“ਬਦਲਾਅ ਨੇ ਸਮਾਜ ਅਤੇ ਪਰਿਵਾਰਾਂ ਨੂੰ ਜਿਵੇਂ ਤੋੜਿਆ ਹੈ, ਇਸਦਾ ...”
(20 ਜੂਨ 2026)
ਕੁਦਰਤ ਦਾ ਨਿਯਮ ਹੈ ਕਿ ਬਦਲਾਅ ਆਏਗਾ ਅਤੇ ਆਉਂਦਾ ਹੈ। ਕਦੇ ਕਿਸੇ ਦਾ ਚੰਗਾ ਵਕਤ ਨਹੀਂ ਰਹਿੰਦਾ ਅਤੇ ਨਾ ਹੀ ਹਮੇਸ਼ਾ ਬੁਰਾ ਵਕਤ ਪੱਲਾ ਫੜੀ ਰੱਖਦਾ ਹੈ। ਕੱਪੜੇ ਪਾਉਣ ਦਾ ਢੰਗ ਤਰੀਕ ਬਦਲਦਾ ਹੈ ਤਾਂ ਉਸ ਨਾਲ ਬਹੁਤ ਕੁਝ ਆਪਣੇ ਆਪ ਹੀ ਬਦਲ ਜਾਂਦਾ ਹੈ। ਸਮਾਜ ਵਿੱਚ ਚੰਗੇ, ਮਾੜੇ, ਦੋਨਾਂ ਤਰ੍ਹਾਂ ਦੇ ਲੋਕ ਹਨ। ਸਿਆਣੇ ਕਹਿੰਦੇ ਹਨ ਕਿ ਚੰਗੇ ਲੋਕ ਹਨ ਤਾਂ ਦੁਨੀਆਂ ਚੱਲ ਰਹੀ ਹੈ। ਜੇਕਰ ਮਾੜੇ ਨਾ ਹੋਣ ਤਾਂ ਚੰਗਿਆਂ ਦਾ ਨਾ ਪਤਾ ਲੱਗੇ ਅਤੇ ਨਾ ਪਛਾਣ ਹੋਵੇ।
ਸਮਾਜ ਨੂੰ ਚਲਾਉਣ ਲਈ ਕੁਦਰਤ ਨੇ ਔਰਤ ਅਤੇ ਮਰਦ ਬਣਾਏ। ਜੇਕਰ ਮਰਦਾਂ ਬਗੈਰ ਸਮਾਜ ਚੱਲ ਸਕਦਾ ਤਾਂ ਕੁਦਰਤ ਕਦੇ ਮਰਦ ਨਾ ਬਣਾਉਂਦੀ ਅਤੇ ਇੰਜ ਹੀ ਜੇਕਰ ਔਰਤ ਬਗੈਰ ਗੱਲ ਬਣਦੀ ਹੁੰਦੀ ਤਾਂ ਔਰਤ ਨਾ ਬਣਾਉਂਦੀ। ਅਸੀਂ ਆਮ ਹੀ ਦੇਖਦੇ ਹਾਂ ਕਿ ਕਿਸੇ ਇੱਕ ਦੇ ਨਾ ਹੋਣ ਕਰਕੇ ਘਰ ਅਤੇ ਸਮਾਜ ਵਿੱਚ ਬਹੁਤ ਸਾਰੀ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਅਸੀਂ ਕੁਦਰਤ ਤੋਂ ਵੱਧ ਸਿਆਣੇ ਨਹੀਂ ਹੋ ਸਕਦੇ। ਪਰ ਸਾਡੀ ਮੂਰਖਤਾ ਹੈ ਕਿ ਅਜਿਹਾ ਸੋਚਿਆ ਜਾ ਰਿਹਾ ਹੈ। ਸਮਾਜ ਨੂੰ ਚਲਾਉਣ ਵਾਸਤੇ ਮਰਦ ਅਤੇ ਔਰਤ ਦੋਹਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਬੱਚਿਆਂ ਨੂੰ ਜਨਮ ਮਾਂ ਨੇ ਜਾਂ ਕਹਿ ਲਵੋ ਔਰਤ ਨੇ ਹੀ ਦੇਣਾ ਹੈ। ਅੱਜ ਬਦਲਾਅ ਨੇ ਸਮਾਜ ਦਾ ਚਿਹਰਾ ਬੇਹੱਦ ਕਰੂਪ ਅਤੇ ਡਰਾਉਣਾ ਬਣਾ ਦਿੱਤਾ ਹੈ। ਅਸਲ ਵਿੱਚ ਪਹਿਲਾਂ ਔਰਤਾਂ ਘਰਾਂ ਤੋਂ ਬਾਹਰ ਕੰਮ ਜੇ ਕਰਦੀਆਂ ਵੀ ਸਨ ਤਾਂ ਇੰਨੇ ਲੰਮੇ ਘੰਟੇ ਨਹੀਂ ਹੁੰਦੇ ਸਨ ਅਤੇ ਨਾ ਹੀ ਘਰਾਂ ਤੋਂ ਬਾਹਰ ਬਹੁਤ ਦੂਰ ਭੇਜਿਆ ਜਾਂਦਾ ਸੀ। ਹੌਲੀ ਹੌਲੀ ਔਰਤਾਂ, ਮਰਦਾਂ ਵਾਂਗ, ਮਰਦਾਂ ਦੇ ਬਰਾਬਰ ਕੰਮ ਕਰਨ ਲੱਗੀਆਂ। ਕਾਨੂੰਨ ਨੇ ਵੀ ਬਰਾਬਰ ਦਾ ਹੱਕ ਦੇ ਦਿੱਤਾ। ਮਾਪਿਆਂ ਵੱਲੋਂ ਦਿੱਤੇ ਜਾਂਦੇ ਵਿਆਹ ਵਿੱਚ ਤੋਹਫੇ ਮੁਸੀਬਤ ਬਣ ਗਏ। ਕੁੜੀਆਂ ਦੇ ਹੱਕ ਵਿੱਚ ਕਾਨੂੰਨ ਬਣ ਗਿਆ। ਪਰ ਜਿਸ ਮਕਸਦ ਨਾਲ ਬਣਿਆ ਸੀ, ਉਸਦੀ ਥਾਂ ਇਸਦੀ ਸਮਾਜ ਵਿੱਚ ਗਲਤ ਵਰਤੋਂ ਹੋਣ ਲੱਗ ਪਈ। ਕੁੜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਅਸੀਂ ਮੁੰਡੇ ਵੀ ਮਰਵਾਉਣ ਵਾਲੇ ਪਾਸੇ ਤੁਰ ਪਏ।
ਜਿਵੇਂ ਦੇ ਸਰਵੇਖਣ ਆ ਰਹੇ ਹਨ, ਉਹ ਬਹੁਤ ਮਾੜੇ ਹਨ। ਹਰ ਚਾਰ ਮਿੰਟ ਬਾਅਦ ਇੱਕ ਲੜਕਾ ਆਤਮਹੱਤਿਆ ਕਰ ਰਿਹਾ ਹੈ। ਵਿਆਹ ਤੋਂ ਬਾਅਦ ਜਿਹੜੇ ਆਤਮਹੱਤਿਆ ਕਰ ਰਹੇ ਹਨ, ਉਨ੍ਹਾਂ ਵਿੱਚ ਪੜ੍ਹੇ ਲਿਖੇ ਲੜਕੇ ਹਨ। ਹਾਂ, ਬਹੁਤ ਲੜਕੇ ਵਿਆਹ ਹੀ ਨਹੀਂ ਕਰਵਾ ਰਹੇ। ਲੜਕੀਆਂ ਵੀ ਵਿਆਹ ਕਰਵਾਉਣ ਤੋਂ ਪੱਲਾ ਝਾੜ ਰਹੀਆਂ ਹਨ। ਜ਼ਿੰਮੇਵਾਰੀ ਨਿਭਾਉਣ ਨੂੰ ਕੋਈ ਤਿਆਰ ਨਹੀਂ। ਲੜਕੇ ਵਿਆਹ ਤੋਂ ਬਾਅਦ ਦਹੇਜ ਦੇ ਕੇਸਾਂ ਤੋਂ, ਮੋਟੀਆਂ ਰਕਮਾਂ ਦੇਕੇ ਤਲਾਕ ਲੈਣ ਅਤੇ ਮੇਨਟੇਨੈਂਸ ਤੋਂ ਡਰਦੇ ਹਨ। ਮਾਪਿਆਂ ਨੂੰ, ਭੈਣਾਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਕੇਸਾਂ ਵਿੱਚ ਲਪੇਟ ਲਿਆ ਜਾਂਦਾ ਹੈ। ਜੇਲ੍ਹ ਵਿੱਚ ਲੜਕਿਆਂ ਦੇ ਅਜਿਹੇ ਮਾਪੇ ਵੀ ਰਹਿਕੇ ਆਏ ਹਨ, ਜਿਨ੍ਹਾਂ ਨੇ ਨਾ ਦਹੇਜ ਲਿਆ, ਨਾ ਮੰਗਿਆ ਅਤੇ ਨਾ ਲੜਕੀ ਨੂੰ ਤੰਗ ਕੀਤਾ। ਲੜਕਿਆਂ ਨੂੰ ਮਾਪਿਆਂ ਤੋਂ ਅਲੱਗ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਜੇਕਰ ਮਾਪੇ ਆਰਥਿਕ ਤੌਰ ’ਤੇ ਪੁੱਤ ਉੱਤੇ ਨਿਰਭਰ ਹਨ ਤਾਂ ਖਰਚਾ ਦੇਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਇਹ ਕੌੜਾ ਸੱਚ ਹੈ ਕਿ ਲੜਕੀਆਂ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਤਾਂ ਸਹੀ ਹੈ, ਪਰ ਜੇਕਰ ਲੜਕਾ ਕਰੇ ਤਾਂ ‘Mom’s boy’ ਕਿਹਾ ਜਾਂਦਾ ਹੈ। ਲੜਕੇ ਨੂੰ ਨਾ ਕੋਈ ਗੱਲ ਮਾਪਿਆਂ ਨਾਲ ਸਾਂਝੀ ਕਰਨ ਦਿੱਤੀ ਜਾਂਦੀ ਹੈ ਅਤੇ ਨਾ ਹੀ ਵਧੇਰੇ ਮਿਲਣ ਦਿੱਤਾ ਜਾਂਦਾ ਹੈ। ਹਾਂ, ਉਸ ਉੱਤੇ ਦਬਾਅ ਪਾਇਆ ਜਾਂਦਾ ਹੈ ਕਿ ਆਪਣੇ ਮਾਪਿਆਂ ਕੋਲੋਂ ਆਪਣਾ ਬਣਦਾ ਹਿੱਸਾ ਜਲਦੀ ਲਵੇ। ਮਾਪਿਆਂ ਕੋਲੋਂ ਪੈਸੇ ਲਵੇ ਤਾਂ ਕਿ ਖਰਚੇ ਖੁੱਲ੍ਹੇ ਚੱਲਣ। ਹੌਲੀ ਹੌਲੀ ਲੜਕੇ ਮਾਪਿਆਂ ਨਾਲ ਗੱਲਬਾਤ ਬੰਦ ਕਰ ਦਿੰਦੇ ਹਨ ਜਾਂ ਘੱਟ ਕਰ ਦਿੰਦੇ ਹਨ। ਮਾਪੇ ਵੀ ਝਗੜੇ ਤੋਂ ਡਰਦੇ ਚੁੱਪ ਰਹਿਣ ਲੱਗ ਜਾਂਦੇ ਹਨ। ਲੜਕੀਆਂ ਆਪਣੇ ਅਤੇ ਆਪਣੇ ਮਾਪਿਆਂ ਮੁਤਾਬਿਕ ਲੜਕੇ ਨੂੰ ਚਲਾਉਣ ਲੱਗ ਜਾਂਦੀਆਂ ਹਨ। ਕਈ ਵਾਰ ਲੜਕੇ ਕੇਸਾਂ ਵਿੱਚ ਉਲਝਣ ਤੋਂ ਡਰਦੇ ਹੀ ਪਤਨੀ ਮੁਤਾਬਿਕ ਚੱਲਣ ਲੱਗ ਜਾਂਦੇ ਹਨ। ਪਰ ਕਈ ਵਾਰ ਹਾਲਾਤ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਨ। ਬਦਕਿਸਮਤੀ ਹੈ ਕਿ ਲੜਕਿਆਂ ਦੀ ਸੁਣਵਾਈ ਨਾ ਸਮਾਜ ਵਿੱਚ ਹੈ, ਨਾ ਪ੍ਰਸ਼ਾਸਨ ਵਿੱਚ ਹੈ ਅਤੇ ਨਾ ਹੀ ਅਦਾਲਤਾਂ ਵਿੱਚ ਹੈ।
ਆਤਮਹੱਤਿਆ ਲੜਕਾ ਕਰੇ ਜਾਂ ਲੜਕੀ, ਦੁਖਦਾਈ ਹੈ। ਪਰ ਜਦੋਂ ਲੜਕੇ ਦੇ ਹੱਕ ਦੀ ਗੱਲ ਚੱਲਦੀ ਹੈ ਤਾਂ ਮਰਦ ਸਮਾਜ ਵੀ ਮੂੰਹ ਵਿੱਚ ਦਹੀਂ ਜਮਾ ਲੈਂਦਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਪਰ ਜਿਵੇਂ ਲੜਕਿਆਂ ਦੇ ਹਾਲਾਤ ’ਤੇ ਮਰਦ ਨਹੀਂ ਬੋਲ ਰਹੇ ਤਾਂ ਇਹ ਕਹਿਣਾ ਵੀ ਗਲਤ ਨਹੀਂ ਹੈ ਕਿ ਮਰਦ ਹੀ ਮਰਦ ਦਾ ਦੁਸ਼ਮਣ ਹੈ।
ਮਈ (2026) ਦੇ ਚੜ੍ਹਦੇ ਹੀ ਦਿੱਲੀ ਵਿੱਚ ਇੱਕ ਜੱਜ ਨੇ ਆਤਮਹੱਤਿਆ ਕਰ ਲਈ। ਇੱਥੇ ਵੀ ਘਰੇਲੂ ਕਲੇਸ਼ ਹੀ ਕਾਰਨ ਸੀ। ਇਸ ਜੱਜ ਵੱਲੋਂ ਚੁੱਕਿਆ ਇਹ ਕਦਮ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ। ਹਾਂ, ਜੇਕਰ ਹਰ ਚਾਰ ਮਿੰਟ ਬਾਅਦ ਇੱਕ ਲੜਕਾ ਖੁਦਕੁਸ਼ੀ ਕਰ ਰਿਹਾ ਹੈ ਤਾਂ ਸਮਾਜ, ਪ੍ਰਸ਼ਾਸਨ ਅਤੇ ਅਦਾਲਤਾਂ ਖਾਮੋਸ਼ ਕਿਉਂ ਹਨ, ਇਹ ਸੋਚਣ ਵਾਲੀ ਗੱਲ ਹੈ। ਹਕੀਕਤ ਇਹ ਹੈ ਕਿ ਇੰਜਨੀਅਰ, ਡਾਕਟਰ, ਜੱਜ ਅਤੇ ਹੋਰ ਪੜ੍ਹੇ ਲਿਖੇ ਲੜਕਿਆਂ ਦਾ ਇੰਝ ਖੁਦਕੁਸ਼ੀਆਂ ਕਰਨਾ ਸਮਾਜ ਵਾਸਤੇ ਖਤਰਨਾਕ ਸੰਕੇਤ ਹੈ। ਇਸ ਵਕਤ ਲੜਕੀਆਂ ’ਤੇ ਹੀ ਘਰੇਲੂ ਹਿੰਸਾ ਨਹੀਂ ਹੁੰਦੀ, ਮੁੰਡਿਆਂ ਅਤੇ ਬਜ਼ੁਰਗ ਮਾਪਿਆਂ ਉੱਤੇ ਵੀ ਘਰੇਲੂ ਹਿੰਸਾ ਹੁੰਦੀ ਹੈ। ਮਰਦ ਵੀ ਦਰਦ ਮਹਿਸੂਸ ਕਰਦੇ ਹਨ, ਇਸਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ ਅਤੇ ਸਮੇਂ ਦੀ ਮੰਗ ਵੀ ਹੈ। ਅਸਲ ਵਿੱਚ ਦਹੇਜ ਦਾ ਰੌਲਾ ਘੱਟ ਹੈ, ਸਬਕ ਸਿਖਾਉਣ ਦੀ ਸੋਚ ਨਾਲ ਲੜਕੀਆਂ ਵੱਲੋਂ ਕੇਸ ਕੀਤੇ ਜਾਂਦੇ ਹਨ। ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਗੁਜ਼ਾਰਾ ਭੱਤਾ ਦੇਣ ਦੀ ਕੋਈ ਲੋੜ ਨਹੀਂ। ਮੋਟੀਆਂ ਰਕਮਾਂ ਲੈਕੇ ਸਮਝੌਤੇ ਆਮ ਹੀ ਹੋ ਰਹੇ ਹਨ। ਦਹੇਜ ਵਿੱਚ ਜਿਨ੍ਹਾਂ ਨੇ ਕੁਝ ਨਹੀਂ ਦਿੱਤਾ, ਉਹ ਵੀ ਮੋਟੀਆਂ ਰਕਮਾਂ ਮੰਗਦੇ ਹਨ। ਲੜਕੇ ਦੀ ਤਾਂ ਕਿਧਰੇ ਸੁਣਵਾਈ ਹੀ ਨਹੀਂ। ਉਸ ਲਈ ਆਪਣੇ-ਆਪ ਨੂੰ ਅਤੇ ਆਪਣੇ ਮਾਪਿਆਂ ਨੂੰ ਬੇਗੁਨਾਹ ਸਾਬਤ ਕਰਨਾ ਵੀ ਬਹੁਤ ਔਖਾ ਹੈ। ਦਹੇਜ ਵਿਰੁੱਧ ਬਣੇ ਕਾਨੂੰਨਾਂ ਦੀ ਸ਼ਰੇਆਮ ਅਤੇ ਧੜੱਲੇ ਨਾਲ ਦੁਰਵਰਤੋਂ ਹੋ ਰਹੀ ਹੈ। ਅਦਾਲਤਾਂ ਵਿੱਚ ਕੁਝ ਤਾਂ ਬਦਲਾਅ ਆਇਆ ਹੈ ਪਰ ਜਿਵੇਂ ਦੇ ਹਾਲਾਤ ਹਨ, ਉਸ ਨਾਲ ਮੁੰਡਿਆ ਨੂੰ ਰਾਹਤ ਨਹੀਂ ਮਿਲ ਰਹੀ।
ਅਸਲ ਵਿੱਚ ਹਰ ਕੋਈ ਸਿੱਧੇ-ਅਸਿੱਧੇ ਤੌਰ ’ਤੇ ਕੁਤਾਹੀ ਕਰ ਰਿਹਾ ਹੈ। ਪਹਿਲਾਂ ਕੁੜੀਆਂ ਦੇ ਪਰਿਵਾਰ ਵੱਲੋਂ ਦਿੱਤੇ ਜਾਂਦੇ ਤੋਹਫੇ ਜਾਂ ਦਹੇਜ ਦਾ ਪੰਚਾਇਤ, ਮੋਹਤਵਰ ਬੰਦਿਆਂ, ਸਮਾਜ ਅਤੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਸੀ, ਹੁਣ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਬਹੁਤ ਘੱਟ ਪਰਿਵਾਰਾਂ ਵਿੱਚ ਹਕੀਕਤ ਵਿੱਚ ਦਹੇਜ ਦਾ ਰੌਲਾ ਹੈ। ਜਿਵੇਂ ਦੇ ਹਾਲਾਤ ਹਨ, ਬਹੁਤ ਕੁਝ ਸਮਾਜ ਨੂੰ ਆਪਣੇ ਤੌਰ ’ਤੇ ਵੀ ਕਦਮ ਚੁੱਕਣੇ ਚਾਹੀਦੇ ਹਨ। ਵਿਆਹ ਵੇਲੇ ਦਿੱਤੇ ਤੋਹਫਿਆਂ ਨੂੰ, ਜੇਕਰ ਦਿੱਤੇ ਹਨ ਤਾਂ ਦੋਵਾਂ ਪਰਿਵਾਰ ਵਿੱਚ ਸਾਰਿਆਂ ਨੂੰ ਵਿਖਾਉਣ। ਜੇਕਰ ਰਿਸ਼ਤੇ ਵਿੱਚ ਦਰਾੜ ਪੈਂਦੀ ਹੈ ਤਾਂ ਦੋਨੋਂ ਪਰਿਵਾਰ ਸਮਾਨ ਵਾਪਸ ਕਰਨ। ਰੋਟੀ ਦਾ ਖਰਚ ਅੱਧਾ ਅੱਧਾ ਕੀਤਾ ਜਾਵੇ। ਲੜਕੀ ਨੂੰ ਉਸਦੇ ਮਾਪਿਆਂ ਦੀ ਜਾਇਦਾਦ ਵਿੱਚੋਂ ਬਣਦਾ ਹਿੱਸਾ ਦਿੱਤਾ ਜਾਵੇ। ਪੁਲਿਸ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਗਲਤ ਦੀ ਮਦਦ ਕਿਸੇ ਵੀ ਰੂਪ ਵਿੱਚ ਨਾ ਕਰੇ। ਸਮਾਜ ਦਾ ਬੁਰਾ ਹਾਲ ਇਸ ਕਰਕੇ ਵੀ ਹੋਇਆ ਹੈ ਕਿ ਇੱਕ ਪਾਸੜ ਹੋਕੇ ਕਾਨੂੰਨ ਨੂੰ ਵਰਤਿਆ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਪੁਲਿਸ ਨੂੰ ਕਿਹੜਾ ਗਲਤ ਹੈ, ਕਿਹੜਾ ਸਹੀ ਹੈ, ਸ਼ੁਰੂ ਤੋਂ ਹੀ ਤਕਰੀਬਨ ਪਤਾ ਹੁੰਦਾ ਹੈ। ਪਰ ਕੁਤਾਹੀ ਕੀਤੀ ਜਾਂਦੀ ਹੈ। ਵਕੀਲਾਂ ਨੂੰ ਵੀ ਚਾਹੀਦਾ ਹੈ ਕਿ ਗਲਤ ਨੂੰ ਸਹੀ ਸਾਬਤ ਕਰਕੇ ਸਮਾਜ ਨੂੰ ਨਾ ਡੋਬਣ। ਇਹ ਸੱਚ ਹੈ ਕਿ ਇਹ ਉਨ੍ਹਾਂ ਦਾ ਕਿੱਤਾ ਹੈ। ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਖਾਵੇਗਾ ਕੀ? ਪਰ ਸਮਾਜ ਦੇ ਜੋ ਹਾਲਾਤ ਬਣ ਗਏ ਹਨ ਉਸ ਬਾਰੇ ਵੀ ਸੋਚਣਾ ਬਹੁਤ ਜ਼ਰੂਰੀ ਹੈ।
ਬੇਇਨਸਾਫੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ। ਜਦੋਂ ਕਾਨੂੰਨ ਬਰਾਬਰ ਦਾ ਹੱਕ ਦੇ ਰਿਹਾ ਹੈ ਤਾਂ ਲਿੰਗ ਅਧਾਰਿਤ ਕੁਝ ਵੀ ਕਰਨ ਤੋਂ ਪਹਿਲਾਂ ਸੋਚਣਾ ਬੇਹੱਦ ਜ਼ਰੂਰੀ ਹੈ। ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੋ, ਮੁੰਡਿਆਂ ਦੀਆਂ ਖੁਦਕੁਸ਼ੀਆਂ ਦੀ ਵੀ ਗੱਲ ਕਰੋ, ਅਵਾਜ਼ ਚੁੱਕੋ। ਸਾਰਿਆਂ ਦੇ ਘਰਾਂ ਵਿੱਚ ਧੀਆਂ ਪੁੱਤ ਹਨ। ਦੋਨਾਂ ਨੂੰ ਬਚਾਉ। ਬਦਲਾਅ ਨੇ ਸਮਾਜ ਅਤੇ ਪਰਿਵਾਰਾਂ ਨੂੰ ਜਿਵੇਂ ਤੋੜਿਆ ਹੈ, ਇਸਦਾ ਚਿਹਰਾ ਬੇਹੱਦ ਕਰੂਪ ਅਤੇ ਡਰਾਉਣ ਵਾਲਾ ਹੈ। ਬਦਲਾਅ ਜ਼ਰੂਰੀ ਹੈ ਪਰ ਪ੍ਰਭਾਵਿਤ ਕਿਵੇਂ ਕਰ ਰਿਹਾ ਹੈ, ਵੇਖਣਾ ਸਾਰਿਆਂ ਦਾ ਫਰਜ਼ ਅਤੇ ਜ਼ਿੰਮੇਵਾਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































