੁਆਵਾਂ ਆਪ ਮੁਹਾਰੇ ਦਿੱਤੀਆਂ ਜਾ ਰਹੀਆਂ ਸਨ। ਇਵੇਂ ਲੱਗਦਾ ਸੀ ਇਸ ਅੰਦੋਲਨ ਨੇ ਸਾਡੇ ਨੌਜਵਾਨਾਂ ਨੂੰ ਇੱਕ ਸੇਧ ਦੇ ਦਿੱਤੀ ਹੈ। ਜੋਸ਼ ਨਾਲ ਹੋਸ਼ ਦੀ ਮਹੱਤਤਾ ਸਮਝਾ ਦਿੱਤੀ ਹੈ। ਜਿਵੇਂ ਬਜ਼ੁਰਗਾਂ ਦੇ ਚਿਹਰੇ ਖਿੜੇ ਹੋਏ ਸਨ, ਵੇਖਕੇ ਲੱਗਦਾ ਸੀ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇਸ ਕੌਮ ਵਿੱਚ ਅਤੇ ਪੰਜਾਬ ਵਿੱਚ ਜਨਮ ਲਿਆ ਹੈ। ਇਹ ਗ਼ਮੀ ਨੂੰ ਵੀ ਝੱਲਣ ਲੱਗੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਅਤੇ ਖੁਸ਼ੀ ਨੂੰ ਮਨਾਉਣ ਲੱਗਿਆਂ ਵੀ ਪੂਰੇ ਜੋਸ਼ ਵਿੱਚ ਰਹਿੰਦੇ ਹਨ। ਭੰਗੜੇ ਪਾਉਂਦੇ ਆਪੋ ਆਪਣੀਆਂ ਟਰਾਲੀਆਂ ’ਤੇ ਆਪਣੇ ਘਰਾਂ ਨੂੰ ਜਾ ਰਹੇ ਸਨ। ਪਾਕਿਸਤਾਨ ਨਾਲ ਲੜਾਈ ਤੋਂ ਬਾਅਦ ਫੌਜੀਆਂ ਦੇ ਸਵਾਗਤ ਵਾਲਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆ ਗਿਆ।
ਸ਼ੰਭੂ ਬਾਰਡਰ ’ਤੇ ਜਦੋਂ ਛੋਟੇ ਜਹਾਜ਼ ਨੇ ਅੰਦੋਲਨ ਜਿੱਤ ਕੇ ਆ ਰਹੇ ਕਿਸਾਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਤਾਂ ਦ੍ਰਿਸ਼ ਬੜਾ ਅਦਭੁੱਤ ਸੀ। ਉਨ੍ਹਾਂ ਯੋਧਿਆਂ ਦਾ ਇਹ ਮਾਣ ਸਨਮਾਨ ਹੋਣਾ ਵੀ ਚਾਹੀਦਾ ਸੀ, ਉਹ ਇਸਦੇ ਹੱਕਦਾਰ ਹਨ। ਪਰ ਉਸ ਪੱਲ ਇਹ ਹੀ ਦਿਲੋਂ ਆਵਾਜ਼ ਆ ਰਹੀ ਸੀ, ਜਿਊਂਦੇ ਵਸਦੇ ਰਹਿਣ ਇਹ ਲੋਕ ਜੋ ਆਪਣੇ ਪੰਜਾਬ ਦੇ ਲੋਕਾਂ ਅਤੇ ਮਿੱਟੀ ਨੂੰ ਇੰਨਾ ਪਿਆਰ ਕਰਦੇ ਹਨ। ਇਹ ਨੌਜਵਾਨ ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਹਨ। ਉਸ ਵਕਤ ਇਵੇਂ ਲੱਗਦਾ ਸੀ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ, ਅਸੀਂ ਸਿੱਖ ਪਰਿਵਾਰਾਂ ਵਿੱਚ ਜਨਮ ਲਿਆ ਹੈ। ਮੈਂਨੂੰ ਜੋ ਮਹਿਸੂਸ ਹੋ ਰਿਹਾ ਸੀ, ਮੈਂ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਸੱਚੀਂ ਉਹ ਗੂੰਗੇ ਦਾ ਗੁੜ ਖਾਣ ਵਾਲੀ ਗੱਲ ਹੀ ਹੈ।
ਮੈਂ ਕਿਸਾਨ ਅੰਦੋਲਨ ਬਾਰੇ ਬਹੁਤ ਲੇਖ ਲਿਖੇ ਅਤੇ ਉਨ੍ਹਾਂ ਨੂੰ ਕਿਤਾਬ ਦਾ ਰੂਪ ਵੀ ਦਿੱਤਾ ਹੈ ਪਰ ਅੱਜ ਸ਼ਬਦਾਂ ਦੀ ਚੋਣ ਕਰਨੀ ਔਖੀ ਹੋ ਰਹੀ ਹੈ। ਅੱਖਾਂ ਵਿੱਚੋਂ ਵਹਿ ਰਹੇ ਹੰਝੂਆਂ ਨੂੰ ਰੋਕਣਾ ਵੀ ਮੁਸ਼ਕਿਲ ਹੈ। ਮੈਂਨੂੰ ਉਨ੍ਹਾਂ ਛੋਟੇ ਛੋਟੇ ਬੱਚਿਆਂ ਦੇ ਚਿਹਰੇ ਆਪਣੇ ਵੱਲ ਖਿੱਚ ਰਹੇ ਸਨ, ਜਿਨ੍ਹਾਂ ਦੇ ਸਿਰ ’ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ ਹੱਥਾਂ ਵਿੱਚ ਕਿਸਾਨੀ ਝੰਡੇ ਫੜੇ ਹੋਏ ਸਨ। ਉਨ੍ਹਾਂ ਦੇ ਜੈਕਾਰਿਆਂ ਅਤੇ ਨਾਅਰਿਆਂ ਨੇ ਮੈਂਨੂੰ ਸੋਚਣ ਲਈ ਮਜਬੂਰ ਕਰ ਦਿੱਤਾ- ਇਹ ਕੌਮ ਕਿਵੇਂ ਹਾਰ ਸਕਦੀ ਹੈ ਅਤੇ ਇਸ ਨੂੰ ਕੋਈ ਹਰਾ ਨਹੀਂ ਸਕਦਾ।
ਮੈਂ ਉੱਥੇ ਜੋ ਵੇਖਿਆ, ਉਹ ਸੱਚੀਂ ਬਾਬੇ ਨਾਨਕ ਦਾ ਆਪ ਇਸ ਅੰਦੋਲਨਕਾਰੀਆਂ ਦੇ ਨਾਲ ਹੋਣ ਦਾ ਸਬੂਤ ਸੀ। ਚਿਹਰਿਆਂ ਉੱਤੇ ਚੜ੍ਹਦੀ ਕਲਾ, ਅੱਖਾਂ ਵਿੱਚ ਖੁਸ਼ੀ ਅਤੇ ਠਾਠਾਂ ਮਾਰਦਾ ਜੋਸ਼। ਇਹ ਨਜ਼ਾਰਾ ਬੜਾ ਖਾਸ ਸੀ। ਕੁਝ ਵੱਖਰਾ ਸੀ। ਜਿਵੇਂ ਦੀ ਖੁਸ਼ੀ ਉੱਥੇ ਮਹਿਸੂਸ ਹੋ ਰਹੀ ਸੀ, ਸ਼ਾਇਦ ਕਦੇ ਵੀ ਮਹਿਸੂਸ ਨਹੀਂ ਕੀਤੀ ਹੋਣੀ। ਰਾਤ ਪੈ ਰਹੀ ਸੀ, ਕਿਸਾਨਾਂ ਦੀਆਂ ਟਰਾਲੀਆਂ ਆ ਰਹੀਆਂ ਸਨ। ਉੱਥੋਂ ਘਰ ਆਉਣ ਨੂੰ ਦਿਲ ਨਹੀਂ ਕਰ ਰਿਹਾ ਸੀ। ਮੈਂ ਸ਼ੰਭੂ ਬੈਰੀਅਰ ਤੋਂ ਬਹੁਤ ਕੁਝ ਨਾਲ ਲਿਆਈ। ਮੈਂ ਇਸ ਲੇਖ ਨੂੰ ਲਿਖਦਿਆਂ ਵੀ ਬਹੁਤ ਵਾਰ ਭਾਵੁਕ ਹੋਈ ਅਤੇ ਅੱਖਾਂ ਵਿੱਚੋਂ ਹੰਝੂ ਵਹਿ ਗਏ। ਇਹ ਕਿਸਾਨਾਂ ਦੀ ਇਤਿਹਾਸਕ ਜਿੱਤ ਹੈ ਅਤੇ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3207)
(ਸਰੋਕਾਰ ਨਾਲ ਸੰਪਰਕ ਲਈ: