“ਸੋਚ ਸਾਡੇ ਅੰਦਰ ਨੂੰ ਬਿਆਨ ਕਰਦੀ ਹੈ। ਸੋਚ ਉੱਚੀ ...”
(19 ਦਸੰਬਰ 2019)
ਇਹ ਸੱਚ ਹੈ ਕਿ ਜਿਹੋ ਜਿਹੀ ਕਿਸੇ ਵਿਅਕਤੀ ਦੀ ਸੋਚ ਹੋਵੇਗੀ, ਉਹੋ ਜਿਹੀ ਹੀ ਉਸਦੀ ਕਥਨੀ ਅਤੇ ਕਰਨੀ ਹੋਵੇਗੀ। ਜਿਸ ਤਰ੍ਹਾਂ ਜੋ ਕੁਝ ਕਿਸੇ ਪਤੀਲੇ ਵਿੱਚ ਰਿੱਝ ਰਿਹਾ ਹੋਏਗਾ, ਉਹੋ ਕੁਝ ਹੀ ਉੱਬਲ ਕੇ ਬਾਹਰ ਆਉਣਾ ਹੈ। ਸੋਰੇਨ ਕਿਰਕੇਗਾਰਡ ਅਨੁਸਾਰ - ‘ਸਾਡੀ ਜ਼ਿੰਦਗੀ ਸਾਡੀਆਂ ਪ੍ਰਮੁੱਖ ਸੋਚਾਂ ਦਾ ਹੀ ਪ੍ਰਗਟਾਵਾ ਹੁੰਦਾ ਹੈ।’ ਸੋਚ ਤੁਹਾਨੂੰ ਬੋਲਣ ਲਈ ਸ਼ਬਦਾਂ ਦਾ ਭੰਡਾਰ ਦਿੰਦੀ ਹੈ। ਫਰਕ ਸਿਰਫ ਇਹ ਹੈ ਕਿ ਜੇਕਰ ਚੰਗੀ ਸੋਚ ਹੋਏਗੀ ਤਾਂ ਸ਼ਬਦਾਂ ਦੀ ਸੋਚ ਵੀ ਵਧੀਆ ਹੋਏਗੀ। ਮਾੜੀ ਸੋਚ ਹੋਏਗੀ ਤਾਂ ਸ਼ਬਦਾਂ ਦੀ ਚੋਣ ਵੀ ਹਲਕੀ ਹੀ ਹੋਏਗੀ। ਸਿਆਣੇ ਤਾਂ ਹੀ ਕਹਿ ਗਏ ਹਨ, “ਮੁਰਦਾ ਬੋਲੂ, ਕੱਫਣ ਪਾੜੂ।” ਇਸਦੇ ਅਰਥ ਭਾਵੇਂ ਕੁਝ ਵੀ ਹੋਣ ਪਰ ਮੈਂਨੂੰ ਲੱਗਦਾ ਹੈ ਕਿ ਮਾੜੀ ਸੋਚ ਵਾਲਾ ਬੋਲਕੇ ਨੁਕਸਾਨ ਹੀ ਕਰਦਾ ਹੈ ਜਾਂ ਕਰਵਾਉਂਦਾ ਹੈ।
ਪਰਿਵਾਰਾਂ ਵਿੱਚ ਅਤੇ ਸਮਾਜ ਵਿੱਚ ਇਹੋ ਜਿਹੇ ਲੋਕ ਹਰ ਕਿਸੇ ਨੂੰ ਮਿਲ ਜਾਂਦੇ ਹਨ। ਆਪਾਂ ਉਹ ਗੱਲਾਂ ਹੀ ਸਾਂਝੀਆਂ ਕਰਾਂਗੇ ਜੋ ਆਮ ਘਰਾਂ, ਦਫਤਰਾਂ ਜਾਂ ਸਾਡੇ ਆਸ-ਪਾਸ ਅਸੀਂ ਵੇਖੀਆਂ, ਹੰਢਾਈਆਂ ਜਾਂ ਮਹਿਸੂਸ ਕੀਤੀਆਂ ਹਨ।
ਪਹਿਲਾਂ ਗੱਲ ਪਰਿਵਾਰ ਦੀ ਹੀ ਕਰਦੇ ਹਾਂ। ਅੱਜ ਪਹਿਲਾਂ ਵਾਂਗ ਪਰਿਵਾਰਾਂ ਵਿੱਚ ਵੱਡਿਆਂ ਦਾ ਸਤਿਕਾਰ ਅਤੇ ਇੱਜ਼ਤ ਮਾਣ ਨਹੀਂ ਰਿਹਾ। ਸਾਂਝ ਵੀ ਪਰਿਵਾਰਾਂ ਵਿੱਚ ਘਟ ਗਈ ਹੈ। ਇਸ ਵਕਤ “ਅਸੀਂ” ਦੀ ਥਾਂ “ਮੈਂ” ਨੇ ਲੈ ਲਈ ਹੈ। ਮੇਰਾ ਕਮਰਾ ਅਤੇ ਮੈਂ। ਕਿਸੇ ਨਾਲ ਰਹਿਣ ਦੀ ਸੋਚ ਹੀ ਨਹੀਂ ਤਾਂ ਰਿਹਾ ਕਿਵੇਂ ਜਾਏਗਾ। ਨੌਜਵਾਨ ਪੀੜ੍ਹੀ ਮਾਪਿਆਂ ਦਾ ਜੇਕਰ ਸਤਿਕਾਰ ਨਹੀਂ ਕਰਦੀ ਤਾਂ ਨੌਜਵਾਨ ਪੀੜ੍ਹੀ ਦੀ ਸੋਚ ਦਾ ਇਸ ਪਿੱਛੇ ਬਹੁਤ ਵੱਡਾ ਹੱਥ ਹੈ। ਉਹ ਮਾਪਿਆਂ ਨਾਲੋਂ ਵੱਧ ਪੜ੍ਹੇ ਤਾਂ ਹੋ ਸਕਦੇ ਹਨ, ਸਿਆਣੇ ਨਹੀਂ ਹੋ ਸਕਦੇ। ਅੱਜ ਜਦੋਂ ਧੜਾਧੜ ਰਿਸ਼ਤਿਆਂ ਵਿੱਚ ਤਰੇੜਾਂ ਪੈ ਰਹੀਆਂ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਤਲਾਕ ਹੋ ਰਹੇ ਹਨ ਤਾਂ ਕਿਧਰੇ ਨਾ ਕਿਧਰੇ ਸੋਚ ਆਪਣੀ ਖੇਡ ਖੇਡਦੀ ਜਾਪਦੀ ਹੈ। ਜਦੋਂ ਲੜਕੀ ਸਹੁਰੇ ਪਰਿਵਾਰ ਵਿੱਚ ਨੁਕਸ ਹੀ ਕੱਢੇ ਅਤੇ ਲੜਕੇ (ਪਤੀ) ਦੇ ਕੰਨਾਂ ਵਿੱਚ ਉਸਦੇ ਮਾਪਿਆਂ ਖ਼ਿਲਾਫ ਕੁਝ ਨਾ ਕੁਝ ਭਰਦੀ ਰਹੇ ਤਾਂ ਉਸਨੇ ਸੋਚਿਆ ਹੋਇਆ ਹੁੰਦਾ ਹੈ ਕਿ ਕੀ ਕਰਨਾ ਹੈ। ਉਸਨੇ ਲੜਕੇ ਨੂੰ ਉਸਦੇ ਮਾਪਿਆਂ ਦੇ ਖਿਲਾਫ ਖੜ੍ਹਾ ਕਰਨਾ ਹੁੰਦਾ ਹੈ।
ਜਦੋਂ ਨੂੰਹਾਂ ਸੱਸ ਸਹੁਰੇ ਦੇ ਅੱਗੇ ਬੋਲਦੀਆਂ ਹਨ ਜਾਂ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਤੁਹਾਨੂੰ ਕੁਝ ਨਹੀਂ ਪਤਾ ਤਾਂ ਉਨ੍ਹਾਂ ਦੇ ਅੰਦਰ ਜੋ ਸੋਚ ਹੁੰਦੀ ਹੈ, ਉਹ ਹੀ ਕੰਮ ਕਰ ਰਹੀ ਹੁੰਦੀ ਹੈ। ਜਿਹੋ ਜਿਹੀ ਕਿਸੇ ਦੀ ਸੋਚ ਹੁੰਦੀ ਹੈ, ਉਹ ਦੂਸਰਿਆਂ ਲਈ ਉਹੋ ਜਿਹਾ ਹੀ ਸੋਚੇਗਾ। ਖੂਹ ਦਾ ਡੱਡੂ ਸਮੁੰਦਰ ਬਾਰੇ ਨਹੀਂ ਸੋਚ ਸਕਦਾ।
ਸੱਚ ਹੈ, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ”। ਵਧੇਰੇ ਕਰਕੇ ਲੋਕਾਂ ਦੀ ਸੋਚ ਅਤੇ ਆਦਤਾਂ ਨਹੀਂ ਬਦਲਦੀਆਂ। ਅੱਜ ਬਰੈਂਡਡ ਕੱਪੜੇ ਜਾਂ ਮਹਿੰਗੇ ਕੱਪੜੇ ਅਤੇ ਜੁੱਤੀਆਂ ਦਾ ਪਹਿਨਣਾ ਤਾਂ ਆਮ ਹੋ ਗਿਆ ਹੈ ਪਰ ਸੋਚ ਉੱਥੇ ਹੀ ਖੜ੍ਹੀ ਹੈ। ਅੱਜ ਵੀ ਲੋਕ ਦੂਸਰਿਆਂ ਦੇ ਰਿਸ਼ਤਿਆਂ ਵੱਲ ਉਂਗਲ ਚੁੱਕਣ ਤੋਂ ਨਹੀਂ ਹਟਦੇ। ਬਹੁਤ ਫੈਸ਼ਨ ਕਰਨ ਵਾਲੀਆਂ ਨੂੰ ਵੀ ਮੈਂ ਉਸ ਨੀਵੇਂ ਪੱਧਰ ਦੀਆਂ ਗੱਲਾਂ ਕਰਦੀਆਂ ਅਤੇ ਚੁਗਲੀਆਂ ਕਰਦੀਆਂ ਵੇਖਿਆ ਅਤੇ ਸੁਣਿਆ ਹੈ। ਮੈਂ ਸੋਚਦੀ ਹਾਂ ਕਿ ਇਹ ਮਾਂਵਾਂ ਆਪਣੇ ਬੱਚਿਆਂ ਨੂੰ ਵੀ ਇਹੋ ਜਿਹੀ ਹੀ ਅਕਲ ਦੇਣਗੀਆਂ, ਬੱਚੇ ਇਨ੍ਹਾਂ ਤੋਂ ਇਹੋ ਕੁਝ ਹੀ ਸਿੱਖਣਗੇ। ਜਦੋਂ ਮਾਵਾਂ ਅਤੇ ਧੀਆਂ ਦੇ ਕੱਪੜਿਆਂ ਦੀ ਵੀ ਸਾਂਝ ਹੋਵੇ ਤਾਂ ਉਨ੍ਹਾਂ ਦੀ ਸੋਚ ਵੀ ਉਵੇਂ ਦੀ ਹੋਏਗੀ। ਜਿਹੜੀਆਂ ਮਾਵਾਂ ਦੀ ਇਹ ਸੋਚ ਹੈ ਕਿ ਧੀਆਂ ਨੂੰ ਪੜ੍ਹਨ ਤੋਂ ਬਾਦ ਸੱਸ ਸਹੁਰੇ ਤੋਂ ਵਧੇਰੇ ਅਕਲ ਹੈ ਜਾਂ ਮੈਂਨੂੰ ਵਧੇਰੇ ਅਕਲ ਹੈ, ਉੱਥੇ ਧੀਆਂ ਵੀ ਸੁਹਰੇ ਪਰਿਵਾਰ ਵਿੱਚ ਵਧੇਰੇ ਕਰਕੇ ਟਿਕਦੀਆਂ ਨਹੀਂ। ਮਾਪੇ ਹਮੇਸ਼ਾ ਮਾਪੇ ਹੀ ਹੁੰਦੇ ਹਨ। ਜਿੱਥੇ ਲੜਕੀਆਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੀਆਂ, ਉੱਥੇ ਲੜਕੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਦੀ ਸੋਚ ਵੀ ਸਾਹਮਣੇ ਆਉਂਦੀ ਹੈ। ਇਵੇਂ ਹੀ ਜੇਕਰ ਲੜਕਾ ਗਲਤੀਆਂ ਕਰਦਾ ਹੈ ਤਾਂ ਉਸਦੀ ਅਤੇ ਉਸਦੇ ਮਾਪਿਆਂ ਦੀ ਸੋਚ ਸਾਹਮਣੇ ਦਿਖਾਈ ਦਿੰਦੀ ਹੈ।
ਜੇਕਰ ਅੱਜ ਦਫਤਰਾਂ ਦੇ ਢਾਂਚੇ ਦੀ ਗੱਲ ਕਰੀਏ ਤਾਂ ਉੱਥੇ ਵੀ ਸੋਚ ਹੀ ਕੰਮ ਕਰਦੀ ਹੈ। ਜਦੋਂ ਕਿਸੇ ਨੇ ਇਹ ਸੋਚ ਲਿਆ ਕਿ ਮੈਂ ਦਫਤਰ ਸਮੇਂ ਸਿਰ ਨਹੀਂ ਜਾਣਾ ਤਾਂ ਉਹ ਨਹੀਂ ਜਾਵੇਗਾ। ਪਰ ਜਿਸਦੀ ਸੋਚ ਵਿੱਚ ਸਮੇਂ ਦੀ ਕਦਰ ਹੋਏਗੀ, ਉਹ ਮੀਂਹ ਹਨ੍ਹੇਰੀ ਵਿੱਚ ਵੀ ਸਮੇਂ ’ਤੇ ਪਹੁੰਚ ਜਾਵੇਗਾ। ਜਿਸਨੇ ਪੈਸੇ ਲੈਕੇ ਕੰਮ ਕਰਨਾ ਹੈ, ਉਸਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਸੋਚ ਲੈਣੇ ਹਨ ਕਿ ਉਹ ਪੈਸੇ ਲੈ ਕੇ ਹੀ ਕੰਮ ਕਰੇਗਾ।
ਅੱਜਕਲ੍ਹ ਨਾਂਹ-ਪੱਖੀ ਸੋਚ ਭਾਰੂ ਹੋ ਰਹੀ ਹੈ। ਬੋਲਣ ਤੋਂ ਪਹਿਲਾਂ ਕੋਈ ਸੋਚਦਾ ਨਹੀਂ ਅਤੇ ਕੁਝ ਕਰਨ ਤੋਂ ਪਹਿਲਾਂ ਕੁਝ ਵਿਚਾਰਦਾ ਨਹੀਂ। “ਮੈਂ” ਸਭ ਕੁਝ ਹਾਂ, ਭਾਰੂ ਹੈ। ਅੱਜ ਛੋਟੀ ਜਿਹੀ ਬਹਿਸ ਤੋਂ ਬਾਦ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ। ਕਿਸੇ ਦੀ ਜਾਨ ਲੈਣ ਵਿੱਚ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਇਨ੍ਹਾਂ ਲੋਕਾਂ ਨੂੰ ਸੋਚ ਹੀ ਨਹੀਂ ਕਿ ਇੱਕ ਬੰਦੇ ਦੇ ਮਰਨ ਦਾ ਅਸਰ ਕਿੰਨੇ ਲੋਕਾਂ ਉੱਤੇ ਪਵੇਗਾ। ਅਸ਼ਟਾਵਕਰ ਗੀਤਾਂ ਅਨੁਸਾਰ, “ਜੇ ਕੋਈ ਆਪਣੇ ਆਪ ਨੂੰ ਮੁਕਤ ਸਮਝਦਾ ਹੈ ਤਾਂ ਉਹ ਮੁਕਤ ਹੈ। ਜੇ ਕੋਈ ਆਪਣੇ ਆਪ ਨੂੰ ਬੰਦੀ ਸਮਝਦਾ ਹੈ ਤਾਂ ਉਹ ਬੰਦੀ ਹੈ। ਇਸੇ ਲਈ ਇਹ ਅਖਾਣ ਸੱਚ ਹੈ ਕਿ ਜੈਸਾ ਸੋਚੋਗੇ ਵੈਸਾ ਹੀ ਪਾਉਗੇ।”
ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਜਿਨ੍ਹਾਂ ਲੋਕਾਂ ਦੀ ਸੋਚ ਸਰਕਾਰ ਵਿੱਚ ਉੱਚੀ ਕੁਰਸੀ ’ਤੇ ਬੈਠਣ ਦੀ ਹੁੰਦੀ ਹੈ, ਉਹ ਉਸ ਕੁਰਸੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਉਸ ਬਾਰੇ ਹੀ ਬੋਲਣਗੇ। ਉਸ ਤਰ੍ਹਾਂ ਦੇ ਹੀ ਕੰਮ ਕਰਨਗੇ। ਉਨ੍ਹਾਂ ਦੀ ਸੋਚ ਹੀ ਹੁੰਦੀ ਹੈ ਕਿ ਲੋਕਾਂ ਦੀਆਂ ਵੋਟਾਂ ਕਿਵੇਂ ਖਰੀਦਣੀਆਂ ਹਨ। ਹਾਂ, ਇੱਥੇ ਵੋਟਰਾਂ ਦੀ ਵੀ ਇਹੀ ਸੋਚ ਹੀ ਹੈ ਕਿ ਇਹ ਤਾਂ ਇਵੇਂ ਹੀ ਚੱਲਣਾ ਹੈ, ਜੋ ਮਿਲਦਾ ਹੈ, ਲੈ ਲਵੋ। ਵੋਟਰ ਨੇ ਜੋ ਮੰਗਿਆ ਵੋਟ ਦੇਣ ਦੇ ਬਦਲੇ ਅਤੇ ਉਹ ਲੈ ਲਿਆ, ਫੇਰ ਪੰਜ ਸਾਲ ਉਸਦਾ ਨਤੀਜਾ ਵੀ ਭੁਗਤਿਆ। ਵੋਟਰ ਦੀ ਸੋਚ ਨੇ ਉਸਦਾ ਕਿਰਦਾਰ ਸਾਹਮਣੇ ਲਿਆ ਖੜ੍ਹਾ ਕੀਤਾ।
ਸੋਚ ਸਾਡੇ ਅੰਦਰ ਨੂੰ ਬਿਆਨ ਕਰਦੀ ਹੈ। ਸੋਚ ਉੱਚੀ ਅਤੇ ਵਧੀਆ ਹੈ ਤਾਂ ਗਹਿਣੇ ਦੀ, ਮਹਿੰਗੇ ਕੱਪੜਿਆਂ ਦੀ ਅਤੇ ਵਿਖਾਵੇ ਦੀ ਜ਼ਰੂਰਤ ਨਹੀਂ ਪੈਂਦੀ। ਲਾਲ ਗੋਦੜੀ ਵਿੱਚ ਵੀ ਲਾਲ ਹੀ ਰਹਿਣਾ ਹੈ ਅਤੇ ਕੱਚ ਨੇ ਮਖਮਲ ਵਿੱਚ ਵੀ ਕੱਚ ਹੀ ਰਹਿਣਾ ਹੈ। ਕਦੇ ਵੀ ਇਹ ਸੋਚ ਕੇ ਦੁਖੀ ਨਾ ਹੋਵੋ ਕਿ ਫਲਾਣਾ ਤੁਹਾਡੇ ਬਾਰੇ ਕੀ ਸੋਚਦਾ ਹੈ। ਉਸਨੇ ਉਹੋ ਜਿਹਾ ਹੀ ਸੋਚਣਾ ਹੈ ਜਿਹੋ ਜਿਹੀ ਉਸਦੀ ਸੋਚ ਹੈ। ਜੇਕਰ ਉਹ ਤੁਹਾਨੂੰ ਬੁਰਾ ਭਲਾ ਕਹਿ ਰਹਾ ਹੈ ਤਾਂ ਉਹ ਆਪਣੀ ਸੋਚ ਦਾ ਹੀ ਵਿਖਾਵਾ ਕਰ ਰਿਹਾ ਹੈ ਅਤੇ ਆਪਣੇ ਬਾਰੇ ਉਹ ਜਾਣਕਾਰੀ ਦੇ ਰਿਹਾ ਹੈ, ਜੋ ਤੁਹਾਡੇ ਪਾਸ ਪਹਿਲਾਂ ਨਹੀਂ ਸੀ। ਸਿਆਣੇ ਠੀਕ ਹੀ ਕਹਿੰਦੇ ਨੇ, “ਪਹਿਲਾਂ ਤੋਲੋ ਫੇਰ ਬੋਲੋ।” ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੋ ਜਿਹੀ ਕਿਸੇ ਦੀ ਸੋਚ ਹੁੰਦੀ ਹੈ, ਉਹੋ ਜਿਹੀ ਹੀ ਉਸ ਦੀ ਕਥਨੀ ਅਤੇ ਕਰਨੀ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1851)
(ਸਰੋਕਾਰ ਨਾਲ ਸੰਪਰਕ ਲਈ: