PrabhjotKDhillon7ਜ਼ਿੰਦਗੀ ਵਿੱਚ ਜੋ ਵੀ ਹੁੰਦਾ ਹੈ, ਉਸ ਤੋਂ ਸਾਨੂੰ ਕੋਈ ਨਾ ਕੋਈ ਸਬਕ ...
(22 ਮਈ 2026)


ਜ਼ਿੰਦਗੀ ਕਦੇ ਵੀ ਅਤੇ ਕਿਸੇ ਦੀ ਵੀ ਇੱਕ ਸਾਰ ਨਹੀਂ ਚਲਦੀ। ਇਸ ਵਿੱਚ ਉਤਰਾਅ ਚੜ੍ਹਾ ਆਉਣੇ
, ਦੁੱਖ ਦਰਦ ਆਉਣੇ ਸੁਭਾਵਿਕ ਹਨ। ਜ਼ਿੰਦਗੀ ਸਮੇਂ ਸਮੇਂ ’ਤੇ ਇਮਤਿਹਾਨ ਲੈਂਦੀ ਹੈ। ਕਦੇ ਅਸਫਲਤਾ ਦੇ ਦਿੰਦੀ ਹੈ, ਕਦੇ ਆਪਣਿਆਂ ਵੱਲੋਂ ਦਰਦ ਦਿੱਤਾ ਜਾਂਦਾ ਹੈ ਅਤੇ ਕਦੇ ਕੋਈ ਛੱਡ ਜਾਂਦਾ ਹੈ। ਕੋਈ ਵੀ ਸਥਿਤੀ ਸਬਕ ਦਿੱਤੇ ਬਗੈਰ ਨਹੀਂ ਜਾਂਦੀ। ਜ਼ਿੰਦਗੀ ਸਾਈਕਲ ਵਾਂਗ ਹੈ। ਜਦੋਂ ਤਕ ਪੈਡਲ ਮਾਰਦੇ ਰਹੋਗੇ, ਉਦੋਂ ਤਕ ਡਿਗੋਗੇ ਨਹੀਂ।

ਕਿਸੇ ਇਮਤਿਹਾਨ ਵਿੱਚ ਜਾਂ ਖੇਡ ਵਿੱਚ ਅਸਫਲ ਹੋਣ ਨਾਲ ਸਾਰਾ ਕੁਝ ਖਤਮ ਨਹੀਂ ਹੋ ਜਾਂਦਾ। ਜੇਕਰ ਬਹੁਤ ਲੋਕ ਸਫਲ ਹੋਏ ਹਨ ਤਾਂ ਤੁਹਾਡੇ ਤੋਂ ਘੱਟ ਨੰਬਰਾਂ ਵਾਲੇ ਵੀ ਹੋਣਗੇ। ਅਸਲ ਵਿੱਚ ਕੁਦਰਤ ਨੇ ਹਰ ਕਿਸੇ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਮੈਂ ਕਿਸੇ ਦੀ ਵੀਡੀਓ ਦੇਖ ਰਹੀ ਸੀ। ਕੋਈ ਬੱਚਾ ਕਿਸੇ ਇਮਤਿਹਾਨ ਵਿੱਚੋਂ ਫੇਲ ਹੋ ਗਿਆ। ਉਸਦੇ ਪਿਤਾ ਨੇ ਬੱਚੇ ਨੂੰ ਕੁਝ ਵੀ ਨਹੀਂ ਕਿਹਾ। ਸਗੋਂ ਸਾਰੇ ਦੋਸਤਾਂ ਨੂੰ ਸੱਦਿਆ ਤੇ ਪਾਰਟੀ ਕੀਤੀ। ਹਰ ਅਸਫਲਤਾ, ਸਫਲਤਾ ਦੀ ਪਹਿਲੀ ਪੌੜੀ ਹੁੰਦੀ ਹੈ। ਬੱਚਾ ਚੱਲਣਾ ਸਿੱਖਦਾ ਹੈ ਤਾਂ ਵਾਰ ਵਾਰ ਡਿਗਦਾ ਹੈ। ਪਰ ਉਹ ਚੱਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਅਖੀਰ ਚੱਲਣਾ ਸਿੱਖ ਜਾਂਦਾ ਹੈ।

ਬਹੁਤ ਵਾਰ ਲੋਕਾਂ ਨੂੰ ਦੂਸਰੇ ਦੀ ਸਫਲਤਾ ਪਿੱਛੇ ਉਸਦੀ ਕੀਤੀ ਮਿਹਨਤ ਅਤੇ ਅਸਫਲਤਾਵਾਂ ਦਾ ਅੰਦਾਜ਼ਾ ਹੀ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਜਿਸਨੇ ਜਨਮ ਲਿਆ ਹੈ, ਉਸਨੂੰ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਉਤਰਾਅ ਚੜ੍ਹਾ ਵੇਖਣੇ ਹੀ ਪੈਂਦੇ ਹਨ। ਗੁਰੂ, ਪੀਰ, ਪੈਗੰਬਰ, ਸਾਰਿਆਂ ਨੂੰ ਦੁਨੀਆ ਨੇ ਰੱਜਕੇ ਭੈੜਾ ਬੋਲਿਆ। ਉਨ੍ਹਾਂ ਨੂੰ ਵੀ ਸਮਾਜ ਵਿੱਚ ਰਹਿੰਦਿਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਕੁਦਰਤ ਹਰ ਕਿਸੇ ਦੇ ਕਰਮਾਂ (ਕਾਰਗੁਜ਼ਾਰੀ) ਦਾ ਹਿਸਾਬ ਕਿਤਾਬ ਕਰਦੀ ਹੈ। ਜੇਕਰ ਜ਼ਿੰਦਗੀ ਵਿੱਚ ਸੁਖ ਹੀ ਹੋਣ ਤਾਂ ਸਾਡੇ ਆਸਪਾਸ ਵਾਲੇ ਲੋਕਾਂ ਦੀ ਪਰਖ ਅਸੀਂ ਨਹੀਂ ਕਰ ਸਕਦੇ। ਬੁਰਾ ਵਕਤ ਆਉਂਦਾ ਹੈ ਤਾਂ ਜਿੱਥੇ ਕੁਦਰਤ ਸਾਡਾ ਇਮਤਿਹਾਨ ਲੈਂਦੀ ਹੈ, ਉੱਥੇ ਸਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਵੀ ਇਮਤਿਹਾਨ ਹੀ ਹੁੰਦਾ ਹੈ। ਜਦੋਂ ਵੀ ਔਖਾ ਵਕਤ ਆਵੇ ਤਾਂ ਉਸਨੂੰ ਇਸ ਤਰ੍ਹਾਂ ਲਵੋ ਕਿ ਮੇਰੇ ਲਈ ਕੁਦਰਤ ਨੇ ਕੁਝ ਹੋਰ ਚੰਗਾ ਕਰਨਾ ਹੈ ਜਾਂ ਸੋਚਿਆ ਹੈ। ਜਦੋਂ ਅਸੀਂ ਢੇਰੀ ਢਾਹੁਣ ਲੱਗ ਪੈਂਦੇ ਹਾਂ ਤਾਂ ਔਖਾ ਸਮਾਂ ਹੋਰ ਔਖਾ ਲੱਗਣ ਲੱਗ ਜਾਂਦਾ ਹੈ। ਚਲਦੇ ਰਹਿਣਾ ਹੀ ਜ਼ਿੰਦਗੀ ਹੈ।

ਬਹੁਤ ਵਾਰ ਜ਼ਿੰਦਗੀ ਅਜਿਹੇ ਮੋੜ ’ਤੇ ਲਿਜਾ ਖੜ੍ਹਾ ਕਰਦੀ ਹੈ ਕਿ ਕੁਝ ਸਮੇਂ ਲਈ ਕੁਝ ਵੀ ਨਹੀਂ ਸੁੱਝਦਾ। ਪਰ ਹੌਲੀ ਹੌਲੀ ਰਸਤੇ ਨਿਕਲਣ ਲੱਗ ਪੈਂਦੇ ਹਨ। ਸਿਆਣੇ ਕਹਿੰਦੇ ਹਨ, ਜੇਕਰ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਹੋਰ ਰਸਤੇ ਆਪਣੇ-ਆਪ ਖੁੱਲ੍ਹ ਜਾਂਦੇ ਹਨ। ਘਬਰਾਹਟ ਵਿੱਚ ਜਾਂ ਦੁਖੀ ਹੋਕੇ ਮਸਲੇ ਨੂੰ ਅਸੀਂ ਹੋਰ ਉਲਝਾ ਲੈਂਦੇ ਹਾਂ। ਬਹੁਤ ਵਾਰ ਚੁੱਪ ਰਹਿਣਾ ਵਧੇਰੇ ਬਿਹਤਰ ਹੁੰਦਾ ਹੈ। ਮੂਰਖਾਂ ਨਾਲ ਮੱਥਾ ਲਾਉਣ ਤੋਂ ਬਿਹਤਰ ਹੈ, ਪਾਸਾ ਵੱਟ ਲਵੋ। ਬਹੁਤ ਵਾਰ ਕਿਸੇ ਦੀ ਸਫਲਤਾ ਜਾਂ ਲੋਕਾਂ ਵਿੱਚ ਵਧੇਰੇ ਹਰਮਨ ਪਿਆਰਾ ਹੋਣਾ ਵੀ ਦੂਸਰਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ। ਇਹ ਵਧੇਰੇ ਕਰਕੇ ਸਾਡੇ ਆਪਣੇ ਨਜ਼ਦੀਕੀ ਹੁੰਦੇ ਹਨ। ਜਦੋਂ ਆਪਣੇ ਵਾਰ ਵਾਰ ਤੁਹਾਨੂੰ ਹੇਠਾਂ ਸੁੱਟਣ ਜਾਂ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜ਼ਿੰਦਗੀ ਦਾ ਇਮਤਿਹਾਨ ਹੀ ਹੁੰਦਾ ਹੈ ਕਿ ਅਸੀਂ ਉਸਤੋਂ ਕਿਸ ਤਰ੍ਹਾਂ ਦਾ ਸਬਕ ਲੈਂਦੇ ਹਾਂ ਜਾਂ ਕਿਵੇਂ ਦੀ ਪ੍ਰਤੀਕਿਰਿਆ ਦਿੰਦੇ ਹਾਂ। ਦੂਸਰੇ ਪਾਸੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿੰਨਾ ਕੁ ਸਾਡਾ ਹੈ ਅਤੇ ਅੱਗੇ ਤੋਂ ਕਿਵੇਂ ਰਹਿਣਾ ਹੈ।

ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਪੈਸਾ ਅਤੇ ਵਕਤ ਹਮੇਸ਼ਾ ਚਲਦੇ ਰਹਿੰਦੇ ਹਨ। ਜਦੋਂ ਕੁਦਰਤ ਨੇ ਹੰਕਾਰ ਦੇ ਵੱਸ ਪਾ ਦਿੱਤਾ ਤਾਂ ਸਮਝ ਜਾਉ, ਜ਼ਿੰਦਗੀ ਵਿੱਚ ਹਿਲਜੁਲ ਹੋਣ ਵਾਲੀ ਹੈ। ਜੇਕਰ ਬੁਰਾ ਵਕਤ ਹੈ ਤਾਂ ਹਿੰਮਤ ਰੱਖਣੀ ਬਹੁਤ ਜ਼ਰੂਰੀ ਹੈ ਅਤੇ ਜੇਕਰ ਚੰਗਾ ਵਕਤ ਹੈ ਤਾਂ ਹੰਕਾਰ ਤੋਂ ਬਚਣਾ ਚਾਹੀਦਾ ਹੈ। ਜਦੋਂ ਸਾਨੂੰ ਸਾਡੇ ਆਪਣੇ ਦਰਦ ਦਿੰਦੇ ਹਨ ਅਸਲ ਵਿੱਚ ਕੁਦਰਤ ਸਾਨੂੰ ਪਿਆਰ ਦੇ ਜਾਲ ਵਿੱਚੋਂ ਬਾਹਰ ਕੱਢ ਰਹੀ ਹੁੰਦੀ ਹੈ। ਜ਼ਿੰਦਗੀ ਵਿੱਚ ਜੋ ਵੀ ਹੁੰਦਾ ਹੈ, ਉਸ ਤੋਂ ਸਾਨੂੰ ਕੋਈ ਨਾ ਕੋਈ ਸਬਕ ਜ਼ਰੂਰ ਮਿਲਦਾ ਹੈ। ਜੋ ਕੁਝ ਵੀ ਵਾਪਰਦਾ ਹੈ, ਉਸਤੋਂ ਬਾਅਦ ਨਤੀਜਾ ਹਮੇਸ਼ਾ ਸਾਹਮਣੇ ਆਉਂਦਾ ਹੈ। ਜ਼ਿੰਦਗੀ ਵਾਰ ਵਾਰ ਇਮਤਿਹਾਨ ਲੈਂਦੀ ਹੈ ਅਤੇ ਸਾਡੇ ਲਈ ਪਹਿਲਾਂ ਤੋਂ ਕੁਝ ਨਾ ਕੁਝ ਬਿਹਤਰ ਕਰਦੀ ਹੈ। ਇਹ ਕੌੜਾ ਸੱਚ ਹੈ ਕਿ ਔਖਾ ਵਕਤ ਕੱਟਣਾ ਬਹੁਤ ਔਖਾ ਹੁੰਦਾ ਹੈ ਪਰ ਹਿੰਮਤ, ਹੌਸਲੇ ਅਤੇ ਹਠ ਅੱਗੇ ਕੁਝ ਵੀ ਅਸੰਭਵ ਨਹੀਂ ਹੁੰਦਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author