“ਹਰ ਖ਼ੁਦਕੁਸ਼ੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਗਣ ਲਈ ਕਹਿੰਦੀ ਹੈ। ਸਕੂਲ ਵਿੱਚ ਪੜ੍ਹਦਾ ਬੱਚਾ”
(6 ਅਗਸਤ 2018)
ਹਰ ਰੋਜ਼ ਅਖ਼ਬਾਰਾਂ ਵਿਚ ਖ਼ੁਦਕਸ਼ੀਆਂ ਕਰਨ ਵਾਲਿਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਇੰਜ ਲੱਗਦਾ ਹੈ ਕਿ ਸਮਾਜ ਕਿਸੇ ਮਾਨਸਿਕ ਰੋਗ ਦੀ ਜਕੜ ਵਿਚ ਆ ਰਿਹਾ ਹੈ। ਖ਼ੁਦਕੁਸ਼ੀ ਕੋਈ ਵੀ ਕਰੇ, ਗੱਲ ’ਤੇ ਗੌਰ ਕਰਨਾ ਬੇਹੱਦ ਜ਼ਰੂਰੀ ਹੈ। ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਪਰ ਜਦੋਂ ਮਾਨਸਿਕ ਤੌਰ ’ਤੇ ਦਬਾਅ ਜ਼ਰੂਰਤ ਨਾਲੋਂ ਜ਼ਿਆਦਾ ਵਧ ਜਾਵੇ ਅਤੇ ਗਲਤ ਸਹੀ ਦਾ ਫ਼ੈਸਲਾ ਔਖਾ ਹੋ ਜਾਵੇ ਤਾਂ ਇਹ ਕਦਮ ਚੁੱਕਿਆ ਜਾਂਦਾ ਹੈ। ਅੱਜ ਸਹਿਣਸ਼ੀਲਤਾ ਦੀ ਘਾਟ ਹੈ। ਖਾਹਿਸ਼ਾਂ ਬਹੁਤ ਵੱਡੀਆਂ ਵੱਡੀਆਂ ਹਨ। ਹਰ ਕੋਈ ਆਪਣੀ ਇੱਜ਼ਤ ਦੀ ਗੱਲ ਕਰਦਾ ਹੈ, ਦੂਸਰੇ ਦੀ ਇੱਜ਼ਤ ਕਿੱਲੀ ’ਤੇ ਟੰਗ ਦਿੰਦਾ ਹੈ। ਸਕੂਲਾਂ ਵਿਚ ਪੜ੍ਹਦੇ ਬੱਚੇ ਖ਼ੁਦਕੁਸ਼ੀਆਂ ਕਰ ਰਹੇ ਹਨ, ਵਿਆਹੀਆਂ ਲੜਕੀਆਂ ਅਤੇ ਲੜਕੇ ਖ਼ੁਦਕੁਸ਼ੀਆਂ ਕਰ ਰਹੇ ਹਨ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਖੇਤ ਮਜ਼ਦੂਰ ਇਸ ਰਾਹੇ ਪਿਆ ਹੋਇਆ ਹੈ ਅਤੇ ਇੰਜ ਹੀ ਸਮਾਜ ਦੇ ਹੋਰ ਵਰਗਾਂ ਵੱਲੋਂ ਵੀ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ ਸਾਹਮਣੇ ਆ ਰਹੀਆਂ ਹਨ। ਜਦੋਂ ਹਰ ਵਰਗ ਇਸ ਪਾਸੇ ਚੱਲ ਪਵੇ ਤਾਂ ਸਰਕਾਰਾਂ, ਕਾਨੂੰਨ ਘਾੜਿਆਂ ਅਤੇ ਨੀਤੀਆਂ ਬਣਾਉਣ ਵਾਲਿਆਂ ਨੂੰ ਗੰਭੀਰ ਹੋਣਾ ਚਾਹੀਦਾ ਹੈ, ਇਹ ਸਭ ਕਿਉਂ ਹੋ ਰਿਹਾ ਹੈ ਅਤੇ ਇਸਦਾ ਹੱਲ ਕਰਨਾ ਅਤੇ ਰੋਕਣਾ ਇਨ੍ਹਾਂ ਦੀ ਜ਼ਿੰਮੇਵਾਰੀ ਹੈ।
ਸਕੂਲਾਂ ਵਿੱਚ ਪੜ੍ਹਦੇ ਬੱਚੇ ਖ਼ੁਦਕੁਸ਼ੀ ਕਰ ਰਹੇ ਹਨ ਕਿਉਂਕਿ ਨੰਬਰ ਘੱਟ ਆਉਣ ਕਾਰਨ, ਅਧਿਆਪਕ ਨੇ ਝਿੜਕ ਦਿੱਤਾ ਜਾਂ ਫਿਰ ਮਾਪਿਆਂ ਨੇ ਕਿਸੇ ਚੀਜ਼ ਤੋਂ ਨਾਂਹ ਕਰ ਦਿੱਤੀ। ਇੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਨਾਲ ਸਾਹਮਣਾ ਕਰਨ ਬਾਰੇ ਦੱਸਿਆ ਹੀ ਨਹੀਂ ਗਿਆ। ਹਰ ਚੀਜ਼ ਉਨ੍ਹਾਂ ਨੂੰ ਆਰਾਮ ਨਾਲ ਮਾਪਿਆਂ ਵੱਲੋਂ ਦਿੱਤੀ ਜਾਂਦੀ ਹੈ। ਜਦੋਂ ਖਾਹਿਸ਼ਾਂ ਵਧਦੀਆਂ ਜਾਂਦੀਆਂ ਹਨ ਤਾਂ ਮਾਪਿਆਂ ਕੋਲੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਬੱਚੇ ਉਸਨੂੰ ਬਰਦਾਸ਼ਤ ਹੀ ਨਹੀਂ ਕਰਦੇ। ਜਦੋਂ ਇਮਤਿਹਾਨਾਂ ਦੇ ਨਤੀਜੇ ਆਉਂਦੇ ਹਨ ਤਾਂ ਸਮਝ ਆਉਂਦੀ ਹੈ ਕਿ ਇੰਨੇ ਨੰਬਰਾਂ ਨਾਲ ਕਿਧਰੇ ਦਾਖਲਾ ਨਹੀਂ ਮਿਲਣਾ ਤਾਂ ਨਮੋਸ਼ੀ ਤੋਂ ਡਰਦੇ ਬੱਚੇ ਇਸ ਰਾਹ ਤੁਰ ਪੈਂਦੇ ਹਨ। ਇੱਥੇ ਇੱਕ ਗੱਲ ਤਾਂ ਪੱਕੀ ਹੈ ਕਿ ਬੱਚਿਆਂ ਨੂੰ ਕੋਈ ਵਧੀਆ ਸੇਧ ਨਹੀਂ ਦਿੱਤੀ ਜਾ ਰਹੀ। ਪਹਿਲਾਂ ਅਧਿਆਪਕ ਬੱਚਿਆਂ ਨੂੰ ਝਿੜਕਦੇ ਸੀ, ਕਿਸੇ ਨੂੰ ਗੁੱਸੇ ਦਾ ਪਤਾ ਨਹੀਂ ਸੀ ਹੁੰਦਾ। ਮਾਪੇ ਵੀ ਬੱਚੇ ਨੂੰ ਹੀ ਕਹਿੰਦੇ ਸਨ ਕਿ ਤੇਰੀ ਗਲਤੀ ਹੋਏਗੀ, ਇਸ ਕਰਕੇ ਮਾਸਟਰ ਜੀ ਨੇ ਸਜ਼ਾ ਦਿੱਤੀ। ਉਸ ਵਕਤ ਬੱਚਿਆਂ ਦੇ ਸਿਰ ’ਤੇ ਇੱਜ਼ਤ ਦਾ ਭੂਤ ਸਵਾਰ ਨਹੀਂ ਸੀ। ਸਕੂਲ ਵਿੱਚ ਡੈਸਕ ਸਾਫ਼ ਕਰਨੇ, ਕਮਰਾ ਸਾਫ਼ ਕਰਨਾ ਜਾਂ ਇਵੇਂ ਦੇ ਨਿੱਕੇ ਮੋਟੇ ਕੰਮ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਸੀ। ਉਸ ਨਾਲ ਜ਼ਿੰਮੇਵਾਰੀ ਦਾ ਪਤਾ ਲੱਗਦਾ ਸੀ ਅਤੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਸੁਲਝਾਉਣ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਸੋਝੀ ਆ ਜਾਂਦੀ ਸੀ। ਅੱਜ ਇਸ ਦੀ ਘਾਟ ਹੈ।
ਇੰਝ ਹੀ ਵਿਆਹ ਤੋਂ ਬਾਦ ਲੜਕੀਆਂ ਦੇ ਖ਼ੁਦਕੁਸ਼ੀ ਕਰਨ ਜਾਂ ਹੋਰ ਸਮੱਸਿਆਵਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕੁੜੀਆਂ ਵਿੱਚ ਸਹਿਣ ਸ਼ਕਤੀ ਹੈ ਨਹੀਂ। ਪੜ੍ਹਨ ਲਿਖਣ ਦਾ ਮਤਲਬ ਆਜ਼ਾਦੀ ਅਤੇ ਸਿਰਫ਼ ‘ਮੇਰੀ ਇੱਜ਼ਤ’ ਦੀ ਹੀ ਸਿੱਖਿਆ ਦਿੱਤੀ ਗਈ। ਲੜਕੀ ਸਹੁਰੇ ਪਰਿਵਾਰ ਵਿੱਚ ਰਚਣਾ ਮਿਚਣਾ ਹੀ ਨਹੀਂ ਚਾਹੁੰਦੀ। ਸੱਸ ਸਹੁਰੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੀ। ਪਤੀ ਨਾਲ ਆਏ ਦਿਨ ਲੜਾਈ ਹੁੰਦੀ ਹੈ। ਜੇਕਰ ਲੜਕਾ ਮਾਪਿਆਂ ਨੂੰ ਛੱਡ ਕੇ ਵੱਖਰਾ ਰਹਿਣ ਲੱਗ ਜਾਵੇ ਤਾਂ ਠੀਕ ਹੈ, ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਲੜਕੀਆਂ ਖ਼ੁਦਕੁਸ਼ੀ ਤਕ ਕਰ ਲੈਂਦੀਆਂ ਹਨ। ਲੜਕੇ ਦੇ ਪਰਿਵਾਰ ਨੂੰ ਫਸਾ ਦਿੱਤਾ ਜਾਂਦਾ ਹੈ ਅਤੇ ਘਰ ਤਬਾਹ ਹੋ ਜਾਂਦਾ ਹੈ। ਕਾਨੂੰਨ ਲੜਕੀ ਦੇ ਹੱਕ ਵਿੱਚ ਖੜ੍ਹਾ ਹੋ ਜਾਂਦਾ ਹੈ। ਪ੍ਰਸ਼ਾਸਨ ਵੀ ਲੜਕੀ ਅਤੇ ਉਸਦੇ ਮਾਪਿਆਂ ਦੇ ਹੱਕ ਦੀ ਗੱਲ ਕਰਦਾ ਹੈ। ਇਸਦੇ ਕਾਰਨ ਹਕੀਕਤ ਵਿੱਚ ਕੀ ਹਨ, ਉਸਦੀ ਕੋਈ ਗੱਲ ਨਹੀਂ ਕਰਦਾ। ਇੱਥੇ ਉਸ ਖ਼ੁਦਕੁਸ਼ੀ ਨੂੰ ਦਹੇਜ ਨਾਲ ਜੋੜ ਦਿੱਤਾ ਜਾਂਦਾ ਹੈ ਅਤੇ ਲੜਕੇ ਦੇ ਪਰਿਵਾਰ ਨੂੰ ਲਾਲਚੀ ਅਤੇ ਗੁਨਾਹਗਾਰ ਠਹਿਰਾ ਦਿੱਤਾ ਜਾਂਦਾ ਹੈ।
ਲੜਕਿਆਂ ਦੀਆਂ ਖ਼ੁਦਕਸ਼ੀਆਂ ਵੀ ਵਧ ਰਹੀਆਂ ਹਨ। ਸਮੱਸਿਆ ਇਹ ਹੈ ਕਿ ਇਸਨੂੰ ਨਾ ਕਾਨੂੰਨ ਅਤੇ ਨਾ ਪ੍ਰਸ਼ਾਸਨ ਗੰਭੀਰਤਾ ਨਾਲ ਲੈਂਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਅਖਬਾਰਾਂ ਵਿੱਚ ਲੜਕਿਆਂ ਵੱਲੋਂ ਪਤਨੀ ਅਤੇ ਉਸਦੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਪੜ੍ਹੀਆਂ। ਇੱਕ ਖ਼ਬਰ ਜੈਤੋ ਦੀ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲੀ। ਉਸ ਵਿੱਚ ਨੂੰਹ ਘਰ ਵਿੱਚ ਲੜਾਈ ਝਗੜਾ ਕਰਦੀ ਸੀ। ਮਾਂ ਨੂੰ ਘਰੋਂ ਕੱਢ ਦਿੱਤਾ ਅਤੇ ਉਹ ਆਪਣੀ ਧੀ ਦੇ ਘਰ ਰਹਿ ਰਹੀ ਸੀ। ਇਸਦੇ ਬਾਵਜੂਦ ਲੜਾਈ ਖਤਮ ਨਹੀਂ ਹੋਈ। ਲੜਕੇ ਦਾ ਆਪਣੀ ਮਾਂ ਨੂੰ ਮਿਲਣਾ ਉਸਨੂੰ ਹਜ਼ਮ ਨਹੀਂ ਸੀ। ਲੜਕੀ ਦੇ ਪਰਿਵਾਰ ਵਾਲੇ ਮੁਹੱਲੇ ਵਿੱਚ ਆ ਕੇ ਸਭ ਨੂੰ ਡਰਾਉਂਦੇ ਸੀ। ਅਖੀਰ ਵਿੱਚ ਲੜਕੇ ਨੇ ਖ਼ੁਦਕੁਸ਼ੀ ਕਰ ਲਈ। ਮੁਹੱਲੇ ਦੇ ਲੋਕਾਂ ਨੇ ਸ਼ਰੇਆਮ ਅਤੇ ਖੁੱਲ੍ਹ ਕੇ ਇਸ ਬਾਰੇ ਦੱਸਿਆ। ਇੱਥੇ ਦਹੇਜ ਦੇ ਵਿਰੁੱਧ ਬਣੇ ਕਾਨੂੰਨ ਨੂੰ ਹਥਿਆਰ ਦੇ ਤੌਰ ’ਤੇ ਵਰਤਣਾ ਵੀ ਲੜਕਿਆਂ ਦੀਆਂ ਖ਼ੁਦਕਸ਼ੀਆਂ ਦਾ ਕਾਰਨ ਹੈ। ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਮੁੰਡੇ ਅਤੇ ਉਸਦੇ ਪਰਿਵਾਰ ਨੂੰ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਆਮ ਹੀ ਦਿੰਦੇ ਹਨ। ਪੁਲਿਸ ਵਾਲੇ ਵੀ ਲੜਕੇ ਦੇ ਵਿਰੁੱਧ ਅਤੇ ਉਸਦੇ ਪਰਿਵਾਰ ਦੇ ਵਿਰੁੱਧ ਕੇਸ ਦਰਜ ਕਰਦੇ ਹਨ। ਕਾਨੂੰਨ ਦੀ ਅੱਧੀ ਵਰਤੋਂ ਕੀਤੀ ਜਾਂਦੀ ਹੈ। ਕਾਨੂੰਨ ਤਾਂ ਦਹੇਜ ਲੈਣ ਅਤੇ ਦੇਣ ਵਾਲੇ ਦੋਹਾਂ ਨੂੰ ਗੁਨਾਹਗਾਰ ਦੱਸਦਾ ਹੈ, ਫਿਰ ਲੜਕੀ ਦੇ ਮਾਪਿਆਂ ’ਤੇ ਕੇਸ ਦਰਜ ਕਿਉਂ ਨਹੀਂ ਹੁੰਦਾ? ਇੱਥੇ ਕਾਨੂੰਨ ਨੂੰ ਤਰੋੜਿਆ ਮਰੋੜਿਆ ਗਿਆ ਹੈ। ਲੜਕਾ ਇਨ੍ਹਾਂ ਫ਼ਜ਼ੂਲ ਅਤੇ ਗਲਤ ਕੇਸਾਂ ਵਿੱਚ ਫਸਣ ਨਾਲੋਂ ਖ਼ੁਦਕੁਸ਼ੀ ਦਾ ਰਸਤਾ ਚੁਣ ਲੈਂਦਾ ਹੈ। ਦਹੇਜ ਦੀ 95% ਸਮੱਸਿਆ ਹੁੰਦੀ ਹੀ ਨਹੀਂ। ਇੱਥੇ ਕਾਨੂੰਨ ਨੂੰ ਠੀਕ ਤਰੀਕੇ ਨਾਲ ਵਰਤਿਆ ਜਾਵੇ। ਜਦੋਂ ਲੜਕੇ ਦੇ ਮਾਪੇ ਕਹਿੰਦੇ ਹਨ ਕਿ ਅਸੀਂ ਨਾ ਕੁਝ ਲਿਆ ਅਤੇ ਨਾ ਚਾਹੀਦਾ ਹੈ ਅਤੇ ਨਾ ਹੀ ਮੰਗਿਆ ਹੈ ਤਾਂ ਉਨ੍ਹਾਂ ਦੀ ਗੱਲ ਦਾ ਯਕੀਨ ਕਿਉਂ ਨਹੀਂ ਕੀਤਾ ਜਾਂਦਾ। ਲੜਕਿਆਂ ਦੀਆਂ ਖ਼ੁਦਕਸ਼ੀਆਂ, ਲੜਕੀਆਂ ਨਾਲੋਂ ਵਧੇਰੇ ਹਨ।
ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਆਏ ਦਿਨ ਇਨ੍ਹਾਂ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਇਸ ਦੇ ਕਾਰਨਾਂ ਬਾਰੇ ਵੀ ਹਰ ਕੋਈ ਆਪਣੀ ਆਪਣੀ ਰਾਇ ਦੇ ਰਿਹਾ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਦੇ ਕਾਰਨ ਲੱਭ ਕੇ ਹੱਲ ਕਰਨਾ ਵਧੇਰੇ ਜ਼ਰੂਰੀ ਹੈ। ਇਸ ਉੱਪਰ ਵੀ ਸਿਆਸਤ ਹੋ ਰਹੀ ਹੈ। ਮੇਰੀ ਪਾਰਟੀ ਨੇ ਇਹ ਕੀਤਾ, ਤੇਰੀ ਪਾਰਟੀ ਨੇ ਕੁਝ ਨਹੀਂ ਕੀਤਾ - ਇਸ ਉੱਪਰ ਜ਼ੋਰ ਲੱਗਾ ਹੋਇਆ ਹੈ। ਇਹ ਕਿਸੇ ਉੱਪਰ ਅਹਿਸਾਨ ਨਹੀਂ ਹੈ, ਲੋਕਾਂ ਨੇ ਕੰਮ ਕਰਨ ਵਾਸਤੇ ਕੁਰਸੀਆਂ ਉੱਤੇ ਬਿਠਾਇਆ ਹੈ। ਹੁਣ ਜਦੋਂ ਲੋਕ ਦੱਸ ਰਹੇ ਹਨ ਕਿ ਕੁਝ ਨਹੀਂ ਹੋਇਆ, ਅਸੀਂ ਤੰਗ ਹਾਂ, ਸਾਡੀਆਂ ਸਮੱਸਿਆਵਾਂ ਦਾ ਹੱਲ ਕਰੋ, ਸਿਆਸਤਦਾਨ ਅਤੇ ਪ੍ਰਸ਼ਾਸਨ ਸੁਣਨ ਨੂੰ ਤਿਆਰ ਹੀ ਨਹੀਂ।
ਜਦੋਂ ਘਰ ਵਿੱਚ ਇੱਕ ਹੀ ਕਮਾਉਣ ਵਾਲਾ ਹੈ, ਉਹ ਵੀ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਕਦੇ ਉਸ ਘਰ ਦੀ ਹਾਲਤ ਦਿਲ ਨਾਲ ਮਹਿਸੂਸ ਕੀਤੀ ਜਾਵੇ ਤਾਂ ਉਸਦਾ ਹੱਲ ਆਪੇ ਨਿਕਲ ਆਵੇ। ਸਰਵੇ ਇਮਾਨਦਾਰੀ ਨਾਲ ਕਰੋ ਅਤੇ ਕਰਵਾਓ, ਜ਼ਮੀਨੀ ਹਕੀਕਤ ਕੀ ਹੈ, ਸਮੱਸਿਆਵਾਂ ਕੀ ਹਨ ਅਤੇ ਉਸਦੇ ਹੱਲ ਕਿਵੇਂ ਕੀਤੇ ਜਾ ਸਕਦੇ ਹਨ, ਉਸ ਦੇ ਮੁਤਾਬਿਕ ਸਰਕਾਰ ਅਤੇ ਪ੍ਰਸ਼ਾਸਨ ਕੰਮ ਕਰੇ। ਦੁਖਦਾ ਢਿੱਡ ਹੁੰਦਾ ਹੈ ਅਤੇ ਇਲਾਜ ਪੈਰਾਂ ਦਾ ਕਰਦੇ ਨੇ।
ਹਰ ਖ਼ੁਦਕੁਸ਼ੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਗਣ ਲਈ ਕਹਿੰਦੀ ਹੈ। ਸਕੂਲ ਵਿੱਚ ਪੜ੍ਹਦਾ ਬੱਚਾ ਖੁਦਕੁਸ਼ੀ ਕਰ ਰਿਹਾ ਹੈ, ਵੇਖੋ ਬੱਚੇ ’ਤੇ ਕਿੰਨਾ ਦਬਾਅ ਹੈ। ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਸਰਕਾਰ ਰੋਜ਼ਗਾਰ ਦੇਣ ਲਈ ਨੀਤੀਆਂ ਬਣਾ ਕੇ ਲਾਗੂ ਕਰੇ। ਕੁੜੀਆਂ ਵੱਲੋਂ ਕੀਤੀ ਜਾ ਰਹੀ ਦਹੇਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਬੰਦ ਕਰਨ ਲਈ ਕਾਨੂੰਨ ਵਿੱਚ ਬਦਲਾਅ ਕੀਤਾ ਜਾਵੇ। ਕਾਨੂੰਨ ਪਰਿਵਾਰ ਅਤੇ ਸਮਾਜ ਨੂੰ ਜਿਉਂਦਾ ਰੱਖਣ ਦਾ ਕੰਮ ਕਰੇ। ਲੜਕਿਆਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕਸ਼ੀਆਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇ। ਲੜਕੀ ਦੇ ਮਾਪੇ ਆਪ ਲੜਕੀ ਨਾਲ ਇਨਸਾਫ਼ ਕਰਦੇ ਨਹੀਂ, ਆਪਣੀ ਗਲਤੀ ਮੰਨਦੇ ਨਹੀਂ ਅਤੇ ਲੜਕੇ ਦੇ ਪਰਿਵਾਰ ਅਤੇ ਲੜਕੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੰਦੇ ਹਨ। ਲੜਕੀਆਂ ਵੱਲੋਂ ਸੱਸ ਸੁਹਰੇ ਨੂੰ ਤੰਗ ਕਰਨ ਦਾ ਨਤੀਜਾ ਹੀ ਹੈ ਕਿ ਬਿਰਧ ਆਸ਼ਰਮਾਂ ਦੀ ਗਿਣਤੀ ਵਧ ਰਹੀ ਹੈ। ਕਾਨੂੰਨ ਬਣਾ ਕੇ ਸਰਕਾਰ ਦੀ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ, ਉਸ ਨੂੰ ਠੀਕ ਤਰੀਕੇ ਨਾਲ ਲਾਗੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ।
ਜਿਸ ਤਰ੍ਹਾਂ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ, ਕਾਨੂੰਨ ਬਣਾਉਣ ਵਾਲਿਆਂ, ਨੀਤੀਆਂ ਬਣਾਉਣ ਵਾਲਿਆਂ ਅਤੇ ਸਰਕਾਰਾਂ ਨੂੰ ਸਮਾਜ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ। ਸਭ ਨੂੰ ਸਮਝਣਾ ਚਾਹੀਦਾ ਹੈ ਕਿ ਖ਼ੁਦਕੁਸ਼ੀਆਂ ਦਾ ਵਧਣਾ ਖਤਰੇ ਦੀ ਘੰਟੀ ਹੈ, ਹੁਣ ਜਾਗਣਾ ਬਹੁਤ ਜ਼ਰੂਰੀ ਹੈ।
*****
(1254)