“ਯਾਦ ਰੱਖੋ, ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ, ਉਹ ਮੁੜ ...”
(27 ਜਨਵਰੀ 2020)
ਸਾਡੇ ਹਰ ਕਿਸੇ ਲਈ ਇਹ ਸੋਚਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵੇਲੇ ਖੜ੍ਹੇ ਕਿੱਥੇ ਹਾਂ? ਹਕੀਕਤ ਇਹ ਹੈ ਕਿ ਅਸੀਂ ਅਜੇ ਵੀ ਇਹ ਸਮਝੇ ਨਹੀਂ ਕਿ ਅਸੀਂ ਦਰਿਆ ਦੇ ਕੰਢੇ ’ਤੇ ਇਵੇਂ ਖੜ੍ਹੇ ਹਾਂ ਕਿ ਕਿਸੇ ਵੀ ਵਕਤ ਅਸੀਂ ਇਸ ਵਿੱਚ ਵਹਿ ਜਾਵਾਂਗੇ। ਪੰਜਾਬ ਅਤੇ ਪੰਜਾਬ ਦੇ ਲੋਕਾਂ ਉੱਪਰ ਹਰ ਵੇਲੇ ਰੁੜ੍ਹ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਆਪਣੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਉਨ੍ਹਾਂ ਉੱਤੇ ਵਿਸ਼ਵਾਸ ਕੀਤਾ, ਉਹ ਸਾਡੇ ਨਾਲ ਦਗਾ ਕਮਾ ਗਏ। ਪਤਾ ਨਹੀਂ ਅਸੀਂ ਕਬੂਤਰ ਵਾਂਗ ਅੱਖਾਂ ਮੀਟੀਆਂ ਹੋਈਆਂ ਹਨ ਜਾਂ ਅਸੀਂ ਇੰਨੇ ਮਜਬੂਰ ਹੋ ਗਏ ਹਾਂ ਕਿ ਸਾਡਾ ਬੋਲਣ ਦਾ ਹੌਸਲਾ ਹੀ ਨਹੀਂ ਪੈਂਦਾ।
ਅਸਲ ਵਿੱਚ ਸਾਨੂੰ ਸਿਆਸੀ ਪਾਰਟੀਆਂ ਅਤੇ ਅਫਸਰਸ਼ਾਹੀ ਨੇ ਇਸ ਤਰ੍ਹਾਂ ਦੇ ਬਣਾ ਦਿੱਤਾ ਹੈ ਕਿ ਅਸੀਂ ਉਨ੍ਹਾਂ ਵੱਲੋਂ ਕੀਤੀਆਂ ਜ਼ਿਆਦਤੀਆਂ ਨੂੰ ਝੱਲਣ ਲਈ ਤਿਆਰ ਰਹਿੰਦੇ ਹਾਂ। ਜਿਹੜਾ ਆਵਾਜ਼ ਚੁੱਕਦਾ ਹੈ, ਉਸ ਨੂੰ ਕਿਧਰੇ ਫਸਾ ਦਿੱਤਾ ਜਾਂਦਾ ਹੈ ਅਤੇ ਦੂਸਰੇ ਬੋਲਣ ਤੋਂ ਗੁਰੇਜ਼ ਕਰਨ ਲੱਗ ਜਾਂਦੇ ਹਨ। ਇਨ੍ਹਾਂ ਨੇ ਇੱਕ ਨੂੰ ਮਾਰ ਕੇ ਟੰਗਣਾ ਹੁੰਦਾ ਹੈ ਤਾਂ ਜੁ ਬਾਕੀਆਂ ਨੂੰ ਕੰਨ ਹੋ ਜਾਣ ਕਿ ਕਿਸੇ ਸਿਆਸਤਦਾਨ ਜਾਂ ਅਫਸਰ ਦੇ ਖ਼ਿਲਾਫ਼ ਆਵਾਜ਼ ਚੁੱਕਣ ਦਾ ਇਹ ਨਤੀਜਾ ਹੁੰਦਾ ਹੈ। ਪਰ ਸਾਨੂੰ ਇਹ ਜ਼ਰੂਰ ਸੋਚਣਾ ਅਤੇ ਸਮਝਣਾ ਪਵੇਗਾ ਕਿ ਅਸੀਂ ਖੜ੍ਹੇ ਕਿੱਥੇ ਹਾਂ? ਇੱਥੇ ਪਹੁੰਚਣ ਵਿੱਚ ਸਾਡੀ ਭੂਮਿਕਾ ਕੀ ਰਹੀ? ਜਦੋਂ ਅਸੀਂ ਆਪਣੀ ਗਲਤੀ ਮੰਨ ਕੇ ਸੁਧਾਰ ਬਾਰੇ ਸੋਚਾਂਗੇ ਤਾਂ ਨਤੀਜੇ ਵਧੇਰੇ ਚੰਗੇ ਅਤੇ ਜਲਦੀ ਸਾਹਮਣੇ ਆਉਣਗੇ।
ਅੱਜ ਸਾਡੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾਣਾ ਇਸ ਵੇਲੇ ਸਾਡੀ ਮਜਬੂਰੀ ਕਿਉਂ ਬਣ ਗਈ? ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਵਿੱਚੋਂ ਕੱਢਣ ਦੀ ਕਾਹਲੀ ਕਿਉਂ ਕਰ ਰਹੇ ਹਾਂ? ਜਿਹੋ ਜਿਹੇ ਮਾੜੇ ਹਾਲਾਤ ਬਣ ਗਏ ਹਨ, ਅਸੀਂ ਇਹ ਹਾਲਾਤ ਬਣਦੇ ਵੇਖਦੇ ਰਹੇ। ਹੁਣ ਇਸ ਨੂੰ ਦਰੁਸਤ ਕਰਨ ਲਈ ਕਰਨਾ ਕੀ ਚਾਹੀਦਾ ਹੈ? ਪਹਿਲਾਂ ਅਮੀਰ ਘਰਾਣਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਲਈ ਜਾਂਦੇ ਸੀ ਜਾਂ ਬਹੁਤ ਪੜ੍ਹਿਆਂ ਲਿਖਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਜਾਣ ਦਾ ਮੌਕਾ ਮਿਲਦਾ ਸੀ। ਪਰ ਅੱਜ ਬੱਚੇ ਅਜੇ ਨੌਂਵੀਂ ਦਸਵੀਂ ਕਲਾਸ ਵਿੱਚ ਪੜ੍ਹਦੇ ਹੁੰਦੇ ਹਨ ਪਰ ਉਹ ਬਾਰ੍ਹਵੀਂ ਜਮਾਤ ਤੋਂ ਬਾਅਦ ਵਿਦੇਸ਼ ਜਾਣ ਦੀ ਗੱਲ ਕਰਨ ਲੱਗ ਜਾਂਦੇ ਹਨ। ਇੱਥੇ ਸਭ ਤੋਂ ਵਧ ਸਮੱਸਿਆ ਇਹ ਹੈ ਕਿ ਪੜ੍ਹਨ ਤੋਂ ਬਾਅਦ ਅਤੇ ਡਿਗਰੀਆਂ ਹੱਥ ਵਿੱਚ ਹੋਣ ਉੱਤੇ ਵੀ ਨੌਕਰੀਆਂ ਨਹੀਂ ਮਿਲਦੀਆਂ। ਨੌਕਰੀਆਂ ਲੈਣ ਲਈ ਰੱਖੇ ਟੈੱਸਟ ਪਾਸ ਕਰਨ ਤੋਂ ਬਾਅਦ ਵੀ ਨੌਕਰੀਆਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ। ਇਸ ਤੋਂ ਅੱਗੇ ਉਹ ਵੇਖਦੇ ਹਨ ਕਿ ਮਹੀਨਿਆਂ ਬੱਧੀ ਨੌਜਵਾਨ ਸੜਕਾਂ ਉੱਤੇ ਧਰਨੇ ਲੱਗਾ ਕੇ ਬੈਠਣ ਲਈ ਮਜਬੂਰ ਹਨ। ਕਦੇ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹ ਕੇ ਨੌਕਰੀਆਂ ਲੈਣ ਲਈ ਆਪਣੀ ਗੱਲ ਕਰਦੇ ਹਨ। ਉਦੋਂ ਤਾਂ ਹੱਦ ਹੀ ਹੋ ਜਾਂਦੀ ਹੈ ਜਦੋਂ ਸੜਕਾਂ ਉੱਤੇ ਉਨ੍ਹਾਂ ਨੂੰ ਕੁੱਟਿਆ ਅਤੇ ਖਿੱਚ ਧੂਹ ਕੀਤੀ ਜਾਂਦੀ ਹੈ। ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਉਨ੍ਹਾਂ ਬਾਰੇ ਸਰਕਾਰਾਂ ਵਿੱਚ ਬੈਠੇ ਊਟ ਪਟਾਂਗ ਬਿਆਨ ਦਿੰਦੇ ਰਹਿੰਦੇ ਹਨ। ਜਦੋਂ ਆਪਣੇ ਦੇਸ਼ ਵਿੱਚ ਪੜ੍ਹਨ ਤੋਂ ਬਾਅਦ ਇਹ ਸਭ ਸਹਿਣ ਕਰਨਾ ਪਵੇ ਤਾਂ ਨੌਜਵਾਨ ਪੀੜ੍ਹੀ ਇੱਥੇ ਰਹਿਣ ਲਈ ਤਿਆਰ ਕਿਉਂ ਹੋਏਗੀ? ਹਰ ਬੰਦੇ ਨੂੰ ਪੜ੍ਹਨ ਲਿਖਣ ਤੋਂ ਬਾਅਦ ਰੁਜ਼ਗਾਰ ਮਿਲਣਾ ਚਾਹੀਦਾ ਹੈ। ਉਸ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਰੁਜ਼ਗਾਰ ਚਾਹੀਦਾ ਹੈ ਤਾਂ ਕਿ ਉਹ ਜ਼ਰੂਰਤਾਂ ਪੂਰੀਆਂ ਕਰ ਸਕੇ। ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਹੋਈਆਂ ਹਨ। ਇਸ ਵਕਤ ਨੌਜਵਾਨ ਪੀੜ੍ਹੀ ਦੀ ਮਜਬੂਰੀ ਹੈ ਵਿਦੇਸ਼ ਜਾਣਾ।
ਜਿੱਥੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਕਾਹਲੇ ਹਨ, ਉੱਥੇ ਮਾਪਿਆਂ ਦੀ ਵੀ ਇੱਛਾ ਹੁੰਦੀ ਹੈ ਕਿ ਬੱਚਿਆਂ ਨੂੰ ਜਿਵੇਂ ਕਿਵੇਂ ਪੰਜਾਬ ਤੋਂ ਕੱਢ ਕੇ ਵਿਦੇਸ਼ ਵਿੱਚ ਭੇਜ ਦਿੱਤਾ ਜਾਵੇ। ਉਹ ਇਸ ਵਾਸਤੇ ਆਪਣੀ ਜ਼ਮੀਨ ਵੇਚ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਕਰਜ਼ਾ ਲੈ ਕੇ ਵਿਦੇਸ਼ ਭੇਜਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇਹ ਗੱਲ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਣ ਤੱਕ ਹੀ ਖ਼ਤਮ ਨਹੀਂ ਹੁੰਦੀ, ਕਈ ਵਾਰ ਕਰਜ਼ਾ ਕਈ ਕੁਝ ਹੋਰ ਵੀ ਕਰਵਾ ਦਿੰਦਾ ਹੈ। ਨਰਿੰਦਰ ਸਿੰਘ ਕਪੂਰ ਲਿਖਦੇ ਹਨ, “ਜਦੋਂ ਕਿਸਾਨ ਜ਼ਮੀਨ ਵਿਚਲੀ ਫ਼ਸਲ ਦੀ ਥਾਂ ਜ਼ਮੀਨ ਹੀ ਖਾਣ ਲੱਗ ਪਵੇ, ਉਹ ਅੰਤ ਵਿੱਚ ਜਾਂ ਕਤਲ ਕਰਦਾ ਹੈ ਜਾਂ ਆਤਮਘਾਤ।”
ਅਸੀਂ ਅੱਜ ਜਿਸ ਜਗ੍ਹਾ ਖੜ੍ਹੇ ਹਾਂ, ਅੱਗੇ ਖੂਹ ਪਿੱਛੇ ਖਾਈ ਵਾਲੀ ਸਥਿਤੀ ਬਣੀ ਹੋਈ ਹੈ। ਹਕੀਕਤ ਇਹ ਹੈ ਕਿ ਅਸੀਂ ਜਿਨ੍ਹਾਂ ਹਾਲਾਤ ਵਿੱਚ ਪਹੁੰਚ ਗਏ ਹਾਂ, ਇੱਥੇ ਪਹੁੰਚਣ ਤੱਕ ਜੋਂ ਕੁਝ ਵੀ ਹੁੰਦਾ ਰਿਹਾ, ਅਸੀਂ ਉਸ ਨੂੰ ਵੇਖਦੇ ਰਹੇ। ਸ਼ਾਇਦ ਹਰ ਕਿਸੇ ਨੇ ਇਹ ਸੋਚਿਆ ਕਿ ਇਸਦਾ ਅਸਰ ਮੇਰੇ ਅਤੇ ਮੇਰੇ ਪਰਿਵਾਰ ਉੱਪਰ ਨਹੀਂ ਪਵੇਗਾ। ਪਰ ਜਦੋਂ ਅੱਗ ਲੱਗਦੀ ਹੈ, ਸੇਕ ਤਾਂ ਲੱਗਣਾ ਹੀ ਹੁੰਦਾ ਹੈ। ਅੱਜ ਇਸਦਾ ਸੇਕ ਹਰ ਕਿਸੇ ਨੂੰ ਲੱਗ ਰਿਹਾ ਹੈ। ਜਿਹੜੀਆਂ ਗੰਢਾਂ ਅਸੀਂ ਹੱਥਾਂ ਨਾਲ ਦਿੱਤੀਆਂ ਸੀ, ਉਹ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ।
ਅਸਲ ਵਿੱਚ ਅਸੀਂ ਆਪਣੀ ਜ਼ਮੀਰ ਮਾਰ ਕੇ ਵੋਟਾਂ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾ। ਕਦੇ ਅਸੀਂ ਮੁਫ਼ਤ ਦੇ ਦਾਲ ਆਟੇ ਵਿੱਚ ਫਸ ਗਏ, ਕਦੇ ਚੋਣਾਂ ਵੇਲੇ ਸ਼ਰਾਬ ਦਾ ਲਾਲਚ ਆ ਗਿਆ। ਗੱਲ ਕੀ ਅਸੀਂ ਸਰਕਾਰਾਂ ਬਣਾਉਣ ਲੱਗਿਆਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ। ਅਸੀਂ ਆਪਣੇ ਅਤੇ ਆਪਣੇ ਬੱਚਿਆਂ ਲਈ ਕੰਡੇ ਬੀਜੇ। ਅੱਜ ਉਹ ਕੰਡੇ ਸਾਨੂੰ ਸਾਰਿਆਂ ਨੂੰ ਚੁੱਭ ਰਹੇ ਹਨ। ਅਸੀਂ ਲਹੂ ਲੁਹਾਣ ਹੋ ਚੁੱਕੇ ਹਾਂ। ਜਦੋਂ ਸਕੂਲਾਂ ਦੀ ਹਾਲਤ ਖ਼ਸਤਾ ਹੋਣੀ ਸ਼ੁਰੂ ਹੋਈ, ਅਸੀਂ ਚੁੱਪ ਰਹੇ। ਜਦੋਂ ਹਸਪਤਾਲਾਂ ਦੀ ਹਾਲਤ ਵਿਗੜਨ ਲੱਗੀ, ਅਸੀਂ ਅੱਖਾਂ ਬੰਦ ਕਰ ਲਈਆਂ। ਸਾਡੀ ‘ਮੈਂਨੂੰ ਕੀ?’ ਵਾਲੀ ਸੋਚ ਨੇ ਸਾਨੂੰ ਇੱਥੇ ਲਿਆ ਖੜ੍ਹਾ ਕੀਤਾ ਹੈ। ਅੱਜ ਵਿਦੇਸ਼ਾਂ ਨੂੰ ਜਾਣ ਵਾਲੇ ਜਹਾਜ਼ ਸਾਡੇ ਪੁੱਤਾਂ ਨੂੰ ਚੁੱਕ ਚੁੱਕ ਲੈ ਕੇ ਜਾ ਰਹੇ ਹਨ। ਇੰਜ ਲੱਗਦਾ ਹੈ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਨੇ ਬਨਵਾਸ ਦੀ ਬਦ ਦੁਆ ਦੇ ਦਿੱਤੀ ਹੋਵੇ। ਅੱਜ ਘਰਾਂ ਵਿੱਚ ਬਜ਼ੁਰਗ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ ਪਰ ਇਸ ਹਾਲਾਤ ਦੇ ਗੁਨਾਹਗਾਰ ਅਸੀਂ ਆਪ ਹਾਂ।
ਅਸੀਂ ਆਪਣੇ ਆਪ ਨੂੰ ਅਤੇ ਪੰਜਾਬ ਨੂੰ ਅਪਾਹਜ ਕਰ ਲਿਆ ਹੈ। ਜੇਕਰ ਅਜੇ ਵੀ ਨਾ ਸੋਚਿਆ ਤਾਂ ਨਤੀਜੇ ਹੋਰ ਭਿਆਨਕ ਵੀ ਨਿਕਲਣਗੇ। ਯਾਦ ਰੱਖੋ, ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ, ਉਹ ਮੁੜ ਇਸ ਰਿਸ਼ਵਤਖੋਰ ਅਤੇ ਭ੍ਰਿਸ਼ਟ ਸਿਸਟਮ ਵਿੱਚ ਆ ਕੇ ਨਹੀਂ ਰਹਿਣਗੇ। ਇਸਦਾ ਮਤਲਬ ਉਹ ਵਾਪਸ ਨਹੀਂ ਆਉਣਗੇ। ਸਰਕਾਰਾਂ ਆਪਣੇ ਆਪ ਨਹੀਂ ਬਣਦੀਆਂ। ਸਰਕਾਰਾਂ ਅਸੀਂ ਬਣਾਉਂਦੇ ਹਾਂ। ਸਾਡੀਆਂ ਵੋਟਾਂ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦੀ ਹੈ। ਸਾਡੇ ਕੋਲ ਇੰਨਾ ਵੱਡਾ ਵੋਟ ਦਾ ਹਥਿਆਰ ਹੈ ਅਤੇ ਅਸੀਂ ਫਿਰ ਵੀ ਅੱਜ ਇਸ ਹਾਲਤ ਵਿੱਚ ਹਾਂ। ਅਸਲ ਵਿੱਚ ਅਸੀਂ ਵੋਟ ਦਾ ਇਸਤੇਮਾਲ ਹੀ ਠੀਕ ਤਰੀਕੇ ਨਾਲ ਨਹੀਂ ਕੀਤਾ, ਅਸੀਂ ਵੋਟ ਦੀ ਕੀਮਤ ਲਗਾਈ ਅਤੇ ਲਗਾਈ ਇੰਨੀ ਘੱਟ ਕਿ ਖਰੀਦਣ ਵਾਲਿਆਂ ਨੂੰ ਮੁਸ਼ਕਲ ਨਹੀਂ ਆਈ। ਸਿਆਣੇ ਕਹਿੰਦੇ ਨੇ ਜਦੋਂ ਜਾਗੋ, ਉਦੋਂ ਸਵੇਰਾ। ਜਿੰਨਾ ਨੁਕਸਾਨ ਅਸੀਂ ਆਪਣਾ ਕਰਨਾ ਸੀ, ਕਰ ਲਿਆ, ਹੁਣ ਹੀ ਸੋਚ ਲਈਏ ਅਤੇ ਮੰਨ ਲਈਏ ਕਿ ਅਸੀਂ ਜਿੱਥੇ ਖੜ੍ਹੇ ਹਾਂ, ਉਸ ਵਿੱਚ ਅਸੀਂ ਵੀ ਅਹਿਮ ਭੂਮਿਕਾ ਨਿਭਾਈ ਹੈ। ਦੂਸਰਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਵਿੱਚ ਸਮਾਂ ਖਰਾਬ ਕਰਨ ਦੀ ਥਾਂ ਆਪ ਸੁਧਰ ਜਾਈਏ। ਵੋਟ ਉਸ ਨੂੰ ਪਾਉ ਜੋ ਤੁਹਾਡੀ ਅਤੇ ਤੁਹਾਡੀ ਵੋਟ ਦੀ ਕੀਮਤ ਨਾ ਲਗਾਏ। ਇਹ ਸਾਨੂੰ ਸਭ ਨੂੰ ਕਰਨਾ ਪਵੇਗਾ, ਇਸ ਨਰਕ ਵਾਲੀ ਹਾਲਤ ਵਿੱਚੋਂ ਨਿਕਲਣ ਲਈ। ਪਿਛਲੇ ਕੀਤੇ ਕੰਮਾਂ ਬਾਰੇ ਹਰ ਉਮੀਦਵਾਰ ਨੂੰ ਪੁੱਛੋ। ਉਸਨੇ ਤਾਂ ਸਭ ਚੰਗੇ ਕੰਮ ਕੀਤੇ ਦੀ ਗੱਲ ਕਰਨੀ ਹੈ, ਉਸ ਨੂੰ ਰੋਕੋ ਅਤੇ ਦੱਸੋ ਕਿ ਕਿਹੜਾ ਕਿਹੜਾ ਕੰਮ ਨਹੀਂ ਹੋਇਆ। ਸਵਾਲ ਕਰੋ। ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਨ੍ਹਾਂ ਕੋਲੋਂ ਮਿਆਰੀ ਸਕੂਲ, ਮਿਆਰੀ ਸਿੱਖਿਆ ਅਤੇ ਉਸ ਤੋਂ ਬਾਅਦ ਰੁਜ਼ਗਾਰ ਮੰਗੋ। ਅਸੀਂ ਆਪ ਕਮਾਈ ਕਰਕੇ ਹਰ ਚੀਜ਼ ਖਰੀਦਕੇ ਖਾਵਾਂਗੇ, ਇਸ ਉੱਤੇ ਗੱਲ ਕਰੋ। ਅਸੀਂ ਪੰਜਾਬੀ ਮਿਹਨਤ ਕਰਕੇ ਖਾਣ ਵਾਲੇ ਲੋਕ ਹੈ। ਅਸੀਂ ਕਿਸੇ ਦੇ ਰਹਿਮ ਉੱਤੇ ਨਹੀਂ ਪਲਣਾ, ਇਸਦਾ ਆਪਣੇ ਆਪ ਨਾਲ ਵਾਇਦਾ ਕਰੋ। ਅਸੀਂ ਬਿਲਕੁਲ ਡੁੱਬਣ ਵਾਲੀ ਹਾਲਤ ਵਿੱਚ ਹਾਂ, ਇਸ ਕਰਕੇ ਹੱਥ ਪੈਰ ਮਾਰਨੇ ਬਹੁਤ ਜ਼ਰੂਰੀ ਹਨ। ਸਾਨੂੰ ਕਿਸੇ ਨੇ ਇਸ ਭੰਵਰ ਵਿੱਚੋਂ ਨਹੀਂ ਕੱਢਣਾ। ਅਸੀਂ ਜਿੱਥੇ, ਜਿਵੇਂ ਅਤੇ ਜਿਸ ਹਾਲਤ ਵਿੱਚ ਖੜ੍ਹੇ ਹਾਂ ਸਾਨੂੰ ਸਭ ਨੂੰ ਸੋਚਣਾ ਅਤੇ ਸਮਝਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1909)
(ਸਰੋਕਾਰ ਨਾਲ ਸੰਪਰਕ ਲਈ: