“ਵੱਡੀਆਂ ਰਕਮਾਂ ਰਿਸ਼ਵਤ ਦੇ ਤੌਰ ’ਤੇ ਚੜ੍ਹ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ...”
(26 ਅਕਤੂਬਰ 2021)
ਬੋਲਣ ਅਤੇ ਗੱਲ ਕਰਨ ਦੇ ਤੌਰ ਤਰੀਕੇ ਬਹੁਤ ਕੁਝ ਬਿਆਨ ਕਰ ਦਿੰਦੇ ਹਨ। ਜਿਵੇਂ ਦੀ ਸੋਚ ਅਤੇ ਵਿਚਾਰ ਅੰਦਰ ਚੱਲ ਰਹੇ ਹੁੰਦੇ ਹਨ, ਉਵੇਂ ਦੇ ਬੋਲ ਮੂੰਹ ਵਿੱਚੋਂ ਨਿਕਲਦੇ ਹਨ। ਕਈ ਲੋਕ ਜਦੋਂ ਵੀ ਬੋਲਣਗੇ, ਜ਼ਹਿਰ ਹੀ ਉਗਲਣਗੇ। ਅਜਿਹੇ ਲੋਕ ਅੰਦਰੋਂ ਹੀ ਨਫਰਤ ਅਤੇ ਈਰਖਾ ਨਾਲ ਭਰੇ ਹੋਏ ਹੁੰਦੇ ਹਨ। ਅਜਿਹੇ ਲੋਕਾਂ ਲਈ ਹੀ ਸ਼ਾਇਦ ਸਿਆਣਿਆਂ ਨੇ ਕਿਹਾ ਹੈ, “ਮੁਰਦਾ ਬੋਲੂ, ਖੱਫਣ ਪਾੜੂ।” ਬੋਲ, ਭਾਸ਼ਾ ਬੰਦੇ ਦਾ ਵਿਅਕਤੀਤਵ, ਸੋਚ ਦਾ ਪੱਧਰ ਅਤੇ ਮਿਲੇ ਹੋਏ ਸੰਸਕਾਰ ਬਿਆਨ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ।
ਘਰਾਂ ਵਿੱਚ ਗੱਲ ਕਰਨ ਦੇ ਤੌਰ ਤਰੀਕੇ ਤੋਂ ਹੀ ਬੱਚੇ ਬਹੁਤ ਕੁਝ ਸਿੱਖਦੇ ਹਨ। ਜਿਵੇਂ ਦੀ ਘਰ ਵਿੱਚ ਭਾਸ਼ਾ ਵਰਤੀ ਜਾਂਦੀ ਹੈ ਅਤੇ ਜਿਵੇਂ ਦਾ ਲਹਿਜ਼ਾ ਹੁੰਦਾ ਹੈ, ਬੱਚੇ ਉਹ ਹੀ ਸਿੱਖਦੇ ਹਨ। ਮਾਪਿਆਂ ਦਾ ਬੱਚਿਆਂ ਦੀ ਬੋਲਬਾਣੀ ’ਤੇ ਬਹੁਤ ਅਸਰ ਪੈਂਦਾ ਹੈ। ਪਹਿਲਾਂ ਬਜ਼ੁਰਗ ਰਿਸ਼ਤੇ ਕਰਨ ਵੇਲੇ ਲੜਕੀ ਦੀ ਮਾਂ ਅਤੇ ਨਾਨੀ ਬਾਰੇ ਵੀ ਪਤਾ ਕਰਦੇ ਸੀ ਅਤੇ ਲੜਕੇ ਦੇ ਪਿਉ ਦਾਦੇ ਦੀ ਵੀ ਪੁੱਛ ਪੜਤਾਲ ਕਰਦੇ ਸੀ। ਜਿਹੜੀਆਂ ਧੀਆਂ ਸਹੁਰੇ ਪਰਿਵਾਰ ਵਿੱਚ ਜਾ ਕੇ ਵੱਡੇ ਛੋਟੇ ਦਾ ਲਿਹਾਜ਼ ਨਹੀਂ ਕਰਦੀਆਂ, ਵੱਡਿਆਂ ਦਾ ਸਤਿਕਾਰ ਨਹੀਂ ਕਰਦੀਆਂ ਅਤੇ ਬੋਲਣ ਵੇਲੇ ਸ਼ਬਦਾਂ ਦੀ ਮਰਿਆਦਾ ਨਹੀਂ ਰੱਖਦੀਆਂ, ਉਨ੍ਹਾਂ ਦੀਆਂ ਮਾਂਵਾਂ ਦੀਆਂ ਆਦਤਾਂ ਵੀ ਉਵੇਂ ਦੀਆਂ ਹੀ ਹੁੰਦੀਆਂ ਹਨ। ਇੱਕ ਲੜਕੀ ਦੀ ਸਹੁਰੇ ਘਰ ਵਿੱਚ ਬੋਲਚਾਲ ਅਤੇ ਰਹਿਣ ਸਹਿਣ ਉਸਦੀ ਮਾਂ ਅਤੇ ਨਾਨੀ ਬਾਰੇ ਬਹੁਤ ਕੁਝ ਦੱਸ ਦਿੰਦਾ ਹੈ। ਇਵੇਂ ਹੀ ਲੜਕੇ ਦਾ ਸੁਭਾਅ ਵੀ ਦੱਸ ਦਿੰਦਾ ਹੈ। ਜੇਮਜ਼ ਸ਼ਰਮਨ ਅਨੁਸਾਰ, “ਮਨੁੱਖ ਦੇ ਚਰਿੱਤਰ ਦਾ ਉਸਦੀ ਸੰਗਤ ਤੋਂ ਨਹੀਂ, ਬਲਕਿ ਗੱਲਬਾਤ ਕਰਨ ਦੇ ਉਸਦੇ ਲਹਿਜ਼ੇ ਤੋਂ ਪਤਾ ਲੱਗਦਾ ਹੈ।”
ਬਹੁਤ ਵਾਰ ਅਸੀਂ ਸੁਣਿਆ ਹੈ ਕਿ ਜੇ ਫਲਾਨਾ ਬੰਦਾ ਮੂੰਹ ਨਾ ਖੋਲ੍ਹੇ ਤਾਂ ਚੰਗਾ ਹੈ। ਇਸਦਾ ਸਾਫ ਮਤਲਬ ਹੈ ਕਿ ਉਸਦੇ ਵਿਅਕਤੀਤਵ ਨੂੰ ਉਸਦੇ ਬੋਲ ਖਰਾਬ ਕਰਦੇ ਹਨ ਅਤੇ ਉਸਦਾ ਚੰਗਾ ਭਲਾ ਪਿਆ ਪ੍ਰਭਾਵ ਖਤਮ ਕਰ ਦਿੰਦੇ ਹਨ। ਕੁਝ ਦਹਾਕੇ ਪਹਿਲਾਂ ਤਕ ਸਕੂਲਾਂ ਵਿੱਚ ਵੀ ਨੈਤਿਕ ਕਦਰਾਂ ਕੀਮਤਾਂ ’ਤੇ ਜ਼ੋਰ ਦਿੱਤਾ ਜਾਂਦਾ ਸੀ। ਪਰ ਹੁਣ ਆਜ਼ਾਦੀ ਦੇ ਨਾਮ ’ਤੇ ਸਾਰਾ ਕੁਝ ਖਤਮ ਹੀ ਹੋ ਗਿਆ ਹੈ। ਅਧਿਆਪਕ ਬੱਚਿਆਂ ਨੂੰ ਰੋਕ ਟੋਕ ਕਰਦੇ ਹਨ ਤਾਂ ਮਾਪੇ ਅਧਿਆਪਕਾਂ ਦਾ ਵਿਰੋਧ ਕਰਦੇ ਹਨ। ਜੇਕਰ ਸਹੁਰੇ ਪਰਿਵਾਰ ਵਿੱਚ ਲੜਕੀਆਂ ਨੂੰ ਕੋਈ ਗੱਲ ਕਹਿੰਦਾ ਹੈ ਜਾਂ ਪੁੱਛਦਾ ਹੈ ਤਾਂ ਮਾਪੇ ਉੱਥੇ ਵੀ ਵੱਡਾ ਮਸਲਾ ਖੜ੍ਹਾ ਕਰ ਦਿੰਦੇ ਹਨ। ਇਸ ਨਾਲ ਲੜਕੀਆਂ ਨੂੰ ਸ਼ਹਿ ਮਿਲਦੀ ਹੈ। ਪਰ ਇੱਥੇ ਉਨ੍ਹਾਂ ਦੇ ਸ਼ਬਦਾਂ ਤੋਂ ਅਤੇ ਕਹਿਣ ਦੇ ਤਰੀਕੇ ਤੋਂ ਬਹੁਤ ਕੁਝ ਪਤਾ ਚੱਲ ਜਾਂਦਾ ਹੈ।
‘ਪਹਿਲਾਂ ਤੋਲੋ, ਫੇਰ ਬੋਲੋ’ ਵਾਲੀ ਸੋਚ ਹੁਣ ਖਤਮ ਹੋ ਗਈ ਲਗਦੀ ਹੈ। ਜਦੋਂ ਸ਼ਬਦਾਂ ਦੀ ਮਰਿਆਦਾ ਤੋੜ ਦਿੱਤੀ ਜਾਂਦੀ ਹੈ ਤਾਂ ਸਾਹਮਣੇ ਵਾਲਾ ਜੇਕਰ ਅਕਲ ਵਾਲਾ ਹੋਏਗਾ ਤਾਂ ਬਹੁਤ ਘੱਟ ਗੱਲਾਂ ਦਾ ਜਵਾਬ ਦੇਵੇਗਾ। ਸਰਤਾਜ ਚੰਦਰ ਅਨੁਸਾਰ, ‘ਗਾਲ੍ਹ ਕੱਢ ਕੇ ਸਿਰਫ਼ ਅਪਮਾਨ ਕੀਤਾ ਜਾ ਸਕਦਾ ਹੈ, ਆਪਣੀ ਸਾਖ਼ ਨਹੀਂ ਬਣਾਈ ਜਾ ਸਕਦੀ। ਮੰਦੇ ਬੋਲ ਤਾਕਤ ਨਹੀਂ, ਕਮਜ਼ਰੀ ਦੀ ਨਿਸ਼ਾਨੀ ਹਨ।’
ਸਿਆਣੇ ਕਹਿੰਦੇ ਹਨ ਕਿ ਖਾਲੀ ਭਾਂਡਾ ਵਧੇਰੇ ਖੜਕਦੇ ਹੈ। ਜਿਹੜਾ ਅੰਦਰੋਂ ਖਾਲੀ ਹੋਵੇਗਾ, ਅਸੰਤੁਸ਼ਟ ਹੋਵੇਗਾ, ਸੋਚ ਗੰਧਲੀ ਅਤੇ ਵਿਚਾਰਾਂ ਦੀ ਅੰਦਰ ਲੜਾਈ ਚੱਲਦੀ ਰੱਖਦਾ ਹੋਏਗਾ, ਉਸਦੀ ਬੋਲੀ ਅਤੇ ਭਾਸ਼ਾ ਵੀ ਉਵੇਂ ਦੀ ਹੀ ਹੋਏਗੀ। ਜਿਵੇਂ ਦਾ ਅੰਦਰ ਵਿਚਾਰਾਂ ਅਤੇ ਸੋਚ ਦਾ ਖਜ਼ਾਨਾ ਹੋਏਗਾ ਉਹ ਹੀ ਬਾਹਰ ਆਏਗਾ। ਸੈਮੂਅਲ ਜੌਹਨਸਨ ਨੇ ਬਹੁਤ ਵਧੀਆ ਲਿਖਿਆ ਹੈ, “ਬੋਲੀ ਸੋਚਾਂ ਦਾ ਪਹਿਰਾਵਾ ਹੁੰਦਾ ਹੈ।”
ਜਿਵੇਂ ਦਾ ਕਿਸੇ ਨੂੰ ਬੋਲੋਗੇ, ਉਵੇਂ ਦਾ ਸੁਣਨਾ ਵੀ ਪਵੇਗਾ। ਬੋਲਾਂ ਦੇ ਨਤੀਜੇ ਵੀ ਭੁਗਤਣੇ ਪੈਂਦੇ ਹਨ। ਜਿਵੇਂ ਦੀ ਖੂਹ ਵਿੱਚ ਆਵਾਜ਼ ਮਾਰੋਗੇ, ਉਵੇਂ ਦੀ ਹੀ ਅਵਾਜ਼ ਮੁੜਕੇ ਆਵੇਗੀ। ਹਾਂ, ਆਉਂਦੀ ਕੁਝ ਦੇਰ ਨਾਲ ਹੈ, ਪਰ ਆਉਂਦੀ ਜ਼ਰੂਰ ਹੈ। ਬੋਲਣ ਦੀ ਆਜ਼ਾਦੀ ਦੂਸਰਿਆਂ ਦੀ ਬੇਇੱਜ਼ਤੀ ਕਰਨ ਅਤੇ ਦੁੱਖ ਦੇਣ ਦੀ ਇਜਾਜ਼ਤ ਨਹੀਂ ਦਿੰਦੀ। ਬਜ਼ੁਰਗਾਂ ਦੀ ਰੋਕ ਟੋਕ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਨਿਕਲੀ ਹੋਈ ਹੁੰਦੀ ਹੈ। ਜਦੋਂ ਮਾਪਿਆਂ ਲਈ ਮਾੜੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਉਹ ਬਹੁਤ ਵਾਰ ਚੁੱਪ ਰਹਿੰਦੇ ਹਨ ਅਤੇ ਕਈ ਵਾਰ ਜਵਾਬ ਵੀ ਦਿੰਦੇ ਹਨ। ਪਰ ਜਿਹੜੀ ਔਲਾਦ ਅਜਿਹਾ ਕਰਦੀ ਹੈ, ਉਹ ਬਹੁਤ ਕੁਝ ਹੌਲੀ ਹੌਲੀ ਗੁਆ ਲੈਂਦੀ ਹੈ। ਮਾਪਿਆਂ ਨੂੰ ਬੇਇੱਜ਼ਤ ਕਰਨਾ, ਸ਼ਬਦਾਂ ਦੀ ਅਹਿੰਸਾ ਤਾਂ ਆਮ ਗੱਲ ਹੋ ਗਈ ਹੈ। ਖਾਸ ਕਰਕੇ ਨੂੰਹਾਂ ਵੱਲੋਂ ਵਰਤੇ ਜਾਂਦੇ ਸ਼ਬਦ ਕਈ ਵਾਰ ਬਰਦਾਸ਼ਤ ਕਰਨੇ ਵੀ ਔਖੇ ਹੁੰਦੇ ਹਨ। ਪਰ ਬਜ਼ੁਰਗ ਚੁੱਪ ਹੋ ਜਾਂਦੇ ਹਨ। ਪਰ ਨੂੰਹਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਜਿੱਤ ਹੈ। ਕੁਦਰਤ ਇਨਸਾਫ਼ ਜ਼ਰੂਰ ਕਰਦੀ ਹੈ।
ਇੱਜ਼ਤ ਚਾਹੁੰਦੇ ਹਾਂ ਤਾਂ ਸ਼ਬਦਾਂ ਦੀ ਚੋਣ ਵੱਲ ਧਿਆਨ ਦਿਉ। ਪਿਆਰ ਚਾਹੁੰਦੇ ਹੋ ਤਾਂ ਮੂੰਹ ਵਿੱਚੋਂ ਪਿਆਰ ਵਾਲੇ ਸ਼ਬਦ ਬੋਲੋ। ਖੂਬਸੂਰਤ ਚਿਹਰੇ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਵਧੀਆ ਸੋਚ, ਵਿਚਾਰ ਹੋਵੇ ਅਤੇ ਵਧੀਆ ਬੋਲਦੇ ਹੋਣ। ਵਿਅੰਗ ਨਾਲ ਬੋਲਣਾ, ਦੂਸਰਿਆਂ ਨੂੰ ਟਿੱਚਰਾਂ ਕਰਨਾ, ਦੂਸਰਿਆਂ ਦੇ ਚਰਿੱਤਰ ਤੇ ਉਂਗਲੀਆਂ ਚੁੱਕਣ ਵਾਲਿਆਂ ’ਤੇ ਕੁਦਰਤੀ ਨਿਖਾਰ ਨਹੀਂ ਹੁੰਦਾ। ਉਨ੍ਹਾਂ ਦੇ ਚਿਹਰੇ ’ਤੇ ਨੂਰ ਜਾਂ ਕੁਦਰਤੀ ਚਮਕ ਨਹੀਂ ਹੁੰਦੀ। ਬੋਲ ਹਰ ਬੰਦੇ ਦੀ ਸੋਚ, ਉਸਦੇ ਅੰਦਰ ਦੀ ਹਾਲਤ ਅਤੇ ਪਰਵਰਿਸ਼ ਨੂੰ ਬਿਆਨ ਕਰ ਦਿੰਦੇ ਹਨ।
***
ਤਿਉਹਾਰਾਂ ਸਮੇਂ ਹੁੰਦੀ ਹੈ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ
ਜੇਕਰ ਮਿਲਾਵਟ ਦੀ ਗੱਲ ਕਰੀਏ ਤਾਂ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਧੜੱਲੇ ਨਾਲ ਹੁੰਦੀ ਹੈ। ਕਾਨੂੰਨ ਦਾ ਕੋਈ ਡਰ ਨਹੀਂ ਕਿਉਂਕਿ ਕਾਨੂੰਨਾਂ ਨੂੰ ਲਾਗੂ ਕਰਵਾਉਣ ਵਾਲੇ ਮਿਲਾਵਟਖੋਰਾਂ ਦੇ ਨਾਲ ਰਲੇ ਹੁੰਦੇ ਹਨ। ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਵਿੱਚ ਜ਼ਹਿਰ ਮਿਲਾ ਕੇ ਖਿਲਾਇਆ ਜਾ ਰਿਹਾ ਹੈ। ਤਿਉਹਾਰਾਂ ਵਿੱਚ ਖੁਸ਼ੀ ਖੁਸ਼ੀ ਦਿੱਤੀਆਂ ਜਾਣ ਵਾਲੀਆਂ ਮਿਠਾਈਆਂ ਵੀ ਜ਼ਹਿਰ ਤੋਂ ਬਗੈਰ ਨਹੀਂ ਬਣਾਈਆਂ ਜਾ ਰਹੀਆਂ। ਗੁਰਦੁਆਰਾ ਸਾਹਿਬ, ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਵੀ ਉਨ੍ਹਾਂ ਮਿਠਾਈਆਂ ਦਾ ਹੀ ਭੋਗ ਲਗਾਇਆ ਜਾਂਦਾ ਹੈ। ਚੰਗੇ ਹੋਣ ਦੀ ਆਸ ਕਿਵੇਂ ਕਰਦੇ ਹਾਂ, ਸਮਝੋਂ ਬਾਹਰ ਹੈ।
ਹਰ ਕੋਈ ਤਿਉਹਾਰ ’ਤੇ ਮਿਠਾਈ ਦਿੰਦਾ ਹੈ, ਪਰ ਜਾਣੇ ਅਣਜਾਣੇ ਹੀ ਆਪਣਿਆਂ ਨੂੰ ਜ਼ਹਿਰ ਦੇ ਆਉਂਦਾ ਹੈ। ਉਸਦਾ ਕਸੂਰ ਕੋਈ ਨਹੀਂ ਹੈ ਕਿਉਂਕਿ ਉਸਨੇ ਤਾਂ ਦੁਕਾਨ ਤੋਂ ਹੀ ਖਰੀਦਣੀ ਹੈ। ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਖਾਣ ਵਾਲੀਆਂ ਚੀਜ਼ਾਂ ਵਿੱਚ ਹੋ ਰਹੀ ਮਿਲਾਵਟ ’ਤੇ ਕਾਬੂ ਪਾਵੇ। ਹਕੀਕਤ ਇਹ ਹੈ ਕਿ ਸਾਡੀਆਂ ਥਾਲੀਆਂ, ਪਲੇਟਾਂ ਅਤੇ ਕੌਲੀਆਂ ਵਿੱਚ ਮਿੱਠਾ ਜ਼ਹਿਰ ਪਰੋਸਿਆ ਜਾ ਰਿਹਾ ਹੈ, ਸਰਕਾਰਾਂ ਅਤੇ ਉਸ ਵੱਲੋਂ ਬਣਾਏ ਵਿਭਾਗ ਘੇਸਲ ਮਾਰੀ ਬੈਠੇ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਨਕਲੀ ਖੋਆ ਮਿਲਣਾ ਆਮ ਜਿਹੀ ਗੱਲ ਹੈ। ਤੇਲ, ਘਿਉ ਅਤੇ ਦੁੱਧ ਵੀ ਨਕਲੀ ਵਿਕਦਾ ਹੈ। ਵੱਖਰੇ ਵੱਖਰੇ ਕੈਮੀਕਲ ਵਰਤੇ ਜਾਂਦੇ ਹਨ। ਕੋਈ ਵੀ ਖਾਣ ਵਾਲੀ ਚੀਜ਼ ਮਿਲਾਵਟ ਬਗੈਰ ਨਹੀਂ ਮਿਲਦੀ। ਜਿਹੜੇ ਫੜੇ ਜਾਂਦੇ ਹਨ, ਉਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ ਨਹੀਂ। ਇਹੀ ਕਾਰਨ ਹੈ ਕਿ ਕੋਈ ਵੀ ਮਿਲਾਵਟ ਕਰਨ ਲੱਗਿਆਂ ਡਰਦਾ ਨਹੀਂ। ਵੱਡੀਆਂ ਰਕਮਾਂ ਰਿਸ਼ਵਤ ਦੇ ਤੌਰ ’ਤੇ ਚੜ੍ਹ ਜਾਂਦੀਆਂ ਹਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਮਿਠਾਈ ਵਿੱਚ ਵਰਤੇ ਜਾਣ ਵਾਲੇ ਰੰਗਾਂ ਵਿੱਚ ਵੀ ਗੜਬੜ ਹੁੰਦੀ ਹੈ। ਤੇਲ, ਘਿਉ ਘਟੀਆ ਕਿਸਮ ਦੇ ਅਤੇ ਨਕਲੀ ਹੁੰਦੇ ਹਨ। ਜਿਹੜੇ ਆਪਣੇ ਫਾਇਦੇ ਲਈ ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਜ਼ਹਿਰ ਖਿਲਾ ਰਹੇ ਹਨ, ਉਨ੍ਹਾਂ ਤੋਂ ਵੱਡਾ ਗੁਨਾਹਗਾਰ ਹੋਰ ਕੋਈ ਵੀ ਨਹੀਂ ਹੋ ਸਕਦਾ। ਸਰਕਾਰਾਂ ਦੀ ਅਤੇ ਉਸਦੇ ਬਣਾਏ ਵਿਭਾਗਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਖੇਡਿਆ ਜਾਵੇ। ਤਿਉਹਾਰ ਤਾਂ ਖੁਸ਼ੀਆਂ ਲਈ ਅਤੇ ਖੁਸ਼ੀਆਂ ਵੰਡਣ ਲਈ ਹੁੰਦੇ ਹਨ। ਡੱਬਿਆਂ ਵਿੱਚ ਜ਼ਹਿਰ ਵੰਡਣ ਲਈ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3104)
(ਸਰੋਕਾਰ ਨਾਲ ਸੰਪਰਕ ਲਈ: