“ਝੂਠੇ ਦਹੇਜ ਦੇ ਕੇਸਾਂ ਵਿੱਚ ਅਤੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਸਿਰਫ਼ ਲੜਕੀਆਂ ਹੀ ...”
(9 ਦਸੰਬਰ 2021)
ਜਦੋਂ ਪਰਿਵਾਰਾਂ ਦੇ ਨੌਜਵਾਨ ਆਪਹੁਦਰੇ ਹੋ ਜਾਣ ਅਤੇ ਮਾਪਿਆਂ ਤੋਂ ਆਪਣੇ ਆਪ ਨੂੰ ਵਧੇਰੇ ਸਿਆਣੇ ਸਮਝਣ ਲੱਗ ਜਾਣ ਤਾਂ ਮਾਪਿਆਂ ਦੀ ਬੇਕਦਰੀ ਹੋਣੀ ਤੈਅ ਹੈ। ਮਾਪਿਆਂ ਨੇ ਆਪਣੀ ਔਲਾਦ ਨੂੰ ਪੜ੍ਹਾਉਣ ਅਤੇ ਡਿਗਰੀਆਂ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਪੁੱਤਾਂ ਨੇ ਵੀ ਵਧੇਰੇ ਕਰਕੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਨੂੰਹਾਂ ਤਾਂ ਸੱਸ ਸਹੁਰੇ ਨੂੰ ਇਵੇਂ ਬੋਲਦੀਆਂ ਹਨ ਜਿਵੇਂ ਘਰ ਵਿੱਚ ਨੌਕਰ ਹੋਣ। ਜਾਇਦਾਦ ਸੱਸ ਸਹੁਰੇ ਦੀ, ਬਹੁਤ ਥਾਂਵਾਂ ’ਤੇ ਰਿਟਾਇਰਡ ਪੈਨਸ਼ਨ ਲੈਣ ਵਾਲੇ ਨੇ, ਕਈ ਥਾਂਵਾਂ ’ਤੇ ਪਤੀ ਪਤਨੀ ਦੋਵੇਂ ਪੈਨਸ਼ਨਾਂ ਲੈਂਦੇ ਹਨ, ਪਰ ਉਨ੍ਹਾਂ ਨੂੰ ਜ਼ਲੀਲ ਕਰਨ ਵਿੱਚ ਨੂੰਹਾਂ ਕੋਈ ਕਸਰ ਨਹੀਂ ਛੱਡਦੀਆਂ। ਮਾਪਿਆਂ ਨੂੰ ਮਾਨਸਿਕ ਦਬਾਅ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਘਰਾਂ ਵਿੱਚ ਬਜ਼ੁਰਗਾਂ ਤੇ ਘਰੇਲੂ ਹਿੰਸਾ ਹੋ ਰਹੀ ਹੈ। ਅਸਲ ਵਿੱਚ ਮਾਪੇ ਸੀਨੀਅਰ ਸਿਟੀਜ਼ਨ ਐਕਟ ਅਧੀਨ ਮਦਦ ਲੈਣ ਵੀ ਚਲੇ ਜਾਣ ਤਾਂ ਦਫਤਰਾਂ ਵਿੱਚ ਖੱਜਲ ਖੁਆਰੀ ਹੀ ਪੱਲੇ ਪੈਂਦੀ ਹੈ। ਕਾਨੂੰਨ ਬਣ ਜਾਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ।
ਸੋਸ਼ਲ ਮੀਡੀਆ ’ਤੇ ਵੀਡੀਓ ਵੇਖੀ। ਦੋਂਹ ਕਾਨੂੰਨਾਂ ਦੀਆਂ ਧੱਜੀਆਂ ਉੱਡਦੀਆਂ ਸ਼ਰੇਆਮ ਵੇਖੀਆਂ। ਇੱਕ ਲੜਕੀ ਆਪਣੇ ਭਰਾ, ਮਾਂ, ਬਾਪ ਅਤੇ ਕੁਝ ਰਿਸ਼ਤੇਦਾਰਾਂ ਨਾਲ ਸਹੁਰੇ ਪਰਿਵਾਰ ਦੇ ਘਰ ਵਿੱਚ ਵੜ ਗਈ। ਲੜਾਈ ਹੋ ਰਹੀ ਸੀ। ਲੜਕੇ ਦੇ ਮਾਪਿਆਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਸੀ। ਜਿਸਦੀ ਪਤਨੀ ਸੀ ਉਹ ਵੀ ਘਰ ਤੋਂ ਬਾਹਰ ਹੀ ਸੀ। ਘਰ ਲੜਕੇ ਦੀ ਮਾਂ ਦੇ ਨਾਮ ਸੀ। ਬਹੁਤ ਸਾਰੇ ਫੈਸਲੇ ਹਨ ਅਤੇ ਸਮੇਂ ਸਮੇਂ ਪੜ੍ਹਨ ਨੂੰ ਮਿਲਦਾ ਹੈ ਕਿ ਮਾਪਿਆਂ ਦੀ ਬਣਾਈ ਜਾਇਦਾਦ ਵਿੱਚ ਨੂੰਹਾਂ ਪੁੱਤਾਂ ਦਾ ਕੋਈ ਹੱਕ ਨਹੀਂ। ਸੀਨੀਅਰ ਸਿਟੀਜ਼ਨ ਐਕਟ ਅਨੁਸਾਰ ਬਜ਼ੁਰਗਾਂ ਨੂੰ ਘਰ ਵਿੱਚੋਂ ਨਹੀਂ ਕੱਢਿਆ ਜਾ ਸਕਦਾ। ਦਹੇਜ ਦੀ ਦੁਹਾਈ ਪਾਈ ਜਾ ਰਹੀ ਸੀ। ਲੜਕੀ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰ ਦੀ ਹੱਕਦਾਰ ਹੈ। ਉਸਦੇ ਮਾਪਿਆਂ ’ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜੋ ਆਪਣੀ ਧੀ ਨੂੰ ਦੇ ਨਹੀਂ ਰਹੇ। ਇਹ ਦਹੇਜ ਦੇ ਰੌਲੇ ਘਚੋਲੇ ਬੰਦ ਹੋਣੇ ਬਹੁਤ ਜ਼ਰੂਰੀ ਹਨ। ਅਸਲ ਵਿੱਚ ਪੁਲਿਸ ਦੀ ਇੱਕ ਤਰਫੀ ਗੱਲ ਸੁਣਨ ਕਰਕੇ, ਲੜਕੇ ਦੇ ਮਾਪੇ ਬਹੁਤ ਕੁਝ ਬਰਦਾਸ਼ਤ ਕਰਦੇ ਰਹਿੰਦੇ ਹਨ। ਜੋ ਹਾਲਤ ਉਸ ਦਿਨ ਉਨ੍ਹਾਂ ਬਜ਼ੁਰਗ ਮਾਪਿਆਂ ਦੀ ਸੀ, ਸ਼ਰਮ ਆ ਰਹੀ ਸੀ।
ਉਹ ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਵਧੇਰੇ ਵੱਡੀਆਂ ਰਕਮਾਂ ਮੰਗ ਰਹੇ ਹਨ, ਜਿਨ੍ਹਾਂ ਨੇ ਕੁਝ ਵੀ ਨਹੀਂ ਦਿੱਤਾ ਹੁੰਦਾ। ਜੋ ਹਾਲਾਤ ਬਣ ਰਹੇ ਹਨ ਜੋ ਵੀ ਲੈਣ ਦੇਣ ਵਿਆਹ ਵਿੱਚ ਹੁੰਦਾ ਹੈ, ਉਸ ਨੂੰ ਲਿਖਤੀ ਰੂਪ ਵਿੱਚ ਇੱਕ ਦੂਜੇ ਨੂੰ ਦਿੱਤਾ ਜਾਵੇ ਅਤੇ ਗਵਾਹਾਂ ਦੇ ਦਸਤਖਤ ਕਰਵਾਏ ਜਾਣ। ਜੇਕਰ ਸਮੱਸਿਆ ਹੁੰਦੀ ਹੈ ਤਾਂ ਉਹ ਗਵਾਹ ਹੀ ਸਾਰਾ ਸਮਾਨ ਇੱਕ ਦੂਜੇ ਨੂੰ ਵਾਪਸ ਕਰਵਾਉਣ। ਕਿੱਧਰੇ ਲੜਕੀਆਂ ਜ਼ਿਆਦਤੀਆਂ ਕਰਦੀਆਂ ਹਨ ਅਤੇ ਕਿੱਧਰੇ ਲੜਕੇ। ਕਾਨੂੰਨਾਂ ਨੂੰ ਲੰਗੜੇ ਲੂਲੇ ਕੀਤਾ ਜਾ ਰਿਹਾ ਹੈ। ਦਹੇਜ ਦੇਣ ਅਤੇ ਲੈਣ ਵਾਲੇ ਦੋਨੋਂ ਗੁਨਾਹਗਾਰ ਹਨ, ਪਰ ਕੇਸ ਸਿਰਫ਼ ਲੜਕੇ ਵਾਲਿਆਂ ’ਤੇ ਹੀ ਹੁੰਦਾ ਹੈ। ਲੜਕੀ ਦੇ ਪਰਿਵਾਰ ’ਤੇ ਵੀ ਦਹੇਜ ਦੇਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ।
ਝੂਠੇ ਦਹੇਜ ਦੇ ਕੇਸਾਂ ਵਿੱਚ ਅਤੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਸਿਰਫ਼ ਲੜਕੀਆਂ ਹੀ ਖੁਦਕੁਸ਼ੀਆਂ ਨਹੀਂ ਕਰ ਰਹੀਆਂ, ਲੜਕੇ ਵੀ ਕਰ ਰਹੇ ਹਨ। ਤਕਲੀਫ਼ ਸਿਰਫ਼ ਲੜਕੀਆਂ ਦੇ ਮਾਪਿਆਂ ਨੂੰ ਹੀ ਨਹੀਂ ਹੁੰਦੀ, ਲੜਕੇ ਦੇ ਮਾਪਿਆਂ ਨੂੰ ਵੀ ਹੁੰਦੀ ਹੈ। ਸਮੱਸਿਆ ਇਹ ਹੈ ਕਿ ਲੜਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਗੱਲ ਨਹੀਂ ਕਰਦਾ। ਲੜਕੇ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੋਈ ਗੱਲ ਨਹੀਂ ਸੁਣਦਾ।
ਇਹ ਬਹੁਤ ਜ਼ਰੂਰੀ ਹੈ ਸਮਾਜ ਅਤੇ ਪਰਿਵਾਰਾਂ ਨੂੰ ਚਲਾਉਣ ਵਾਸਤੇ ਕਿ ਇੱਕ ਤਰਫੀ ਗੱਲ ਨਾ ਕੀਤੀ ਜਾਵੇ। ਸੋਸ਼ਲ ਮੀਡੀਆ ’ਤੇ ਬਹੁਤ ਹੀ ਬੁਰੀ ਹਾਲਤ ਵਿੱਚ ਇੱਕ ਪਰਿਵਾਰ ਵੇਖਿਆ। ਆਪ ਘਰ ਦਾ ਮਾਲਕ ਪੀਐੱਚਡੀ ਹੈ ਅਤੇ ਯੂਨੀਵਰਸਿਟੀ ਤੋਂ ਰਿਟਾਇਰ ਹਨ। ਉਨ੍ਹਾਂ ਦੀ ਪਤਨੀ ਵੀ ਨੌਕਰੀ ਪੇਸ਼ਾ ਸੀ। ਸ਼ਾਇਦ ਅਧਿਆਪਕ ਸਨ। ਉਨ੍ਹਾਂ ਦੇ ਬੇਟੇ ਦਾ ਵਿਆਹ ਹੋਇਆ। ਲੜਕਾ ਅਮਰੀਕਾ ਵਿੱਚ ਸੀ। ਪਤੀ ਪਤਨੀ ਦੀ ਅਣਬਣ ਹੋ ਗਈ। ਲੜਕੀ ਦੇ ਪਰਿਵਾਰ ਨੇ ਦਹੇਜ ਦਾ ਕੇਸ ਦਰਜ ਕਰਵਾ ਦਿੱਤਾ। ਦੋਨੋਂ ਦੋ ਸਾਲ ਜੇਲ੍ਹ ਵਿੱਚ ਰਹੇ ਅਤੇ ਉੱਥੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਬਾਹਰ ਨਿਕਲਣਾ ਅਤੇ ਲੋਕਾਂ ਨਾਲ ਮਿਲਣਾ ਬੰਦ ਕਰ ਦਿੱਤਾ। ਦੋਸ਼ੀ ਕੌਣ ਸੀ, ਸਾਬਿਤ ਹੋਇਆ ਜਾਂ ਨਹੀਂ, ਕਿਸੇ ਨੂੰ ਪਤਾ ਨਹੀਂ। ਪਰ ਇੰਨੇ ਪੜ੍ਹੇ ਲਿਖੇ ਜੋੜੇ ਦੀ ਜ਼ਿੰਦਗੀ ਨਰਕ ਕਰ ਦਿੱਤੀ। ਜੇਕਰ ਦਹੇਜ ਦਿੱਤਾ ਸੀ ਤਾਂ ਜੋ ਜੋ ਦਿੱਤਾ ਸੀ ਵਾਪਸ ਲੈਣ ਦੇਣ ਕਰ ਲੈਣਾ ਚਾਹੀਦਾ ਸੀ। ਹਕੀਕਤ ਇਹ ਹੈ ਕਿ ਦਹੇਜ ਦੇ ਵਿਰੁੱਧ ਬਣਾਏ ਕਾਨੂੰਨ ਦੀ ਦੁਰਵਰਤੋਂ ਸ਼ਰੇਆਮ ਹੋ ਰਹੀ ਹੈ। ਜੇਕਰ ਲੜਕੇ ਅਤੇ ਉਸਦੇ ਪਰਿਵਾਰ ਦੀ ਸੁਣਵਾਈ ਨਹੀਂ ਹੋਏਗੀ ਅਤੇ ਕਾਨੂੰਨ ਦੀ ਦੁਰਵਰਤੋਂ ਇਵੇਂ ਹੀ ਹੁੰਦੀ ਰਹੀ ਤਾਂ ਜਿਹੜੇ ਅੱਜ ਮੁੰਡੇ ਵਾਲਿਆਂ ਦੀ ਗੱਲ ਨਹੀਂ ਸੁਣਦੇ, ਹੋ ਸਕਦਾ ਉਹ ਵੀ ਅੜਿੱਕੇ ਆ ਜਾਣ।
ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਣਾ ਸਾਡਾ ਸਭਿਆਚਾਰ ਨਹੀਂ ਹੈ। ਪਰ ਜਿਵੇਂ ਦੇ ਹਾਲਾਤ ਬਣ ਰਹੇ ਹਨ, ਮਾਪਿਆਂ ਨੂੰ ਆਪਣੀ ਬੇਇੱਜ਼ਤੀ ਕਰਵਾਉਣ ਨਾਲੋਂ ਉੱਥੇ ਚਲੇ ਜਾਣਾ ਚਾਹੀਦਾ ਹੈ। ਅਸਲ ਵਿੱਚ ਅਸੀਂ ਪੁੱਤਾਂ/ਔਲਾਦ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਉਨ੍ਹਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੁੰਦੇ।
ਜਿਹੜੀਆਂ ਨੂੰਹਾਂ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਦੀਆਂ, ਵਧੇਰੇ ਕਰਕੇ ਉਨ੍ਹਾਂ ਦੇ ਮਾਪਿਆਂ ਦੀ ਸਿੱਖਿਆ ਹੀ ਠੀਕ ਨਹੀਂ ਹੁੰਦੀ। ਬਹੁਤ ਵਾਰ ਮਾਪੇ (ਸੱਸ ਸਹੁਰਾ) ਜਵਾਬ ਨਹੀਂ ਦਿੰਦੇ। ਪਰ ਲੜਕੀ ਅਤੇ ਉਸਦੇ ਮਾਪੇ ਇਸ ਵਿੱਚ ਆਪਣੀ ਜਿੱਤ ਸਮਝਦੇ ਹਨ। ਸਿਆਣੇ ਕਹਿੰਦੇ ਨੇ, “ਇੱਜ਼ਤ ਵਾਲਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ।” ਬਜ਼ੁਰਗਾਂ ਦੀ ਆਪਣੀ ਕਮਾਈ ਆਪਣੇ ’ਤੇ ਖਰਚਣੀ ਵੀ ਨੂੰਹਾਂ ਪੁੱਤਾਂ ਨੂੰ ਹਜ਼ਮ ਨਹੀਂ ਹੁੰਦੀ। ਉਨ੍ਹਾਂ ਦਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ, ਦੋਸਤਾਂ ਮਿੱਤਰਾਂ ਨੂੰ ਮਿਲਣਾ ਜਾਂ ਆਪਣੇ ਲਈ ਸਮਾਨ ਖਰੀਦਣਾ, ਬਹੁਤ ਚੁੱਭਦਾ ਹੈ। ਘਰ ਦੇ ਬਜ਼ੁਰਗਾਂ ’ਤੇ ਰੋਜ਼ ਨਵੇਂ ਇਲਜ਼ਾਮ ਲਗਾਏ ਜਾਂਦੇ ਹਨ। ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਗਲਤ ਕਿੱਥੇ ਹਨ, ਬੋਲਦੇ ਹਨ ਤਾਂ ਅੱਗੋਂ ਤੋਹਮਤਾਂ ਦੀ ਝੜੀ ਲੱਗ ਜਾਂਦੀ ਹੈ। ਅਸਲ ਵਿੱਚ ਘਰਾਂ ਵਿੱਚ ਰਹਿ ਕੇ ਵੀ ਇਕੱਲੇ ਅਤੇ ਪ੍ਰੇਸ਼ਾਨ ਹਨ ਅਤੇ ਅਲੱਗ ਰਹਿ ਕੇ ਵੀ ਇਕੱਲਤਾ ਖਾਂਦੀ ਹੈ। ਜਾਇਦਾਦ ਨੂੰਹਾਂ ਨੂੰ ਅਤੇ ਉਸਦੇ ਮਾਪਿਆਂ ਨੂੰ ਜਲਦੀ ਚਾਹੀਦੀ ਹੈ। ਅਸਲ ਵਿੱਚ ਲੜਕੀਆਂ ਮਾਪਿਆਂ ਦੀ ਦੇਖਭਾਲ ਕਰ ਰਹੀਆਂ ਦੀ ਦੁਹਾਈ ਪਾਉਣ ਵਾਲੇ ਭੁੱਲ ਰਹੇ ਹਨ ਕਿ ਉਸਦੀਆਂ ਸਹੁਰੇ ਪਰਿਵਾਰ ਲਈ ਵੀ ਜ਼ਿੰਮੇਵਾਰੀਆਂ ਹਨ। ਸੱਸ ਸਹੁਰਾ ਬੀਮਾਰ ਹੋਣ ਤਾਂ ਨੂੰਹਾਂ ਨੌਟੰਕੀ ਦੱਸਦੀਆਂ ਹਨ। ਆਪਣੇ ਮਾਂ ਬਾਪ ਬੀਮਾਰ ਹੋਣ ਤਾਂ ਭੱਜ ਭੱਜ ਦੇਖਭਾਲ ਕਰਨ ਜਾਂਦੀਆਂ ਹਨ। ਲੜਕਾ ਆਪਣੇ ਮਾਪਿਆਂ ਨੂੰ ਬੁਲਾਏ ਅਤੇ ਦੇਖਭਾਲ ਕਰੇ ਤਾਂ ਘਰ ਵਿੱਚ ਮਹਾਂਭਾਰਤ ਸ਼ੁਰੂ ਹੋ ਜਾਂਦੀ ਹੈ। ਮਾਪੇ ਵਧੇਰੇ ਕਰਕੇ ਪੁੱਤਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਹੀ ਨਹੀਂ। ਜਦੋਂ ਪੁੱਤ ਆਪਣੀ ਪਤਨੀ ਦੇ ਕਹਿਣ ’ਤੇ ਵਧੇਰੇ ਯਕੀਨ ਕਰਨ ਲੱਗ ਜਾਏ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਦੱਸਣ ਦਾ ਕੋਈ ਫਾਇਦਾ ਨਹੀਂ ਹੈ। ਮਾਪੇ ਘੁੱਟ ਘੁੱਟ ਮਰਦੇ ਹਨ ਅਤੇ ਜ਼ਿਆਦਤੀਆਂ ਸਹਿੰਦੇ ਰਹਿੰਦੇ ਹਨ।
ਲੱਗਦਾ ਹੈ ਬਦਲਾਅ ਦੇ ਨਾਮ ’ਤੇ ਜੋ ਕੁਝ ਹੋ ਰਿਹਾ ਹੈ, ਮਾਪਿਆਂ ਨੂੰ ਵੀ ਬਦਲਣਾ ਚਾਹੀਦਾ ਹੈ। ਆਪਣੀ ਜਾਇਦਾਦ ਪੁੱਤਾਂ ਨੂੰ ਬਿਲਕੁਲ ਨਾ ਦਿਉ। ਜਿੰਨੀ ਦੇਰ ਰਹਿ ਸਕਦੇ ਹੋ ਰਹੋ। ਜੇਕਰ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਤਾਂ ਸੀਨੀਅਰ ਸਿਟੀਜ਼ਨ ਹੋਮ ਵਿੱਚ ਜਾਣ ਲਈ ਮੰਨ ਪੱਕਾ ਕਰ ਲਵੋ। ਮਹੀਨੇ ਦੀ ਬੱਝੀ ਆਮਦਨ ਹੈ ਤਾਂ ਠੀਕ ਹੈ, ਨਹੀਂ ਤਾਂ ਆਪਣੀ ਨਾਮ ਵਾਲੀ ਜਾਇਦਾਦ ’ਤੇ ਕਰਜ਼ਾ ਲੈ ਕੇ ਖਰਚਾ ਦਿੰਦੇ ਰਹੋ। ਇਹ ਲਿਖਣਾ ਸੌਖਾ ਹੈ ਪਰ ਕਰਨਾ ਬਹੁਤ ਔਖਾ ਹੈ। ਪਰ ਇਸ ਤੋਂ ਬਗੈਰ ਹੋਰ ਕੋਈ ਰਸਤਾ ਵੀ ਨਹੀਂ ਹੈ। ਜਿਵੇਂ ਦੇ ਹਾਲਾਤ ਨੇ ਬਜ਼ੁਰਗਾਂ ਦੀ ਘਰਾਂ ਵਿੱਚ ਬੇਹੱਦ ਬੇਕਦਰੀ ਹੈ ਅਤੇ ਉਨ੍ਹਾਂ ਨੂੰ ਗੱਲ ਗੱਲ ’ਤੇ ਜ਼ਲੀਲ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਸੀਨੀਅਰ ਸਿਟੀਜ਼ਨ ਐਕਟ ਦੀ ਜੇਕਰ ਕੋਈ ਮਦਦ ਲੈਣਾ ਵੀ ਚਾਹੁੰਦਾ ਹੈ ਤਾਂ ਉਸਦੀ ਸੁਣਵਾਈ ਨਹੀਂ ਹੁੰਦੀ। ਕਾਨੂੰਨਾਂ ਦੀ ਦੁਰਵਰਤੋਂ ਨੇ ਅਤੇ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨਾ, ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3194)
(ਸਰੋਕਾਰ ਨਾਲ ਸੰਪਰਕ ਲਈ: