“ਇਸ ਅੰਦੋਲਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਚਾਲਾਂ ਸਮਝਣ ਦੀ ...”
(1 ਜੁਲਾਈ 2021)
ਕਿਸਾਨ ਅੰਦੋਲਨ ਅੱਜ ਹਰ ਬੱਚੇ ਜਵਾਨ ਅਤੇ ਬਜ਼ੁਰਗ ਦੇ ਜ਼ਿਹਨ ਵਿੱਚ ਵਸ ਚੁੱਕਿਆ ਹੈ। ਇਸ ਤੋਂ ਪਹਿਲਾਂ ਵਧੇਰੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਬਾਰੇ ਪਤਾ ਹੀ ਨਹੀਂ ਸੀ। ਸ਼ਾਇਦ ਸਰਕਾਰਾਂ ਵਿੱਚ ਬੈਠੇ ਸਿਆਸਤਦਾਨ ਵੀ ਉਨ੍ਹਾਂ ਨੂੰ ਸਮਝਣ ਵਿੱਚ ਗਲਤੀ ਕਰ ਗਏ। ਖੈਰ, ਕੁਦਰਤ ਦਾ ਇੱਕ ਨਿਯਮ ਹੈ ਕਿ ਜਦੋਂ ਅੱਤਿਆਚਾਰ ਬਹੁਤ ਵਧ ਜਾਏ ਤਾਂ ਬਦਲਾਅ ਹੁੰਦਾ ਹੈ। ਕੁਦਰਤ ਨੇ ਬਦਲਾਅ ਦੇ ਰਸਤੇ ਵੀ ਆਪ ਹੀ ਬਣਾਉਣੇ ਹੁੰਦੇ ਹਨ। ਇਸ ਵਕਤ ਸਿਆਸਤਦਾਨਾਂ ਨੇ, ਹਰ ਪਾਰਟੀ ਨੇ ਲੋਕਾਂ ਨੂੰ ਸਿਰਫ਼ ਵੋਟਾਂ ਪਾਉਣ ਤਕ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਚੋਣ ਜਿੱਤਣ ਤੋਂ ਬਾਅਦ, ਜਿਨ੍ਹਾਂ ਲੋਕਾਂ ਨੂੰ ਸਾਸਤਾਨ ਪਹਿਲਾਂ ਗੱਲਵਕੜੀਆਂ ਪਾਉਂਦੇ ਹੁੰਦੇ ਹਨ, ਉਨ੍ਹਾਂ ਤੋਂ ਹੀ ਬਦਬੂ ਆਉਣ ਲੱਗ ਜਾਂਦੀ ਹੈ, ਉਨ੍ਹਾਂ ਤੋਂ ਹੀ ਖਤਰਾ ਪੈਦਾ ਹੋ ਜਾਂਦਾ ਹੈ।
ਖੈਰ, ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਤੋਂ ਬਾਹਰ ਹੋ ਕੇ, ਘੁਮਾ ਫਿਰਕੇ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ। ਕਿਸਾਨ ਜਥੇਬੰਦੀਆਂ ਨੇ ਇਸਦੀ ਤਾਸੀਰ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਲੋਕਾਂ ਨੂੰ ਇੰਨਾ ਬਾਰੇ ਦੱਸਿਆ। ਕਿਸਾਨ ਜਥੇਬੰਦੀਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਲੋਕਾਂ ਨੂੰ ਇਨ੍ਹਾਂ ਬਿੱਲਾਂ ਬਾਰੇ ਸਮਝਾਉਣ ਵਿੱਚ ਕਾਮਯਾਬ ਹੋ ਗਈਆਂ। ਦੂਸਰਾ ਵੱਡਾ ਕਦਮ ਇਹ ਸੀ ਕਿ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਹਰਿਆਣਾ ਦਾ ਨਾਲ ਜੁੜਨਾ ਇਸ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਗਿਆ।
ਪੰਜਾਬ ਤੋਂ ਉੱਠੀ ਆਵਾਜ਼ ਹੌਲੀ ਹੌਲੀ ਅੱਗੇ ਵਧਣ ਲੱਗੀ। ਯੂ ਪੀ ਤੋਂ ਕਿਸਾਨ ਜਥੇਬੰਦੀਆਂ ਦਾ ਜੁੜਨਾ ਅਤੇ ਰਾਜਿਸਥਾਨ ਦਾ ਨਾਲ ਆਉਣਾ ਅੰਦੋਲਨ ਨੂੰ ਹੋਰ ਤਕੜਾ ਕਰ ਗਿਆ। ਪੜ੍ਹਿਆ ਲਿਖਿਆ ਹੋਣ ਅਤੇ ਤਜਰਬੇਕਾਰ ਹੋਣ ਵਿੱਚ ਫਰਕ ਇਸ ਅੰਦੋਲਨ ਨੇ ਸਾਫ ਸਮਝਾ ਦਿੱਤਾ। ਜਿਸ ਦਿਨ ਇਹ ਅੰਦੋਲਨ ਪੰਜਾਬ ਤੋਂ ਦਿੱਲੀ ਵੱਲ ਨੂੰ ਤੁਰਿਆ ਸੀ ਤਾਂ ਹਰ ਕਿਸਾਨ ਆਗੂ ਕਹਿ ਰਿਹਾ ਸੀ ਕਿ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲੇ ਹਾਂ। ਇਹ ਸੁਣਕੇ ਤਕਰੀਬਨ ਸਾਰਿਆਂ ਨੂੰ ਹੈਰਾਨੀ ਹੁੰਦੀ ਸੀ। ਅਸਲ ਵਿੱਚ ਆਮ ਲੋਕਾਂ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਕੇਂਦਰ ਸਰਕਾਰ ਇਵੇਂ ਅੜੀ ਕਰੇਗੀ ਜਾਂ ਘੇਸਲ ਮਾਰੇਗੀ। ਇਸ ਵਕਤ ਇਹ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਗਿਆ ਹੈ। ਸਾਬਕਾ ਸੈਨਿਕਾਂ, ਮੁਲਾਜ਼ਮਾਂ, ਮਜ਼ਦੂਰਾਂ, ਸਰਕਾਰੀ ਅਫਸਰਾਂ, ਵਿਉਪਾਰੀਆਂ, ਹਰ ਕਿਸੇ ਨੇ ਕਿਸਾਨਾਂ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਲੋਕ ਕਈ ਵਾਰ ਕਹਿੰਦੇ ਹਨ, ਪੰਜਾਬੀ ਪੰਜ ਮਿੰਟ ਵਿੱਚ ਆਇਆ ਕਹਿ ਕੇ ਸਾਰਾ ਦਿਨ ਨਹੀਂ ਮੁੜਦੇ, ਇਹ ਤਾਂ ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਤੁਰੇ ਹਨ, ਵੇਖੋ ਕਦੋਂ ਜਿੱਤ ਕੇ ਮੁੜਦੇ ਹਨ। ਐਵੇਂ ਉੱਠਕੇ ਆਉਣ ਵਾਲੀ ਗੱਲ ਤਾਂ ਕਦੇ ਕਿਸੇ ਨੇ ਕੀਤੀ ਹੀ ਨਹੀਂ।
ਇਸ ਅੰਦੋਲਨ ਦੀ ਇੱਕ ਹੋਰ ਖਾਸ ਪ੍ਰਾਪਤੀ ਹੈ ਕਿ ਇਸ ਵਿੱਚ ਹਰ ਕੋਈ ਜਾਤ-ਪਾਤ, ਧਰਮ ਅਤੇ ਅਮੀਰੀ ਗਰੀਬੀ ਤੋਂ ਉੱਪਰ ਉੱਠਕੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀ ਹੱਦ ’ਤੇ ਬੈਠਾ ਹੈ। ਆਪਸੀ ਸਾਂਝ ਦਾ ਨਵਾਂ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਆਪਣੇ ਆਪ ਨੂੰ ਕਿਸਾਨ ਹੀ ਕਹਿ ਰਿਹਾ ਹੈ। ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਦਾ ਭੇਦ ਕਿਸੇ ਦੀ ਸੋਚ ਦਾ ਹਿੱਸਾ ਹੀ ਨਹੀਂ ਹੈ। ਬਜ਼ੁਰਗਾਂ ਦੀ ਸਿਆਣਪ ਅਤੇ ਨੌਜਵਾਨਾਂ ਦਾ ਜੋਸ਼ ਇਕੱਠਾ ਕੰਮ ਕਰ ਰਹੇ ਹਨ। ਬਜ਼ੁਰਗ ਕਿਸਾਨ ਆਗੂ ਨੌਜਵਾਨਾਂ ਨੂੰ ਇਹ ਸਮਝਾਉਣ ਵਿੱਚ ਵੀ ਸਫਲ ਹੋਏ ਹਨ ਕਿ ਜਿੱਤ ਸ਼ਾਂਤ ਰਹਿਣ ਵਿੱਚ ਹੀ ਹੈ। ਇਕੱਠੇ ਹੋ ਕੇ ਚੱਲਣਾ, ਅਨੁਸ਼ਾਸਨ ਵਿੱਚ ਰਹਿਣਾ ਸਫਲਤਾ ਦੀ ਕੁੰਜੀ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇੰਨੇ ਲੰਮੇ ਸਮੇਂ ਤੋਂ ਸ਼ਾਂਤਮਈ ਬੈਠਣਾ ਅਤੇ ਅੰਦੋਲਨ ਨੂੰ ਚਲਾਉਣ ਕਰਕੇ ਇਹ ਦੁਨੀਆਂ ਦਾ ਪਹਿਲਾ ਲੰਮਾ ਅੰਦੋਲਨ ਬਣ ਗਿਆ ਹੈ। ਇਸ ਅੰਦੋਲਨ ਨੇ ਨੌਜਵਾਨ ਪੀੜ੍ਹੀ ਨੂੰ ਮੁਸ਼ਕਿਲਾਂ ਨਾਲ ਜੂਝਣਾ ਅਤੇ ਹੱਥੀਂ ਕੰਮ ਕਰਨ ਵਾਲੇ ਪਾਸੇ ਲਗਾ ਦਿੱਤਾ ਹੈ। ਇਸ ਵਕਤ ਦਿੱਲੀ ਦੇ ਆਸਪਾਸ ਅਤੇ ਆਪੋ ਆਪਣੇ ਰਾਜਾਂ ਵਿੱਚ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਹਨ ਅਤੇ ਸਭ ਕੁਝ ਸੰਯੁਕਤ ਮੋਰਚੇ ਦੇ ਆਗੂਆਂ ਦੀਆਂ ਹਦਾਇਤਾਂ ਮੁਤਾਬਿਕ ਹੁੰਦਾ ਹੈ। ਇੰਨਾ ਅਨੁਸ਼ਾਸਨ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਹਰ ਨੌਜਵਾਨ ਕਿਸਾਨ ਆਗੂਆਂ ਵਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਦੀ ਤਨਦੇਹੀ ਨਾਲ ਪਾਲਣਾ ਕਰਦਾ ਹੈ। ਵਿਹਲੜਾਂ ਲਈ ਇਸ ਵਿੱਚ ਕੋਈ ਥਾਂ ਨਹੀਂ। ਹਕੀਕਤ ਇਹ ਹੈ ਕਿ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਨੌਜਵਾਨ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਣ ਦਾ ਸੋਚਿਆ ਹੀ ਨਹੀਂ। ਪਰ ਇਸ ਅੰਦੋਲਨ ਨੇ ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਬਾਰੇ ਜਾਗਰੂਕ ਕਰਾ ਦਿੱਤਾ ਹੈ।
ਸਹਿਣਸ਼ੀਲਤਾ ਵੀ ਹੈਰਾਨ ਕਰਨ ਵਾਲੀ ਸੀ। ਸਰਕਾਰ ਵੱਲੋਂ ਆਤੰਕਵਾਦੀ, ਖਾਲਿਸਤਾਨੀ, ਅਰਬਨ ਨਕਸਲੀ ਅਤੇ ਇਵੇਂ ਦੇ ਹੋਰ ਟੈਗ ਲਗਾਉਣ ਦੇ ਬਾਵਜੂਦ ਵੀ ਸ਼ਾਂਤ ਰਹਿਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਇੰਨਾ ਸ਼ਾਂਤਮਈ ਰਹਿਣਾ ਅਤੇ ਅੰਦੋਲਨ ਨੂੰ ਸੰਭਾਲ ਕੇ ਰੱਖਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਅਸਲ ਵਿੱਚ ਸਿੱਖ ਕਿਸਾਨ ਆਗੂਆਂ ਕਰਕੇ ਇਸ ਨੂੰ ਖਾਲਿਸਤਾਨੀ ਅੰਦੋਲਨ ਕਹਿਣਾ ਸ਼ੁਰੂ ਕੀਤਾ ਗਿਆ। ਪਰ ਹੈਰਾਨੀ ਅਤੇ ਖੁਸ਼ੀ ਉਦੋਂ ਹੋਈ ਜਦੋਂ ਹਰ ਇੱਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਇੱਥੇ ਬੈਠੇ ਸਰਦਾਰ ਖਾਲਿਸਤਾਨੀ ਹਨ ਤਾਂ ਅਸੀਂ ਵੀ ਹਾਂ। ਲੋਕਾਂ ਨੂੰ ਸਿੱਖ ਕੌਮ ਬਾਰੇ ਜੋ ਭਰਮ ਭੁਲੇਖੇ ਸਨ, ਉਹ ਵੀ ਦੂਰ ਹੋ ਗਏ। ਪੰਜਾਬੀ ਪੱਗਾਂ ਬਹੁਤ ਸਾਰੇ ਲੋਕਾਂ ਨੇ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਸਰਕਾਰ ਦਾ ਧਰਮ ਦਾ ਪੱਤਾ ਅੰਦੋਲਨਕਕਾਰੀਆਂ ਨੇ ਚੱਲਣ ਹੀ ਨਹੀਂ ਦਿੱਤਾ।
ਇਸ ਅੰਦੋਲਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਚਾਲਾਂ ਸਮਝਣ ਦੀ ਸਿੱਖਿਆ ਦੇ ਦਿੱਤੀ ਹੈ। ਸਿਆਸਤਦਾਨਾਂ ਨੂੰ ਸਵਾਲ ਕਰਨ ਅਤੇ ਜਵਾਬ ਲੈਣ ਦੀ ਗੱਲ ਬਾਖੂਬੀ ਪੜ੍ਹਾ ਦਿੱਤੀ। ਜਦੋਂ ਕਿਸਾਨ ਆਗੂਆਂ ਨੇ ਕਿਸਾਨਾਂ ਲਈ ਬਣਾਏ ਤਿੰਨਾਂ ਕਾਨੂੰਨਾਂ ਦੀ ਇੱਕ ਇੱਕ ਸਤਰ ਆਈ ਏ ਐੱਸ ਅਤੇ ਮੰਤਰੀਆਂ ਨੂੰ ਸਮਝਾ ਦਿੱਤੀ ਤਾਂ ਇਹ ਸੁਨੇਹਾ ਨੌਜਵਾਨਾਂ ਵਿੱਚ ਗਿਆ ਕਿ ਮੇਜ਼ ’ਤੇ ਬੈਠ ਕੇ ਗੱਲ ਕਰਨ ਲਈ ਜਾਣਕਾਰੀ ਪੂਰੀ ਹੋਣੀ ਬਹੁਤ ਜ਼ਰੂਰੀ ਹੈ। ਵਧੇਰੇ ਕਰਕੇ ਗੱਲਬਾਤ ਵੇਲੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਲੋਂ ਆਗੂਆਂ ਨੂੰ ਉਲਝਾ ਲਿਆ ਜਾਂਦਾ ਹੈ।
ਇਸ ਵੇਲੇ ਇਹ ਅੰਦੋਲਨ ਦੇਸ਼ ਦੇ ਕੋਨੇ ਕੋਨੇ ਵਿੱਚ ਫੈਲ ਗਿਆ ਹੈ। ਅਸਲ ਵਿੱਚ ਇਸ ਅੰਦੋਲਨ ਨੇ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜੇਕਰ ਜਾਤਾਂ ਧਰਮਾਂ ਤੋਂ ਉੱਪਰ ਉੱਠਾਂਗੇ ਤਾਂ ਅਗਲੀਆਂ ਪੀੜ੍ਹੀਆਂ ਲਈ ਕੁਝ ਬਚੇਗਾ। ਕੁਝ ਲੋਕ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਹਨ ਅਤੇ ਬਾਕੀ ਇੱਥੇ ਮਜ਼ਦੂਰੀ ਕਰਨ ਲਈ ਮਜਬੂਰ ਕਰ ਦਿੱਤੇ ਜਾਣਗੇ। ਜੇਕਰ ਸਾਰਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਹੈ ਤਾਂ ਸਰਕਾਰਾਂ ਚੁਣਨ ਦਾ ਕੋਈ ਫਾਇਦਾ ਨਹੀਂ। ਲੋਕਾਂ ਦੇ ਸਿਰ ’ਤੇ ਇਨ੍ਹਾਂ ਸਿਆਸਤਦਾਨਾਂ ਦੇ ਖਰਚੇ ਦਾ ਭਾਰ ਕਿਉਂ ਪਾਇਆ ਜਾਵੇ। ਇਸ ਵੇਲੇ ਸਿਆਸੀ ਪਾਰਟੀਆਂ ਨੂੰ ਫਿਕਰ ਪਿਆ ਹੋਇਆ ਹੈ ਕਿ ਵੋਟਾਂ ਲੈਣ ਜਾਣਾ ਕਿਵੇਂ ਹੈ। ਹਰ ਸਿਆਸੀ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਪਿੰਡਾਂ ਵਿੱਚ ਹੋ ਰਿਹਾ ਹੈ। ਲੋਕਾਂ ਨੇ ਪਿੰਡਾਂ ਦੇ ਬਾਹਰ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਦਾ ਆਉਣਾ ਉਦੋਂ ਤਕ ਮਨ੍ਹਾਂ ਹੈ ਜਦੋਂ ਤਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਸਮਰਥਨ ਮੁੱਲ ਦਾ ਕਾਨੂੰਨ ਨਹੀਂ ਬਣਦਾ। ਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦਾ ਇਕੱਠੇ ਹੋਣਾ ਵੀ ਅੰਦੋਲਨ ਦੀ ਦੇਣ ਹੀ ਹੈ ਅਤੇ ਬਹੁਤ ਵੱਡੀ ਪ੍ਰਾਪਤੀ ਵੀ ਹੈ।
ਜੇਕਰ ਅੰਦੋਲਨ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਇਸਨੇ ਸਿਆਸਤ ’ਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ ਅਤੇ ਹੋ ਪ੍ਰਭਾਵ ਪਾਵੇਗਾ। ਅਸਲ ਵਿੱਚ ਲੋਕਾਂ ਨੂੰ ਵੀ ਇਹ ਸਮਝ ਆ ਗਈ ਹੈ ਕਿ ਵੋਟ ਦੀ ਤਾਕਤ ਵਰਤਣੀ ਬਹੁਤ ਜ਼ਰੂਰੀ ਹੈ। ਸਿੱਧੇ ਤੌਰ ’ਤੇ ਕਿਸਾਨਾਂ ਨੇ ਸਿਆਸਤ ਵਿੱਚ ਅਜੇ ਤਕ ਕੁਝ ਵੀ ਨਾ ਕਰਨ ਦੀ ਗੱਲ ਕੀਤੀ ਹੈ। ਪਰ ਜਦੋਂ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਹਿਲਾਉਣਾ ਹੈ ਤਾਂ ਲੋਕਾਂ ਨੂੰ ਉਸ ਨੂੰ ਵੋਟ ਨਾ ਪਾਉਣ ਦੀ ਗੱਲ ਤਾਂ ਸਮਝਾਉਣ ਵਿੱਚ ਸਫਲ ਹੋ ਹੀ ਰਹੇ ਹਨ। ਯੂ ਪੀ ਵਿੱਚ ਪੰਚਾਇਤੀ ਚੋਣਾਂ ’ਤੇ ਅਸਰ ਸਾਫ ਵਿਖਾਈ ਦਿੱਤਾ ਹੈ। ਪੰਜਾਬ ਵਿੱਚ ਨਗਰ ਕੌਂਸਲ, ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਇਸ ਅੰਦੋਲਨ ਦਾ ਸਾਫ ਅਸਰ ਵਿਖਾਈ ਦਿੱਤਾ। ਬਹੁਤ ਥਾਂਵਾਂ ’ਤੇ ਤਾਂ ਬੀ ਜੇ ਪੀ ਵਾਲਿਆਂ ਨੂੰ ਬੈਠਣ ਲਈ ਪ੍ਰਬੰਧ ਵੀ ਨਹੀਂ ਕਰਨ ਦਿੱਤੇ। ਪੰਜਾਬ, ਹਰਿਆਣਾ ਅਤੇ ਯੂ ਪੀ ਵਿੱਚ ਸਿਆਸੀ ਪਾਰਟੀਆਂ ਦਾ ਖੁੱਲ੍ਹ ਕੇ ਵਿਰੋਧ ਹੋ ਰਿਹਾ ਹੈ। ਜੇਕਰ ਲੋਕ ਪਿੰਡਾਂ, ਸ਼ਹਿਰਾਂ ਵਿੱਚ ਵੜਨ ਹੀ ਨਹੀਂ ਦੇਣਗੇ ਤਾਂ ਵੋਟਾਂ ਕਿੱਥੋਂ ਅਤੇ ਕਿਵੇਂ ਲੈਣੀਆਂ ਹਨ, ਇਹ ਵੀ ਫਿਕਰ ਸਿਆਸਤਦਾਨਾਂ ਨੂੰ ਅੰਦਰੋਂ ਖਾ ਰਿਹਾ ਹੋਏਗਾ।
ਅੰਦੋਲਨ ਪੂਰੀ ਦੁਨੀਆਂ ਵਿੱਚ ਆਪਣੇ ਆਪ ਵਿੱਚ ਖਾਸ ਬਣ ਚੁੱਕਿਆ ਹੈ। ਵਿਦੇਸ਼ੀ ਸਰਕਾਰਾਂ ਵਲੋਂ ਵੀ ਇਸ ਬਾਰੇ ਚਰਚਾ ਕੀਤੀ ਗਈ ਹੈ। ਇਸ ਅੰਦੋਲਨ ਨੂੰ ਸੰਸਾਰ ਭਰ ਤੋਂ ਸਮਰਥਨ ਮਿਲ ਰਿਹਾ ਹੈ। ਸਰਕਾਰਾਂ ਲੋਕਾਂ ਲਈ ਹੁੰਦੀਆਂ ਹਨ, ਇਹ ਤਾਂ ਕਿੱਧਰੇ ਇਸ ਵਕਤ ਵਿਖਾਈ ਹੀ ਨਹੀਂ ਦੇ ਰਿਹਾ। ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ। ਇਸ ਅੰਦੋਲਨ ਨੇ ਇਸ ਪਾਸੇ ਵੀ ਲੋਕਾਂ ਨੂੰ ਸੋਚਣ ਲਾ ਦਿੱਤਾ ਹੈ। ਇਹ ਅੰਦੋਲਨ ਸਫਲ ਅਤੇ ਪ੍ਰਭਾਵਸ਼ਾਲੀ ਅੰਦੋਲਨ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2874)
(ਸਰੋਕਾਰ ਨਾਲ ਸੰਪਰਕ ਲਈ: